ਚੰਡੀਗੜ੍ਹ, 12 ਜਨਵਰੀ, 2022 (ਨਜ਼ਰਾਨਾ ਨਿਊਜ਼ ਨੈੱਟਵਰਕ ) ਸੰਗਰੂਰ ਤੋਂ ਸੰਸਦ ਮੈਂਬਰ ਅਤੇ ‘ਆਮ ਆਦਮੀ ਪਾਰਟੀ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀ ਭਗਵੰਤ ਮਾਨ ਹੀ 2022 ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਹੋਣਗੇ।
ਜਾਣਕਾਰ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਇਸ ਸੰਬੰਧੀ ਫ਼ੈਸਲਾ ਪਾਰਟੀ ਵੱਲੋਂ ਲੈ ਲਿਆ ਗਿਆ ਹੈ ਅਤੇ ਐਲਾਨ ਕਿਸੇ ਵੀ ਵੇਲੇ ਸੰਭਵ ਹੈ। ਪਤਾ ਲੱਗਾ ਹੈ ਕਿ ਪਾਰਟੀ ਵੱਲੋਂ ਪਿਛਲੇ ਦਿਨਾਂ ਵਿੱਚ ਕਰਵਾਏ ਗਏ ਇਕ ਸਰਵੇਖ਼ਣ ਦੌਰਾਨ ਸ੍ਰੀ ਭਗਵੰਤ ਮਾਨ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਉੱਭਰ ਕੇ ਆਏ ਹਨ।
ਜ਼ਿਕਰਯੋਗ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ 21 ਜੂਨ, 2021 ਨੂੰ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਆਈ.ਜੀ. ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਲ ਕਰਾਉਣ ਸਮੇਂ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਇਕ ਸਿੱਖ ਹੋਵੇਗਾ ਅਤੇ ਐਸਾ ਹੋਵੇਗਾ ਜਿਸ ’ਤੇ ਪੰਜਾਬ ਨੂੰ ਮਾਨ ਹੋਵੇਗਾ।
ਇਸ ਤੋਂ ਬਾਅਦ ਨਾਰਾਜ਼ਗੀ ਦੇ ਚੱਲਦਿਆਂ ਸ੍ਰੀ ਭਗਵੰਤ ਮਾਨ ਨੇ ਕਾਫ਼ੀ ਦੇਰ ਪਾਰਟੀ ਦੀਆਂ ਸਰਗਰਮੀਆਂ ਤੋਂ ਕਿਨਾਰਾ ਕੀਤੀ ਰੱਖ਼ਿਆ ਸੀ ਅਤੇ ਇਸੇ ਦੌਰਾਨ ਕਈ ਤਰ੍ਹਾਂ ਦੀ ਚਰਚਾ ਚੱਲਦੀ ਰਹੀ ਅਤੇ ਵੱਖ-ਵੱਖ ਨਾਂਵਾਂ ਬਾਰੇ ਕਿਆਸ ਅਰਾਈਆਂ ਚੱਲਦੀਆਂ ਰਹੀਆਂ। ਇਸੇ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ‘ਸਰਬਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੁਖ਼ੀ ਡਾ: ਐਸ.ਪੀ.ਐਸ.ਉਬਰਾਏ ਦਾ ਨਾਂਅ ਵੀ ਸਾਹਮਣੇ ਆਇਆ। ਇਸ ਤਰ੍ਹਾਂ ਦੀਆਂ ਅਟਕਲਾਂ ਵੀ ਲਗਾਈਆਂ ਜਾਂਦੀਆਂ ਰਹੀਆਂ ਕਿ ਸ: ਨਵਜੋਤ ਸਿੰਘ ਸਿੱਧੂ ਜਾਂ ਫ਼ਿਰ ਕਾਂਗਰਸ ਦੇ ਕੋਈ ਹੋਰ ਆਗੂ ਵੀ ‘ਆਪ’ ਵਿੱਚ ਜਾ ਕੇ ਪਾਰਟੀ ਦਾ ਮੁੱਖ ਮੰਤਰੀ ਲਈ ਚਿਹਰਾ ਬਣ ਸਕਦੇ ਹਨ।
ਇਸੇ ਦੌਰਾਨ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ 27 ਅਕਤੂਬਰ, 2021 ਨੂੰ ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸ੍ਰੀ ਸੋਨੂੰ ਸੂਦ ਨੂੰ ਦਿੱਲੀ ਸਰਕਾਰ ਦੇ ਮੈਂਟਰਸ਼ਿਪ ਪ੍ਰੋਗਰਾਮ ਦਾ ਬਰਾਂਡ ਅੰਬੈਸਡਰ ਐਲਾਨਿਆ। ਇਸ ਮੌਕੇ ਸ੍ਰੀ ਸੋਨੂੰ ਸੂਦ ਵਿਸ਼ੇਸ਼ ਤੌਰ ’ਤੇ ਸ੍ਰੀ ਕੇਜਰੀਵਾਲ ਨੂੂੰ ਮਿਲਣ ਦਿੱਲੀ ਪੁੱਜੇ ਸਨ। ਇਸ ਮੁਲਾਕਾਤ ਨੇ ਸ੍ਰੀ ਸੋਨੂੰ ਸੂਦ ਦਾ ਨਾਂਅ ਵੀ ਚਰਚਾ ਵਿੱਚ ਲੈ ਆਂਦਾ ਸੀ ਪਰ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਐਲਾਨ ਨੂੰ ਲੈ ਕੇ ਚੁੱਪ ਧਾਰੀ ਰੱਖੀ ਹਾਲਾਂਕਿ ਇਹ ਐਲਾਨ ਜ਼ਰੂਰ ਕੀਤਾ ਜਾਂਦਾ ਰਿਹਾ ਕਿ ਪਾਰਟੀ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਹੀ ਚੋਣ ਪਿੜ ਵਿੱਚ ਨਿੱਤਰੇਗੀ।
ਕਿਸਾਨ ਅੰਦੋਲਨ ਦੇ ਇਕ ਪ੍ਰਮੁੱਖ ਚਿਹਰੇ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ:ਬਲਬੀਰ ਸਿੰਘ ਰਾਜੇਵਾਲ ਦਾ ਨਾਂਅ ਵੀ ‘ਆਮ ਆਦਮੀ ਪਾਰਟੀ’ ਨਾਲ ਜੋੜਿਆ ਜਾਂਦਾ ਰਿਹਾ ਅਤੇ ਇਹ ਗੱਲ ਬੜੀ ਸਪਸ਼ਟ ਹੈ ਕਿ ਪਾਰਟੀ ਦੇ ਅੰਦਰ ਇਸ ਗੱਲ ’ਤੇ ਵਿਚਾਰ ਹੀ ਨਹੀਂ ਲਗਪਗ ਸਹਿਮਤੀ ਬਣ ਗਈ ਸੀ ਕਿ ਪਾਰਟੀ ਸ: ਰਾਜੇਵਾਲ ਨੂੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰੇਗੀ।
ਪਰ ਇਹ ਵੀ ਸੰਭਵ ਨਾ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਤਿੰਨ ਵਿਵਾਦਿਤ ਖ਼ੇਤੀ ਕਾਨੂੰਨ ਵਾਪਿਸ ਲੈ ਲਏ ਜਾਣ ਤੋਂ ਬਾਅਦ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿੱਚੋਂ 22 ਨੇ ਸੰਯੁਕਤ ਸਮਾਜ ਮੋਰਚਾ ਨਾਂਅ ਦੀ ਜੱਥੇਬੰਦੀ ਬਣਾ ਲਈ ਅਤੇ ਚੋਣਾਂ ਵਿੱਚ ਉੱਤਰਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਵੀ ਦੋਹਾਂ ਧਿਰਾਂ ਵਿੱਚ ਆਪਸੀ ਸਹਿਮਤੀ ਬਣਾਉਣ ਦੇ ਯਤਨ ਹੁੰਦੇ ਰਹੇ ਪਰ ਇਨ੍ਹਾਂ ਯਤਨਾਂ ਨੂੰ ਧੱਕਾ ਉਸ ਵੇਲੇ ਲੱਗਾ ਜਦ ਸੰਯੁਕਤ ਸਮਾਜ ਮੋਰਚਾ ਵੱਲੋਂ ਸ: ਰਾਜੇਵਾਲ ਨੂੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਦੇ ਨਾਲ ਨਾਲ ਰਾਜ ਦੀਆਂ 117 ਵਿੱਚੋਂ 60 ਸੀਟਾਂ ’ਤੇ ਵੀ ਹੱਕ ਜਤਾ ਦਿੱਤਾ ਗਿਆ ਜੋ ‘ਆਮ ਆਦਮੀ ਪਾਰਟੀ’ ਨੂੰ ਮਨਜ਼ੂਰ ਨਹੀਂ ਹੋਇਆ।
ਸ: ਰਾਜੇਵਾਲ ਅਤੇ ਸੰਯੁਕਤ ਸਮਾਜ ਮੋਰਚੇ ਨਾਲ ਸਮਝੌਤੇ ਦੀ ਗੱਲ ਟੁੱਟ ਜਾਣ ’ਤੇ ਪਾਰਟੀ ਸਪਸ਼ਟ ਹੋ ਗਈ ਹੈ ਕਿ ਸ੍ਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਦਿੱਤਾ ਜਾਵੇ। ਉਂਜ ਪਾਰਟੀ ਨੇ ਕਦੇ ਵੀ ਸ੍ਰੀ ਭਗਵੰਤ ਮਾਨ ਦੀ ਉਮੀਦਵਾਰੀ ਨੂੰ ਨਕਾਰਿਆ ਨਹੀਂ ਕਿਉਂਕਿ ਪਾਰਟੀ ਇਹ ਸਮਝਦੀ ਹੈ ਕਿ ਪੰਜਾਬ ਵਿੱਚ ਸੂਬੇ ਅੰਦਰ ‘ਆਮ ਆਦਮੀ ਪਾਰਟੀ’ ਨੂੰ ਖੜ੍ਹੇ ਕਰਨ ਅਤੇ 2017 ਦੀਆਂ ਚੋਣਾਂ ਦੇ ਨਤੀਜੇ ਆਸ ਮੁਤਾਬਿਕ ਨਾ ਆਉਣ ਮਗਰੋਂ ਵੀ ਸੂਬੇ ਅੰਦਰ ਪਾਰਟੀ ਦੀ ਲੋਅ ਬਲਦੀ ਰੱਖਣ ਵਿੱਚ ਉਨ੍ਹਾਂ ਦਾ ਯੋਗਦਾਨ ਅਹਿਮ ਰਿਹਾ ਹੈ।
ਲੋਕ ਸਭਾ ਵਿੱਚ ਪਾਰਟੀ ਦੇ ਇਕੋ ਇਕ ਨੁਮਾਇੰਦੇ ਹੋਣ ਦੇ ਬਾਵਜੂਦ ਸ੍ਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਵਿੱਚ ਪਾਰਟੀ ਦੀ ਹਾਜ਼ਰੀ ਚੰਗੇ ਢੰਗ ਨਾਲ ਬਣਾਈ ਰੱਖਣ ਅਤੇ ਇਸ ਦਾ ਪਾਰਟੀ ਨੂੰ ਕੌਮੀ ਪੱਧਰ ’ਤੇ ਲਾਭ ਮਿਲਣ ਅਤੇ ਪੰਜਾਬ ਵਿੱਚ ਰਾਜ ਸਰਕਾਰ ਅਤੇ ਦੂਜੀਆਂ ਪਾਰਟੀਆਂ ਦੇ ਖਿਲਾਫ਼ ਪਾਰਟੀ ਦੀ ਲੜਾਈ ਨੂੰ ‘ਲੀਡ’ ਕਰਨ ਵਿੱਚ ਉਹਨਾਂ ਦੀ ਭੂਮਿਕਾ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਗਿਣਾਈਆਂ ਜਾਂਦੀਆਂ ਕੁਝ ਕਮੀਆਂ ’ਤੇ ਭਾਰੂ ਪਈਆਂ ਹਨ। ਇਸ ਤੋਂ ਇਲਾਵਾ ਪਾਰਟੀ ਦੇ ਅੰਦਰ ਵੀ ਕੋਈ ਹੋਰ ਐਸਾ ਚਿਹਰਾ ਉੱਭਰ ਕੇ ਨਹੀਂ ਆਇਆ ਹੈ ਜਿਹੜਾ ਸ੍ਰੀ ਭਗਵੰਤ ਮਾਨ ਦੇ ਪਾਰਟੀ ਦੇ ਅੰਦਰ ਅਤੇ ਰਾਜ ਦੇ ਸਿਆਸੀ ਦ੍ਰਿਸ਼ ’ਤੇ ਉਨ੍ਹਾਂ ਨਾਲੋਂ ਵੱਡਾ ਬਣ ਕੇ ਸਾਹਮਣੇ ਆਇਆ ਹੋਵੇ।
Author: Gurbhej Singh Anandpuri
ਮੁੱਖ ਸੰਪਾਦਕ