ਬਾਘਾ ਪੁਰਾਣਾ, 7 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਹਲਕਾ ਬਾਘਾ ਪੁਰਾਣਾ ਦੇ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਹਲਕੇ ਅੰਦਰ ਵਿਕਾਸ ਦੇ ਕੰਮਾਂ ਦਾ ਹੜ੍ਹ ਲਿਆਂਦਾ ਹੋਇਆ ਹੈ, ਜਿਸ ਨੇ ਬਾਘਾ ਪੁਰਾਣਾ ਹਲਕੇ ਨੂੰ ਵਿਕਾਸ ਪੱਖੋਂ ਮੂਹਰਲੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਹੈ। ਵਿਧਾਇਕ ਬਰਾੜ ਵੱਲੋਂ ਕੀਤੇ ਵਿਕਾਸ ਅਧੀਨ ਹਲਕੇ ਦਾ ਕੋਈ ਵੀ ਪਿੰਡ-ਸ਼ਹਿਰ ਜਾਂ ਕਸਬਾ ਵਿਕਾਸ ਪੱਖੋਂ ਪਛੜਿਆ ਨਹੀਂ ਰਿਹਾ ਹੈ, ਇਸੇ ਕੜੀ ਅਧੀਨ ਅੱਜ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਮੋਗਾ-ਬਾਘਾ ਪੁਰਾਣਾ ਸੜਕ ਤੋਂ ਜੈ ਸਿੰਘ ਵਾਲਾ ਹੱਦ ਤੱਕ ਵਾਇਡਨਿੰਗ ਕਰਨ ਦਾ ਰੱਖਿਆ ਨੀਂਹ ਪੱਥਰ ਆਪਣੇ ਕਰ ਕਮਲਾ ਰੱਖਦਿਆਂ ਕਿਹਾ ਕਿ ਸੂਬੇ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ 2022 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਵੱਲੋਂ ਲਏ ਗਂਏ ਲੋਕ ਪੱਖੀ ਅਤੇ ਹਰ ਵਰਗ ਨੂੰ ਧਿਆਨ ਵਿਚ ਰੱਖਦਿਆਂ ਫੈਸਲਿਆਂ ਨੇ ਮੁੜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ਦਾ ਮੁੱਢ ਬੰਨ੍ਹ ਦਿੱਤਾ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਮੈਂ ਆਪਣਾ ਕੀਤਾ ਹੋਇਆ ਹਰ ਵਾਅਦਾ ਪੂਰਾ ਕੀਤਾ ਹੈ, ਜਿਸ ਅਧੀਨ ਹਲਕੇ ਦਾ ਕੋਈ ਵੀ ਪਿੰਡ ਜਾਂ ਸ਼ਹਿਰ ਵਿਕਾਸ ਤੋਂ ਵਾਂਝਾ ਨਹੀਂ ਹੈ ਅਤੇ ਸੜਕਾਂ ਦਾ ਨਿਰਮਾਣ ਨਵੇਂ ਸਿਰੇ ਤੋਂ ਕੀਤਾ ਹੈ, ਜਿਸ ਨਾਲ ਸਮੂਹ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਸਾਰੇ ਪੂਰੇ ਕੀਤੇ ਹਨ ਅਤੇ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਦੇ ਨੇਪਰੇ ਚੜ੍ਹਨ ਉਤੇ ਹੀ ਵਿਕਾਸ ਕਾਰਜ ਤੇਜੀ ਨਾਲ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਹਾਜ਼ਰ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਚੇਅਰਮੈਨ ਜਗਸੀਰ ਸਿੰਘ ਕਾਲਕੇ, ਵਾਇਸ ਚੇਅਰਮੈਨ ਮਾਰਕੀਟ ਕਮੇਟੀ ਸੁਭਾਸ਼ ਗੋਇਲ, ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਕਿਹਾ ਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪਾਰਟੀ ਪੱਧਰ ’ਤੋਂ ਉੱਪਰ ਉੱਠ ਕੇ ਸ਼ਹਿਰ ਦੇ ਹਰ ਕੋਨੇ ਵਿਚ ਵਿਕਾਸ ਕਾਰਜ ਆਰੰਭੇ ਹਨ ਅਤੇ ਇਹ ਵਿਕਾਸ ਕਾਰਜ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣਗੇ। ਉਨ੍ਹਾਂ ਆਖਿਆ ਕਿ ਬਰਾੜ ਟੀਮ ਵੱਲੋਂ ਆਪਣੇ-ਆਪਣੇ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਦ੍ਰਿੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਬਦੌਲਤ ਸ਼ਹਿਰ ਦਾ ਹਰ ਕੋਨਾ ਵਿਕਾਸ ਕਾਰਜਾਂ ਨਾਲ ਸਰਸ਼ਾਰ ਹੋਇਆ ਹੈ। ਕਾਂਗਰਸੀ ਆਗੂ ਬਿੱਟੂ ਮਿੱਤਲ ਅਤੇ ਜੰਗੀਰ ਬਰਾੜ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਜਿਨ੍ਹਾਂ ਨੂੰ ਹਲਕਾ ਬਾਘਾ ਪੁਰਾਣਾ ਤੋਂ ਨਿਧੜਕ ਅਤੇ ਹਰ ਇਕ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣ ਵਾਲਾ ਵਿਧਾਇਕ ਦੇ ਰੂਪ ਵਿਚ ਦਰਵੇਸ਼ ਆਗੂ ਮਿਲਿਆ ਹੈ ਅਤੇ ਉਨ੍ਹਾਂ ਦੇ ਮੋਹ ਪਿਆਰ ਦੇ ਬੱਧੇ ਉਹ ਹਰ ਵਾਰਡ ਅਤੇ ਹਰ ਇਲਾਕੇ ਵਿਚ ਆਪ ਜਾ ਕੇ ਵਿਕਾਸ ਪ੍ਰਾਜੈਕਟਾ ਦੀ ਆਰੰਭਤਾ ਕਰਵਾਉਂਦੇ ਹਨ। ਇਸ ਮੌਕੇ ਜਗਸੀਰ ਸਿੰਘ ਜੱਗਾ ਕੌਂਸਲਰ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਕੈਂਥ ਕੌਂਸਲਰ, ਪਵਨ ਗੁਪਤਾ, ਹੈਪੀ ਸਰਪੰਚ ਰੋਡੇ, ਨਿਰਮਲ ਸਿੰਘ ਨੰਬਰਦਾਰ, ਰਣਜੋਧ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ