ਹੱਥ ਚੱਕੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਵੀਹਵੀਂ ਸਦੀ ਦੌਰਾਨ ਵੀ ਇਹ ਸੰਸਾਰ ਦੇ ਕਾਫ਼ੀ ਖੇਤਰਾਂ ਵਿਚ ਰਸੋਈ ਦਾ ਧੁਰਾ ਅਤੇ ਚੁੱਲ੍ਹੇ ਦੀ ਪੱਕੀ ਸਾਥਣ ਬਣ ਕੇ ਲੋਕਾਂ ਦੇ ਪੇਟ ਪਾਲਦੀ ਰਹੀ ਹੈ। ਇਸਨੂੰ ਹਰ ਘਰ ਦੀ ਜ਼ਰੂਰਤ ਅਤੇ ਸ਼ਿੰਗਾਰ ਬਣਨ ਤਕ ਕਈ ਪੜਾਵਾਂ ਵਿਚੋਂ ਗੁਜ਼ਰਨਾ ਪਿਆ। ਇਸ ਦੀ ਕਾਢ ਅਤੇ ਵਿਕਾਸ ਦਾ ਵਰਤਾਰਾ ਦਿਲਚਸਪ ਹੈ। ਕਣਕ, ਬਾਜਰਾ, ਜੌਂ, ਜਈਂ, ਰਾਈ ਅਤੇ ਮੱਕੀ ਦਾ ਫ਼ਸਲਾਂ ਦੇ ਤੌਰ ’ਤੇ ਉਤਪਾਦਨ ਲਗਭਗ ਦਸ ਹਜ਼ਾਰ ਸਾਲ ਪਹਿਲਾਂ ਆਰੰਭ ਹੋਇਆ। ਇਨ੍ਹਾਂ ਨੂੰ ਚਬਾ ਕੇ ਖਾਧਾ ਤਾਂ ਜਾ ਸਕਦਾ ਸੀ, ਪਰ ਪਚਾਉਣਾ ਔਖਾ ਸੀ। ਆਸਾਨੀ ਨਾਲ ਪਚਾਉਣ ਲਈ ਅਨਾਜ ਨੂੰ ਪਕਾਉਣਾ ਜ਼ਰੂਰੀ ਸੀ ਅਤੇ ਪਕਾਉਣ ਲਈ ਇਸਨੂੰ ਪੀਸਣ ਦੀ ਲੋੜ ਪਈ। ਇਸ ਤਰ੍ਹਾਂ ਹੱਥ ਚੱਕੀ ਦੀ ਕਾਢ ਦਾ ਮੁੱਢ ਪੱਥਰ ਯੁੱਗ ਦੇ ਪਿਛਲੇ ਦੌਰ ਵਿਚ ਹੀ ਬੱਝ ਗਿਆ ਸੀ। ਸਭ ਤੋਂ ਪਹਿਲਾਂ ਅਨਾਜ ਨੂੰ ਕੁੱਟ ਕੇ ਬਾਰੀਕ ਕੀਤਾ ਜਾਣ ਲੱਗਾ। ਫਿਰ ਮਿਸਰ ਦੀ ਸੱਭਿਅਤਾ ਦੌਰਾਨ ਪਹਿਲੀ ਵਾਰ ਘੋੜੇ ਦੀ ਕਾਠੀ ਵਰਗੀ ਚੱਕੀ ਵਰਤਣ ਦੇ ਸੰਕੇਤ ਮਿਲਦੇ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਉੱਥੇ ਸਿਲ-ਵੱਟੇ ਨਾਲ ਅਨਾਜ ਅੱਗੇ ਪਿੱਛੇ ਘਸਰ ਕੇ ਪੀਸਿਆ ਜਾਂਦਾ ਰਿਹਾ ਹੈ। ਫਿਰ ਯੂਨਾਨੀਆਂ ਨੇ ਦੋ ਪੁੜਾਂ ਵਾਲੀ ਅਰਧ ਚੱਕਰ ਵਿਚ ਚੱਲਣ ਵਾਲੀ ਚੱਕੀ ਬਣਾਈ। ਉਪਰਲੇ ਪੁੜਾਂ ਵਿਚ ਮੋਰੀ ਕੀਤੀ ਜਿਸ ਰਾਹੀਂ ਦਾਣੇ ਆਪ ਹੀ ਦੋਹਾਂ ਪੁੜਾਂ ਵਿਚਾਲੇ ਚਲੇ ਜਾਂਦੇ ਸਨ ਅਤੇ ਪੀਸੇ ਜਾਂਦੇ ਸਨ। ਇਸ ਵਿਚ ਪਹਿਲੀ ਵਾਰ ਧੁਰੀ ਦਾ ਪ੍ਰਯੋਗ ਕੀਤਾ ਗਿਆ ਜੋ ਅੱਗੇ ਚੱਲ ਕੇ ਪੂਰਾ ਚੱਕਰ ਦੇ ਕੇ ਗੋਲਾਈ ਵਿਚ ਘੁੰਮ ਕੇ ਤੇਜ਼ੀ ਨਾਲ ਅਤੇ ਘੱਟ ਬਲ ਨਾਲ ਅਨਾਜ ਪੀਸਣ ਵਾਲੀ ਵਿਕਸਤ ਚੱਕੀ ਦਾ ਆਧਾਰ ਬਣੀ। ਉਦੋਂ ਤਕ ਚੱਕੀ ਦੇ ਪੁੜਾਂ ਨੂੰ ਟੱਕ ਦੇ ਕੇ ਰਾਹ ਲੈਣ ਦਾ ਹੁਨਰ ਅਰੰਭ ਹੋ ਚੁੱਕਾ ਸੀ ਜਿਸ ਨਾਲ ਪੁੜਾਂ ਦੇ ਅੰਦਰਲੇ ਘਸਰ ਕੇ ਚੱਲਣ ਵਾਲੇ ਤਲ ਦਾਣੇ ਨੂੰ ਛੇਤੀ ਪੀਹ ਦਿੰਦੇ ਸਨ। ਘੁੰਮ ਕੇ ਚੱਲਣ ਵਾਲੀ ਚੱਕੀ ਦੀ ਕਾਢ ਨੇ ਇਸਦੇ ਅਗਲੇਰੇ ਵਿਕਾਸ ਵਿਚ ਕ੍ਰਾਂਤੀ ਲੈ ਆਂਦੀ ਜਿਸ ਦੇ ਫਲਸਰੂਪ ਅਨੇਕ ਬਣਤਰਾਂ ਦੀਆਂ ਚੱਕੀਆਂ ਹੋਂਦ ਵਿਚ ਆਈਆਂ। ਰੋਮਨ ਸੱਭਿਅਤਾ ਵਿਚ ਪੰਜ ਤੋਂ ਛੇ ਫੁੱਟ ਤਕ ਉੱਚੀਆਂ ਚੱਕੀਆਂ ਵੀ ਬਣੀਆਂ ਜਿਨ੍ਹਾਂ ਦਾ ਹੇਠਲਾ ਪੁੜ ਕੋਨ ਦੀ ਤਰ੍ਹਾਂ ਹੁੰਦਾ ਸੀ ਅਤੇ ਉਪਰਲਾ ਡਮਰੂ ਵਰਗਾ ਹੁੰਦਾ ਸੀ। ਘੁੰਮ ਕੇ ਚੱਲਣ ਵਾਲੀ ਚੱਕੀ ਦੀ ਕਾਢ ਨਾਲ ਇਸਦੇ ਸਰੂਪ ਦਾ ਬਹੁਤ ਵਿਕਾਸ ਹੋਇਆ ਅਤੇ ਇਸ ਨੂੰ ਚਲਾਉਣ ਲਈ ਗ਼ੈਰ ਮਨੁੱਖੀ ਬਲ ਦੀ ਵਰਤੋਂ ਹੋਣ ਲੱਗੀ। ਸਭ ਤੋਂ ਪਹਿਲਾਂ ਜਾਨਵਰਾਂ ਦੀ ਵਰਤੋਂ ਹੋਈ ਅਤੇ ਫਿਰ ਹਵਾ ਅਤੇ ਪਾਣੀ ਦੇ ਵਗਣ ਦੀ ਸ਼ਕਤੀ ਨੂੰ ਵਰਤਿਆ ਗਿਆ। ਗਧੇ, ਬਲਦ ਜਾਂ ਊਠ ਨਾਲ ਚੱਲਣ ਵਾਲੀ ਚੱਕੀ ਨੂੰ ਖ਼ਰਾਸ, ਪਾਣੀ ਨਾਲ ਚੱਲਣ ਵਾਲੀ ਨੂੰ ਘਰਾਟ ਅਤੇ ਹਵਾ ਨਾਲ ਚੱਲਣ ਵਾਲੀ ਨੂੰ ਪੌਣ-ਚੱਕੀ ਕਿਹਾ ਜਾਂਦਾ ਹੈ। ਫਿਰ ਮਸ਼ੀਨੀ ਯੁੱਗ ਆਉਣ ਨਾਲ ਇਹ ਇੰਜਣ ਨਾਲ ਚੱਲੀ ਅਤੇ ਅੱਜ ਇਹ ਬਿਜਲੀ ਨਾਲ ਚੱਲਦੀ ਹੈ। ਹੱਥ ਚੱਕੀ ਦੇ ਵਿਕਸਤ ਰੂਪ ਦੀ ਗੱਲ ਕਰੀਏ ਤਾਂ ਇਹ ਗੋਲ ਤਰਾਸ਼ੇ ਹੋਏ ਦੋ ਰੇਤੀਲੇ ਆਤਿਸ਼ੀ ਪੱਥਰਾਂ ਦੀ ਬਣਦੀ ਹੈ ਜਿਨ੍ਹਾਂ ਦੇ ਅੰਦਰਲੇ ਮੇਲਵੇਂ ਤਲ ਛੈਣੀ ਨਾਲ ਟੱਕ ਦੇ ਕੇ ਰਾਹ ਲਏ ਜਾਂਦੇ ਹਨ ਤਾਂ ਕਿ ਦੋਹਾਂ ਦੇ ਖੁਰਦਰੇ ਤਲਾਂ ਵਿਚ ਪਿਸ ਕੇ ਦਾਣੇ ਛੇਤੀ ਬਾਰੀਕ ਹੋ ਸਕਣ। ਤੂੜੀ ਅਤੇ ਮਿੱਟੀ ਦੀ ਘਾਣੀ ਨਾਲ ਪੁੜਾਂ ਦੇ ਨਾਪ ਅਨੁਸਾਰ ਗੋਲ ਆਧਾਰ ਬਣਾ ਕੇ ਗੰਡ ਜਾਂ ਗ੍ਰੰਡ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਚਾਰ ਜਾਂ ਛੇ ਇੰਚ ਦੇ ਪੈਰ ਜਾਂ ਪੜਾਵੇ ਲਗਾਏ ਜਾਂਦੇ ਹਨ ਤਾਂ ਕਿ ਚੁੱਕਣ ਵੇਲੇ ਅਤੇ ਚਲਾਉਣ ਵੇਲੇ ਆਸਾਨੀ ਰਹੇ। ਇਸਦੇ ਸੁੱਕ ਕੇ ਪੱਕ ਜਾਣ ’ਤੇ ਇਸ ਉੱਪਰ ਹੇਠਲਾ ਪੁੜ ਫਿੱਟ ਕੀਤਾ ਜਾਂਦਾ ਹੈ ਜੋ ਉੱਭਰਵੇਂ ਤਲ ਵਾਲਾ ਹੁੰਦਾ ਹੈ ਜਿਸਦੇ ਕੇਂਦਰ ਵਿਚਲੀ ਮੋਰੀ ਵਿਚ ਤਲ ਦੇ ਬਰਾਬਰ ਤਕ ਲੱਕੜੀ ਠੋਕ ਕੇ ਬਿਲਕੁਲ ਵਿਚਕਾਰ ਇਕ ਲੋਹੇ ਦੀ ਕਿੱਲੀ ਲਗਾਈ ਜਾਂਦੀ ਹੈ ਜੋ ਹੇਠ ਵੱਲੋਂ ਮੋਟਾਈ ਵਾਲੀ ਅਤੇ ਉੱਪਰ ਤੋਂ ਪਤਲੀ ਹੁੰਦੀ ਹੈ। ਇਸਨੂੰ ਫਿੱਟ ਕਰਕੇ ਪੁੜ ਤੋਂ ਬਾਹਰ ਵੱਲ ਦੋ ਕੁ ਇੰਚ ਥਾਂ ਆਟਾ ਇਕੱਠਾ ਹੋਣ ਲਈ ਛੱਡ ਕੇ ਮਿੱਟੀ ਨਾਲ ਹੀ ਕਿਨਾਰੀ ਜਾਂ ਵਾੜ ਬਣਾਈ ਜਾਂਦੀ ਹੈ ਤਾਂ ਕਿ ਆਟਾ ਬਾਹਰ ਨਾ ਡਿੱਗੇ। ਇਸ ਕਿਨਾਰੀ ਦਾ ਇਕ ਮੂੰਹ ਵੀ ਬਣਾਇਆ ਜਾਂਦਾ ਹੈ ਜਿਸ ਰਾਹੀਂ ਆਟਾ ਬਾਹਰ ਨਿਕਲਦਾ ਹੈ। ਇਸਦੀ ਵਿਚਕਾਰਲੀ ਮੋਰੀ ਵਿਚ ਲੱਕੜੀ ਦੀ ਗੁੱਲੀ ਫਿੱਟ ਕੀਤੀ ਹੁੰਦੀ ਹੈ ਜਿਸਨੂੰ ਮੰਨਵੀ ਜਾਂ ਮਾਨੀ ਕਿਹਾ ਜਾਂਦਾ ਹੈ। ਮੰਨਵੀ ਦੁਆਲੇ ਬਚੀ ਖਾਲੀ ਥਾਂ ਵਿਚੋਂ ਦਾਣਿਆਂ ਦਾ ਗੱਲਾ ਜਾਂ ਚੁੰਗ ਪਾਈ ਜਾਂਦੀ ਹੈ। ਇਸਦੇ ਐਨ ਵਿਚਕਾਰ ਹੇਠਲੇ ਪੁੜ ਦੀ ਕਿੱਲੀ ਦੇ ਨਾਪ ਦਾ ਸੁਰਾਖ ਹੁੰਦਾ ਹੈ ਜਿਸ ਵਿਚੋਂ ਲੰਘੀ ਹੇਠਲੇ ਪੁੜ ਦੀ ਕਿੱਲੀ ਨੂੰ ਧੁਰਾ ਬਣਾ ਕੇ ਉੱਪਰਲਾ ਪੁੜ ਘੁੰਮਦਾ ਹੈ। ਆਟਾ ਮੋਟਾ ਜਾਂ ਬਾਰੀਕ ਕਰਨ ਲਈ ਇਸ ਕਿੱਲੀ ਉੱਪਰ ਕੱਪੜੇ, ਰਬੜ, ਜਾਂ ਲੋਹੇ ਦਾ ਛੱਲਾ ਲੋੜ ਅਨੁਸਾਰ ਵਰਤਿਆ ਜਾਂਦਾ ਹੈ। ਉੱਪਰਲੇ ਪੁੜ ਦੇ ਕਿਨਾਰੇ ਵਾਲੀ ਮੋਰੀ ਵਿਚ ਦਸ-ਬਾਰਾਂ ਇੰਚ ਦਾ ਖੜ੍ਹਵਾਂ ਡੰਡਾ ਫਿੱਟ ਕੀਤਾ ਜਾਂਦਾ ਹੈ ਜੋ ਹੱਥੇ ਦੇ ਤੌਰ ’ਤੇ ਫੜ ਕੇ ਚੱਕੀ ਨੂੰ ਘੁੰਮਾਉਣ ਲਈ ਵਰਤਿਆ ਜਾਂਦਾ ਹੈ। ਹੱਥ ਚੱਕੀ ਦਾ ਪੰਜਾਬੀ ਸੱਭਿਆਚਾਰ ਵਿਚ ਖ਼ਾਸ ਸਥਾਨ ਰਿਹਾ ਹੈ। ਪੁਰਾਣੇ ਪੰਜਾਬ ਦੇ ਹਰ ਘਰ ਦੀ ਸੁਆਣੀ ਤੜਕੇ ਉੱਠ ਕੇ ਪਹਿਲਾਂ ਹੱਥ ਚੱਕੀ ਨਾਲ ਇਕ ਡੰਗ ਜਾਂ ਪੂਰੇ ਦਿਨ ਦਾ ਆਟਾ ਪੀਹ ਕੇ ਫਿਰ ਮਧਾਣੀ ਜਾਂ ਹੋਰ ਕੰਮਾਂ ਨੂੰ ਹੱਥ ਲਾਇਆ ਕਰਦੀ ਸੀ। ਪੂਰੇ ਪਰਿਵਾਰ ਦਾ ਪੇਟ ਭਰਨ ਲਈ ਅਨਾਜ ਨੂੰ ਪਕਾਉਣ ਯੋਗ ਬਣਾਉਣ ਦਾ ਕੰਮ ਚੱਕੀ ਉੱਪਰ ਨਿਰਭਰ ਹੋਣ ਕਾਰਨ ਚੱਕੀ ਘਰ ਵਿਚ ਪੂਜਣ ਯੋਗ ਰੁਤਬਾ ਰੱਖਦੀ ਸੀ। ਚੱਕੀ ਪੀਹਣ ਦਾ ਕੰਮ ਔਰਤਾਂ ਹਿੱਸੇ ਹੋਣ ਕਾਰਨ ਇਸ ਨਾਲ ਅਨੇਕ ਰਸਮਾਂ ਵੀ ਜੁੜੀਆਂ ਹੋਈਆਂ ਸਨ ਜਿਵੇਂ ਲੜਕੀ ਦੇ ਵਿਆਹ ਤੋਂ ਪਹਿਲਾਂ ਪੇਕੇ ਘਰ ਉਸਦਾ ਚੱਕੀ ਤੋਂ ਹੱਥ ਛੁਡਾਉਣ ਅਤੇ ਫਿਰ ਸਹੁਰੇ ਘਰ ਚੱਕੀ ਹੱਥ ਲੁਆਉਣ ਦੀ ਰਸਮ ਪ੍ਰਚੱਲਿਤ ਸੀ। ਚੱਕੀ ਪੰਜਾਬੀ ਗੀਤਾਂ ਅਤੇ ਬੋਲੀਆਂ ਵਿਚ ਵੀ ਗੂੰਜਦੀ ਸੀ :-
* ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ।
ਬਾਵੀ ਚੱਕੀ ਪੀਸੇਗੀ, ਮਾਂ ਪੂਣੀਆਂ ਵੱਟੇਗੀ।
ਬਾਵੀ ਮੰਨ ਪਕਾਵੇਗੀ, ਬਾਵਾ ਬੈਠਾ ਖਾਵੇਗਾ।
* ਮਾਪਿਆਂ ਨੇ ਤਾਂ ਰੱਖੀ ਲਾਡਲੀ, ਸੱਸ ਨੇ ਲਾ ਲਈ ਚੱਕੀ,
ਨੀਂ ਮੇਰੇ ਸੱਤ ਵਲ਼ ਪੈਂਦੇ ਵੱਖੀ।
ਲੰਬਾ ਸਮਾਂ ਰਸੋਈ ਦਾ ਧੁਰਾ ਅਤੇ ਹਰ ਘਰ ਦਾ ਸ਼ਿੰਗਾਰ ਰਹੀ ਹੱਥ ਚੱਕੀ ਅੱਜ ਡਰਾਇੰਗ ਰੂਮ ਜਾਂ ਅਜਾਇਬ ਘਰਾਂ ਵਿਚ ਹੀ ਵਿਰਾਸਤੀ ਵਸਤੂ ਦੇ ਤੌਰ ’ਤੇ ਰੱਖੀ ਮਿਲਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ