“ਮੁਜ਼ਾਹਰੇ ਅਤੇ ਮਾਰਚ ‘ਚ ਲੱਗੇ ਖ਼ਾਲਿਸਤਾਨ ਪੱਖੀ ਨਾਅਰੇ”
ਅੰਮ੍ਰਿਤਸਰ, 27 ਜਨਵਰੀ
( ਨਜ਼ਰਾਨਾ ਨਿਊਜ਼ ਬਿਊਰੋ ) ਸਜ਼ਾਵਾਂ ਪੂਰੀਆਂ ਕਰ ਚੁੱਕੇ 9 ਸਿੱਖ ਰਾਜਸੀ ਨਜ਼ਰਬੰਦਾਂ ਨੂੰ ਰਿਹਾਅ ਨਾ ਕਰਨ ਤੋਂ ਚਿੰਤਤ ਅਤੇ ਰੋਹ ਵਿੱਚ ਆਏ ਨੌਜਵਾਨਾਂ ਨੇ ਮੁਜ਼ਾਹਰਾ ਅਤੇ ਮਾਰਚ ਕਰਦਿਆਂ ਹਿੰਦੁਸਤਾਨ ਵਿੱਚ ਬੰਦੀ ਸਿੰਘਾਂ ਲਈ ਨਾ-ਬਰਾਬਰ ਕਾਨੂੰਨ ਅਤੇ ਨਿਯਮਾਂ ਦੀ ਸਖਤ ਅਲੋਚਨਾ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸੰਵਿਧਾਨਾਕ ਤੌਰ ‘ਤੇ ਹੋਈਆਂ ਵਧੀਕੀਆਂ, ਬੇਇਨਸਾਫ਼ੀਆਂ ਤੇ ਜ਼ੁਲਮਾਂ ਖਿਲਾਫ 26 ਜਨਵਰੀ ਦੇ ਗਣਤੰਤਰ ਦਿਵਸ ਨੂੰ ਕਾਲ਼ੇ ਦਿਨ ਵਜੋਂ ਮਨਾਇਆ।
ਦਲ ਖ਼ਾਲਸਾ ਨਾਲ ਸਬੰਧਤ ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ 72 ਸਾਲਾਂ ਦੀ ਸੰਵਿਧਾਨਕ ਗੁਲਾਮੀ, ਸ਼ੋਸ਼ਣ, ਜ਼ਿਆਦਤੀਆਂ, ਬੇਇਨਸਾਫੀਆਂ ਵਿਰੁੱਧ ਅਤੇ ਬੰਦੀ ਸਿੰਘਾਂ ਦੀ ਰਿਹਾਈਆਂ ਲਈ ਆਵਾਜ਼ ਬੁਲੰਦ ਕਰਨ ਵਿਰੁੱਧ ਭੰਡਾਰੀ ਪੁਲ ‘ਤੇ ਇੱਕ ਘੰਟੇ ਮੁਜ਼ਾਹਰਾ ਕੀਤਾ ਗਿਆ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ (ਵਿਰਾਸਤੀ ਮਾਰਗ) ਤਕ ਮਾਰਚ ਕੱਢਿਆ ਗਿਆ।
ਇਹ ਮਾਰਚ ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਦੀ ਅਗਵਾਈ ‘ਚ ਹੋਇਆ ਜਿਸ ਵਿੱਚ ਨੌਜਵਾਨਾਂ ਨੇ ਕਾਲ਼ੇ ਝੰਡੇ ਅਤੇ ਬੰਦੀ ਸਿੰਘਾਂ ਦੀ ਤਸਵੀਰਾਂ ਵਾਲੇ ਬੈਨਰ ਹੱਥਾਂ ‘ਚ ਫੜੇ ਹੋਏ ਸਨ।
ਹਿੰਦੂ ਕੱਟੜਵਾਦੀ ਚਿਹਰੇ ਵਜੋਂ ਮੰਨੇ ਜਾਂਦੇ ਮੋਦੀ-ਸ਼ਾਹ ਦੇ ਨਾਲ ਨੌਜਵਾਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਬੈਨਰਾਂ ਵਿੱਚ ਹਿੰਦੁਤਵ ਦੇ ਚਿਹਰੇ ਵਜੋਂ ਵਿਖਾਇਆ। ਮਾਰਚ ‘ਚ ਜਿਨ੍ਹਾਂ ਤਿੰਨ ਸਿੱਖ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਦੋਸ਼ ‘ਚ ਉਮਰ ਕੈਦ ਹੋਈ ਸੀ ਉਹਨਾਂ ਦੀਆਂ ਤਸਵੀਰਾਂ ਅਤੇ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਜਗਮੀਤ ਸਿੰਘ ਤੇ ਉਸ ਦੇ ਮਾਤਾ ਜੀ ਦੇ ਪੋਸਟਰ ਵੀ ਫੜੇ ਹੋਏ ਸਨ।
ਮਾਰਚ ‘ਚ 26 ਜਨਵਰੀ ਸਾਡੀ ਨਹੀਂ, ਇਹ ਸੰਵਿਧਾਨ ਸਾਡਾ ਨਹੀਂ, ਇਹ ਤਿਰੰਗਾ ਸਾਡਾ ਨਹੀਂ, ਜਨ ਗਨ ਮਨ ਸਾਡਾ ਨਹੀਂ ਅਤੇ ਖ਼ਾਲਿਸਤਾਨ ਪੱਖੀ ਨਾਅਰੇ ਲੱਗੇ।
ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਤੇ ਫਾਈਲ ‘ਤੇ ਦਸਤਖ਼ਤ ਨਾ ਕਰਨ ਦੇ ਰੋਸ ਵਜੋਂ ਨੌਜਵਾਨਾਂ ਨੇ ਕੇਜਰੀਵਾਲ ‘ਤੇ ਨਿਸ਼ਾਨ ਸਾਧਦਿਆਂ ਹੱਥਾਂ ‘ਚ ਤਖ਼ਤੀਆਂ ਫੜੀਆਂ ਸਨ ਜਿਸ ‘ਤੇ ਲਿਖਿਆ ਸੀ ਕਿ ਕੇਜਰੀਵਾਲ ਭੁੱਲਰ ਨੂੰ ਰਿਹਾਅ ਕਰੋ ਜਾਂ ਪੰਜਾਬ ਤੋਂ ਦੂਰ ਰਹੋ।
ਮਾਰਚ ਦੀ ਸਮਾਪਤੀ ਤੋਂ ਬਾਅਦ ਨੌਜਵਾਨ ਜਥੇਬੰਦੀਆਂ ਨੇ ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਜੁਗਰਾਜ ਸਿੰਘ ਖ਼ਾਲਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਉਪਰੰਤ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਸਿੱਧ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ, ਬਾਪੂ ਗੁਰਚਰਨ ਸਿੰਘ ਪਟਿਆਲਾ ਅਤੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਵੀ ਸ਼ਿਰਕਤ ਕੀਤੀ।
ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਹਿੰਦੁਸਤਾਨ ਦੀ ਧੱਕੜ ਬਹੁ-ਗਿਣਤੀ ਨੇ 1950 ਵਿੱਚ ਮੁਲਕ ’ਤੇ ਇੱਕ ਅਜਿਹਾ ਸੰਵਿਧਾਨਕ ਇੰਤਜ਼ਾਮ ਠੋਸਿਆ, ਜਿਸ ਨੇ ਸਿੱਖਾਂ ਨੂੰ ਉਹਨਾਂ ਦੀ ਰਾਜਸੀ ਪਹਿਚਾਣ ਅਤੇ ਸੱਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ। ਸਿੱਖਾਂ ਨੇ ਇਸ ਖਿੱਤੇ ਵਿੱਚ ਆਪਣਾ ਸਫ਼ਰ ਭਾਰਤੀ ਸੰਵਿਧਾਨ ਨੂੰ ਨਾ-ਮਨਜ਼ੂਰ ਕਰਕੇ ਅਰੰਭ ਕੀਤਾ ਸੀ ਕਿਉਂਕਿ ਇਹ ਸੰਵਿਧਾਨ ਉਹਨਾਂ ਨਾਲ਼ ਧੋਖਾ ਸੀ।
ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਦੇਸ਼ ‘ਚ ਸਾਡੀ ਅੱਡਰੀ ਪਛਾਣ ਖੋਹੀ, ਹਿੰਦੂ ਕਨੂੰਨ ਸਾਡੇ ਉੱਤੇ ਥੋਪੇ, ਸਾਡੇ ਉੱਤੇ ਹਿੰਦੂ ਧਰਮ ਦਾ ਅੰਗ ਹੋਣ ਦਾ ਲੇਬਲ ਲਾਇਆ, ਦਰਬਾਰ ਸਾਹਿਬ ਦੀ ਬੇਹੁਰਮਤੀ ਕੀਤੀ ਅਤੇ ਅੱਜ ਵੀ ਸਾਡੇ ਧਰਮ ਦੇ ਬੁਨਿਆਦੀ ਢਾਂਚੇ ਵਿੱਚ ਘੁਸਪੈਠ ਕਰ ਰਿਹਾ ਹੈ।
ਕੰਵਰ ਚੜ੍ਹਤ ਸਿੰਘ ਨੇ ਕਿਹਾ ਕਿ ਸਿੱਖ ਇਕ ਵੱਖਰਾ ਧਰਮ ਹੈ, ਸਿੱਖ ਇੱਕ ਵੱਖਰੀ ਕੌਮ ਹੈ, ਸਾਨੂੰ ਵੱਖਰਾ ਪਰਸਨਲ ਲਾਅ, ਵੱਖਰੀ ਰਾਜਧਾਨੀ ਅਤੇ ਪਾਣੀਆਂ ਦਾ ਮਾਲਕੀ ਹੱਕ ਚਾਹੀਦਾ ਹੈ।
ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਸਿੱਖਾਂ ਅੰਦਰ ਉੱਠੀ ਰੋਹ ਦੀ ਲਹਿਰ ਦੇ ਬਾਵਜੂਦ ਅਰਵਿੰਦ ਕੇਜਰੀਵਲ ਨੇ ਭੇਦਭਰੀ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਉਹਨਾਂ ਕੇਜਰੀਵਾਲ ਨੂੰ ਆਪਣੀ ਖਾਮੋਸ਼ੀ ਤੋੜਨ ਲਈ ਵੰਗਾਰ ਪਾਈ। ਉਹਨਾਂ ਕਿਹਾ ਕਿ ਜੇ ਪ੍ਰੋਫੈਸਰ ਭੁੱਲਰ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਈ ਤਾਂ ਕੇਜਰੀਵਾਲ ਦੇ ਨਾਲ ਭਾਜਪਾ ਦਾ ਵੀ ਪੰਜਾਬ ‘ਚ ਭਾਰੀ ਵਿਰੋਧ ਕਰਾਂਗੇ।
ਇਸ ਮੌਕੇ ਪਰਮਜੀਤ ਸਿੰਘ ਟਾਂਡਾ, ਗੁਰਵਿੰਦਰ ਸਿੰਘ ਬਠਿੰਡਾ, ਸੂਬੇਦਾਰ ਬਲਦੇਵ ਸਿੰਘ, ਭੁਪਿੰਦਰ ਸਿੰਘ ਛੇ ਜੂਨ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਪ੍ਰਭਜੀਤ ਸਿੰਘ, ਮਨਿੰਦਰ ਕੌਰ, ਕਰਨਪ੍ਰੀਤ ਸਿੰਘ ਵੇਰਕਾ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ