ਲੁਧਿਆਣਾ, 28 ਦਸੰਬਰ, 2021:
ਲੁਧਿਆਣਾ ਵਿੱਚ ਬੀਤੀ 23 ਦਸੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਜਰਮਨੀ ਵਿੱਚ ਰਹਿੰਦੇ ਅਤੇ ਗੁਰਪਤਵੰਤ ਸਿੰਘ ਪੰਨੂੰ ਦੀ ਅਗਵਾਈ ਵਾਲੀ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨਾਂਅ ਦੇ ਇਕ ਵਿਅਕਤੀ ਨੂੰ ਜਰਮਨੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਰਹਿਣ ਵਾਲੇ 45 ਸਾਲਾ ਜਸਵਿੰਦਰ ਸਿੰਘ ਮੁਲਤਾਨੀ ਨੂੂੰ ਕੇਂਦਰੀ ਜਰਮਨੀ ਦੇ ਐਹਫਟ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਜਸਵਿੰਦਰ ਸਿੰਘ ਮੁਲਤਾਨੀ ਦੀ ਇਸ ਮਾਮਲੇ ਵਿੱਚ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਡਿਪਲੌਮੈਟਿਕ ਦਖ਼ਲ ਤੋਂ ਬਾਅਦ ਸੰਭਵ ਹੋਈ ਹੈ।
ਯਾਦ ਰਹੇ ਕਿ ਉਕਤ ਜ਼ਬਰਦਸਤ ਬੰਬ ਧਮਾਕੇ ਵਿੱਚ ਕੇਵਲ ਇਸ ਧਮਾਕੇ ਦਾ ਦੋਸ਼ੀ ਗਗਨਦੀਪ ਹੀ ਮਾਰਿਆ ਗਿਆ ਸੀ ਅਤੇ 6 ਹੋਰ ਲੋਕ ਜ਼ਖ਼ਮੀ ਹੋਏ ਸਨ ।
ਜਾਣਕਾਰ ਸੂਤਰਾਂ ਅਨੁਸਾਰ ਮੁਲਤਾਨੀ ਦਾ ਨਾਂਅ ਇਸ ਬੰਬ ਧਮਾਕੇ ਦੇ ਦੋਸ਼ੀ ਅਤੇ ਇਸ ਧਮਾਕੇ ਵਿੱਚ ਮਾਰੇ ਗਏ ਬਰਖ਼ਾਸਤ ਪੁਲਿਸ ਕਰਮੀ ਗਗਨਦੀਪ ਦੀ ਬਰਾਮਦ ਕੀਤੀ ਗਈ ਇਕ ਡੌਂਗਲ ਵਿੱਚਲੇ ਡਾਟੇ ’ਤੋਂ ਸਾਹਮਣੇ ਆਇਆ ਸੀ ਜਿਸ ਦੇ ਆਧਾਰ ’ਤੇ ਅੱਗੇ ਕਾਰਵਾਈ ਕਰਦਿਆਂ ਇਹ ਪਾਇਆ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ, ਜਿਸ ਦੇ ਕਥਿਤ ਤੌਰ ’ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ.ਨਾਲ ਸੰਬੰਧ ਹਨ, ਨੇ ਭੂਰਾ ਅਤੇ ਰਿੰਦਾ ਨਾਂਅ ਦੇ ਦੋ ਵਿਅਕਤੀਆਂ ਰਾਹੀਂ ਵਿਸਫ਼ੋਟਕ ਮੁਹੱਈਆ ਕਰਵਾਇਆ ਸੀ, ਜਿਹੜਾ ਇਸ ਧਮਾਕੇ ਲਈ ਵਰਤਿਆ ਗਿਆ। ਡੌਂਗਲ ਤੋਂ ਕਥਿਤ ਤੌਰ ’ਤੇ ਇਹ ਖ਼ੁਲਾਸਾ ਹੋਇਆ ਸੀ ਕਿ ਗਗਨਦੀਪ ਨੇ ਦੁਬਈ, ਮਲੇਸ਼ੀਆ ਅਤੇ ਪਾਕਿਸਤਾਨ ਵਿੱਚ ਕਈ ਕਾਲਾਂ ਕੀਤੀਆਂ ਸਨ।
ਮੁਲਤਾਨੀ ਬਾਰੇ ਖ਼ਬਰ ਹੈ ਕਿ ਉਹ ਐਸ.ਐਫ.ਜੇ. ਦਾ ਇਕ ਪ੍ਰਮੁੱਖ ਕਾਰਕੁੰਨ ਹੈ ਅਤੇ ਸੰਸਥਾ ਦੇ ਮੁਖ਼ੀ ਗੁਰਪਤਵੰਤ ਸਿੰਘ ਪੰਨੂੂੰ ਦਾ ਕਰੀਬੀ ਹੈ। ਉਹ ਜਰਮਨੀ ਵਿੱਚ ਐਸ.ਐਫ.ਜੇ. ਦੇ 2020 ਰਿਫਰੈਂਡਮ ਨਾਲ ਵੀ ਸਰਗਰਮ ਤੌਰ ’ਤੇ ਜੁੜਿਆ ਹੋਇਆ ਹੈ।
ਕੇਂਦਰ ਸਰਕਾਰ ਵੱਲੋਂ ਜਰਮਨੀ ਸਰਕਾਰ ਨੂੰ ਇਹ ਹਵਾਲਾ ਵੀ ਦਿੱਤਾ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰ ਸਮੱਗਲ ਕਰਨ ਵਿੱਚ ਸਹਾਈ ਹੋ ਰਿਹਾ ਸੀ ਅਤੇ ਉਸਦੀ ਮਨਸ਼ਾ ਪੰਜਾਬ ਦੇ ਨਾਲ ਨਾਲ ਦਿੱਲੀ ਅਤੇ ਮੁੰਬਈ ਜਿਹੇ ਵੱਡੇ ਸ਼ਹਿਰਾਂ ਵਿੱਚ ਕੁਝ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਵੀ ਸੀ।
ਮੁਲਤਾਨੀ ਦੀ ਗ੍ਰਿਫ਼ਤਾਰੀ ਨੂੂੰ ਅੰਮ੍ਰਿਤਸਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ 7 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ ਜਿਨ੍ਹਾਂ ਤੋਂ 8 ਦੇਸੀ ਪਿਸਤੌਲਾਂ ਅਤੇ ਅਸਲਾ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੀਵਨ ਸਿੰਘ ਨਾਂਅ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਨੂੰ ਵੀ ਮੁਲਤਾਨੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਕੇ ਕੁਝ ਕਾਰਵਾਈਆਂ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ
Author: Gurbhej Singh Anandpuri
ਮੁੱਖ ਸੰਪਾਦਕ