ਮਾਨਸਾ,8 ਜਨਵਰੀ ( ਤਾਜੀਮਨੂਰ ਕੌਰ )ਪ੍ਰਧਾਨ ਮੰਤਰੀ ਮੋਦੀ ਦੀ ਫ਼ਿਰੋਜ਼ਪੁਰ ਫ਼ਲਾਪ ਰੈਲੀ ਤੋਂ ਬਾਅਦ ਜਿਸ ਤਰ੍ਹਾਂ ਰੌਲਾ ਪਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਇਸ ਫੇਰੀ ’ਚ ਖ਼ਤਰਾ ਖੜ੍ਹਾ ਹੋ ਗਿਆ ਸੀ| ਜਿਸ ਕਾਰਣ ਉਸਨੂੰ ਆਪਣੇ ਜਿਉਂਦੇ ਜੀਅ ਵਾਪਸ ਮੁੜਨ ਦਾ ਮਖੌਲੀਆ ਸ਼ੁਕਰਾਨਾ ਅਦਾ ਕਰਨਾ ਪਿਆ| ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਰੈਲੀ ਖ਼ਾਲਿਸਤਾਨੀਆਂ ਕਰਕੇ ਰੱਦ ਹੋਈ ਹੈ ਇਸ ਸਬੰਧੀ ਬੋਲਦਿਆਂ ਪੰਥਕ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਸਿਰਸਾ ਜੀ ਇਹ ਰੈਲੀ ਖ਼ਾਲਿਸਤਾਨੀਆਂ ਕਰਕੇ ਨਹੀਂ ਖ਼ਾਲੀ_ ਸਥਾਨ ਕਰਕੇ ਰੱਦ ਹੋਈ ਹੈ ਉਹਨਾਂ ਕਿਹਾ ਰੱਦ ਹੋਈ ਰੈਲੀ ਨੂੰ ਲੈ ਕੇ ਪੰਜਾਬ ‘ਚ ਹਨੇਰਗਰਦੀ ਮੱਚੀ ਹੋਣ ਦੀ ਦੁਹਾਈ ਦੇ ਕੇ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ| ਮੋਦੀ ਦੀ ਸੁਰੱਖਿਆ ਨੂੰ ਖ਼ਤਰਾ ਸਿਰਫ਼ ਰੈਲੀ ਦੇ ਫ਼ਲਾਪ ਹੋਣ ਦਾ ਬਹਾਨਾ ਹੈ, ਜਿਸ ਦੇ ਇੱਕ ਫ਼ੁੱਲ ਤੱਕ ਨਾ ਵੱਜਾ ਹੋਏ, ਫ਼ਿਰ ਉਹ ਕਿਵੇਂ ‘‘ਮੈਂ ਬਚ ਗਿਆ’’ ਦਾ ਸ਼ਗੂਫ਼ਾ ਛੱਡ ਸਕਦਾ ਹੈ| ਇਹ ਕਿਸੇ ਨੂੰ ਲੁਕਿਆ ਛਿਪਿਆ ਨਹੀਂ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਲੋਹੜੇ ਦੀ ਨਫ਼ਰਤ ਕਰਦੇ ਹਨ| ਮੋਦੀ ਵੱਲੋਂ ਸਾਲ ਤੋਂ ਵੱਧ ਸਮਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਸਾਰ ਨਾਂਹ ਲੈਣਾ ਅਤੇ ਸੰਘਰਸ਼ ਦੌਰਾਨ 750 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਤੇ ਇੱਕ ਵੀ ਸ਼ਬਦ ਨਾਂਹ ਬੋਲਣਾ, ਉਸ ਪ੍ਰਤੀ ਕਿਸਾਨਾਂ ਦੇ ਗੁੱਸੇ ਦਾ ਮੁੱਖ ਕਾਰਣ ਹੈ| ਖੇਤੀ ਕਾਨੂੰਨ ਵਾਪਸ ਲੈ ਕੇ ਮਾਫ਼ੀ ਮੰਗਣ ਤੋਂ ਬਾਅਦ ਰਹਿੰਦੀਆਂ ਕਿਸਾਨੀ ਮੰਗਾਂ ਸਬੰਧੀ ਮੋਦੀ ਨੇ ਮੋਨ ਧਾਰਿਆ ਹੋਇਆ ਹੈ| ਕਿਸਾਨਾਂ ਨੂੰ ਲੱਗਦਾ ਪੂਰੀਆਂ ਮੰਗਾਂ ਨਾਂਹ ਪੂਰੀਆਂ ਕਰਕੇ ਮੋਦੀ ਉਨ੍ਹਾਂ ਨਾਲ ਕੋਝਾ ਮਜ਼ਾਕ ਕਰ ਰਿਹਾ ਹੈ| ਇਸ ਲਈ ਜੇ ਉਹ ਪੰਜਾਬ ਆਉਂਦਾ ਹੈ ਤੇ ਕਿਸਾਨ ਆਪਣਾ ਵਿਰੋਧ ਦਰਜ ਨਹੀਂ ਕਰਵਾਉਂਦੇ ਤਾਂ ਇਸਦਾ ਅਰਥ ਇਹੋ ਲਿਆ ਜਾਵੇਗਾ ਕਿ ਕਿਸਾਨ ਸੰਤੁਸ਼ਟ ਹਨ, ਮੋਦੀ ਤੋਂ ਖੁਸ਼ ਹਨ| ਫ਼ਿਰ ਰਹਿੰਦੀਆਂ ਮੰਗਾਂ ਕਦੇ ਵੀ ਪੂਰੀਆਂ ਨਹੀਂ ਹੋਣਗੀਆਂ| ਇਸ ਸੱਚ ਕਾਰਣ ਕਿਸਾਨਾਂ ਨੇ ਮੋਦੀ ਦੇ ਵਿਰੋਧ ਦਾ ਫੈਸਲਾ ਲਿਆ ਤੇ ਇਸ ਵਿਰੋਧ ਦਾ ਐਲਾਨ, ਮੋਦੀ ਦੀ ਰੈਲੀ ਦੇ ਐਲਾਨ ਨਾਲ ਹੀ ਹੋ ਗਿਆ ਸੀ| ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਖੁਫ਼ੀਆਂ ਏਜੰਸੀਆਂ ਨੂੰ ਕਿਸਾਨਾਂ ਵੱਲੋ ਮੋਦੀ ਦੇ ਵਿਰੋਧ ਦੀ ਪੂਰੀ-ਪੁੂਰੀ ਜਾਣਕਾਰੀ ਸੀ| ਮੌਸਮ ਖ਼ਰਾਬ ਰਹੇਗਾ, ਇਸਦੀ ਵੀ ਸਭ ਨੂੰ ਅਗਾਊਂ ਜਾਣਕਾਰੀ ਸੀ| ਅਜਿਹੇ ‘ਚ ਜੇ ਕਿਸਾਨਾਂ ਨੇ ਮੋਦੀ ਦਾ ਵਿਰੋਧ ਸੜ੍ਹਕ ਤੇ ਬੈਠਕੇ ਕੀਤਾ ਤਾਂ ਕਿਹੜਾ ਬੰਬ ਫੱਟ ਗਿਆ ਸੀ| ਜਿਸ ‘ਚ ਮੋਦੀ ਵਾਲ- ਵਾਲ ਬਚ ਗਿਆ| ਭਾਜਪਾ, ਕੈਪਟਨ ਤੇ ਢੀਂਡਸਿਆਂ ਦੀ ਸਾਂਝੀ ਰੈਲੀ ਮੀਂਹ ਤੇ ਕਿਸਾਨਾਂ ਦੇ ਵਿਰੋਧ ਕਾਰਣ ਬੁਰੀ ਤਰ੍ਹਾਂ ਪਿੱਟ ਗਈ| ਖ਼ਾਲੀ ਕੁਰਸੀਆਂ ਮੂੰਹ ਚਿੜਾਉਂਦੀਆਂ ਰਹੀਆਂ| ਹੁਣ ਭਾਜਪਾ ਇਹ ਕਿਵੇਂ ਮੰਨ ਲਵੇਂ ਕਿ ਮੋਦੀ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ| ਭਾਜਪਾ ਉਨ੍ਹਾਂ ਦੀ ਨਫ਼ਰਤ ਦੀ ਪਾਤਰ ਹੈ| ਉਨ੍ਹਾਂ ਨੇ ਮੋਦੀ ਦੇ ਰੂਟ ‘ਚ ਕਿਸਾਨਾਂ ਦੇ ਰੋਸ ਧਰਨੇ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਵੱਡੀ ਸੰਨ੍ਹ ਪ੍ਰਚਾਰ ਦਿੱਤਾ| ਜਿਸ ਪੁੱਲ ਤੇ ਆ ਕੇ ਮੋਦੀ ਦਾ ਕਾਫ਼ਲਾ ਰੁਕਿਆ ਸੀ ਤੇ ਫ਼ਿਰ ਵਾਪਸ ਮੁੜਿਆ ਸੀ, ਉਸ ਤੋਂ ਸਿਰਫ਼ 500 ਮੀਟਰ ਦੀ ਦੂਰੀ ਤੇ ਕਿਸਾਨ ਧਰਨਾ ਲਾ ਕੇ, ਭਾਜਪਾਈਆਂ ਨੂੰ ਰੈਲੀ ‘ਚ ਜਾਣ ਤੋਂ ਰੋਕਣ ਲਈ ਬੈਠੇ ਸਨ| ਲਾਗੇ ਹੀ ਰੁੱਕੇ ਹੋਏ ਮੋਦੀ ਦੇ ਕਾਫ਼ਲੇ ਤੇ ਕੀ ਕਿਸਾਨਾਂ ਨੇ ਹੱਲਾ ਬੋਲਿਆ, ਭੰਨ-ਤੋੜ ਜਾਂ ਸਾੜ-ਫ਼ੂਕ ਕੀਤਾ| ਫ਼ਿਰ ਮੋਦੀ ਦੀ ਸੁਰੱਖਿਆ ‘ਚ ਕਿਹੜੀ ਸੰਨ੍ਹ ਲੱਗੀ? ਤੇ ਮੋਦੀ ਨੇ ਮੈਂ ਬਚ ਗਿਆ ਦਾ ਜ਼ੁਮਲਾ ਕਿਉਂ ਛੱਡਿਆ? ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਭਾਜਪਾ ਆਗੂ, ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਹਾਲ-ਦੁਹਾਈ ਪਾ ਰਹੇ ਹਨ| ਕੀ ਇਸ ਨਾਲ ਪੰਜਾਬ ਦਾ ਅਮਨ- ਚੈਨ ਬਹਾਲ ਹੋ ਜਾਵੇਗਾ? ਮੋਦੀ ਦੀਆਂ ਰੈਲੀਆਂ ‘ਚ ਵੱਡੇ ਇਕੱਠੇ ਹੋਣ ਲੱਗ ਜਾਣਗੇ? ਮੋਦੀ ਦੇ ਵਿਰੋਧ ‘ਚ ਕਿਸਾਨ ਸੜ੍ਹਕ ਤੇ ਨਹੀਂ ਬੈਠਣਗੇ? ਪੰਜਾਬ ਨੇ ਰਾਸ਼ਟਰਪਤੀ ਰਾਜ ਕੋਈ ਪਹਿਲੀ ਵਾਰ ਨਹੀਂ ਦੇਖਣਾ| ਰਾਸ਼ਟਰਪਤੀ ਰਾਜ, ਪੰਜਾਬੀਆਂ ‘ਚ ਮੋਦੀ ਤੇ ਭਾਜਪਾ ਪ੍ਰਤੀ ਹੋਰ ਗੁੱਸਾ ਪੈਦਾ ਕਰੇਗਾ| ਭਾਜਪਾ ਪੱਕੇ ਤੌਰ ਤੇ ਪੰਜਾਬ ਦੀ ਦੁਸ਼ਮਣ ਜਮਾਤ ਬਣ ਜਾਵੇਗੀ| ਪੰਜਾਬ ‘ਚ ਰਾਸ਼ਟਰਪਤੀ ਰਾਜ ਦਾ ਰੌਲਾ ਪਾਉਣ ਵਾਲੇ ਆਗੂ ਸਾਰੇ ਹੀ ਚੱਲੇ ਕਾਰਤੂਸ ਹਨ| ਉਹ ਰਾਸ਼ਟਰਪਤੀ ਰਾਜ ਦੀ ਮੰਗ ਕਰਕੇ ਪੰਜਾਬ ਨਾਲ ਗ਼ਦਾਰੀ ਕਰ ਰਹੇ ਹਨ| ਪੰਜਾਬੀ ਤਾਂ ਹਰ ਔਖ-ਸੌਖ ਨੂੰ ਝੱਲਣਾ ਸਿੱਖੇ ਹੋਏ ਹਨ| ਪ੍ਰੰਤੂ ਭਾਜਪਾ ਤੇ ਭਾਜਪਾ ਦੇ ਸਹਿਯੋਗੀਆਂ ਦਾ ਪੰਜਾਬ ‘ਚ ਸਦਾ ਲਈ ਪੱਤਾ ਸਾਫ਼ ਹੋ ਜਾਵੇਗਾ, ਇਹ ਪੱਕਾ ਹੈ| ਭਾਜਪਾ, ਪ੍ਰਧਾਨ ਮੰਤਰੀ ਦੀ ਜਾਨ ਨੂੰ ਪੰਜਾਬ ‘ਚ ਖ਼ਤਰਾ ਪੈਦਾ ਹੋ ਗਿਆ ਸੀ, ਦਾ ਰੌਲਾ ਪਾ ਕੇ ਹਿੰਦੂ ਵੋਟਰਾਂ ਨੂੰ ਖਿੱਚਣ ਦੀ ਗੰਦੀ ਸੋਚ ਦਾ ਸ਼ਿਕਾਰ ਹੈ| ਇਸ ਰੌਲੇ ਨਾਲ ਉਹ ਯੂ.ਪੀ ਬਗੈਰਾਂ ਦੀਆਂ ਚੋਣਾਂ ਵੀ ਜਿੱਤਣਾ ਚਾਹੁੰਦੀ ਹੈ| ਪ੍ਰੰਤੂ ਉਸਨੂੰ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਹੈ ਕਿ ਅੱਗ ਤਾਂ ਅੱਗ ਹੀ ਹੁੰਦੀ ਹੈ| ਉਹ ਨਾਲ ਤੁਹਾਨੂੰ ਵੀ ਸਾੜ ਕੇ ਸੁਆਹ ਕਰੇਗੀ
Author: Gurbhej Singh Anandpuri
ਮੁੱਖ ਸੰਪਾਦਕ