ਕਈਆਂ ਨੂੰ ਘਰਾਂ ‘ਚ ਕੀਤਾ ਨਜ਼ਰਬੰਦ, ਦੇਰ ਸ਼ਾਮ ਨੂੰ ਕੀਤਾ ਰਿਹਾਅ
ਅੰਮ੍ਰਿਤਸਰ, 17 ਮਾਰਚ ( ਹਰਸਿਮਰਨ ਸਿੰਘ ) ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਤਬਦੀਲੀ ਕਰਵਾਉਣ ਤੇ ਐਨ.ਐਸ.ਏ ਹਟਵਾਉਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਲੱਗੇ ਮੋਰਚੇ ਦੇ ਇਕੱਠ ਵਿੱਚ ਅੱਜ ਜਾਣ ਤੋਂ ਰੋਕਣ ਲਈ ਪੁਲਿਸ ਨੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਦੇ ਘਰ ਤੜਕਸਾਰ ਛਾਪੇਮਾਰੀ ਕੀਤੀ। ਸਿੱਖ ਸੰਘਰਸ਼ ਦੇ ਜੁਝਾਰੂ ਭਾਈ ਦਲਜੀਤ ਸਿੰਘ ਬਿੱਟੂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਬਾਬਾ ਸਤਨਾਮ ਸਿੰਘ ਵੱਲੀਆਂ, ਭਾਈ ਗੁਰਿੰਦਰ ਸਿੰਘ ਬਾਜਵਾ ਅਤੇ ਜਥਾ ਸਿਰਲੱਥ ਖਾਲਸਾ ਦੇ ਮੁਖੀ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਆਵਾਜ਼ੇ ਕੌਮ ਜਥੇਬੰਦੀ ਦੇ ਆਗੂ ਭਾਈ ਹਰਜਿੰਦਰ ਸਿੰਘ ਨੀਲੀਆਂ ਫੌਜਾਂ, ਵਕੀਲ ਹਰਪਾਲ ਸਿੰਘ ਖਾਰਾ ਨੂੰ ਵੀ ਘਰ ਵਿੱਚ ਨਜ਼ਰਬੰਦ ਕਰ ਲਿਆ ਗਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਉਪਕਾਰ ਸਿੰਘ ਸੰਧੂ, ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਸ. ਗੁਰਨਾਮ ਸਿੰਘ ਸਿੰਗੜੀਵਾਲ, ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਨਰਿੰਦਰ ਸਿੰਘ ਖੁਸਰੋਪੁਰ, ਭਾਈ ਗੁਰਚਰਨ ਸਿੰਘ ਭੁੱਲਰ, ਫ਼ੈਡਰੇਸ਼ਨ ਪ੍ਰਧਾਨ ਭਾਈ ਦਲੇਰ ਸਿੰਘ ਡੋਡ, ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਆਗੂ ਭਾਈ ਮਨਜੀਤ ਸਿੰਘ ਭੋਮਾ, ਸਿੱਖ ਚਿੰਤਕ ਡਾ. ਸੁਖਪ੍ਰੀਤ ਸਿੰਘ ਓਦੋਕੇ, ਨੌਜਵਾਨ ਆਗੂ ਲਖਬੀਰ ਸਿੰਘ ਲੱਖਾ ਸਿਧਾਣਾ ਦੇ ਘਰ ਵੀ ਪੁਲਿਸ ਛਾਪੇਮਾਰੀ ਹੋਈ।
ਇਸ ਤੋਂ ਇਲਾਵਾ ਪੰਜਾਬ ਭਰ ‘ਚ ਕਈ ਪੰਥਕ ਆਗੂਆਂ ਨੂੰ ਘਰਾਂ ‘ਚ ਨਜ਼ਰਬੰਦ ਕੀਤਾ ਗਿਆ, ਹਿਰਾਸਤ ਵਿੱਚ ਲਿਆ ਗਿਆ ਤੇ ਦੇਰ ਸ਼ਾਮ ਨੂੰ ਰਿਹਾ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਬੁਖਲਾਹਟ ਵਿੱਚ ਹੈ। ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਸ਼ਾਂਤਮਈ ਢੰਗ ਨਾਲ ਜਬਰ-ਜੁਲਮ ਦੇ ਖਿਲਾਫ ਆਵਾਜ਼ ਉਠਾਉਣੀ ਵੀ ਗੁਨਾਹ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਸਿੱਖ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਕੇ, ਰਸਤਿਆਂ ਚੋਂ ਗ੍ਰਿਫਤਾਰ ਕਰਕੇ, ਪੰਜਾਬ ‘ਚ ਦਹਿਸ਼ਤ ਦਾ ਮਾਹੌਲ ਪਸਰ ਕੇ ਸਰਕਾਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਪਰ ਇਹ ਸੰਘਰਸ਼ ਰੁਕਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਤੁਰੰਤ ਜੇਲ੍ਹ ਤਬਦੀਲੀ ਕੀਤੀ ਜਾਵੇ, ਅਸਾਮ ਦੀ ਜੇਲ੍ਹ ਤੋਂ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਭੁੱਖ ਹੜਤਾਲ ਤੇ ਬੈਠੇ ਪਰਿਵਾਰਾਂ ਦਾ ਨੁਕਸਾਨ ਹੋਇਆ ਤਾਂ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਜਿੰਮੇਵਾਰ ਹੋਵੇਗੀ।
Author: Gurbhej Singh Anandpuri
ਮੁੱਖ ਸੰਪਾਦਕ