ਬਾਘਾਪੁਰਾਣਾ 10(ਰਾਜਿੰਦਰ ਸਿੰਘ ਕੋਟਲਾ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਰੋਨਾ ਦੀ ਆੜ ਹੇਠ ਸਕੂਲ ਕਾਲਜ ਬੰਦ ਕਰਨ ਖ਼ਿਲਾਫ਼ 18 ਜਨਵਰੀ ਨੂੰ ਰੋਸ ਮੁਜ਼ਾਹਰਾ ਕਰਨ ਦੀਆਂ ਤਿਆਰੀਆਂ ਵਜੋਂ ਕੋਟਲਾ ਰਾਏਕਾ, ਕੋਟਲਾ ਮਿਹਰ ਸਿੰਘ ਵਾਲਾ ਅਤੇ ਸਮਾਧ ਭਾਈ ਵਿੱਚ ਮੀਟਿੰਗਾਂ ਕੀਤੀਆਂ ਗਈਆਂ।ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਕਮਲ ਬਾਘਾਪੁਰਾਣਾ ਨੇ ਕਿਹਾ ਕਿ ਕਰੋਨਾ ਬਾਰੇ ਬਿਨਾਂ ਕਿਸੇ ਵਿਗਿਆਨਕ ਸਮਝ ਦੇ ਸਰਕਾਰ ਵੱਲੋਂ ਕਰੋਨਾ ਦਾ ਬਹਾਨਾ ਲਾ ਕੇ ਵਿਦਿਅਕ ਸੰਸਥਾਵਾਂ ਬੰਦ ਕੀਤੀਆਂ ਗਈਆਂ ਹਨ। ਕਰੋਨਾ ਇਕ ਸਧਾਰਨ ਫਲੂ ਹੈ ਜਿਸਦੀ ਮੌਤ ਦਰ ਸਿਰਫ਼ 1.5%ਹੈ।
ਜਦਕਿ ਹੋਰ ਕਿੰਨੀਆਂ ਜਾਨਲੇਵਾ ਬਿਮਾਰੀਆਂ ਨੇ, ਜਿੰਨ੍ਹਾਂ ਨਾਲ ਸਾਡੇ ਦੇਸ਼ ਵਿਚ ਲੱਖਾਂ ਮੌਤਾਂ ਹੁੰਦੀਆਂ ਹਨ। ਐਸੇ ਵਿੱਚ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਸਦੇ ਨਾਲ ਨਾਲ ਹੋਰਾਂ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕੇ। ਪਰ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਸਰਕਾਰ ਨੇ ਫਿਰ ਤੋਂ ਲਾੱਕਡਾਊਨ ਨੂੰ ਹੀ ਇਸਦਾ ਹੱਲ ਮੰਨਿਆ ਹੈ ਜਦਕਿ ਲਾਕਡਾਊਨ ਦੇ ਨਤੀਜੇ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਇਸ ਨਾਲ ਬਿਮਾਰੀ ਤਾਂ ਰੁਕੀ ਨਹੀਂ ਪਰ ਆਮ ਲੋਕਾਂ ਦੀਆਂ ਜੇਬਾਂ ਤੇ ਬੋਝ ਅਤੇ ਸਰਮਾਏਦਾਰਾਂ ਦਾ ਮੁਨਾਫ਼ਾ ਵਧਿਆ ਹੈ। ਸਰਕਾਰ ਦੀ ਗੈਰ ਗੰਭੀਰਤਾ ਇਸ ਤੋਂ ਤੈਅ ਹੁੰਦੀ ਹੈ ਕਿ ਸਿਆਸੀ ਰੈਲੀਆਂ ਪੂਰੇ ਜੋਰ ਸ਼ੋਰ ਨਾਲ ਹੋ ਰਹੀਆਂ ਹਨ, ਸਿਨੇਮਾ,ਮਾਲ ਅਤੇ ਠੇਕੇ ਵੀ ਖੁੱਲੇ ਹਨ ਪਰ ਸਿਰਫ ਵਿਦਿਅਕ ਸੰਸਥਾਵਾਂ ਬੰਦ ਹਨ। ਜਿਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋਵੇਗਾ ਅਤੇ ਦੇਸ਼ ਕਈ ਸਾਲ ਪਿੱਛੇ ਨੂੰ ਧੱਕਿਆ ਜਾਵੇਗਾ। ਵਿਦਿਆਰਥੀਆਂ ਦੀ ਪੜਾਈ ਦਾ ਦੋ ਸਾਲ ਸਕੂਲ ਕਾਲਜ ਬੰਦ ਰਹਿਣ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਜਿਸ ਨੂੰ ਪੂਰਿਆ ਨਹੀਂ ਜਾ ਸਕਦਾ।
ਅਸੀਂ ਇਹ ਮੰਗ ਕਰਦੇ ਹਾਂ ਕਿ ਕਰੋਨਾ ਨੂੰ ਰੋਕਣ ਲਈ ਸਰਕਾਰੀ ਸਿਹਤ ਸਹੂਲਤਾਂ ਨੂੰ ਦਰੁਸਤ ਕੀਤਾ ਜਾਵੇ,ਆਮ ਲੋਕਾਂ ਦੀ ਪਹੁੰਚ ਵਿੱਚ ਕੀਤਾ ਜਾਵੇ ਅਤੇ ਵਿਦਿਅਕ ਅਦਾਰੇ ਖੋਲ੍ਹੇ ਜਾਣ। ਇਸ ਮੌਕੇ ਕੁਲਦੀਪ ਸਿੰਘ ਫੌਜੀ,ਰਹਿਮਤ ਕੌਰ, ਮਨਵੀਰ ਕੌਰ, ਬੇਅੰਤ ਕੌਰ ਕੁਲਦੀਪ ਸਿੰਘ, ਲਵਦੀਪ ਸਿੰਘ, ਅੰਮ੍ਰਿਤ ਸਿੰਘ,ਧਰਮ ਸਿੰਘ ਆਦਿ ਹੋਰ ਲੋਕ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ