ਕਿਤਾਬ ਰਿਲੀਜ਼ ਕਰਨ ਸਮੇਂ ਸ੍ਰ.ਸਿਮਰਨਜੀਤ ਸਿੰਘ ਮਾਨ, ਲੇਖਕ ਰਣਜੀਤ ਸਿੰਘ ਦਮਦਮੀ ਟਕਸਾਲ, ਹਰਪਾਲ ਸਿੰਘ ਬਲੇਰ ਤੇ ਹੋਰ।
ਅੰਮ੍ਰਿਤਸਰ, 8 ਮਈ (ਨਜ਼ਰਾਨਾ ਨਿਊਜ਼ ਨੈੱਟਵਰਕ) ਬੀਤੇ ਕੱਲ੍ਹ ਗੁਰੂ ਨਾਨਕ ਭਵਨ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਉੱਤੇ ਲਿਖੀ ਹੋਂਦ ਦਾ ਨਗਾਰਚੀ ਕਿਤਾਬ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਰਿਲੀਜ਼ ਕੀਤੀ ਗਈ। ਇਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਕਾਰਜ ਲਈ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਸ਼ਾਬਾਸ਼ ਦਿੱਤੀ ਤੇ ਕਿਤਾਬ ਨੂੰ ਵੀ ਖ਼ੂਬ ਸਲਾਹਿਆ ਤੇ ਸੰਗਤਾਂ ਨੂੰ ਪੜ੍ਹਨ ਦੀ ਅਪੀਲ ਕੀਤੀ।
ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇ ਦੀਪ ਸਿੱਧੂ 1947 ‘ਚ ਹੁੰਦਾ ਤਾਂ ਉਹ ਸਿੱਖਾਂ ਨੂੰ ਵੱਖਰਾ ਦੇਸ਼ ਦਿਵਾ ਸਕਦਾ ਸੀ। ਉਹਨਾਂ ਕਿਹਾ ਕਿ ਦੀਪ ਸਿੰਘ ਸਿੱਧੂ ਨੂੰ ਹਿੰਦ ਸਟੇਟ ਵੱਲੋਂ ਸ਼ਹੀਦ ਕੀਤਾ ਗਿਆ ਹੈ। ਲੇਖਕ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਕਿਤਾਬ ‘ਚ ਦੀਪ ਸਿੱਧੂ ਦੇ ਜੀਵਨ ਅਤੇ ਸੰਘਰਸ਼ਮਈ ਘਟਨਾਵਾਂ, ਯਾਦਾਂ, ਸਰਗਰਮੀਆਂ, ਕਾਰਵਾਈਆਂ ਅਤੇ ਤਕਰੀਰਾਂ ਨੂੰ ਲਿਖਤੀ ਰੂਪ ‘ਚ ਸਾਂਭਿਆ ਗਿਆ ਹੈ ਤਾਂ ਜੋ ਦੀਪ ਦੀਆਂ ਯਾਦਾਂ ਸੰਗਤਾਂ ਦੇ ਦਿਲਾਂ ‘ਚ ਹਮੇਸ਼ਾਂ ਤਾਜਾ ਰਹਿਣ। ਉਹਨਾਂ ਦੱਸਿਆ ਕਿ ਮੇਰੇ ਲੇਖ ਤੋਂ ਇਲਾਵਾ ਇਸ ਕਿਤਾਬ ‘ਚ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਅਤੇ ਸ. ਸਰਬਜੀਤ ਸਿੰਘ ਘੁਮਾਣ, ਡਾਇਰੈਕਟਰ ਅਮਰਦੀਪ ਸਿੰਘ ਗਿੱਲ, ਕਰਮਜੀਤ ਸਿੰਘ ਚੰਡੀਗੜ ਅਤੇ ਸ. ਅਜਮੇਰ ਸਿੰਘ ਆਦਿ ਦੇ ਲੇਖ ਵੀ ਸ਼ਾਮਲ ਹਨ।
ਉਹਨਾਂ ਕਿਹਾ ਕਿ ਦੀਪ ਸਿੱਧੂ ਨੇ ਹੋਂਦ ਦੀ ਲੜਾਈ ਦਾ ਨਗਾਰਚੀ ਬਣ ਕੇ ਨੌਜਵਾਨੀ ਨੂੰ ਜਗਾਇਆ ਤੇ ਹਮ ਰਾਖਤ ਪਾਤਿਸ਼ਾਹੀ ਦਾਵਾ ਦੇ ਇਤਿਹਾਸਕ ਬਚਨਾਂ ਨੂੰ ਪ੍ਰਚਾਰਦਿਆਂ ਸਿੱਖ ਰਾਜ ਦੀ ਗੱਲ ਧੜੱਲੇ ਨਾਲ ਕੀਤੀ। ਉਹ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਮਿਸ਼ਨ ਨੂੰ ਸਮਰਪਿਤ ਹੋ ਕੇ ਰਣਤੱਤੇ ‘ਚ ਨਿੱਤਰ ਆਇਆ ਸੀ। ਜਦ ਉਸ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਸਮੇਂ ਇੱਕ ਹੱਥ ਵਿੱਚ ਕਿਰਪਾਨ ਤੇ ਦੂਜੇ ‘ਚ ਝਾੜੂ ਫੜ ਕੇ ਪੰਥ ਨੂੰ ਫ਼ੈਸਲਾ ਲੈਣ ਲਈ ਵੰਗਾਰਿਆ ਤਾਂ ਸਿਆਸੀ ਸਮੀਕਰਨ ਹੀ ਬਦਲ ਗਏ। ਉਹਨਾਂ ਕਿਹਾ ਕਿ ਦੀਪ ਸਿੱਧੂ ਇੱਕ ਸੋਚ ਸੀ। ਅਜਿਹੀ ਸੋਚ ਜੋ ਸਾਗਰ ਵਰਗੀ ਗਹਿਰੀ, ਵਿਸ਼ਾਲ ਅਤੇ ਨਿਰੰਤਰ ਚੱਲਣ ਵਾਲ਼ੀ ਹੈ ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਸ਼ਾਇਦ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਹੈ।
ਉਹ ਸਾਡੀ ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਇਆ, ਸਮੇਂ ਦੀਆਂ ਸਰਕਾਰਾਂ ਦੀ ਕੌਮ ਪ੍ਰਤੀ ਜ਼ਿਆਦਤੀਆਂ ਜਾਂ ਵਧੀਕੀਆਂ ਨੂੰ ਵੰਗਾਰਨ ਦੀ ਹਿੰਮਤ ਰੱਖਦਾ ਸੀ। ਉਸ ਅੰਦਰ ਕੌਮ ਪ੍ਰਤੀ ਅਥਾਹ ਜਜ਼ਬਾ ਤੇ ਪਿਆਰ ਸੀ, ਜੋ ਉਸ ਨੂੰ ਅੰਦਰੋਂ ‘ਹੋਂਦ ਦੀ ਲੜਾਈ’ ਲੜਨ ਲਈ ਵੰਗਾਰਦਾ ਸੀ। ਉਸ ਦੀ ‘ਮੌਤ’ ਨੇ ਉਸ ਨੂੰ ਉਸ ਦੀ ‘ਜ਼ਿੰਦਗੀ’ ਨਾਲ਼ੋਂ ਵੀ ‘ਵੱਡਾ’ ਬਣਾ ਦਿੱਤਾ।
ਉਸ ਖਿਲਾਫ਼ ਅਥਾਹ ਕੂੜ ਪ੍ਰਚਾਰ ਹੋਇਆ ਪਰ ਉਹ ਸਿੱਖ ਜਵਾਨੀ ਦਾ ਨਾਇਕ ਹੋ ਨਿਬੜਿਆ। ਉਹ ਸਿੱਖ ਕੌਮ ਦੀ ਸ਼ਾਨ ਨੂੰ ਉੱਚਾ ਕਰਨ ਦੀ ਜੰਗ ਲੜਦਾ ਜਾਨ ਕੁਰਬਾਨ ਕਰ ਗਿਆ। ਇਸ ਮੌਕੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਈਮਾਨ ਸਿੰਘ ਮਾਨ, ਜਸਕਰਨ ਸਿੰਘ ਕਾਹਨਸਿੰਘਵਾਲਾ, ਅੰਮ੍ਰਿਤਪਾਲ ਸਿੰਘ ਛੰਦੜਾ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਫ਼ੈਡਰੇਸ਼ਨ ਦੇ ਭੁਪਿੰਦਰ ਸਿੰਘ ਛੇ ਜੂਨ, ਬਾਬਾ ਲਹਿਣਾ ਸਿੰਘ ਦਮਦਮੀ ਟਕਸਾਲ ਤਲਵੰਡੀ ਬਖਤਾ, ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ, ਜਸਕਰਨ ਸਿੰਘ ਪੰਡੋਰੀ, ਜਤਿੰਦਰ ਸਿੰਘ ਥਿੰਦ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਸੁਖਚੈਨ ਸਿੰਘ ਅਤਲਾ, ਬਲਵਿੰਦਰ ਸਿੰਘ ਕਾਲਾ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਬੇਅੰਤ ਸ਼ਹੀਦਾਂ ਦੇ ਪਰਿਵਾਰ ਤੇ ਹਜ਼ਾਰਾਂ ਸੰਗਤਾਂ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ