ਹਲਕਾ ਖਡੂਰ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ ਨੌਜਵਾਨਾਂ ਤੇ ਸੰਗਤਾਂ ਨੇ ਖੁਦ ਸੰਭਾਲੇ ਮੋਰਚੇ
ਅੰਮ੍ਰਿਤਸਰ, 19 ਮਈ ( ਤਾਜੀਮਨੂਰ ਕੌਰ ) ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਅਤੇ ਜਬਰਦਸਤ ਹੁੰਗਾਰਾ ਮਿਲਿਆ, ਜਦੋਂ ਪਿੰਡ ਪੰਡੋਰੀ ਰਣ ਸਿੰਘ ਅਤੇ ਪਿੰਡ ਸਿੱਧਵਾਂ ਦੀਆਂ ਸਮੂਹ ਸੰਗਤਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਸਮਰਥਨ ਦੇ ਦਿੱਤਾ। ਪਿੰਡ ਪੰਡੋਰੀ ਰਣ ਸਿੰਘ ਅਤੇ ਪਿੰਡ ਸਿੱਧਵਾਂ ਦੇ ਸਿੱਖ ਨੌਜਵਾਨਾਂ ਨੇ ਪਿੰਡ ਪੰਡੋਰੀ ਰਣ ਸਿੰਘ ਵਿਖੇ ਭਾਰੀ ਇਕੱਠ ਕੀਤਾ, ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਮਨਜੀਤ ਸਿੰਘ ਸੋਹੀ, ਬਾਬਾ ਗੁਲਾਬ ਸਿੰਘ ਚਮਕੋਰ ਸਾਹਿਬ ਵਾਲੇ, ਗਿਆਨੀ ਗੁਰਪ੍ਰਤਾਪ ਸਿੰਘ ਪਦਮ, ਬਾਬਾ ਬੀਰ ਸਿੰਘ ਸਿੱਧਵਾਂ, ਭਾਈ ਸ਼ਮਸ਼ੇਰ ਸਿੰਘ ਚੱਬਾ, ਭਾਈ ਜਗਜੀਤ ਸਿੰਘ ਚੱਬਾ, ਭਾਈ ਜਸਕਰਨ ਸਿੰਘ ਪੰਡੋਰੀ, ਸਰਵਨ ਸਿੰਘ, ਸਤਪਾਲ ਸਿੰਘ, ਜਗਨਿੰਦਰ ਸਿੰਘ, ਸੰਦੀਪ ਸਿੰਘ, ਕੁਲਜੀਤ ਸਿੰਘ, ਰਾਜਬੀਰ ਸਿੰਘ ਰਾਜੂ, ਮਨਜਿੰਦਰ ਸਿੰਘ ਕਾਲਾ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਹੋਏ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਕਿਹਾ ਕਿ ਸਾਰੇ ਲੋਕ ਏਕਾ ਬਣਾਈ ਰੱਖਣ, ਏਕੇ ਵਿੱਚ ਹੀ ਪੰਥ ਅਤੇ ਪੰਜਾਬ ਦੀ ਜਿੱਤ ਹੈ, ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜੋ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਸ ਦੇ ਉਹ ਕਦਰਦਾਨ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ ਸੰਗਤਾਂ ਨੇ ਖੁਦ ਸੰਭਾਲੇ ਮੋਰਚੇ ਲਏ ਹਨ। ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਪਣੀ ਤਕਰੀਰ ਦੌਰਾਨ ਬਾਦਲਕਿਆਂ, ਕਾਂਗਰਸੀਆਂ, ਝਾੜੂ ਪਾਰਟੀਆਂ ਅਤੇ ਭਾਜਪਾ ਉੱਤੇ ਨਿਸ਼ਾਨੇ ਸਾਧੇ। ਉਨਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ, ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧਕੇਲਿਆ ਜਾ ਰਿਹਾ ਹੈ, ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ, ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਉਸ ਨੂੰ ਜਿਤਾਉਣਾ ਬੇਹੱਦ ਜਰੂਰੀ ਹੈ ਤਾਂ ਜੋ ਉਹ ਪੰਥ ਅਤੇ ਪੰਜਾਬ ਦੀ ਆਵਾਜ਼ ਬਣ ਸਕੇ, ਇਸ ਨਾਲ ਖਾਲਿਸਤਾਨ ਦਾ ਸੰਘਰਸ਼ ਵੀ ਬੁਲੰਦ ਹੋਵੇਗਾ।
ਇਕੱਠ ਵਿੱਚ ਪਿੰਡ ਪੰਡੋਰੀ ਰਣ ਸਿੰਘ ਦੇ ਮੌਜੂਦਾ ਸਰਪੰਚ ਚਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਇਸ ਵਾਰ ਭਰਪੂਰ ਸਮਰਥਨ ਕਰਦੇ ਹਾਂ, ਪਿਛਲੀ ਵਾਰੀ ਸਾਡੀਆਂ ਗਲਤੀਆਂ ਕਾਰਨ ਬੀਬੀ ਪਰਮਜੀਤ ਕੌਰ ਖਾਲੜਾ ਹਾਰ ਗਏ ਸਨ, ਉਹਨਾਂ ਕਿਹਾ ਕਿ ਅਸੀਂ ਭਾਵੇਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਹਾਂ ਲੇਕਿਨ ਹੁਣ ਗੱਲ ਕੌਮ ਉੱਤੇ ਆ ਗਈ ਹੈ ਤੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਪਾਰਲੀਮੈਂਟ ਭੇਜਾਂਗੇ। ਬਾਬਾ ਗੁਲਾਬ ਸਿੰਘ ਨੇ ਕਿਹਾ ਕਿ ਅਸੀਂ ਇੰਨੇ ਸਾਲਾਂ ਵਿੱਚ ਵੀ ਸਿੱਖੀ ਦਾ ਇਨਾ ਪ੍ਰਚਾਰ ਨਾ ਕਰ ਸਕੇ, ਜੋ ਇੱਕ ਸਾਲ ਵਿੱਚ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਰ ਦਿੱਤਾ ਤੇ ਸਿੱਖ ਨੌਜਵਾਨਾਂ ਨੂੰ ਨਸ਼ੇ ਛੁਡਾਏ ਅਤੇ ਅੰਮ੍ਰਿਤ ਛਕਾਇਆ। ਢਾਡੀ ਮਨਜੀਤ ਸਿੰਘ ਸੋਹੀ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਥ ਅਤੇ ਪੰਜਾਬ ਦੀ ਆਵਾਜ਼ ਹੈ ਉਸ ਨੂੰ ਜਿਤਾਉਣਾ ਸਾਡਾ ਪੰਥਕ ਫਰਜ਼ ਹੈ। ਭਾਈ ਜਸਕਰਨ ਸਿੰਘ ਪੰਡੋਰੀ ਨੇ ਕਿਹਾ ਕਿ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ, ਹੁਣ ਬਸ ਐਲਾਨ ਹੋਣਾ ਬਾਕੀ ਹੈ। ਇਸ ਰੈਲੀ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਸਿੱਖ ਨੌਜਵਾਨ ਅਤੇ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਦੇ ਲਈ ਲੋਕਾਂ ਵਿੱਚ ਵੱਡੀ ਲਹਿਰ ਬਣ ਚੁੱਕੀ ਹੈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤੇ ਅਤੇ ਛਬੀਲ ਵੀ ਲੱਗੀ ਹੋਈ ਸੀ। ਰੈਲੀ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਾਂ ਬੰਦੀ ਸਿੰਘਾਂ ਦੀਆਂ ਤਸਵੀਰਾਂ ਸ਼ੋਭ ਰਹੀਆਂ ਸਨ।
Author: Gurbhej Singh Anandpuri
ਮੁੱਖ ਸੰਪਾਦਕ