ਅੰਮ੍ਰਿਤਸਰ, 8 ਅਪ੍ਰੈਲ (ਨਜ਼ਰਾਨਾ ਨਿਊਜ਼ ਬਿਊਰੌ): ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਖ਼ਾਲਸੇ ਦੀ ਮਾਤਾ ਸਾਹਿਬ ਕੌਰ ਦਾ ਸਵਾਗ ਰਚਦੀ ਫਿਲਮ ਮਦਰਹੁੱਡ ‘ਤੇ ਜੋ 14 ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਰਿਲ਼ੀਜ਼ ਹੋ ਰਹੀ ਹੈ ਉੱਤੇ ਤੁਰੰਤ ਪਬੰਦੀ ਲਾਉਣ ਲਈ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਜ਼ੋਰਦਾਰ ਆਵਾਜ਼ ਉਠਾਈ ਹੈ। ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਐਨੀਮੇਸ਼ਨ ਫ਼ਿਲਮਾਂ ਰਾਹੀਂ ਸਿੱਖੀ ਦੀ ਰੂਹ ‘ਤੇ ਕੀਤਾ ਜਾ ਰਿਹਾ ਹਮਲਾ ਬਰਦਾਸ਼ਤ ਯੋਗ ਨਹੀਂ ਹੈ। ਉਹਨਾਂ ਕਿਹਾ ਕਿ ਇਹ ਸਿੱਖੀ ਦੇ ਮੂਲ ਸਿਧਾਂਤਾਂ ਅਤੇ ਵਿਲੱਖਣਤਾ ‘ਤੇ ਹਮਲਾ ਹੈ ਜੇ ਇਸ ਨੂੰ ਨਾ ਠੱਲ੍ਹਿਆ ਤਾਂ ਭਵਿੱਖ ‘ਚ ਬਹੁਤ ਭਿਆਨਕ ਸਿੱਟੇ ਨਿਕਲਣਗੇ। ਉਹਨਾਂ ਕਿਹਾ ਕਿ ਇਸ ਪਿੱਛੇ ਬ੍ਰਾਹਮਣਵਾਦੀ ਸਾਜਿਸ਼ ਕੰਮ ਕਰ ਰਹੀ ਹੈ, ਪਰ ਪੰਥ ਅਜੇ ਜਿਉਂਦਾ ਤੇ ਜਾਗਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਨਾਨਕ ਸ਼ਾਹ ਫ਼ਕੀਰ ਜਿਹੀਆਂ ਫਿਲਮਾਂ ਦਾ ਸਿੱਖ ਕੌਮ ਨੇ ਭਾਰੀ ਵਿਰੋਧ ਕਰਕੇ ਬੰਦ ਕਰਵਾਈਆਂ ਸਨ। ਉਹਨਾਂ ਕਿਹਾ ਕਿ ਕਿਸੇ ਵੀ ਤਰੀਕੇ ਨਾਲ਼ ਗੁਰੂ ਸਾਹਿਬਾਨ ਜਾਂ ਸਿੱਖ-ਇਤਿਹਾਸ ਦੀਅ ਸਤਿਕਾਰਤ ਸ਼ਖਸੀਅਤਾਂ ਦੇ ਫ਼ਿਲਮੀ ਕਲਾਕਾਰਾਂ ਵੱਲੋਂ ਨਿਭਾਏ ਜਾਂ ਐਨੀਮੇਸ਼ਨ ਮਨੁੱਖੀ ਪਾਤਰਾਂ ਨੂੰ ਫ਼ੀਚਰ ਫ਼ਿਲਮਾਂ ਵਿੱਚ ਦਿਖਾਇਆ ਜਾਣਾ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ਼ ਹੈ।
ਜੇਕਰ ਤਸਵੀਰਾਂ ਰਾਹੀਂ ਹੀ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨਾ ਹੁੰਦਾ ਤਾਂ ਇਹ ਗੁਰੂ ਸਾਹਿਬਾਨ ਦੇ ਵੇਲ਼ੇ ਤੋਂ ਹੀ ਸ਼ੁਰੂ ਹੋ ਜਾਣਾ ਸੀ ਅਤੇ ਹਰ ਗੁਰੂ ਸਾਹਿਬ ਦਾ ਚਿੱਤਰ, ਗੁਰੂ ਸਾਹਿਬਾਨ ਦੇ ਵਕਤ ਹੀ ਤਿਆਰ ਹੋ ਜਾਣਾ ਸੀ। ਅੱਜ ਲੋੜ ਹੈ ਕਿ ਧਰਮ ਪ੍ਰਚਾਰ ਦੇ ਨਾਂਅ ‘ਤੇ ਹੱਡ ਮਾਸ ਦੇ ਪੁਤਲਿਆਂ ਦੇ ਪਾਤਰਾਂ ਵਾਲ਼ੀਆਂ ਫ਼ਿਲਮਾਂ ਜਾਂ ਐਨੀਮੇਸ਼ਨ ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਜਾਂ ਮਹਾਨ ਗੁਰਸਿੱਖਾਂ ਦੇ ਜੀਵਨ ਚਰਿੱਤਰ ਵਿਖਾਉਣ ਦੀ ਨਵੀਂ ਸ਼ੁਰੂ ਹੋਈ ਕੁਰੀਤੀ ਸੰਬੰਧੀ ਖਾਲਸਾ ਪੰਥ ਵੱਲੋਂ ਕੋਈ ਠੋਸ ਅਤੇ ਦੋ ਟੁੱਕ ਨਿਰਣਾ ਲਿਆ ਜਾਵੇ ਤਾਂ ਜੋ ਸਿੱਖ ਅਵਚੇਤਨ ਨੂੰ ਇੱਕ ਨਵੇਂ ਪ੍ਰਕਾਰ ਦੇ ਧੋਖੇ ਤੇ ਦੁਬਿਧਾ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਪੰਥ ਨੇ ਫ਼ਿਲਮਾਂ, ਐਨੀਮੇਸ਼ਨ ਰਾਹੀਂ ਸਿੱਖੀ ਦੇ ਪ੍ਰਚਾਰ ਸੰਬੰਧੀ ਕੋਈ ਲਛਮਣ ਰੇਖਾ ਖਿੱਚ ਕੇ ਸਪਸ਼ਟ ਅਸੂਲ ਨਾ ਘੜੇ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਸਿੱਖ ਦੀ ਉਹ ਰੂਹਾਨੀ ਪ੍ਰੇਰਨਾ ਅਤੇ ਸੁਰਤ ਦੀ ਇਕਾਗਰਤਾ ਭੰਗ ਹੋ ਜਾਵੇਗੀ, ਜਿਹੜੀ ਦਸ ਗੁਰੂ ਸਾਹਿਬਾਨ ਦੇ ਸਰੀਰਕ ਜਾਮੇ ਵਿੱਚੋਂ ਚਲੇ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਅਠਾਰ੍ਹਵੀਂ ਸਦੀ ਦੇ ਘੱਲੂਘਾਰਿਆਂ ਤੋਂ ਲੈ ਕੇ ਮੌਜੂਦਾ ਸਮੇਂ ਦੇ ਬਿਖੜੇ ਸਮਿਆਂ ਤਕ ਬੇਅੰਤ ਪ੍ਰਕਾਰ ਦੇ ਅਸਹਿ ਤੇ ਅਕਹਿ ਤਸੀਹੇ ਝੱਲਦਿਆਂ ਹੋਇਆਂ ਹੁਣ ਤਕ 9 ਲੱਖ ਤੋਂ ਵੱਧ ਸ਼ਹੀਦੀਆਂ ਦੇ ਕੇ ਸਿੱਖੀ ਸਿਦਕ ਨਿਭਾਉਣ ਦੀ ਤਾਕਤ ਬਖ਼ਸ਼ਦੀ ਰਹੀ ਹੈ। ਕਿਉਂਕਿ ਸਿੱਖ ਨੂੰ ਉਸ ਰੂਹਾਨੀ ਪ੍ਰੇਰਨਾ ਅਤੇ ਦੈਵੀ ਤਾਕਤ ਤੋਂ ਹੀਣਾ ਕਰਨ ਲਈ, ਸਿੱਖ ਦਾ ਸ਼ਬਦ-ਗੁਰੂ ਨਾਲ਼ੋਂ ਰਿਸ਼ਤਾ ਤੋੜਨ ਅਤੇ ਗੁਰੂ ਸਾਹਿਬਾਨ ਦੀ ਪੈਗੰਬਰੀ ਸ਼ਾਨ ਅਤੇ ਦੈਵੀ ਬਿੰਬ ਨੂੰ ਸਿੱਖ ਅਵਚੇਤਨ ਵਿੱਚੋਂ ਮਿਟਾਉਣ ਲਈ ਐਨੀਮੇਟਿਡ, ਮਨੁੱਖੀ ਕਿਰਦਾਰਾਂ ਵਾਲ਼ੀਆਂ ਧਾਰਮਿਕ ਫ਼ਿਲਮਾਂ ਹੀ ਸਭ ਤੋਂ ਮਾਰੂ ਹਥਿਆਰ ਸਾਬਤ ਹੋਣਗੀਆਂ ਤੇ ਜਿੰਨੀ ਤੇਜ਼ੀ ਨਾਲ਼ ਅੱਜ ਅਸੀਂ ਫ਼ਿਲਮਾਂ ਤੇ ਐਨੀਮੇਟਿਡ ਤਕਨੀਕਾਂ ਰਾਹੀਂ ਸਿੱਖੀ ਦੇ ਪ੍ਰਚਾਰ ਵੱਲ ਜ਼ੋਰ ਦੇ ਰਹੇ ਹਾਂ, ਕਿਸੇ ਦਿਨ ਉਸ ਤੋਂ ਵੱਧ ਤੇਜ਼ੀ ਨਾਲ਼ ਇਹਨਾਂ ਤਕਨੀਕਾਂ ਤੋਂ ਖਹਿੜਾ ਛੁਡਾਉਣ ਲਈ ਭੱਜਾਂਗੇ ਪਰ ਸਾਡਾ ਛੁਟਕਾਰਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਨਾਨਕ ਸ਼ਾਹ ਫ਼ਕੀਰ ਫਿਲਮ ਬੰਦ ਕਰਵਾਉਣ ਮਗਰੋਂ ਮਦਰਹੁੱਡ ਨਾਮੀ ਕਾਰਟੂਨ/ਐਨੀਮੇਸ਼ਨ ਫਿਲਮ ਜਿਸ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਖਾਲਸੇ ਦੇ ਮਾਤਾ ਜੀ ਸਾਹਿਬ ਕੋਰ ਜੀ ਦਾ ਸਵਾਂਗ ਰਚਿਆ ਗਿਆ ਹੈ ਦਾ ਵਿਰੋਧ ਹੋਣ ਉੱਤੇ ਇਹ ਫਿਲਮ ਵਾਲੇ ਠੰਡੇ ਪੈ ਗਏ ਸਨ ਪਰ ਹੁਣ ਮਦਰਹੁੱਡ ਫਿਲਮ ਵਾਲੇ ਮੁੜ ਸਰਗਰਮ ਹੋਏ ਹਨ।
ਪੰਜਾਬ ਵਿਚ ਨਵੀਂ ਬਣੀ ਆਪ ਸਰਕਾਰ ਇਸ ਗੈਰ-ਸਿਧਾਂਤਕ ਫਿਲਮ ਨੂੰ ਸ਼ਹਿ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸਰਕਾਰੀ ਤੌਰ ਉੱਤੇ ਇਹ ਫਿਲਮ ਵਿਖਾਈ ਜਾਵੇਗੀ। ਆਪ ਸਰਕਾਰ ਵਲੋਂ ਗੁਰੂ ਸਾਹਿਬ ਦੇ ਸਵਾਂਗ ਰਚਦੀ ਇਸ ਫਿਲਮ ਨੂੰ ਇੰਝ ਉਭਾਰਨਾ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਸਿਧਾਂਤਾਂ ਉੱਤੇ ਪਹਿਰੇਦਾਰੀ ਦਾ ਰਾਹ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਚੁਣੌਤੀਆਂ ਭਰਪੂਰ ਹੋ ਗਿਆ ਹੈ। ਬਿਪਰ ਦੇ ਪੈਰੋਕਾਰ ਖਾਲਸਾ ਜੀ ਉੱਤੇ ਬਿਪਰਨ ਰੀਤ ਮੜ੍ਹਨ ਲਈ ਲਾਮਬੱਧ ਹੋ ਰਹੇ ਹਨ। ਸਿੱਖ ਜਗਤ ਇਹਨਾ ਯਤਨਾਂ ਬਾਰੇ ਸੁਚੇਤ ਹੋਵੇ ਅਤੇ ਮਦਰਹੁੱਡ ਨਾਮੀ ਇਹ ਫਿਲਮ ਬੰਦ ਕਰਵਾਈ ਜਾਵੇ। ਇਸ ਮਸਲੇ ਦੇ ਪੱਕੇ ਹੱਲ ਲਈ ਬਾਨ੍ਹਣੂ ਬੰਨਣ ਵਾਸਤੇ ਹੁਣ ਸਮਾਂ ਆ ਚੁੱਕਾ ਹੈ।
Author: Gurbhej Singh Anandpuri
ਮੁੱਖ ਸੰਪਾਦਕ