*ਤਿਰੰਗੇ ਦਾ ਵਿਰੋਧ ਹਿੰਦ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਕੀਤੇ ਜ਼ੁਲਮਾਂ ਦੇ ਰੋਹ ਦਾ ਪ੍ਰਗਟਾਵਾ ਹੈ – ਪੰਥਕ ਆਗੂ*
ਅੰਮ੍ਰਿਤਸਰ, 14 ਅਗਸਤ ( ਹਰਮੇਲ ਸਿੰਘ ਹੁੰਦਲ ) ਪੰਥਕ ਜਥੇਬੰਦੀਆਂ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿਰੰਗਾ ਝੁਲਾਉਣ ਦੀ ਮੁਹਿੰਮ ਨੂੰ ਰੱਦ ਕਰਦਿਆਂ ਅੰਮ੍ਰਿਤਸਰ ‘ਚ ਗੱਡੀਆਂ-ਮੋਟਰ ਸਾਇਕਲਾਂ ‘ਤੇ ਖ਼ਾਲਸਾਈ ਝੰਡੇ ਲਾ ਕੇ ਖ਼ਾਲਸਾਈ ਨਿਸ਼ਾਨ ਸਾਹਿਬ ਮਾਰਚ ਕੱਢਿਆ ਗਿਆ।
ਇਹ ਮਾਰਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਵਿੰਡ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਲਹਿਣਾ ਸਿੰਘ ਦਮਦਮੀ ਟਕਸਾਲ, ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਦਲ ਖ਼ਾਲਸਾ ਦੇ ਕੰਵਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਪ੍ਰਿਤਪਾਲ ਸਿੰਘ ਦੀ ਅਗਵਾਈ ‘ਚ ਗੋਲਡਨ ਗੇਟ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਮੋਟਰ ਸਾਇਕਲਾਂ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਲਾ ਕੇ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਕੱਢਿਆ ਗਿਆ।
ਮਾਰਚ ਦੌਰਾਨ ਰਾਜ ਕਰੇਗਾ ਖ਼ਾਲਸਾ, ਪੰਥ ਕੀ ਜੀਤ, ਦੇਗ ਤੇਗ ਫ਼ਤਹਿ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸਾਡਾ ਹੱਕ ਇਥੇ ਰੱਖ, ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ ਆਦਿਕ ਨਾਅਰੇ ਲੱਗੇ।
ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਤਿਰੰਗੇ ਝੰਡੇ ਦਾ ਵਿਰੋਧ ਹਿੰਦ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਕੀਤੇ ਜ਼ੁਲਮਾਂ ਦੇ ਰੋਹ ਦਾ ਪ੍ਰਗਟਾਵਾ ਹੈ। ਇਸ ਲਈ ਹਰ ਸਿੱਖ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਅਦਾਰਿਆਂ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਵੇ ਅਤੇ ਕੌਮੀ ਘਰ ਦੀ ਅਜ਼ਾਦੀ ਲਈ ਅਰਦਾਸ ਕਰੇ।
ਉਹਨਾਂ ਕਿਹਾ ਕਿ ਇਹੋ ਤਿਰੰਗਾ 1984 ਨੂੰ ਉਹਨਾਂ ਟੈਂਕਾਂ ਉੱਤੇ ਝੂਲਦਾ ਸੀ ਜਿਹੜੇ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਕਾਲ ਤਖ਼ਤ ਸਾਹਿਬ ਉੱਤੇ ਗੋਲ਼ੇ ਵਰ੍ਹਾਉਂਦੇ ਸਨ। ਇਸ ਤਿਰੰਗੇ ਝੰਡੇ ਦੀ ਛਤਰ-ਛਾਇਆ ਹੇਠ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਜਾ ਰਹੇ, ਤਿਰੰਗੇ ਦੇ ਬਹਾਨੇ ਸਾਡੇ ਉੱਤੇ ਹਿੰਦੁਤਵ ਥੋਪਿਆ ਜਾ ਰਿਹਾ। ਅਸੀਂ ਅਜ਼ਾਦੀ ਓਦੋਂ ਮਨਾਵਾਂਗੇ ਜਦੋਂ ਅਜ਼ਾਦ ਹੋਵਾਂਗੇ।
ਇਸ ਮੌਕੇ ਭਾਈ ਦਿਲਬਾਗ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਭੁਪਿੰਦਰ ਸਿੰਘ ਨੇ ਕਿਹਾ ਕਿ ਹਿੰਦੂ ਹਾਕਮਾਂ ਦੇ ਵਾਅਦਿਆਂ ‘ਤੇ ਯਕੀਨ ਕਰਕੇ 1947 ‘ਚ ਸਿੱਖਾਂ ਨੇ ਆਪਣੀ ਕਿਸਮਤ ਭਾਰਤ ਨਾਲ ਜੋੜੀ, ਦੇਸ਼ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਪਰ ਅਸੀਂ ਗੋਰਿਆਂ ਦੀ ਗੁਲਾਮੀ ਮਗਰੋਂ ਹਿੰਦੁਤਵ ਦੇ ਗ਼ੁਲਾਮ ਹੋ ਗਏ। ਸਾਨੂੰ ਜ਼ਰਾਇਮ ਪੇਸ਼ਾ ਕੌਮ ਐਲਾਨਿਆ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ‘ਤੇ ਪਾਬੰਦੀ ਲਾ ਦਿੱਤੀ, ਸਾਡੇ ਦਰਿਆਈ ਪਾਣੀ ਲੁੱਟੇ, ਪੰਜਾਬੀ ਬੋਲਦੇ ਇਲਾਕੇ ਖੋਹ ਲਏ, ਚੰਡੀਗੜ੍ਹ ਰਾਜਧਾਨੀ ਖੋਹ ਲਈ, ਹਾਈਕੋਰਟ ਵੱਖਰਾ ਨਹੀਂ, ਕਦੇ ਦਸਤਾਰ ਅਤੇ ਕਿਰਪਾਨ ‘ਤੇ ਪਾਬੰਦੀ, ਹਰ ਵਕਤ ਜ਼ੁਲਮ, ਧੱਕੇ, ਵਿਤਕਰੇ ਤੇ ਅਨਿਆਂ ਹੋਇਆ।
ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਅਮਰੀਕ ਸਿੰਘ ਨੰਗਲ, ਪਰਮਜੀਤ ਸਿੰਘ ਅਕਾਲੀ, ਗੁਰਸ਼ਰਨ ਸਿੰਘ ਛੰਨਾ, ਕੁਲਦੀਪ ਸਿੰਘ ਬਿੱਟੂ, ਸੱਜਣ ਸਿੰਘ ਪੱਟੀ, ਸਤਵਿੰਦਰ ਸਿੰਘ ਨਿਹੰਗ, ਨਰਿੰਦਰ ਸਿੰਘ ਰਾਜਾਸਾਂਸੀ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਜਸਕਰਨ ਸਿੰਘ ਪੰਡੋਰੀ, ਭਾਈ ਹਰਪ੍ਰੀਤ ਸਿੰਘ ਬੰਟੀ, ਕੁਲਵਿੰਦਰ ਕੌਰ ਖ਼ਾਲਸਾ, ਰਛਪਿੰਦਰ ਕੌਰ, ਹਰਭਜਨ ਕੌਰ, ਭਾਈ ਧਰਮਿੰਦਰ ਸਿੰਘ ਨਿਜ਼ਾਮਪੁਰ, ਭਾਈ ਲਖਵਿੰਦਰ ਸਿੰਘ ਮਾਨਾਂਵਾਲਾ, ਕੁਲਵਿੰਦਰ ਕੌਰ ਖ਼ਾਲਸਾ, ਮਨਿੰਦਰ ਕੌਰ ਅਤੇ ਭਾਈ ਗੁਰਦੀਪ ਸਿੰਘ ਲੋਹਾਰਾ, ਪਾਰਸ ਸਿੰਘ ਆਦਿ ਹਾਜ਼ਰ ਸਨ।
ਮਾਰਚ ਦੌਰਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਭੁਪਿੰਦਰ ਸਿੰਘ, ਭਾਈ ਲਹਿਣਾ ਸਿੰਘ ਤੇ ਹੋਰ।
Author: Gurbhej Singh Anandpuri
ਮੁੱਖ ਸੰਪਾਦਕ