ਸ਼ਾਹਪੁਰ ਕੰਡੀ 2 ਜਨਵਰੀ (ਸੁਖਵਿੰਦਰ ਜੰਡੀਰ) ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਕਈ ਯੋਧੇ ਸ਼ਹੀਦ ਹੋਏ । ਜਿਨ੍ਹਾਂ ਵਿੱਚੋਂ ਕਈ ਯੋਧਿਆਂ ਦਾ ਨਾਮ ਤਾਂ ਇਤਿਹਾਸ ਵਿੱਚ ਬਹੁਤ ਮਸ਼ਹੂਰ ਰਿਹਾ ਹੈ । ਪਰ ਕਈ ਯੋਧਿਆਂ ਦੇ ਨਾਮ ਅੱਜ ਵੀ ਗੁੰਮਨਾਮੀ ਦੇ ਵਿੱਚ ਹਨ,ਜਿਨ੍ਹਾਂ ਦਾ ਨਾਮ ਆਪਣੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਬਾਹਰ ਬਹੁਤ ਘੱਟ ਲੋਕ ਜਾਣਦੇ ਹਨ,ਜਿਨ੍ਹਾਂ ਵਿੱਚੋਂ ਇੱਕ ਯੋਧਾ ਸ਼ਹੀਦ ਰਾਮ ਸਿੰਘ ਪਠਾਣੀਆ ਹੈ। ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ,ਸ਼ਹੀਦ ਰਾਮ ਸਿੰਘ ਪਠਾਣੀਆ ਦੇ ਇਤਿਹਾਸ ਨਾਲ ਸਬੰਧਿਤ ਧਾਰ ਬਲਾਕ ਵਿੱਚ ਕਈ ਸਥਾਨ ਹਨ ਪਰ ਸਰਕਾਰਾਂ ਦਾ ਉਸ ਵੱਲ ਕੋਈ ਵੀ ਧਿਆਨ ਨਹੀਂ ਜਾ ਰਿਹਾ। ਮਹਾਨ ਯੋਧੇ ਸ਼ਹੀਦ ਰਾਮ ਸਿੰਘ ਪਠਾਨੀਆ ਨੂੰ ਯਾਦ ਕਰਦੇ ਹੋਏ ਅੱਜ ਨੇਤਾ ਬਲਕਾਰ ਪਠਾਨੀਆ ਦੀ ਅਗਵਾਈ ਹੇਠ ਸ਼ਾਹਪੁਰਕੰਢੀ ਵਿਖੇ ਤਿਰੰਗਾ ਯਾਤਰਾ ਕੱਢੀ ਗਈ।
ਜਿਸ ਵਿੱਚ ਨੌਜਵਾਨਾਂ ਦੇ ਨਾਲ ਨਾਲ ਇਲਾਕੇ ਦੇ ਹੋਰ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ। ਇਹ ਤਿਰੰਗਾ ਯਾਤਰਾ ਸਲਾਰੀਆ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਸ਼ਾਹਪੁਰਕੰਡੀ ਵਿਖੇ ਹੁੰਦੀ ਹੋਈ ਕਟੇਰਾ ਚੌਕ ਵਿੱਚ ਸਮਾਪਤ ਹੋਈ। ਇਸ ਤਿਰੰਗਾ ਯਾਤਰਾ ਨੂੰ ਸੰਬੋਧਿਤ ਕਰਦੇ ਹੋਏ ਨੇਤਾ ਬਲਕਾਰ ਪਠਾਣੀਆਂ ਨੇ ਜਿੱਥੇ ਸ਼ਹੀਦ ਰਾਮ ਸਿੰਘ ਪਠਾਣੀਆ ਦੇ ਜੀਵਨ ਬਾਰੇ ਲੋਕਾਂ ਨੂੰ ਦੱਸਿਆ ।ਉਥੇ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਕਟੇਰਾ ਚੌਂਕ ਵਿੱਚ ਸ਼ਹੀਦ ਰਾਮ ਸਿੰਘ ਪਠਾਨੀਆ ਦੀ ਇੱਕ ਪ੍ਰਤਿਮਾ ਬਣਾਈ ਜਾਵੇ ਅਤੇ ਇਤਿਹਾਸ ਵਿੱਚ ਸ਼ਹੀਦ ਰਾਮ ਸਿੰਘ ਪਠਾਨੀਆਂ ਦਾ ਨਾਮ ਦਰਜ ਕਰਦੇ ਹੋਏ ਇਲਾਕੇ ਵਿੱਚ ਰਾਮ ਸਿੰਘ ਪਠਾਣੀਆ ਦੇ ਇਤਿਹਾਸ ਨਾਲ ਸਬੰਧਿਤ ਸਾਰੇ ਸਥਾਨਾਂ ਨੂੰ ਉਸਾਰਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਸ਼ਹੀਦ ਰਾਮ ਸਿੰਘ ਪਠਾਣੀਆ ਦੇ ਬਲੀਦਾਨ ਨੂੰ ਯਾਦ ਰੱਖੇ ।
Author: Gurbhej Singh Anandpuri
ਮੁੱਖ ਸੰਪਾਦਕ