“ਹਲਕਾ ਬਾਘਾ ਪੁਰਾਣਾ ਦਾ ਕਿਲ੍ਹਾ ਫਤਿਹ ਕਰਨ ਲਈ ਲੋਕਾਂ ਦਾ ਮਿਲ ਰਿਹਾ ਵੱਡਾ ਹੁੰਗਾਰਾ”
ਬਾਘਾ ਪੁਰਾਣਾ,13 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਹਲਕਾ ਬਾਘਾ ਪੁਰਾਣਾ ਵਿਚ ਸਰਗਰਮੀਆਂ ਵਿੱਢ ਦਿੱਤੀਆਂ ਹਨ ਅਤੇ ਹਲਕਾ ਬਾਘਾ ਪੁਰਾਣਾ ਦਾ ਕਿਲਾ ਫਤਿਹ ਕਰਨ ਲਈ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ। ਵਿੱਢੀਆਂ ਚੋਣ ਸਰਗਰਮੀਆਂ ਦੇ ਤਹਿਤ ਅੱਜ ਹਲਕਾ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਗਿੱਲ ਵਿਚ ਕਮਲਜੀਤ ਸਿੰਘ ਬਰਾੜ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਲੋਕਾਂ ਦੇ ਹੋਏ ਆਪ ਮੁਹਾਰੇ ਇਕੱਠ ਨੇ ਬਰਾੜ ਪਰਿਵਾਰ ਦੀ ਜਿੱਤ ਉਤੇ ਮੋਹਰ ਲਾ ਕੇ ਰੱਖ ਦਿੱਤੀ। ਕਮਲਜੀਤ ਸਿੰਘ ਬਰਾੜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਵੀ ਪੰਜਾਬ ਦਾ ਵਿਕਾਸ ਹੋਇਆ ਹੈ ਉਹ ਕਾਂਗਰਸ ਦੀ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਕਾਰਜਕਾਲ ਦੇ 111 ਦਿਨਾਂ ਜੋ ਇਤਿਹਾਸਕ ਕੰਮ ਕੀਤੇ ਹਨ ਉਹ ਆਪਣੇ ਆਪ ਵਿਚ ਮਿਸਾਲ ਹਨ। ਸ੍ਰੀ ਬਰਾੜ ਨੇ ਕਿਹਾ ਕਿ ਜਦੋਂ ਸੂਬੇ ਵਿਚ 10 ਸਾਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਰਾਜ ਕਰ ਕੇ ਗਈ ਸੀ ਤਾਂ ਉਸ ਨੇ ਸੂਬੇ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਸੀ, ਜਿਸ ਤੋਂ ਦੁਖੀ ਹੋ ਕੇ ਲੋਕਾਂ ਨੇ ਪੰਜਾਬ ਵਿਚ 2017 ਵਿਚ ਕਾਂਗਰਸ ਸਰਕਾਰ ਲੈ ਕੇ ਆਂਦੀ ਅਤੇ ਹੁਣ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲੋਕਾਂ ਵਿਚ ਝੂਠਾ ਪ੍ਰਚਾਰ ਕਰ ਕੇ ਪੰਜਾਬ ਵਿਚ ਆਪਣੀ ਸਰਕਾਰ ਲਿਆਉਣਾ ਚਾਹੁੰਦੇ ਹਨ, ਪਰ ਇਸ ਵਾਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਕਦੇ ਨਹੀਂ ਆਉਣਗੇ ਕਿਉਂਕਿ ਪੰਜਾਬ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ 10 ਸਾਲ ਸੱਤਾ ਦਾ ਨਿੱਘ ਮਾਣ ਚੁੱਕੀ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕਾਂਗਰਸ ਦੇ ਹੱਕ ਵਿਚ ਫਤਵਾ ਦੇ ਕੇ ਫਿਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ। ਕਮਲਜੀਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਮਨ ਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਪ੍ਰਸਤੀ ਹੇਠ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੀ ਪਰਕਿਰਿਆ ਤਹਿਤ ਹੁਣ ਪਿੰਡਾਂ ਦੇ ਬੱਚਿਆਂ ਨੂੰ ਵੀ ਆਪਣੀ ਸ਼ਖਸੀਅਤ ਦੇ ਨਿਰਮਾਣ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਹੋ ਸਕਣਗੀਆਂ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੀ ਪਿੰਡਾਂ ਨੂੰ ‘ਸਮਾਰਟ ਵਿਲੇਜ’ ਵਜੋਂ ਵਿਕਸਤ ਕਰਨ ਦੇ ਯਤਨਾਂ ਤਹਿਤ ਵਿਧਾਇਕ ਦਰਸਨ ਸਿੰਘ ਬਰਾੜ ਵੱਲੋਂ ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਵਿਖੇ ਕਰਵਾਏ ਵਿਕਾਸ ਕਾਰਜਾਂ ’ਤੇ ਉਨ੍ਹਾਂ ਨੂੰ ਤਸੱਲੀ ਹੈ ਅਤੇ ਅੱਜ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਮਣਾਂਮੂੰਹੀ ਪਿਆਰ ਵੀ ਦਿੱਤਾ ਹੈ, ਜਿਸ ਲਈ ਉਹ ਤਮਾਮ ਉਮਰ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਬਰਾੜ ਪਰਿਵਾਰ ਨੇ ਜੋ ਹਲਕਾ ਬਾਘਾ ਪੁਰਾਣਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਹਨ ਅਤੇ ਜੋ ਵਾਅਦੇ ਕਰਾਂਗੇ ਉਸਨੂੰ ਵੀ ਪੂਰਾ ਕਰਾਂਗੇ। ਅੰਤ ਵਿਚ ਕਮਲਜੀਤ ਸਿੰਘ ਬਰਾੜ ਨੇ ਪਿੰਡ ਗਿੱਲ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਰਾੜ ਪਰਿਵਾਰ ਦੇ ਹੱਕ ਵਿਚ ਖੜਾ ਹੋਣ ਦਾ ਸਮਰਥਨ ਕੀਤਾ ਅਤੇ ਪਿੰਡ ਵਾਸੀਆਂ ਨੇ ਕਮਲਜੀਤ ਸਿੰਘ ਬਰਾੜ ਨਾਲ ਵਾਅਦਾ ਕੀਤਾ ਕਿ ਪਿੰਡ ਗਿੱਲ ਤੋਂ ਵੱਡੀ ਲੀਡ ਨਾਲ ਕਾਂਗਰਸ ਦੀ ਜਿੱਤ ਹੋਵੇਗੀ। ਪਿੰਡ ਵਾਸੀਆਂ ਨੇ ਕਿਹਾ ਕਿ ਬਰਾੜ ਪਰਿਵਾਰ ਹਮੇਸਾ ਹੀ ਪਿੰਡ ਵਾਸੀਆਂ ਨਾਲ ਦੁੱਖ ਤਕਲੀਫ਼ ਸਮੇਂ ਖੜਾ ਹੈ ਅਤੇ ਅਸੀਂ ਬਰਾੜ ਦੇ ਹੱਕ ਵਿਚ ਹੀ ਫਤਵਾ ਦੇ ਕੇ ਵੱਡੀ ਜਿੱਤ ਨਾਲ ਇਸ ਵਾਰ ਵੀ ਵਿਧਾਨ ਸਭਾ ਚੋਣਾਂ ਦੀਆਂ ਪੌੜੀਆਂ ਚੜਾਵਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ