ਸੰਤ ਗਿਆਨੀ ਗੁਰਦਾਸ ਸਿੰਘ ਜੀ, ਜੋ ਸੰਤ ਗਿਆਨੀ ਸੂਰਤ ਸਿੰਘ ਜੀ ਦੇ ਵੱਡੇ ਸਪੁੱਤਰ ਸਨ। ਗਿਆਨੀ ਸੂਰਤ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹ ਦਮਦਮੀ ਟਕਸਾਲ ਦੇ ਮੁਖੀ ਬਣੇ ਅਤੇ ਸ੍ਰੀ ਹਰਿਮੰਦਰ ਸਾਹਿਬ ’ਚ ਗੁਰਬਾਣੀ ਦੀ ਕਥਾ ਕਰਦੇ ਰਹੇ ਤੇ ਉਹਨਾਂ ਨੇ ਅਨੇਕਾਂ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ ਅਤੇ ਅਰਥ ਪੜ੍ਹਾਏ। ਉਹਨਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਪ੍ਰਾਣੀਆਂ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ ਤੇ ਸਿੱਖ ਧਰਮ ਗ੍ਰਹਿਣ ਕੀਤਾ।
ਜਦ ਆਪ ਜੀ ਦਾ ਪੁੱਤਰ ਭਾਈ ਸ਼ੇਰ ਸਿੰਘ ਇੱਕ ਜੰਗ ਦੌਰਾਨ ਸ਼ਹੀਦੀ ਪਾ ਗਿਆ ਤਾਂ ਕਿਸੇ ਸਿੱਖ ਨੇ ਪੁੱਛਿਆ ਕਿ “ਗਿਆਨੀ ਜੀ! ਹੁਣ ਆਪ ਜੀ ਦੇ ਮਨ ਦੀ ਕੀ ਅਵਸਥਾ ਹੈ ?” ਤਾਂ ਆਪ ਨੇ ਗੁਰਬਾਣੀ ਦਾ ਸ਼ਬਦ ਪੜ੍ਹਿਆ “ਜਬ ਲਗੁ ਮੋਹ ਮਗਨ ਸੰਗਿ ਮਾਇ॥ ਤਬ ਲਗੁ ਧਰਮਰਾਇ ਦੇਇ ਸਜਾਇ॥”
ਆਪ ਜੀ ਨੂੰ ਪਰਿਵਾਰ ਦਾ ਬਿਲਕੁਲ ਵੀ ਮੋਹ ਨਹੀਂ ਸੀ, ਆਪ ਹਰ ਸਮੇਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰਦੇ ਸਨ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਨੂੰ ਬੜੀ ਤਨਦੇਹੀ ਦੇ ਨਾਲ ਨਿਭਾਇਆ, ਆਪ ਜੀ ਐਨੀ ਸ਼ਰਧਾ ਭਾਵਨਾ ਵਿੱਚ ਭਿੱਜ ਕੇ ਕਈ ਕਈ ਘੰਟੇ ਸੇਵਾ ਕਰਦੇ ਸਨ ਕਿ ਖਾਣ ਪੀਣ ਦਾ ਵੀ ਚੇਤਾ ਨਹੀਂ ਸੀ ਰਹਿੰਦਾ। ਆਪ ਜੀ ਦਾ ਜੀਵਨ ਬਹੁਤ ਉੱਚਾ ਸੁੱਚਾ ਤੇ ਬੰਦਗੀ ਵਾਲਾ ਸੀ।
ਸੰਤ ਗਿਆਨੀ ਗੁਰਦਾਸ ਸਿੰਘ ਜੀ ਦੇ ਪਿਤਾ ਜੀ ਸੰਤ ਗਿਆਨੀ ਸੂਰਤ ਸਿੰਘ ਜੀ ਕੁਝ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਰਹੇ ਸਨ, ਉਹਨਾਂ ਨੇ ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਪਾਸੋਂ ਗੁਰਬਾਣੀ ਦੇ ਅਰਥ ਪੜ੍ਹੇ ਸਨ, ਉਹਨਾਂ ਨੇ ਸੰਨ 1765 ਵਿੱਚ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ ਸੀ ਤੇ ਭਾਈ ਮਨੀ ਸਿੰਘ ਜੀ ਪਾਸੋਂ ਜੋ ਕਥਾ ਸੁਣੀ ਉਸ ਨੂੰ ਲਿਖਤੀ ਰੂਪ ਵੀ ਦਿੱਤਾ ਤੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾ ਗਿਆਨੀ ਸੂਰਤ ਸਿੰਘ ਜੀ ਨੇ ਹੀ ਕੀਤਾ ਸੀ। ਆਪਣੇ ਪਿਤਾ ਗਿਆਨੀ ਸੂਰਤ ਸਿੰਘ ਜੀ ਵਾਂਗ ਫਿਰ ਗਿਆਨੀ ਗੁਰਦਾਸ ਸਿੰਘ ਜੀ ਨੇ ਵੀ ਖਾਲਸਾ ਪੰਥ ਦੀਆਂ ਅਹਿਮ ਸੇਵਾਵਾਂ ਨਿਭਾਈਆਂ ਅਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਹੋਰ ਚਮਕਾਇਆ। ਸੰਤ ਗਿਆਨੀ ਗੁਰਦਾਸ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਗਿਆਨੀ ਸੰਤ ਸਿੰਘ ਜੀ ਨੇ ਦਮਦਮੀ ਟਕਸਾਲ ਦੀ ਸੰਭਾਲੀ ਅਤੇ ਉਹ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ, ਉਹਨਾਂ ਨੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰ ਕੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਤੇ ਸੋਨਾ ਲਗਵਾਇਆ ਸੀ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ