ਜੇ ਸੁਖਬੀਰ ਬਾਦਲ ਨੂੰ ਮਾਫੀ ਦਿੱਤੀ ਤਾਂ ਕੌਮ ਜਥੇਦਾਰਾਂ ਨੂੰ ਬਖਸ਼ੇਗੀ ਨਹੀਂ : ਭਾਈ ਗੋਪਾਲਾ/ਰਣਜੀਤ ਸਿੰਘ
ਅੰਮ੍ਰਿਤਸਰ, 5 ਅਗਸਤ ( ਨਜਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਦਿੱਤੀ ਤਾਂ ਕੌਮ ਜਥੇਦਾਰਾਂ ਨੂੰ ਬਖਸ਼ੇਗੀ ਨਹੀਂ, ਸਾਬਕਾ ਜਥੇਦਾਰ ਗੁਰਬਚਨ ਸਿੰਘ ਵਾਂਗ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਕੌਮ ਉਹਨਾਂ ਦਾ ਜਲੂਸ ਕੱਢ ਦੇਵੇਗੀ। ਜੇਕਰ ਸੁਖਬੀਰ ਸਿੰਘ ਬਾਦਲ ਨੂੰ ਰੱਤਾ ਜਿੰਨੀ ਵੀ ਰਾਹਤ ਦਿੱਤੀ ਤਾਂ ਸਾਡੀਆਂ ਕਿਰਪਾਨਾਂ ਮਿਆਨ ਤੋਂ ਬਾਹਰ ਆ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਮੌਜੂਦਾ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲਾਂ ਨੂੰ ਬਚਾਉਂਦੇ ਬਚਾਉਂਦੇ ਕਿਤੇ ਗਿਆਨੀ ਰਘਬੀਰ ਸਿੰਘ ਆਪਣਾ ਹਾਲ ਗਿਆਨੀ ਗੁਰਬਚਨ ਸਿੰਘ ਵਾਲਾ ਨਾ ਕਰਵਾ ਲੈਣ, ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲ ਦੇ ਦੋਸ਼ੀ ਆਗੂਆਂ ਨੂੰ ਖਾਲਸਾ ਪੰਥ ਵਿੱਚੋਂ ਤੁਰੰਤ ਛੇਕਣ। ਦੋਵਾਂ ਆਗੂਆਂ ਨੇ ਕਿਹਾ ਕਿ ਹੁਣ ਤਾਂ ਸੁਖਬੀਰ ਸਿੰਘ ਬਾਦਲ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇ ਪੱਤਰ ਰਾਹੀਂ ਆਪਣੇ ਗੁਨਾਹ, ਕਾਰੇ ਮੰਨਣੇ ਸ਼ੁਰੂ ਕਰ ਦਿੱਤੇ ਹਨ, ਸ਼੍ਰੋਮਣੀ ਕਮੇਟੀ ਨੇ ਵੀ ਮੰਨ ਲਿਆ ਹੈ ਕਿ ਉਹਨਾਂ ਨੇ ਡੇਰਾ ਸਿਰਸਾ ਮੁਖੀ ਦੀ ਮਾਫੀ ਨੂੰ ਸਹੀ ਠਹਿਰਾਉਣ ਲਈ 95 ਲੱਖ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਵਿੱਚੋਂ ਦਿੱਤੇ ਸਨ। ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਨੇ ਵੀ ਇਹਨਾਂ ਦੀਆਂ ਕਰਤੂਤਾਂ ਜਾਹਰ ਕਰ ਦਿੱਤੀਆਂ ਹਨ। ਜੋ ਕੁਝ ਸੰਗਤ ਕਹਿੰਦੀ ਸੀ ਓਹੀ ਕੁਝ ਹੁਣ ਬਾਦਲਾਂ ਤੋਂ ਬਾਗੀ ਹੋਇਆ ਧੜਾ ਵੀ ਕਬੂਲ ਕਰ ਚੁੱਕਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਲ ਬਾਦਲ ਕਿਵੇਂ ਪੰਥ ਵਿਰੁੱਧ ਭੁਗਤਦਾ ਰਿਹਾ। ਇਹਨਾਂ ਦੇ ਗੁਨਾਹ, ਕਾਰੇ, ਪਾਪ ਹਰਗਿਜ ਬਖਸ਼ਣਯੋਗ ਨਹੀਂ ਹਨ। ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਔਰੰਗਜ਼ੇਬ, ਵਜ਼ੀਰ ਖਾਂ, ਪਹਾੜੀ ਰਾਜੇ, ਫ਼ਰੁਖ਼ਸੀਅਰ, ਜ਼ਕਰੀਆ ਖ਼ਾਂ, ਮੀਰ ਮੰਨੂ, ਮੱਸਾ ਰੰਘੜ, ਅਬਦਾਲੀ, ਲਖਪਤ ਰਾਏ, ਜਨਰਲ ਡਾਇਰ, ਇੰਦਰਾ ਗਾਂਧੀ, ਦਰਬਾਰਾ ਸਿਹੁੰ, ਕੇ.ਪੀ.ਐੱਸ. ਗਿੱਲ ਤੇ ਬੇਅੰਤ ਸਿਹੁੰ ਨਾਲੋਂ ਵੀ ਵੱਧ ਕੇ ਸਿੱਖੀ ਅਤੇ ਸਿੱਖਾਂ ਦਾ ਨੁਕਸਾਨ ਕੀਤਾ। ਬਾਦਲਾਂ ਨੇ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਉੱਚ ਅਹੁਦੇ ਦਿੱਤੇ, ਪੰਜਾਬ ‘ਚ ਭਾਜਪਾ ਨੂੰ ਮਜ਼ਬੂਤ ਕੀਤਾ, ਦੇਹਧਾਰੀ-ਗੁਰੂਡੰਮ੍ਹ ਨੂੰ ਉਤਸ਼ਾਹਿਤ ਕੀਤਾ, ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਡੋਬ ਦਿੱਤੀ ਤੇ ਕਿਸਾਨ ਕਰਜ਼ਈ ਕਰ ਦਿੱਤੇ। ਬਾਦਲ ਦੇ ਰਾਜ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ, ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲ਼ੀਆਂ ਮਰਵਾਈਆਂ, ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਤੇ ਉਸ ਦੇ ਚੇਲਿਆਂ ਨੂੰ ਬਚਾਇਆ, ਬਲਾਤਕਾਰੀ ਅਸਾਧ ਨੂੰ ਜਥੇਦਾਰਾਂ ਤੋਂ ਬਿਨ-ਮੰਗੀ ਮੁਆਫ਼ੀ ਦਿਵਾਈ, ਪੰਜ ਪਿਆਰਿਆਂ ਨੂੰ ਬਰਖ਼ਾਸਤ ਕੀਤਾ, ਹੁਕਮਨਾਮਿਆਂ ਦੀ ਮਹਾਨ ਪ੍ਰੰਪਰਾ ਨੂੰ ਰੋਲਿਆ, ਬੰਦੀ ਸਿੰਘਾਂ ਨੂੰ ਅੱਤਵਾਦੀ ਤੇ ਕਾਤਲ ਕਿਹਾ। ਬਾਦਲਾਂ ਨੇ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਹਰਮੰਦਰ ਸਿੰਘ ਡੱਬਵਾਲੀ, ਭਾਈ ਗੁਰਦੀਪ ਸਿੰਘ ਮਨਸੂਰਦੇਵਾ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਦਰਸ਼ਨ ਸਿੰਘ ਲੁਹਾਰਾ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਸੋਹਣ ਸਿੰਘ ਅਤੇ ਭਾਈ ਕੁਲਵੰਤ ਸਿੰਘ ਵਰਪਾਲ ਆਦਿ ਨੂੰ ਸ਼ਹੀਦ ਕਰਵਾਇਆ ਅਤੇ ਅਨੇਕਾਂ ਪੰਥ-ਪ੍ਰਸਤਾਂ ਨੂੰ ਜੇਲ੍ਹੀਂ ਡੱਕਿਆ। ‘ਰਾਜ ਨਹੀ ਸੇਵਾ’ ਦੇ ਮਹਾਂ ਪਖੰਡ ਦੀ ਆੜ ਵਿੱਚ ਨਸ਼ਿਆਂ ਦੇ ਕਹਿਰ, ਅੰਨਦਾਤਿਆਂ ਦੀਆਂ ਖੁਦਕੁਸ਼ੀਆਂ, ਸਿਰੇ ਦਾ ਭ੍ਰਿਸ਼ਟਾਚਾਰ, ਗੁੰਡਾਗਰਦੀ, ਫ਼ਿਰਕਾਪ੍ਰਸਤੀ ਤੇ ਬੇਰੁਜ਼ਗਾਰੀ ਜਿਹੇ ਦਰਦਨਾਕ ਤੋਹਫ਼ੇ ਸਾਡੇ ਝੋਲ਼ੀ ਵਿੱਚ ਬਾਦਲਾਂ ਨੇ ਪਾਏ ਸਨ।
Author: Gurbhej Singh Anandpuri
ਮੁੱਖ ਸੰਪਾਦਕ