*ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਮਾਣਯੋਗ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨਾਲ ਮਿਲ ਕੇ ਨਕਲੀ ਪਾਸਟਰਾਂ ਖਿਲਾਫ਼ ਸਾਂਝੇ ਯਤਨਾਂ ਤੇ ਚਰਚਾ ਕੀਤੀ*
ਅੰਮ੍ਰਿਤਸਰ 7 ਸਤੰਬਰ 2022 ( ਹਰਮੇਲ ਸਿੰਘ ਹੁੰਦਲ ) ਮਸੀਹੀ ਮਹਾਂ ਸਭਾ ਪੰਜਾਬ ,ਕੈਥੋਲਿਕ ਚਰਚ ਆਫ ਇੰਡੀਆ, ਚਰਚ ਆਫ ਨੋਰਥ ਇੰਡੀਆ ਅਤੇ ਹੋਰ ਸੱਤ ਚਰਚਾਂ ਦਾ ਸਾਂਝਾ ਵਫ਼ਦ ਅਕਾਲ ਤਖ਼ਤ ਸਾਹਿਬ ਵਿਖੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਅਤੇ ਜੱਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਦੀ ਅਗਵਾਈ ਵਿਚ ਸਿੱਖ ਚਿੰਤਕਾਂ ਨੂੰ ਮਿਲਿਆ,ਜਿਸ ਵਿਚ ਨਕਲੀ ਪਾਸਟਰਾਂ ਵੱਲੋਂ ਪੰਜਾਬ ਵਿਚ ਲਗਾਤਾਰ ਸਿੱਖ ਸਿਧਾਂਤਾਂ ਨੂੰ ਚਣੌਤੀ ਦਿੰਦਿਆਂ ਝੂਠ ਅੰਧਵਿਸ਼ਵਾਸ ਦੇ ਭਰਮ ਜਾਲ ਰਾਹੀਂ ਕਰਵਾਏ ਜਾ ਰਹੇ ਧਰਮ ਪਰਿਵਰਤਨ, ਗੁਰਬਾਣੀ ਦੀ ਬੇਅਦਬੀ ,ਗੁਰੂ ਸਾਹਿਬਾਨ ਤੇ ਸਿੱਖ ਸਿਧਾਂਤਾਂ ਬਾਰੇ ਕੂੜੁ ਪ੍ਰਚਾਰ ਅਤੇ ਭੋਲੇ ਭਾਲੇ ਲੋਕਾਂ ਦਾ ਸ਼ਰੀਰਿਕ ਮਾਨਸਿਕ ਤੇ ਆਰਥਿਕ ਸ਼ੋਸ਼ਣ ਦੇ ਮੁੱਦਿਆਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ, ਇਸ ਦੌਰਾਨ ਬਿਸ਼ਪ ਅੰਜਲੀਨੋ ਰਾਫੀਨੋ ਗਰਾਸ਼ੀਅਸ , ਡਾਇਸੇਸ ਆਫ ਜਲੰਧਰ ਨੇ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਅਤ ਨਾਲ ਕੋਈ ਸੰਬੰਧ ਨਹੀਂ ਹੈ ਉਹਨਾਂ ਵਲੋਂ ਫੈਲਾਏ ਜਾਂਦੇ ਵਹਿਮ ਭਰਮ ਅਤੇ ਪਖੰਡ ਬਾਈਬਲ ਅਨੁਸਾਰੀ ਨਹੀਂ ਹਨ, ਉਹਨਾ ਕਿਹਾ ਕੇ ਅਸੀਂ ਨਕਲੀ ਪਾਸਟਰਾਂ ਵਲੋਂ ਸਿੱਖ ਸਿਧਾਂਤਾਂ ਦੀ ਬੇਅਦਬੀ ਅਤੇ ਕੀਤੇ ਜਾਂਦੇ ਚਮਤਕਾਰਾਂ ਦਾ ਖੰਡਨ ਕਰਦੇ ਹਾਂ, ਇਸ ਮੌਕੇ ਬਿਸ਼ਪ ਡਾ. ਪ੍ਰਦੀਪ ਕੁਮਾਰ ਸਾਮਾਨਤਾਰੋਏ ਡਾਇਸੇਸ ਆਫ ਅੰਮ੍ਰਿਤਸਰ ਨੇ ਕਿਹਾ ਕਿ ਨਕਲੀ ਪਾਸਟਰਾਂ ਦੀ ਪਹਿਚਾਣ ਲਈ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ ਜਿਸ ਵਿਚ ਈਸਾਈ ਪਾਸਟਰ ਬਣਨ ਦਾ ਵਿਧੀ ਵਿਧਾਨ ਜਨਤਕ ਕੀਤਾ ਜਾਵੇਗਾ ਤੇ ਨਕਲੀ ਪਾਸਟਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ,ਬਿਸ਼ਪ ਡੇਂਜਲ ਪੀਓਪਲ ਡਾਇਸੇਸ ਆਫ਼ ਚੰਡੀਗ੍ਹੜ ਨੇ ਕਿਹਾ ਕਿ ਸਰਕਾਰ ਵਲੋਂ ਨਕਲੀ ਪਾਸਟਰਾਂ ਦੇ ਫ਼ੰਡਿੰਗ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ, ਈਸਾਈ ਵਫ਼ਦ ਨੇ ਸਾਂਝੇ ਰੂਪ ਵਿਚ ਕਿਹਾ ਕਿ ਨਕਲੀ ਪਾਸਟਰ ਤੇ ਪੈਗੰਬਰ ਅਸਲ ਵਿਚ ‘ਐਂਟੀ ਕਰਾਈਸਟ’ ਹਨ ਤੇ ਇਹਨਾਂ ਸਾਰਿਆਂ ਵਿਰੁੱਧ ਸਖ਼ਤ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਸਿੱਖਾਂ ਦੇ ਤਾਲਮੇਲ ਨਾਲ ਕੀਤੀ ਜਾਵੇਗੀ
ਆਏ ਈਸਾਈ ਵਫ਼ਦ ਅਤੇ ਸਿੱਖ ਚਿੰਤਕਾਂ ਦੀ ਵਿਚਾਰ ਮਗਰੋਂ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਪੰਜਾਬ ਦੇ ਹਾਲਾਤ ਸੁਖਾਵੇਂ ਰੱਖਣ ਲਈ ਈਸਾਈਅਤ ਦੇ ਨਾਮ ਤੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਤੇ ਰੋਕ ਲਾਉਣ ਲਈ ਈਸਾਈ ਆਗੂਆਂ ਨੂੰ ਸਖ਼ਤ ਫੈਸਲੇ ਲੈਣ ਦੀ ਲੋੜ ਹੈ ਤੇ ਇਹਨਾਂ ਨੂੰ ਜਲਦ ਤੋਂ ਜਲਦ ਨਕਲੀ ਪਾਸਟਰਾਂ ਨੂੰ ਆਪਣੇ ਤੋਂ ਵੱਖ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ ,ਉਹਨਾਂ ਕਿਹਾ ਇਸ ਕਾਰਵਾਈ ਲਈ ਸਿੱਖ ਕੌਮ ਵਲੋਂ ਲੋੜੀਂਦਾ ਸਹਿਯੋਗ ਕੀਤਾ ਜਾਵੇਗਾ
ਦੋਵਾਂ ਧਿਰਾਂ ਦੀ ਇਸ ਗੱਲ ਤੇ ਸਹਿਮਤੀ ਬਣੀ ਕਿ ਇਕ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇ ਜੋ ਸਮੇਂ ਸਮੇਂ ਤੇ ਪੇਸ਼ ਹੁੰਦੀਆਂ ਚਣੌਤੀਆਂ ਦੇ ਹੱਲ ਕਰੇਗੀ
ਇਸ ਮੌਕੇ ਸਿੱਖ ਚਿੰਤਕਾਂ ਵਿਚ ਸ.ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਡਾ ਕੰਵਰ ਅਮਰਿੰਦਰ ਸਿੰਘ, ਸ.ਸਤਿੰਦਰ ਸਿੰਘ ਲੁਧਿਆਣਾ ,ਸ ਪਰਮਪਾਲ ਸਿੰਘ ਸਭਰਾ,ਗਿਆਨੀ ਹਰਦੀਪ ਸਿੰਘ , ਜੁਗਰਾਜ ਸਿੰਘ ਮਝੈਲ , ਸਰਬਜੀਤ ਸਿੰਘ ਪ੍ਰਚਾਰਕ , ਸ.ਪ੍ਰਦੀਪ ਸਿੰਘ ਵਲਟੋਹਾ , ਸ.ਜਸਪਾਲ ਸਿੰਘ ਢੱਡੇ ਨਿਜੀ ਸਹਾਇਕ , ਰਣਜੀਤ ਸਿੰਘ ਦਫਤਰ ਸਕੱਤਰ , ਹਾਜ਼ਰ ਸਨ ਜੱਥੇਦਾਰ ਸਾਹਿਬਾਨ ਵਲੋਂ ਆਏ ਹੋਏ ਈਸਾਈ ਵਫ਼ਦ ਦਾ ਸਨਮਾਨ ਵੀ ਕੀਤਾ ਗਿਆ ਅਤੇ ਈਸਾਈ ਵਫ਼ਦ ਵੱਲੋਂ ਵੀ ਸਿੰਘਸਾਹਿਬਾਨ ਨੂੰ ਸਤਿਕਾਰ ਭੇਟ ਕੀਤਾ ਗਿਆ
Author: Gurbhej Singh Anandpuri
ਮੁੱਖ ਸੰਪਾਦਕ