ਇਹ ਫੋਟੋ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਮੈਨੂੰ ਨਾਮਵਰ ਤੇ ਖਾਨਦਾਨੀ ਸਾਰੰਗੀ ਮਾਸਟਰ ਭਾਈ ਗੁਰਵਿੰਦਰ ਸਿੰਘ ਸ਼ੰਮੀ ਪੋਤਰਾ ਰਾਗੀ ਅਜੀਤ ਸਿੰਘ (ਨਵਾਂ ਪਿੰਡ ਦੋਨੇਵਾਲ)ਜੀ ਤੋਂ ਪ੍ਰਾਪਤ ਹੋਈ ਹੈ। ਇਸ ਫੋਟੋ ਵਿੱਚ ਤੁਸੀਂ ਵੇਖ ਰਹੇ ਹੋ ਸਾਹਮਣੇ ਵੇਖਿਆਂ ਖੱਬੇ ਪਾਸੇ ਰੁਸਤਮ ਢਾਡੀ ਗਿ: ਦਇਆ ਸਿੰਘ ਦਿਲਬਰ (ਨਵਾਂ ਸ਼ਹਿਰ) । ਦਿਲਬਰ ਜੀ ਦੇ ਖੱਬੇ ਹੱਥ ਨਾਲ ਢਾਡੀ ਕਲਾ ਦਾ ਧੰਨਭਾਗ ਭਾਈ ਦਲੀਪ ਸਿੰਘ ਮਸਤ ( ਪਿੰਡ ਸਮਰਾਵਾਂ ਨੇੜੇ ਜੰਡਿਆਲਾ ਮੰਜਕੀ) ਉਨ੍ਹਾਂ ਦੇ ਖੱਬੇ ਪਾਸੇ ਉਸਤਾਦ ਸਾਰੰਗੀ ਮਾਸਟਰ ਰਾਗੀ ਅਜੀਤ ਸਿੰਘ (ਨਵਾਂ ਪਿੰਡ ਦੋਨੇਵਾਲ ਨੇੜੇ ਲੋਹੀਆਂ)ਉਨ੍ਹਾਂ ਦੇ ਨਾਲ ਸਾਹਮਣੇ ਵੇਖਿਆਂ ਬਿੱਲਕੁਲ ਸੱਜੇ ਪਾਸੇ ਆਪਣੇ ਯੁੱਗ ਦੀ ਢਾਡੀ ਕਲਾ ਦਾ ਮਾਣ ਭਾਈ ਮਲਕੀਤ ਸਿੰਘ ਪੰਧੇਰ (ਪਿੰਡ ਪੰਧੇਰ ਨੇੜੇ ਕੁਲਾਰਾਂ ਜ਼ਿਲਾ ਜਲੰਧਰ) ।ਦਿਲਬਰ ਸਾਹਿਬ ਨਾਲ ਖੜੇ ਇਹ ਤਿੰਨੇ ਸਾਥੀ ਆਪਣੇ ਸਮੇਂ ਦੇ ਸਿਕੰਦਰ ਸਨ । ਇੱਕ ਤੋਂ ਇੱਕ ਚੜ ਕੇ। ਅਪਣੇ ਆਪ ਨੂੰ ਕਦੇ ਕੋਈ ਕਮਜ਼ੋਰ ਨਹੀਂ ਨਹੀਂ ਅਖਵਾਉਂਦਾ । ਅਪਣੇ ਘਰ ਸਾਰੇ ਹੀ ਪਹਿਲਵਾਨ ਹੁੰਦੇ ਨੇ ਪਰ ਅਸਲ ਵਿੱਚ ਤਕੜਾ ਉਹ ਹੁੰਦੈ ਜਿਹਨੂੰ ਦੁਨੀਆਂ ਤਕੜਾ ਮੰਨੇ ।ਤੇ ਉਪਰੋਕਤਲ ਤਿੰਨਾਂ ਨੂੰ ਕੁੱਲ ਦੁਨੀਆਂ ਨੇ ਰੁਸਤਮ ਮੰਨਿਆ। ਇਨ੍ਹਾਂ ਤਿੰਨਾਂ ਨੂੰ ਆਮ ਬੋਲ-ਚਾਲ ਵਿੱਚ ਜੀਤਾ ਮੀਤਾ ਤੇ ਦਲੀਪਾ ਕਿਹਾ ਜਾਂਦਾ ਸੀ। ਇਹੋ ਜਿਹੇ ਜੱਥੇ (ਸੈਟ)ਕਦੇ ਕਦੇ ਹੀ ਬਣਦੇ ਨੇ । ਫਿਰ ਇਨ੍ਹਾਂ ਦੇ ਮੁੱਖੀ ਗਿਆਨੀ ਦਇਆ ਸਿੰਘ ਦਿਲਬਰ।ਸੋਨੇ ਤੇ ਸੁਹਾਗਾ। ਬੱਸ ਕਹਿ ਲਵੋ ਚਾਰੇ ਪਾਸੇ ਧੰਨ ਧੰਨ। ਭਾਈ ਦਲੀਪ ਸਿੰਘ ਮਸਤ ਨੂੰ ਮੈਂ ਵੇਖਿਆ ਨਹੀਂ। ਪਰ ਉਹਦੀ ਗਾਈ ਸੱਸੀ (ਪੁੰਨੂ)ਮੈਂ ਬਹੁਤ ਵਾਰ ਸੁਣੀ ਹੈ ।ਕਾਲੇ ਤਵਿਆਂ ਦੇ ਯੁੱਗ ਵਿੱਚ ਇਹ ਰਿਕਾਰਡ ਲੱਗ ਭਗ ਹਰ ਵਿਆਹ ਦੇ ਸਮੇਂ ਰਾਤ ਵੇਲੇ ਅਕਸਰ ਹੀ ਸੁਣਿਆ ਜਾਂਦਾ ਸੀ। ਭਾਈ ਉਦੇ ਸਿੰਘ ( ਪਿੰਡ ਮੁੰਡੀਆਂ ਜ਼ਿਲਾ ਲੁਧਿਆਣਾ) ਦੀ ਲਿਖੀ ਤੇ ਪੇਸ਼ ਕੀਤੀ ਸੱਸੀ ਵਿੱਚ ਭਾਈ ਦਲੀਪ ਸਿੰਘ ਮਸਤ ਦੀ ਗਾਇਕੀ ਦਾ ਸਿਖ਼ਰ ਸੁਣਨ ਨੂੰ ਮਿਲਦਾ ਹੈ। ਇਸ ਗੀਤ ਵਿੱਚ ਸਾਰੰਗੀ ਮਾਸਟਰ ਵਜੋਂ ਭਾਈ ਅਵਤਾਰ ਸਿੰਘ ਮਲਸੀਹਾਂ (ਮਲਸੀਆਂ)ਦਾ ਨਾਮ ਸੁਣਦਾ ਹੈ। ਲੋਕ-ਗਾਥਾ ਸੱਸੀ ਦੀ ਵੰਨਗੀ ਇਕੱਲੇ ਭਾਈ ਦਲੀਪ ਸਿੰਘ ਮਸਤ ਵਲੋਂ ਜਿੰਨੀ ਉੱਚੀ ਤੇ ਮਿੱਠੀ ਸੁਰ ਵਿੱਚ ਗਾਈ ਇਸ ਗੀਤ ਵਿੱਚ ਸੁਣਾਈ ਦਿੰਦੀ ਹੈ ਉਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਤੇ ਇਹ ਕਰਿਸ਼ਮਾ ਭਾਈ ਦਲੀਪ ਸਿੰਘ ਮਸਤ ਦੇ ਨਾਮ ਬੋਲਦਾ ਹੀ ਰਹੇਗਾ। ਵਰਤਮਾਨ ਧਾਰਮਿਕ ਪ੍ਰਸੰਗਾਂ ਵਿੱਚ ਇਸ ਤਰਜ਼ ਨੂੰ ਢਾਡੀ ਰਾਗ ਸੱਸੀ ਕਹਿ ਕੇ ਗਾਉਣਾ ਵੀ ਸ਼ਾਇਦ ਏਥੋਂ ਹੀ ਪ੍ਰਚਲਤ ਹੋਇਆ ਹੋਵੇ ? ਸਾਰੰਗੀ ਮਾਸਟਰ ਰਾਗੀ ਅਜੀਤ ਸਿੰਘ ਵੀਹਵੀਂ ਸਦੀ ਦੇ ਪਿਛਲੇ ਅੱਧ ਤੋਂ ਇੱਕੀਵੀਂ ਸਦੀ ਦੇ ਮੁੱਢਲੇ ਸਾਲਾਂ ਤੱਕ ਢਾਡੀ ਕਲਾ ਦੇ ਖੇਤਰ ਵਿੱਚੋਂ ਰਣਾਂ ਦਾ ਜੇਤੂ ਹੈ। ਪਿੱਛੇ ਬੀਤੀ ਅੱਧੀ ਸਦੀ ਵਿੱਚ ਮੈਂ ਉਨ੍ਹਾਂ ਨੂੰ ਹਰ ਸਟੇਜ ਤੋਂ ਸੰਗਤਾਂ ਦੇ ਦਿਲਾਂ ਤੇ ਰਾਜ ਕਰਦੇ ਵੇਖਿਆ ਹੈ। ਮੈਂ ਰਾਗੀ ਅਜੀਤ ਸਿੰਘ ਜੀ ਨੂੰ ਮੇਰੇ ਪਿੰਡ ਭਮੱਦੀ ਵਿਖੇ ਗਿ:ਗੁਰਦੀਪ ਸਿੰਘ ਸਾਜਨ ਜੀ ਨਾਲ ਪਰੋਗਰਾਮ ਕਰਦਿਆਂ ਗੌਰ ਨਾਲ ਸੁਣਿਆ ਸੀ ।ਉਨ੍ਹਾਂ ਨੂੰ ਸਾਰੰਗੀ ਵਜਾਉਂਦਿਆਂ ਮੂਹਰੇ ਆਗੂ ਬਣਕੇ ਗਾਉਂਦਾ ਵੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ। ਉਨ੍ਹਾਂ ਨੇ ‘ਸਾਜਨ ” ਜੀ ਦਾ ਰਿਕਾਰਡ ਗੀਤ ‘ਵਾਹ ਮਤੀ ਦਾਸ ਬਲਵੀਰ ਨੇ” ਜਦੋਂ ਗਾਇਆ ਤਾਂ ਸਾਰੀ ਸੰਗਤ ਜਾਣੋ ਉਨ੍ਹਾਂ ਦੀ ਮੁਰੀਦ ਬਣ ਗਈ ਸੀ। ਰਾਤ ਨੂੰ ਬਿਜਲੀ ਦੇ ਬੱਲਬਾਂ ਦੇ ਚਾਨਣ ਵਿੱਚ ਉਨ੍ਹਾਂ ਦਾ ਲਾਲ ਭਖਦਾ ਗੋਰਾ ਚਿਹਰਾ, ਰਸਭਿੰਨੀ ਤੇ ਸੁਰੀਲੀ ਆਵਾਜ਼ ਉਨ੍ਹਾਂ ਨੂੰ ਸਰਵੋਤਮ ਐਲਾਨ ਕਰ ਗਈ ਸੀ। ਮੈਂ ਉਨ੍ਹਾਂ ਦਾ ਮੁਰੀਦ ਬਣ ਗਿਆ ਸੀ। ਭਾਈ ਅਮਰ ਸਿੰਘ ਚੱਕ 58 ਵਾਲਿਆਂ ਦੇ ਸ਼ਾਗਿਰਦ ਰਾਗੀ ਅਜੀਤ ਸਿੰਘ ਦੀ ਸਾਰੰਗੀ ਸਿਖਾਉਣ ਲਈ ਸਥਾਪਤ ਸੰਗੀਤਕ ਟਕਸਾਲ ਬਾ-ਦਸਤੂਰ ਜਾਰੀ ਹੈ। ਅੱਜ ਦੇ ਯੁੱਗ ਦੇ ਬਹੁਤ ਸਾਰੇ ਢਾਡੀ ਜੱਥਿਆਂ ਵਿੱਚ ਰਾਗੀ ਅਜੀਤ ਸਿੰਘ ਦੇ ਸ਼ਾਗਿਰਦ ਸਾਰੰਗੀ ਵਜਾਉਂਦੇ ਨਜ਼ਰ ਆਂਉਦੇ ਹਨ।ਰਾਗੀ ਅਜੀਤ ਸਿੰਘ ਦੀ ਆਪਣੀ ਇੱਕ ਵੱਖਰੀ ਪਹਿਚਾਣ ਰਹੀ ਹੈ ਤੇ ਰਹੇਗੀ। ਕਹਿੰਦੇ ਨੇ ਪੈਸਾ ਕਮਾਉਣ ਨਾਲੋਂ ਸਾਂਭਣਾ ਜਿਆਦਾ ਔਖਾ ਹੈ। ਰਾਗੀ ਅਜੀਤ ਸਿੰਘ ਨੇ ਪੈਸਾ ਤੇ ਸ਼ੁਹਰਤ ਦੋਵੇਂ ਕੇਵਲ ਕਮਾਏ ਹੀ ਨਹੀਂ ਸਗੋਂ ਸਾਂਭ ਕੇ ਵੀ ਵਿਖਾਏ ਹਨ। ਢਾਡੀ ਭਾਈ ਮਲਕੀਤ ਸਿੰਘ ਪੰਧੇਰ ਦੀ ਢਾਡੀ ਗਾਇਨ ਖੇਤਰ ਵਿੱਚ ਇੱਕ ਵੱਖਰੀ ਪਹਿਚਾਣ ਹੈ। ਢਾਡੀ ਕਲਾ ਦੀਆਂ ਰਵਾਇਤੀ ਵੰਨਗੀਆਂ ਦੀ ਗਾਇਨ ਸ਼ੈਲੀ ਵਿੱਚ ਪੰਧੇਰ ਸਾਹਿਬ ਵਧੇਰੇ ਨਿਪੁੰਨ ਸਨ।ਢੱਡ ਬਹੁਤ ਕਮਾਲ ਦੀ ਵਜਾਉਂਦੇ ਸਨ।ਸਟੇਜ ਤੇ ਰਿਦਮ ਪੂਰਾ ਭਰ ਕੇ ਤੇ ਬੰਨ ਕੇ ਰੱਖਦੇ ਸਨ। ਉਪਰੋਕਤ ਤਿੰਨਾਂ ਵਲੋਂ ਗਾਏ ਜੋੜੇ ਦੇ ਪੂਰਨ ਵਿੱਚ (ਪ੍ਰਸੰਗ ਮਹਾਰਾਣੀ ਜਿੰਦਾਂ )ਮਲਕੀਤ ਸਿੰਘ ਪੰਧੇਰ ਦੀ ਆਵਾਜ਼ ਅਪਣੀ ਵਿਲੱਖਣਤਾ ਦਰਸਾਉਂਦੀ ਹੈ ।ਪੱਥਰ ਦੇ ਇੱਕ ਕਾਲੇ ਤਵੇ ਤੇ ਮਲਕੀਤ ਸਿੰਘ ਪੰਧੇਰ ਦਾ ਨਾਮ ਛੱਪਿਆ ਮੈਂ ਖੁਦ ਪੜਿਆ ਹੈ। ਜੀਵਨ ਦੇ ਮਗਰਲੇ ਸਾਲਾਂ ਵਿੱਚ ਪੰਧੇਰ ਸਾਹਿਬ ਕਨੇਡਾ ਦੇ ਬੀ.ਸੀ.ਸੂਬੇ ਵਿੱਚ ਰਹੇ ।ਨਿਊਵੈਸਟ-ਮਨਿਸਟਰ ਦੇ ਗੁਰਦੁਆਰਾ ਸੁੱਖ-ਸਾਗਰ ਸਾਹਿਬ ਵਿੱਚ ਸੇਵਾ ਨਿਭਾਉਂਦੇ ਰਹੇ। ਬੀਤੇ ਵੇਲੇ ਦੀਆਂ ਯਾਦਾਂ ਵੀ ਸੁਣਾਉਂਦੇ ਸਨ ਤੇ ਵਰਤਮਾਨ ਢਾਡੀ ਸ਼ੈਲੀ ਦੀ ਨੁਕਤਾਚੀਨੀ ਵੀ ਕਰਦੇ ਸਨ। ਗੱਲ ਫਿਰ ਏਥੇ ਆ ਕੇ ਮੁਕਾ ਦਿੰਦੇ ਸਨ ਬਈ ਭਮੱਦੀ ਸਾਹਿਬ ਸਮੇ ਸਮੇਂ ਦੀ ਗੱਲ ਹੈ ਉਹ ਸਾਡਾ ਸਮਾਂ ਸੀ ਤੇ ਇਹ ਤੁਹਾਡਾ ਸਮਾਂ ਹੈ । ਤੁਸੀ ਮੈਨੂੰ ਸਤਿਕਾਰ ਦਿੰਦੇ ਹੋ ਜਿਉਂਦੇ ਰਹੋ ।ਉਹ ਕਨੇਡਾ ਪੱਕੇ ਨਾ ਹੋ ਸਕੇ। ਤੇ ਹੁਣ ਗੱਲ ਗਿ: ਦਇਆ ਸਿੰਘ ਦਿਲਬਰ ਸਾਹਿਬ ਜੀ ਦੀ। ਇਓਂ ਕਹਿ ਲਵੋ ਕਿ ਢਾਡੀ ਕਲਾ ਤੇ ਦਿਲਬਰ ਸਾਹਿਬ ਨੂੰ ਵੱਖ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਦਿਲਬਰ ਸਾਹਿਬ ਢਾਡੀ ਕਲਾ ਦੇ ਯੁੱਗ-ਪੁਰਸ਼ ਹਨ।ਆਪਣੇ ਢਾਡੀ ਜੀਵਨ ਕਾਲ ਵਿੱਚ ਦਿਲਬਰ ਸਾਹਿਬ ਸਿੱਖ ਸੰਗਤਾਂ ਦੇ ਦਿਲਾਂ ਦੇ ਬੇਹੱਦ ਕਰੀਬ ਰਹੇ। ਅਕਾਲ ਪੁਰਖ ਵਾਹਿਗੁਰੂ ਨੇ ਜੋ ਕੁੱਝ ਗਿਆਨੀ ਦਇਆ ਸਿੰਘ ਦਿਲਬਰ ਦੀ ਝੋਲੀ ਵਿੱਚ ਪਾਇਆ ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਦਿਲਬਰ ਸਾਹਿਬ ਜੀ ਨੇ ਪ੍ਰਸੰਗਾਂ ਵਿੱਚ ਬੋਲਣ ਵਾਲੇ ਸੰਵਾਦ ਲਿੱਖ ਕੇ ਯਾਦ ਕੀਤੇ ਹੋਏ ਸਨ। ਏਸੇ ਕਰਕੇ ਉਨ੍ਹਾਂ ਦੇ ਬੋਲੇ ਹੋਏ ਸ਼ਬਦ ਸ਼ੁੱਧਤਾ ਦੀ ਕਸਵੱਟੀ ਤੇ ਪੂਰੇ ਖ਼ਰੇ ਉਤਰਦੇ ਹਨ। ਉਹ ਇਕ ਵੀ ਲਫ਼ਜ਼ ਤਲਫ਼ਜ਼ ਨਹੀਂ ਸੀ ਬੋਲਦੇ। ਹਰ ਇੱਕ ਸ਼ਬਦ ਪੂਰਾ ਖ਼ਰਾ ਸੋਨਾ। ਦਿਲਬਰ ਸਾਹਿਬ ਜੀ ਦੀ ਆਵਾਜ਼ ਦੀ ਟਣਕ ਆਖੀਰ ਤੱਕ ਬਰਕਰਾਰ ਰਹੀ ।ਫਾਰਸੀ ਤੇ ਉਰਦੂ ਦੇ ਸ਼ਬਦਾਂ ਦਾ ਉਚਾਰਣ ਕਮਾਲ ਦਾ ਸੀ। ਵਾਰਤਿਕ ਦੇ ਬਹੁਤ ਰਸ ਉਨ੍ਹਾਂ ਦੇ ਲੈਕਚਰ ਵਿੱਚ ਸੁਣੇ ਜਾ ਸਕਦੇ ਹਨ। ਬੀਰ ਰਸ , ਵੈਰਾਗ ਰਸ, ਅਦਭੁੱਤ ਰਸ, ਕਰੁਣਾ ਰਸ ,ਸ਼ਿੰਗਾਰ ਰਸ, ਰੁਦਰ ਰਸ ਤੇ ਹਾਸ-ਰਸ ਬਿਆਨ ਕਰਨ ਵਿੱਚ ਦਿਲਬਰ ਸਾਹਿਬ ਦਾ ਕੋਈ ਸਾਨੀ ਨਹੀਂ। ਕੁਦਰਤ ਨੇ ਉਨ੍ਹਾਂ ਨੂੰ ਐਸੀ ਕਲਾ ਬਖ਼ਸੀ ਸੀ ਕਿ ਉਹ ਜੋ ਵੀ ਸ਼ਬਦ ਬੋਲਦੇ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਵੀ ਬਿੱਲਕੁਲ ਉਸੇ ਤਰ੍ਹਾਂ ਦੇ ਹੁੰਦੇ । ਸਿੱਖ ਕੌਮ ਲਈ ਉਹ ਲੰਮਾ ਸਮਾਂ ਜੇਲ੍ਹ ਵਿੱਚ ਵੀ ਰਹੇ। ਉਹ ਇਸ ਘਟਨਾ ਨੂੰ ਸਟੇਜ ਤੇ ਆਪਣੇ ਹੀ ਤਰੀਕੇ ਨਾਲ ਪੇਸ਼ ਕਰਦੇ ਸੀ।ਕਹਿੰਦੇ ਸਾਧ ਸੰਗਤ ਜੀ ਕੁਦਰਤ ਨੇ ਮੈਨੂੰ ਕਈ ਬਾਹਰਲੇ ਮੁਲਕਾਂ ਵਿੱਚ ਭੇਜਿਆ ਤੇ ਹੁਣ ਮੈਂ ਬਾਹਰਲੇ ਟੂਰਾਂ ਦੇ ਨਾਲ ਨਾਲ ਇੱਕ ਟੂਰ ਅੰਦਰ ਦਾ ਵੀ ਲਾ ਆਇਐਂ।ਭਾਵ ਜੇਲ੍ਹ ਜਾ ਆਇਐਂ। ਕੈਸੀ ਪੇਸ਼ਕਾਰੀ ਸੀ ਉਨ੍ਹਾਂ ਦੀ ਇਸਨੂੰ ਸ਼ਬਦਾਂ ਵਿੱਚ ਦੱਸਿਆ ਹੀ ਨਹੀਂ ਜਾ ਸਕਦਾ। ਉਪਰੋਕਤ ਸਾਥੀਆਂ ਤੋਂ ਬਿਨਾਂ ਦਿਲਬਰ ਸਾਹਿਬ ਨਾਲ ਕਿਸ਼ਨ ਸਿੰਘ ਮਹਿੰਦਪੁਰ ਕੁਲਦੀਪ ਸਿੰਘ ਤੇ ਕਰਮ ਸਿੰਘ ਹੋਰੀਂ ਵੀ ਰਹੇ । (ਕਿਤੇ ਅਲੱਗ ਗੱਲ ਕਰਾਂਗੇ) ।ਦਿਲਬਰ ਸਾਹਿਬ ਦੀਆਂ ਹੋਰ ਪਰਾਪਤੀਆਂ ਦਾ ਜ਼ਿਕਰ ਕਰਨ ਨੂੰ ਦਿਲ ਕਰਦੈ ।ਲਿਖ਼ਤ ਲੰਮੀ ਹੋ ਰਹੀ ਹੈ। 1979 ਵਿੱਚ ਪਟਿਆਲੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਜੀ ਵਿਖੇ ਹੋਏ ਪਹਿਲੇ ਇਨਾਮੀ ਢਾਡੀ ਦਰਬਾਰ ਵਿੱਚੋ ਦਿਲਬਰ ਸਾਹਿਬ ਨੇ ਪਹਿਲਾ ਇਨਾਮ ਜਿੱਤਿਆ ਸੀ ਮੈਂ ਓਥੇ ਸੰਗਤ ਵਿੱਚ ਮੌਜੂਦ ਸੀ । ਉਦੋਂ ਤੋਂ ਲੈ ਕੇ ਦਿਲਬਰ ਸਾਹਿਬ ਜੀ ਦੇ ਸਦਾ ਲਈ ਚਲੇ ਜਾਣ ਤੱਕ ਮੈ ਉਨ੍ਹਾਂ ਨੂੰ ਬੜੇ ਨੇੜੇ ਤੋਂ ਵੇਖਿਆ ਹੈ। ਸ਼ਰੋਮਣੀ ਢਾਡੀ ਪੁਰਸਕਾਰ ਨਾਲ ਨਿਵਾਜੇ ਗਏ ਬਾਪੂ ਦਇਆ ਸਿੰਘ ਦਿਲਬਰ ਜੀ ਦੀ ਬਾਤ ਇੱਕ ਵੱਖਰੇ ਲੇਖ ਵਿੱਚ ਪਾਵਾਂਗਾ। ਅੱਜ ਸਿਰਫ ਐਨਾ ਹੀ।
ਗਿ : ਤਰਲੋਚਨ ਸਿੰਘ ਭਮੱਦੀ (ਢਾਡੀ)
ਫੋਨ ਨੰਬਰ 9814700348
Author: Gurbhej Singh Anandpuri
ਮੁੱਖ ਸੰਪਾਦਕ