ਕਾਂਗਰਸ ਸਰਕਾਰ ਖਿਲਾਫ ਕਾਲੇ ਝੰਡਿਆਂ ਨਾਲ ਕੀਤਾ ਜਾਵੇਗਾ ਜ਼ੋਰ ਦਾਰ ਵਿਰੋਧ ਪ੍ਰਦਰਸ਼ਨ।
ਮੋਗਾ/ਬਾਘਾਪੁਰਾਣਾ 21 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਅਤੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਝੂਠ ਬੋਲਕੇ ਦਲਿਤ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਰਾਹੀਂ ਵੋਟਾਂ ਵਟੋਰਨ ਦੇ ਕੋਝੇ ਹੱਥ ਕੰਡੇ ਵਰਤੇ ਰਿਹਾ ਹੈ।ਉਹਨਾਂ ਅੱਗੇ ਕਿਹਾਕਿ ਉਹ ਕਾਂਗਰਸ ਦੀ ਵਾਅਦਾ ਖਿਲਾਫੀ ਵਿਰੁੱਧ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ 27 ਦਸੰਬਰ ਤੱਕ ਕਾਂਗਰਸੀ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪਿੰਡਾਂ, ਕਸਬਿਆਂ ‘ਚ ਆਉਣ ‘ਤੇ ਉਹਨਾਂ ਖਿਲਾਫ ਕਾਲੇ ਝੰਡਿਆਂ ਨਾਲ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਅਤੇ 28,29,30 ਦਸੰਬਰ ਨੂੰ ਐਸ ਡੀ ਐਮ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਇੱਕ ਰੋਜ਼ਾ ਧਰਨਿਆਂ ‘ਚ ਵਧ ਚੜ੍ਹ ਕੇ ਸ਼ਾਮਲ ਹੋਇਆ ਜਾਵੇਗਾ।ਸੂਬਾ ਮੀਤ ਪ੍ਰਧਾਨ ਦਿਲਬਾਗ ਸਿੰਘ ਜ਼ੀਰਾ ਤੇ ਸੂਬਾ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਕਾਲਾਝਾੜ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਬੇਘਰਿਆਂ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਨੂੰ ਵੀ ਪਲਾਟ ਦੇਣ, ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਮਜ਼ਦੂਰ ਘਰਾਂ ‘ਚੋਂ ਬਿਜਲੀ ਦੇ ਪੁੱਟੇ ਮੀਟਰ ਬਿਨਾਂ ਸ਼ਰਤ ਜੋੜਨ, ਕੋਅਪਰੇਟਿਵ ਸੁਸਾਇਟੀਆਂ ‘ਚ ਮਜ਼ਦੂਰਾਂ ਲਈ 25 ਫੀਸਦੀ ਰਾਖਵਾਂਕਰਨ ਕਰਕੇ ਕਰਜ਼ਾ ਰਾਸ਼ੀ 50 ਹਜ਼ਾਰ ਰੁਪਏ ਕਰਨ,ਮਾਈਕਰੋਫਾਈਨਾਸ ਕੰਪਨੀਆਂ ਦੁਆਰਾ ਮਜ਼ਦੂਰ ਔਰਤਾਂ ਨੂੰ ਜ਼ਲੀਲ ਕਰਨ ਤੇ ਉਹਨਾਂ ਦੇ ਘਰੇਲੂ ਸਮਾਨ ਦੀ ਕੁਰਕੀ ਨੂੰ ਸਖ਼ਤੀ ਨਾਲ ਰੋਕਣ, ਦਲਿਤਾਂ ‘ਤੇ ਜ਼ਬਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿੱਟ ਦਾ ਗਠਨ ਕਰਨ ਵਰਗੀਆਂ ਅਨੇਕਾਂ ਮੰਗਾਂ ਪ੍ਰਵਾਨ ਕਰਨ ਤੋਂ ਬਾਅਦ ਇਹਨਾਂ ਨੂੰ ਅਮਲੀ ਰੂਪ ‘ਚ ਲਾਗੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।ਜੱਥੇਬੰਦੀ ਦੇ ਸੂਬਾ ਖਜਾਨਚੀ ਸਕਿੰਦਰ ਸਿੰਘ ਅਜਿੱਤਗਿੱਲ ਤੇ ਸੂਬਾ ਆਗੂ ਸੰਦੀਪ ਪੰਡੋਰੀ ਅਤੇ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜ਼ਮੀਨੀ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਦੇ ਮਾਲਕਾਂ ਦੀਆਂ ਸੂਚੀਆਂ ਬਨਾਉਣ ਸਬੰਧੀ ਪੱਤਰ ਜਾਰੀ ਕਰਕੇ ਵਾਪਸ ਲੈਣਾ ਉਸਦੇ ਮਜ਼ਦੂਰ ਦੋਖੀ ਅਤੇ ਜਗੀਰਦਾਰਾਂ ਤੇ ਧਨਾਢਾ ਦਾ ਨੁੰਮਾਇੰਦਾ ਹੋਣ ਦਾ ਮੂੰਹ ਬੋਲਦਾ ਸਬੂਤ ਹੈ। ਸੂਬਾ ਆਗੂ, ਲਖਵੀਰ ਸਿੰਘ ਸਿੰਘਾਵਾਲਾ ਨੇ ਕਿਹਾ ਕਿ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਵਿਰੋਧ ਪ੍ਰਦਰਸ਼ਨਾਂ ਨੂੰ ਸਫ਼ਲ ਬਣਾਉਣ ਲਈ ਪਿੰਡ- ਪਿੰਡ ਮੀਟਿੰਗਾਂ, ਰੈਲੀਆਂ ਤੇ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਪਿੰਡ ਲੌਗੋਦੇਵਾ ਵਿੱਚ ਪਿਛਲੇ ਦਿਨਾਂ ਚ ਘੜੰਮ ਚੌਧਰੀਆਂ ਵੱਲੋਂ ਔਰਤਾਂ ਦੀ ਕੁੱਟ ਮਾਰ ਕੀਤੀ ਗਈ ਪਰ ਹਜੇ ਤੱਕ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਆਗੂਆਂ ਨੇ ਕਿਹਾ ਫੋਰੀ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਆਗੁਆਂ ਨੇ ਕਿਹਾ ਕਿ ਪਿੰਡ ਮੌਜੋ ਕਲਾਂ ਬਲਾਕ ਭੀਖੀ ਵਿੱਚ ਦਲਿਤ ਪਰਿਵਾਰ ਦਾ ਧਨਾਢ ਚੌਧਰੀਆਂ ਵੱਲੋਂ ਗੇਟ ਕੀਤਾ ਗਿਆ ਹੈ ਉਸਨੂੰ ਖੁਲਵਾਉਣ ਲਈ ਮਿਤੀ 24 ਦਸੰਬਰ ਨੂੰ ਗੇਟ ਖੋਲ੍ਹਣ ਲਈ ਮਜ਼ਦੂਰਾਂ ਨੂੰ ਲੈਕੇ ਸ਼ਾਮਲ ਹੋਇਆ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ