ਪਹਿਲੀ ਸਿੱਖ ਅੰਗਰੇਜ਼ ਲੜਾਈ ਤੋਂ ਬਾਅਦ, ਜਦ ਗੋਰਾਸ਼ਾਹੀ ਨੇ ਪੰਜਾਬ ਅੰਦਰ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਉਸ ਵਿਰੁਧ ਪੰਜਾਬੀਆਂ ਦੀ ਲਾਮ-ਬੰਦੀ ਕਰਨ ਦਾ ਸਿਹਰਾ ਭਾਈ ਮਹਾਰਾਜ ਸਿੰਘ (ਮੁਖੀ ਨੌਰੰਗਾਬਾਦੀ ਸੰਪਰਦਾ, ਜਿਸ ‘ਚੋਂ ਹੋਤੀ ਮਰਦਾਨ ਵਾਲੀ ਸੰਪਰਦਾ ਤੁਰੀ)ਦੇ ਸਿਰ ਬੱਝਦਾ ਹੈ। ਇਤਿਹਾਸ ਦੱਸਦਾ ਹੈ ਕਿ ਕੋਈ 20 ਦੇ ਕਰੀਬ ਸਿੱਖ ਸਰਦਾਰ, ਪਹਾੜੀ ਮੁਖੀਏ ਤੇ ਪੰਜਾਬ ਦੇ ਕਈ ਰਾਠ ਖਾਨਦਾਨਾਂ ਨੇ ਅੰਗਰੇਜ਼ਾਂ ਖਿਲਾਫ ਬਗਾਵਤ ਕੀਤੀ, ਜਿਸ ਵਿਚ, ਦੀਵਾਨ ਮੂਲ ਰਾਜ, ਸ.ਨਰਾਇਣ ਸਿੰਘ, ਰਾਜਾ ਪ੍ਰਮੋਦ ਚੰਦਰ ਕਟੋਚ, ਰਾਜਾ ਜਗਤ ਚੰਦ, ਮੀਆਂ ਰਾਮ ਸਿੰਘ ਨੂਰਪੁਰੀਆ, ਬਾਬਾ ਬਿਕਰਮ ਸਿੰਘ ਬੇਦੀ, ਸ.ਚਤਰ ਸਿੰਘ ਅਟਾਰੀ, ਸ.ਸ਼ੇਰ ਸਿੰਘ ਅਟਾਰੀ, ਦੀਵਾਨ ਹਾਕਮ ਰਾਇ ਆਦਿ ।
ਦੂਸਰੀ ਜੰਗ ਹਾਰਨ ਤੋਂ ਬਾਅਦ ਭਾਈ ਮਹਾਰਾਜ ਸਿੰਘ ਟਿਕ ਕੇ ਨਹੀ ਬੈਠੇ,ਸਗੋਂ ਉਨ੍ਹਾਂ ਨੇ ਹੋਰ ਰਣਨੀਤੀਆਂ ਘੜ੍ਹਨੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿਚ ਮਹਾਰਾਜ ਦਲੀਪ ਸਿੰਘ ਅੰਗਰੇਜ਼ਾਂ ਦੀ ਨਜ਼ਰਸਾਨੀ ‘ਚੋਂ ਬਾਹਰ ਕੱਢਣਾ, ਵੱਡੇ ਵੱਡੇ ਜਾਗੀਰਦਾਰਾਂ ਤੇ ਅਹਿਲਕਾਰਾਂ ਨੂੰ ਬਗਾਵਤ ਲਈ ਪ੍ਰਰੇਨਾ, ਅੰਗਰੇਜ਼ਾਂ ਵਿਰੁਧ ਮੁਸਲਿਮਾਂ ਦਾ ਸਾਥ ਲੈਣ ਲਈ ਉਤਰ ਪੱਛਮ ਦੇ ਪਠਾਣਾਂ ਤੇ ਕਾਬਲ ਦੇ ਅਮੀਰਾਂ ਨਾਲ ਸੰਪਰਕ ਗੰਢਣਾ, ਗੁਰੀਲਾ ਜੰਗ ਦੀ ਨੀਤੀ ਅਪਣਾ ਸਰਕਾਰੀ ਖਜ਼ਾਨੇ ਲੁਟਣੇ ਆਦਿ ਸਨ। ਆਪਣੀਆਂ ਇਨ੍ਹਾਂ ਯੋਜਨਾਵਾਂ ਦੀ ਪੂਰਤੀ ਲਈ ਭਾਈ ਮਹਾਰਾਜ ਸਿੰਘ ਨੇ ਪੂਰੇ ਪੰਜਾਬ ਦਾ ਦੌਰਾ ਕੀਤਾ ਤੇ ਬਗਾਵਤ ਲਈ ਲੋਕਾਂ ਨੂੰ ਭਾਰੀ ਹਲੂਣਾ ਦਿੱਤਾ । ਲੋਕ ਆਪਦਾ ਬਹੁਤ ਸਤਿਕਾਰ ਕਰਦੇ ਸਨ।
ਭਾਈ ਸਾਬ੍ਹ ਨੂੰ ਦਸੰਬਰ 1849 ‘ਚ ਜਲੰਧਰ ਜਿਲ੍ਹੇ ‘ਚੋਂ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਗਿਆ, ਉਨ੍ਹਾਂ ਦੁਆਰਾ ਮਿੱਥੇ ਬਗਾਵਤ ਦੇ ਦਿਨ ਤੋਂ ਮਹਿਜ 6 ਦਿਨ ਪਹਿਲ੍ਹਾਂ ….ਹਲਾਤਾਂ ਨੂੰ ਦੇਖਦਿਆਂ, ਉਨ੍ਹਾਂ ਨੂੰ ਜਲੰਧਰ ਤੋਂ ਅੰਬਾਲੇ ਭੇਜਿਆ ਗਿਆ ।ਉਨ੍ਹਾ ਨੂੰ ਕਈ ਦਿਨ ਭੁੱਖੇ ਰੱਖੇ ਗਿਆ । ਅੰਬਾਲਾ ਤੋਂ ਇਲਾਹਾਬਾਦ ਤੇ ਫਿਰ ਕਲਕੱਤੇ ਭੇਜਿਆ ਗਿਆ । ਜਿੱਥੇ ਵਿਲੀਅਮ ਫੋਰਟ ‘ਚ ਕੈਦ ਰੱਖਿਆ ਗਿਆ । ਇਥੋਂ ਮੁਹੰਮਸ਼ਾਹ ਨਾਮੀ ਸਮੁੰਦਰੀ ਜਹਾਜ਼ ਰਾਹੀਂ ਸਿੰਘਾਪੁਰ ਭੇਜਿਆ ਗਿਆ । ਕੈਦਖਾਨੇ ‘ਚ ਭਾਈ ਮਹਾਰਾਜ ਸਿੰਘ ਨਾਲ ਬਹੁਤ ਘਟੀਆ ਵਰਤਾਉ ਕੀਤਾ ਗਿਆ । ਤਾਜ਼ੀ ਹਵਾ ਤੇ ਘਟੀਆ ਰੋਟੀ ਪਾਣੀ ਕਾਰਨ ਆਪ 4-5 ਸਾਲਾਂ ‘ਚ ਸਿਹਤ ਪੱਖੋਂ ਕਾਫੀ ਕੰਮਜ਼ੋਰ ਹੋ ਗਏ । ਸਿਹਤ ਖ਼ਰਾਬ ਰਹਿਣ ਲੱਗੀ। ਰੱਬੀ ਬਾਣੀ ਦੇ ਓਟ ਆਸਰੇ ‘ਚ ਆਪ ਇਸ ਚੀਜ਼ ਦੀ ਘੱਟ ਹੀ ਪ੍ਰਵਾਹ ਕਰਦੇ।ਆਪ ਨੇ ਕਦੇ ਵੀ ਅੰਗਰੇਜ਼ਾਂ ਅੱਗੇ ਕੋਈ ਸਵਾਲ ਪਾ ਆਪਣੀ ਕੰਮਜ਼ੋਰੀ ਨਹੀ ਦਿਖਾਈ (ਇਸਦੇ ਉਲਟ, ਤਿਲਕ, ਸਵਾਰਕਾਰ, ਲਾਲਾ ਲਾਜਪਤ ਰਾਏ,ਲਾਲਾ ਹਰਦਿਆਲ, ਵਾਜਪਾਈ ਆਦਿ ਜਿਨ੍ਹਾਂ ਨੂੰ ਬਹੁਤ ਉਪਰ ਚੁਕਿਆ ਜਾ ਰਿਹਾ ਹੈ, ਉਨ੍ਹਾਂ ਗੋਰਿਆਂ ਤੋਂ ਮੁਆਫੀਆਂ ਵੀ ਮੰਗੀਆਂ ਤੇ ਆਪਣੀਆਂ ਲੋੜਾਂ ਲਈ ਸਵਾਲ ਵੀ ਪਾਏ ਭਾਵ ਬੇਨਤੀਆਂ ਕੀਤੀਆਂ) । ਕੈਦ ਅੰਦਰ ਹੀ ਬਾਬਾ ਜੀ ਦੀ ਅੱਖਾਂ ਦੀ ਜੋਤ ਚਲੀ ਗਈ ਤੇ ਕੈਂਸਰ ਵਰਗੀ ਨਾ-ਮੁਰਦਾ ਬਿਮਾਰੀ ਨੇ ਆਪ ਨੂੰ ਜਕੜ ਲਿਆ, ਇਸਦੇ ਬਾਵਜੂਦ ਵੀ ਗੁਰਬਾਣੀ ਪ੍ਰੇਮ ਸਦਕਾ ਆਪ ਚੜ੍ਹਦੀਕਲਾ ਵਿਚ ਸਨ। ਅਖ਼ੀਰ ਇਥੇ ਸਿੰਘਾਪੁਰ ਵਿਚ ਭਾਈ ਮਹਾਰਾਜ ਸਿੰਘ ਜੀ 5 ਜੁਲਾਈ 1856 ਈਸਵੀ ਨੂੰ ਆਖ਼ਰੀ ਫ਼ਤਹ ਬੁਲਾ ਗਏ। ਉਨ੍ਹਾਂ ਦੀ ਯਾਦ ‘ਚ ਉਥੇ ਸ਼ਾਨਦਾਰ ਗੁਰੂਘਰ ਬਣਿਆ ਹੋਇਆ ।
ਬਾਬਾ ਜੀ ਕੀ ਸਨ ਅੰਗਰੇਜ਼ਾਂ ਦੀ ਜ਼ੁਬਾਨੋ ਸੁਣੋ
ਮਿ. ਵੈਨਸਿੱਟਰਟ ਜਲੰਧਰ ਦਾ ਡਿਪਟੀ ਕਮਿਸ਼ਨਰ ਲਿਖਦਾ ਹੈ ” ਇਹ ਮੰਨ ਲੈਣ ਯੋਗ ਹੋਵੇਗਾ ਕਿ ਜੇ ਮਹਾਰਾਜ ਦੁਆਬੇ ਵਿਚ ਆਪਣੇ ਤਿੰਨ ਹਫਤਿਆਂ ਦੀ ਰਹਾਇਸ਼ ਦੌਰਾਨ ਇੰਨੀ ਉਤੇਜਨਾ ਪੈਦਾ ਕਰ ਸਕਦੇ ਹਨ ਤਾਂ ਜ਼ਿਆਦਾ ਗੜਬੜੀ ਵਾਲੇ ਇਲਾਕੇ ਮਾਝੇ ਵਿਚ, ਜਿੱਥੇ ਉਹ ਮਹੀਨਿਆਂ ਬੱਧੀ ਰਹੇ ਅਤੇ ਜਿਸ ਇਲਾਕੇ ਨਾਲ ਉਹਨ੍ਹਾਂ ਦਾ ਕਾਫੀ ਸਬੰਧ ਸੀ, ਉਥੇ ਹੋਣ ਵਾਲਾ ਸੰਘਰਸ਼ ਬਹੁਤ ਤੇਜ਼ ਹੋਣਾ ਸੀ…….ਗੁਰੂ ਜੀ(ਭਾਈ ਮਹਾਰਾਜ ਸਿੰਘ) ਇਕ ਸਧਾਰਨ ਆਦਮੀ ਨਹੀਂ ਸੀ, ਉਹ ਲੋਕਾਂ ਲਈ ਉਹ ਹੀ ਕੁਝ ਸਨ ਜੋ ਮਸੀਹ ਈਸਾਈਆਂ ਲਈ ਸਨ। ਉਹਨ੍ਹਾਂ ਦੇ ਕਾਰਨਾਮੇ ਹਜ਼ਾਰਾਂ ਲੋਕਾਂ ਨੇ ਅੱਖੀਂ ਦੇਖੇ ਅਤੇ ਨਿਰ ਸੰਦੇਹ ਇਨ੍ਹਾਂ ਉਪਰ ਪੁਰਾਤਨ ਪੈਗੰਬਰਾਂ ਵਲੋਂ ਕੀਤੇ ਕਾਰਨਾਮਿਆਂ ਤੋਂ ਜ਼ਿਆਦਾ ਵਿਸ਼ਵਾਸ਼ ਕੀਤਾ ।”
ਦੁਆਬੇ ਦੇ ਕਮਿਸ਼ਨਰ ਮਕਲਿਓਡ ਦਾ ਕਥਨ, ” ਮੈਨੂੰ ਇਹ ਯਕੀਨ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ( ਭਾਈ ਮਹਾਰਾਜ ਸਿੰਘ) ਕਈਆਂ ਪੱਖਾਂ ਤੋਂ ਇਕ ਅਦੁੱਤੀ ਮਨੁੱਖ ਸਨ। ਉਹ ਮਹਾਨ ਸੂਝ ਬੂਝ ਅਤੇ ਅਤਾਮ ਨਿਰਭਰਤਾ ਦੇ ਮਾਲਕ ਸਨ ਅਤੇ ਇਨ੍ਹਾਂ ਗੁਣਾਂ ਦਾ ਉਨ੍ਹਾਂ ਵਿਖਾਵਾ ਵੀ ਕੀਤਾ ਅਤੇ ਜਿਵੇਂ ਕਿ ਉਹਨ੍ਹਾਂ ਦੇ ਸ਼ਰਧਾਲੂ ਦੱਸਦੇ ਹਨ ਕਿ ਗੁਰੂ ਜੀ ਹੱਦ ਤੋਂ ਜ਼ਿਆਦਾ ਸੰਕੋਚੀ ਤੇ ਗੰਭੀਰ ਸਨ,ਇਥੋਂ ਤਕ ਕਿ ਉਨ੍ਹਾਂ ਦੇ ਇਰਾਦਿਆਂ ਜਾਂ ਤਜਵੀਜ਼ਾਂ ਦਾ ਉਨ੍ਹਾਂ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਨੂੰ ਪੂਰਾ ਪੂਰਾ ਪਤਾ ਨਹੀ ਸੀ ਹੁੰਦਾ ਜਦ ਤਕ ਕਿ ਉਹਨ੍ਹਾਂ ਦਾ ਕੋਈ ਵਿਸ਼ੇਸ਼ ਸਿੱਟਾ ਨਾ ਨਿਕਲ ਜਾਂਦਾ। ……..ਲਗਭਗ ਸਾਰੇ ਬਿਆਨਾਂ ਵਿਚ ਗੁਰੂ ਜੀ ਦੀ ਦੂਰ ਅੰਦੇਸ਼ੀ ਅਤੇ ਯੋਜਨਾਵਾਂ ਬਣਾਉਣ ਦੀ ਨਿਪੁੰਨਤਾ ਸਪੱਸ਼ਟ ਦਿਖਾਈ ਦਿੰਦੀ ਹੈ ਅਤੇ ਇਹ ਗੁਣ ਹੀ ਹੈ ਜਿਸ ਨੇ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਪ੍ਰਸਿਧੀ ਬਖ਼ਸ਼ੀ।”……………..ਬਾਬਾ ਜੀ ਗ੍ਰਿਫਤਾਰੀ ਦੇ ਮਹੱਤਵ ਨੂੰ ਪ੍ਰਗਟ ਕਰਦਿਆਂ ਮਕਲਿਓਡ ਕਹਿੰਦਾ ਹੈ ” ਇਤਨੀਆਂ ਸਖ਼ਤ ਬਗਾਵਤਾਂ ਹੁੰਦੀਆਂ ਜੋ ਉਸਦੇ ਕਹਿਣ ਮੁਤਾਬਕ ਭਾਂਵੇ ਦਬਾ ਦਿੱਤੀਆਂ ਜਾਂਦੀਆਂ ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ । ” ਭਾਵ ਜੇ ਭਾਈ ਮਹਾਰਾਜ ਸਿੰਘ ਗ੍ਰਿਫਤਾਰ ਨ ਹੁੰਦੇ ਤਾਂ ਪੰਜਾਬ ਅੰਗਰੇਜ਼ਾਂ ਥੱਲੋਂ ਨਿਕਲ ਜਾਣਾ ਸੀ।
ਸਿਜਦਾ ਮਹਾਨ ਸਿੱਖ ਆਜ਼ਾਦੀ ਘੁਲਾਟੀਏ ਨੂੰ, ਜੋ ਵਿਦੇਸ਼ੀ ਧਰਤ ਤੇ ਖਾਲਸਾ ਰਾਜ ਦੀ ਮੁੜ ਪ੍ਰਾਪਤੀ ਦੀ ਤਾਂਘ ਰੱਖ , ਅਰਦਾਸ ਕਰ ਸਦੀਵੀ ਨੀਂਦ ਸੌਂ ਗਿਆ।
Author: Gurbhej Singh Anandpuri
ਮੁੱਖ ਸੰਪਾਦਕ