ਫ਼ਿਰੋਜ਼ਪੋੁਰ, 5 ਜਨਵਰੀ, 2022 (ਨਜ਼ਰਾਨਾ ਨਿਊਜ਼ ਨੈੱਟਵਰਕ ) ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ਼ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜਲੰਧਰ ਦੇ ਆਗੂ ਸ: ਸਰਬਜੀਤ ਸਿੰਘ ਮੱਕੜ ਨੇ ਦਾਅਵਾ ਕੀਤਾ ਹੈ ਕਿ ਉਹ ਨਾ ਕੇਵਲ ਚੋਣ ਲੜਨਗੇ ਸਗੋਂ ਭਾਜਪਾ ਦੀ ਟਿਕਟ ’ਤੇ ਜਲੰਧਰ ਛਾਉਣੀ ਹਲਕੇ ਤੋਂ ਹੀ ਚੋਣ ਲੜਨਗੇ।
ਅੱਜ ਫ਼ਿਰੋਜ਼ਪੁਰ ਰੈਲੀ ਵਿੱਚ ਪੁੱਜੇ ਸ: ਸਰਬਜੀਤ ਸਿੰਘ ਮੱਕੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਚੋਣ ਲੜਨ ਲਈ ਹੀ ਭਾਜਪਾ ਵਿੱਚ ਆਏ ਹਨ ਅਤੇ ‘ਕੈਂਟ ਸੀਟ ਕਮਿੱਟ ਕਰਵਾ ਕੇ ਹੀ ਭਾਜਪਾ ਵਿੱਚ ਆਏ ਹਨ।’
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਹਨ ਅਤੇ ਹਰ ਹਾਲਤ ਵਿੱਚ ਸਾਡੀ ਸਰਕਾਰ ਬਣੇਗੀ।
ਜ਼ਿਕਰਯੋਗ ਹੈ ਕਿ ਸ: ਸਰਬਜੀਤ ਸਿੰਘ ਮੱਕੜ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ ਅਤੇ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਸਮਝਦੇ ਜਾਂਦੇ ਸਨ ਨੇ ਪਿਛਲੇ ਦਿਨੀਂ ਪਾਰਟੀ ਨਾਲੋਂ ਤੋੜ ਵਿਛੋੜਾ ਕਰਦਿਆਂ ਦਿੱਲੀ ਸਥਿਤ ਭਾਜਪਾ ਹੈਡਕੁਆਰਟਰ ਵਿਖ਼ੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ।
ਯਾਦ ਰਹੇ ਕਿ ਸ: ਮੱਕੜ ਜੋ ਅਕਾਲੀ ਦਲ ਦੇ ਆਦਮਪੁਰ ਤੋਂ ਵਿਧਾਇਕ ਰਹੇ ਹਨ, ਕਪੂਰਥਲਾ ਅਤੇ ਜਲੰਧਰ ਛਾਉਣੀ ਹਲਕੇ ਤੋਂ ਵੀ ਚੋਣ ਲੜ ਚੁੱਕੇ ਹਨ ਪਰ ਉਹ ਦੋਵਾਂ ਹੀ ਹਲਕਿਆਂ ਤੋਂ ਕਾਮਯਾਬ ਨਹੀਂ ਹੋਏ ਸਨ। ਸ: ਜਗਬੀਰ ਸਿੰਘ ਬਰਾੜ ਦੇ ਕਾਂਗਰਸ ਵਿੱਚ ਚਲੇ ਜਾਣ ਤੋਂ ਬਾਅਦ ਉਹ ਹਲਕਾ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਸਨ ਪਰ ਸ: ਜਗਬੀਰ ਸਿੰਘ ਬਰਾੜ ਦੀ ਅਕਾਲੀ ਦਲ ਵਿੱਚ ਵਾਪਸੀ ਅਤੇ ਸ:ਜਗਬੀਰ ਸਿੰਘ ਬਰਾੜ ਨੂੰ ਹੀ ਪਾਰਟੀ ਵੱਲੋਂ ਉਮੀਦਵਾਰ ਐਲਾਨ ਦਿੱਤੇ ਜਾਣ ਤੋਂ ਨਾਰਾਜ਼ ਸ: ਮੱਕੜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਇਹ ਵੀ ਵਰਨਣਯੋਗ ਹੈ ਕਿ ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਦੇ ਚੋਣ ਸਮਝੌਤੇ ਤੋਂ ਬਾਅਦ ਇਹ ਸਪਸ਼ਟ ਨਹੀਂ ਹੈ ਕਿ ਇਹ ਹਲਕਾ ਤਿੰਨਾਂ ਧਿਰਾਂ ਵਿੱਚੋਂ ਕਿਸ ਦੇ ਹਿੱਸੇ ਆਵੇਗਾ ਪਰ ਸ: ਮੱਕੜ ਨੇ ਗਜ ਵੱਜ ਕੇ ਆਖ਼ ਦਿੱਤਾ ਹੈ ਕਿ ਉਹ ਇਸ ਹਲਕੇ ਤੋਂ ਹੀ ਚੋਣ ਲੜਨਗੇ ਅਤੇ ਇਸ ਹਲਕੇ ਦੀ ਟਿਕਟ ਲਈ ਭਾਜਪਾ ਤੋਂ ਪਹਿਲਾਂ ਹੀ ਵਾਅਦਾ ਲੈ ਚੁੱਕੇ ਹਨ।
Author: Gurbhej Singh Anandpuri
ਮੁੱਖ ਸੰਪਾਦਕ