ਦਮਦਮੀ ਟਕਸਾਲ ਦੇ ਪਹਿਲੇ ਮੁਖੀ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜੋ ਮਾਝੇ ਦੇ ਪਿੰਡ ਪਹੂਵਿੰਡ (ਜ਼ਿਲ੍ਹਾ ਸ੍ਰੀ ਅੰਮ੍ਰਿਤਸਰ, ਹੁਣ ਤਰਨ ਤਾਰਨ) ਦੇ ਰਹਿਣ ਵਾਲ਼ੇ ਸਨ। ਉਹਨਾਂ ਦਾ ਜਨਮ 26 ਜਨਵਰੀ 1682 ਨੂੰ ਬੀਬੀ ਜਿਊਣੀ ਜੀ ਦੀ ਕੁੱਖੋਂ, ਪਿਤਾ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਬਾਬਾ ਜੀ ਨੇ ਚੜ੍ਹਦੀ ਜਵਾਨੀ ’ਚ ਸ੍ਰੀ ਗੁਰੂ ਗੋਬਿੰਦ ਜੀ ਪਾਸੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ ਤੇ ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਗੁਰਬਾਣੀ, ਕੀਰਤਨ, ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਦੀ ਦਾਤ ਪ੍ਰਾਪਤ ਕੀਤੀ ਤੇ ਫਿਰ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਆਪ ਆਪਣੇ ਪਿੰਡ ਰਹਿ ਕੇ ਧਰਮ ਦਾ ਪ੍ਰਚਾਰ ਕਰਦੇ ਰਹੇ।
ਸ੍ਰੀ ਦਮਦਮਾ ਸਾਹਿਬ ਵਿਖੇ ਆਪ ਨੇ ਗੁਰੂ ਸਾਹਿਬ ਤੋਂ 48 ਸਿੰਘਾਂ ਸਮੇਤ ਗੁਰਬਾਣੀ ਦੇ ਅਰਥ ਪੜ੍ਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਨ ਸਮੇਂ ਆਪ ਨੇ ਕਲਮਾਂ ਘੜਨ ਤੇ ਕਾਗਜ਼-ਸਿਆਹੀ ਤਿਆਰ ਕਰਨ ਦੀ ਸੇਵਾ ਨਿਭਾਈ। ਜਿਸ ਸਮੇਂ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖ਼ਸ਼ਿਸ਼ ਕੀਤੀ ਤਾਂ ਉਸ ਸਮੇਂ ਪੰਜ ਪਿਆਰਿਆਂ ’ਚ ਅਰਦਾਸਾ ਸੋਧਣ ਵਾਲ਼ੇ ਬਾਬਾ ਦੀਪ ਸਿੰਘ ਜੀ ਵੀ ਸਨ ਤੇ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਦੀ ਤਾਬਿਆ ਚੌਰ ਕਰ ਰਹੇ ਸਨ।
ਫਿਰ ਦਮਦਮਾ ਸਾਹਿਬ ਵਿਖੇ ਰਹਿ ਕੇ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਹੱਥੀਂ ਲਿਖ ਕੇ ਚਾਰ ਤਖ਼ਤਾਂ ’ਤੇ ਭੇਜੇ ਤੇ ਇੱਕ ਪਾਵਨ ਸਰੂਪ ਅਰਬੀ ਭਾਸ਼ਾ ’ਚ ਲਿਖ ਕੇ ਅਰਬ ਦੇਸ਼ ਦੀਆਂ ਸੰਗਤਾਂ ਲਈ ਭੇਜਿਆ। ਆਪ ਅਰਬੀ ਅਤੇ ਫ਼ਾਰਸੀ ਦੇ ਵੀ ਵਿਦਵਾਨ ਸਨ। ਬਾਬਾ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਇੱਕ ਸਰੂਪ ਦਾ ਵੀ ਉਤਾਰਾ ਕੀਤਾ ਜੋ ਹੁਣ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸੁਭਾਇਮਾਨ ਹੈ। ਬਾਬਾ ਜੀ ਨੇ ਗੁਰਮਤਿ ਦਾ ਭਾਰੀ ਪ੍ਰਚਾਰ ਕੀਤਾ, ਅਨੇਕਾਂ ਪ੍ਰਾਣੀਆਂ ਨੂੰ ਖੰਡੇ-ਬਾਟੇ ਦੀ ਅੰਮ੍ਰਿਤ ਦਾਤ ਅਤੇ ਗੁਰਮਤਿ ਤੇ ਸ਼ਸਤਰ ਵਿੱਦਿਆ ਦਿੱਤੀ।
ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ਼ ਮਿਲ਼ ਕੇ ਜੰਗਾਂ ਵਿੱਚ ਭਾਗ ਲਿਆ ਤੇ ਦੁਸ਼ਟਾਂ ਦਾ ਨਾਸ ਕੀਤਾ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਆਪ ਤਿੰਨ ਮਹੀਨੇ ਉਹਨਾਂ ਨਾਲ਼ ਰਹੇ ਤੇ ਬਾਬਾ ਬੰਦਾ ਸਿੰਘ ਜੀ ਨੂੰ ਰੂਹਾਨੀ ਤੇ ਜੋਸ਼ੀਲੇ ਪ੍ਰਵਚਨ ਸੁਣਾਉਂਦੇ ਰਹੇ। ਬਾਬਾ ਦੀਪ ਸਿੰਘ ਦੇ ਉੱਚੇ-ਸੁੱਚੇ ਜੀਵਨ ਤੋਂ ਬਾਬਾ ਬੰਦਾ ਸਿੰਘ ਜੀ ਬਹੁਤ ਪ੍ਰਭਾਵਿਤ ਹੋਏ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮੁੱਚੇ ਖ਼ਾਲਸਾ ਪੰਥ ਵੱਲੋਂ ਬਾਬਾ ਦੀਪ ਸਿੰਘ ਜੀ ਨੂੰ ‘ਸ਼ਹੀਦ’ ਦਾ ਖ਼ਿਤਾਬ ਬਖ਼ਸ਼ਿਆ।
ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦਾ ਫ਼ੈਸਲਾ ਵੀ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਨੇ ਕਰਵਾਇਆ ਸੀ। ਜਿਸ ਕਰਕੇ ਸੰਗਤਾਂ ਵਿੱਚ ਬਾਬਾ ਜੀ ਦਾ ਸਤਿਕਾਰ ਹੋਰ ਵੀ ਵੱਧ ਗਿਆ। ਬਾਬਾ ਜੀ ਨਾਮ-ਬਾਣੀ ਤੇ ਸੇਵਾ-ਸਿਮਰਨ ਵਿੱਚ ਭਿੱਜੀ ਰੂਹ ਸਨ। ਉਹ ਖ਼ਾਲਸਾ ਪੰਥ ਦੇ ਨਿਧੜਕ ਜਰਨੈਲ ਤੇ ਸੰਤ-ਸਿਪਾਹੀ ਸਨ।
ਜਦੋਂ ਜ਼ਕਰੀਆਂ ਖ਼ਾਂ ਨੇ ਭਾਈ ਸੁਬੇਗ ਸਿੰਘ ਰਾਹੀਂ ਖ਼ਾਲਸੇ ਨੂੰ ਨਵਾਬੀ ਦੀ ਖ਼ਿਲਤ ਭੇਜੀ ਤਾਂ ਸਿੱਖ ਕੌਮ ਦੇ ਮਹਾਨ ਸੇਵਾਦਾਰ ਸਰਦਾਰ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਪਹਿਲਾਂ ਜਿਨ੍ਹਾਂ ਪੰਜ ਪਿਆਰਿਆਂ ਦੇ ਚਰਨਾਂ ਨਾਲ਼ ਨਵਾਬੀ ਨੂੰ ਛੁਹਾਇਆ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਲ ਸਨ। ਸਰਬੱਤ ਖ਼ਾਲਸਾ ਸਮਾਗਮਾਂ ਵਿੱਚ ਬਾਬਾ ਦੀਪ ਸਿੰਘ ਜੀ ਅਹਿਮ ਭੂਮਿਕਾ ਨਿਭਾਉਂਦੇ ਸਨ ਤੇ ਖ਼ਾਲਸਾ ਪੰਥ ਦੇ ਸੁਨਹਿਰੇ ਭਵਿੱਖ ਲਈ ਸ਼ਾਨਦਾਰ ਫ਼ੈਸਲੇ ਲੈਂਦੇ ਸਨ।
ਜਦੋਂ ਦੀਵਾਨ ਦਰਬਾਰਾ ਸਿੰਘ ਦੇ ਸੱਚਖੰਡ ਜਾਣ ਤੋਂ ਬਾਅਦ ਤਰਨਾ ਦਲ ਅਤੇ ਬੁੱਢਾ ਦਲ ਦੇ ਰੂਪ ’ਚ ਜਥੇ ਬਣਾਏ ਗਏ ਤਾਂ ਤਰਨ ਦਲ ਦੇ ਪੰਜ ਜੱਥਿਆਂ ਵਿੱਚੋਂ ਇੱਕ ਜਥੇ ਦੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਬਣਾਇਆ ਗਿਆ। ਬਾਬਾ ਦੀਪ ਸਿੰਘ ਜੀ ਦੀ ‘ਮਿਸਲ ਸ਼ਹੀਦਾਂ’ ਦਾ ਵੱਖਰਾ ਹੀ ਪ੍ਰਭਾਵ ਸੀ। ਇਹ ਸੂਰਮੇ ‘ਧਰਮ ਹੇਤ ਸੀਸ ਵਾਰਨ’ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ।
ਜਦ ਮੱਸੇ ਰੰਘੜ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਬਾਬਾ ਦੀਪ ਸਿੰਘ ਦੇ ਜਥੇ ਦੇ ਹੀ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੇ ਭੇਜੇ ਹੋਏ ਦੋ ਸਿੰਘਾਂ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਨੇ ਮੱਸੇ ਰੰਘੜ ਦਾ ਸਿਰ ਵੱਢ ਕੇ ਲਿਆਂਦਾ ਸੀ। ਬਾਬਾ ਦੀਪ ਸਿੰਘ ਜੀ ਨੇ ਬੜੇ ਬਿਖ਼ਮ ਭਰੇ ਸਮੇਂ ’ਚ ਸਿੱਖ ਕੌਮ ਦੀ ਯੋਗ ਅਗਵਾਈ ਕੀਤੀ।
ਅਖ਼ੀਰ ਸਮੇਂ ਜਦੋਂ ਬਾਬਾ ਜੀ ਨੂੰ ਪਤਾ ਲੱਗਾ ਕਿ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਹੀਆਂ ਹਨ, ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ ਹੈ, ਕਿਸੇ ਨੂੰ ਸ੍ਰੀ ਅੰਮ੍ਰਿਤਸਰ ਨਹੀਂ ਜਾਣ ਦਿੱਤਾ ਜਾ ਰਿਹਾ, ਮੁਗਲ ਹਾਕਮਾਂ ਨੇ ਪੂਰੀ ਅੱਤ ਚੁੱਕ ਲਈ ਹੈ। ਤਾਂ ਬਾਬਾ ਜੀ ਨੇ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਥੇ ਸਮੇਤ ਚਾਲੇ ਪਾ ਦਿੱਤੇ।
ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਪੁੱਜ ਕੇ ਬਾਬਾ ਜੀ ਨੇ ਇਸ਼ਨਾਨ ਕੀਤਾ ਤੇ ਅਰਦਾਸਾ ਸੋਧਿਆ। ਅਰਦਾਸ ’ਚ ਬਾਬਾ ਜੀ ਨੇ ਕਿਹਾ ਕਿ “ਜ਼ਾਲਮਾਂ ਤੋਂ ਸ੍ਰੀ ਦਰਬਾਰ ਸਾਹਿਬ ਅਜ਼ਾਦ ਕਰਵਾ ਕੇ ਹੀ ਮੈਂ ਸ਼ਹੀਦੀ ਪਾਵਾਂਗਾ।” ਥੋੜ੍ਹਾ ਅੱਗੇ ਆ ਕੇ ਆਪ ਨੇ ਧਰਤੀ ਉੱਤੇ ਖੰਡੇ ਨਾਲ਼ ਲਕੀਰ ਖਿੱਚੀ ਤੇ ਕਿਹਾ “ਜਿਸ ਨੂੰ ਧਰਮ ਪਿਆਰਾ ਹੈ ਉਹ ਲਕੀਰ ਟੱਪ ਜਾਵੇ, ਜਿਸ ਨੂੰ ਜਾਨ ਪਿਆਰੀ ਹੈ ਉਹ ਪਿੱਛੇ ਹਟ ਜਾਵੇ।” ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਅਤੇ ਨਗਾਰਿਆਂ ’ਤੇ ਚੋਟਾਂ ਲਾ ਕੇ ਸਾਰੇ ਸਿੰਘ ਲਕੀਰ ਟੱਪ ਗਏ।
ਗੋਹਲਵੜ ਤੋਂ ਚੱਬੇ ਦੇ ਮੈਦਾਨ ਵਿੱਚ ਖ਼ਾਲਸਈ ਫ਼ੌਜ ਤੇ ਮੁਗ਼ਲ ਫ਼ੌਜ ਦਾ ਜਬਰਦਸਤ ਟਾਕਰਾ ਹੋਇਆ। ਸਿੰਘਾਂ ਨੇ ਦੁਸ਼ਮਣ ਫ਼ੌਜਾਂ ਨੂੰ ਅਜਿਹੇ ਖ਼ਾਲਸਈ ਹੱਥ ਵਿਖਾਏ ਕਿ ਮੁਗ਼ਲ ਫ਼ੌਜ ਵੇਖ ਕੇ ਹੱਕੀ-ਬੱਕੀ ਰਹਿ ਗਈ। ਇਸੇ ਸਮੇਂ ਹੀ ਬਾਬਾ ਜੀ ਅਤੇ ਯਕੂਬ ਖ਼ਾਨ ਦੀ ਗਹਿਗੱਚ ਲੜਾਈ ਹੋਈ, ਦੋਹਾਂ ਦੇ ਘੋੜੇ ਜ਼ਖ਼ਮੀ ਹੋ ਕੇ ਡਿੱਗ ਪਏ, ਫਿਰ ਦੋੋਨੋਂ ਗੁੱਥਮ-ਗੁੱਥਾ ਹੋ ਗਏ ਤੇ ਫਿਰ ਬਾਬਾ ਦੀਪ ਸਿੰਘ ਨੇ ਯਕੂਬ ਖ਼ਾਨ ਦੇ ਸਿਰ ਵਿੱਚ ਐਨੇ ਜ਼ੋਰ ਨਾਲ਼ ਗੁਰਜ਼ ਮਾਰਿਆ ਕਿ ਉਹ ਥਾਂ ’ਤੇ ਢੇਰੀ ਹੋ ਗਿਆ।
ਯਕੂਬ ਖ਼ਾਨ ਨੂੰ ਮਰਿਆ ਵੇਖ ਕੇ ਜਰਨੈਲ ਜਮਾਲ ਖ਼ਾਂ ਹੁਣ ਸਿੱਖਾਂ ਦੇ ਜਰਨੈਲ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆਇਆ ਤੇ ਦੋਵਾਂ ਦੀ ਜ਼ੋਰਦਾਰ ਲੜਾਈ ਹੋਈ ਤੇ ਸਾਂਝੇ ਵਾਰ ’ਚ ਦੋਵਾਂ ਦੇ ਸਿਰ ਲੱਥ ਗਏ। ਜਹਾਨ ਖ਼ਾਂ ਦੇ ਸਿਰ ਨੂੰ ਘੋੜੇ ਨੇ ਮਸਲ ਦਿੱਤਾ ਤੇ ਬਾਬਾ ਦੀਪ ਸਿੰਘ ਜੀ ਦੇ ਸੀਸ ਅੱਗੇ ਖੜ੍ਹ ਕੇ ਬਾਬਾ ਸੁੱਖਾ ਸਿੰਘ ਨੇ ਕਿਹਾ ਕਿ “ਬਾਬਾ ਜੀ ਤੁਸੀਂ ਤਾਂ ਕਿਹਾ ਸੀ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੇ ਦਰ ’ਤੇ ਜਾ ਕੇ ਸ਼ਹੀਦੀ ਪਾਵਾਂਗਾ, ਸ੍ਰੀ ਦਰਬਾਰ ਸਾਹਿਬ ਅਜ਼ਾਦ ਕਰਾਵਾਂਗਾ, ਸਾਰੇ ਦੁਸ਼ਮਣ ਮਾਰ ਮੁਕਾਵਾਂਗਾ, ਪਰ ਬਾਬਾ ਜੀ ਇੱਥੇ ਹੀ ਭਾਣਾ ਵਰਤ ਗਿਆ।”
ਇਹ ਸੁਣ ਕੇ ਬਾਬਾ ਜੀ ਦਾ ਧੜ ਉੱਠ ਖੜ੍ਹ ਹੋਇਆ, ਬਾਬਾ ਜੀ ਨੇ ਖੱਬੇ ਹੱਥ ਆਪਣਾ ਸੀਸ ਅਤੇ ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਫੜ ਕੇ ਬਹੁਤ ਜੋਸ਼ ਨਾਲ਼ ਜ਼ਾਲਮਾਂ ਦਾ ਨਾਸ ਕਰਨਾ ਸ਼ੁਰੂ ਕਰ ਦਿੱਤਾ, ਦੁਸ਼ਮਣ ਫ਼ੌਜ ਐਨੀ ਡਰ ਗਈ ਕਿ ਉਹਨਾਂ ਦੇ ਹੱਥਾਂ ’ਚੋਂ ਤਲਵਾਰਾਂ ਛੁੱਟ ਗਈਆਂ, ਹੌਸਲੇ ਪਸਤ ਹੋ ਗਏ, ਪਸੀਨੇ ਛੁੱਟ ਗਏ ਕਿ ਲੱਥੇ ਸੀਸ ਤੋਂ ਵੀ ਸਿੰਘ ਲੜੀ ਜਾ ਰਹੇ ਹਨ।
ਨਗਾਰੇ, ਰਣ ਸਿੰਗੇ ਵਜਾਉਂਦਿਆਂ ਤੇ ਖ਼ਾਲਸਈ ਜੈਕਾਰੇ ਗਜਾਉਂਦਿਆਂ, ਪੂਰਾ ਦਮਦਾਰ ਯੁੱਧ ਲੜਦਿਆਂ, ਮੁਗ਼ਲ ਫ਼ੌਜਾਂ ਨੂੰ ਭਜਾ ਕੇ ਸਿੰਘ-ਸੂਰਮੇ ਬਾਬਾ ਦੀਪ ਸਿੰਘ ਦੀ ਅਗਵਾਈ ’ਚ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਤੇ ਇੱਥੇ ਪ੍ਰਕਰਮਾ ’ਚ ਬਾਬਾ ਜੀ ਨੇ ਸੀਸ ਭੇਟ ਕਰ ਕੇ 13 ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕੀਤੀ ਅਤੇ ਸੱਚਖੰਡ ਨੂੰ ਚਾਲੇ ਪਾਏ ਤੇ ਸਿੱਖਾਂ ਨੂੰ ਗੁਰਧਾਮਾਂ ਦੀ ਰਾਖੀ ਲਈ ਜੂਝਣ ਦੀ ਜਾਚ ਸਿਖਾਈ ਤੇ ਜੋਸ਼-ਜਜ਼ਬਾ ਪ੍ਰਚੰਡ ਕੀਤਾ।
ਇਸ ਤਰ੍ਹਾਂ ਦਮਦਮੀ ਟਕਸਾਲ ਅਤੇ ਤਰਨਾ ਦਲ ਮਿਸਲ ਸ਼ਹੀਦਾਂ ਦੇ ਮੁਖੀ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਮਰਯਾਦਾ ਬਹਾਲ ਕਰਵਾਈ ਤੇ ਧਰਮ ਲਈ ਆਪਣਾ ਸੀਸ ਵਾਰਿਆ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ’ਚ ਬਾਬਾ ਜੀ ਦੀ ਯਾਦ ’ਚ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ ਜਿਸ ਨੂੰ ‘ਸ਼ਹੀਦ ਬੁੰਗਾ’ ਵੀ ਕਿਹਾ ਜਾਂਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਸਤਰਾਂ ਦੇ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਾਮ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਬਾਬਾ ਜੀ ਦਾ ਜਿੱਥੇ ਸਸਕਾਰ ਹੋਇਆ ਉਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੈ ਜਿੱਥੇ ਹਜ਼ਾਰਾਂ ਸੰਗਤਾਂ ਰੋਜ਼ ਨਤਮਸਤਕ ਹੁੰਦੀਆਂ ਹਨ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ