Home » ਕਰੀਅਰ » ਸਿੱਖਿਆ » ਸ਼ੁੱਧ ਉਚਾਰਨ ਸਮੇਂ ਬਿੰਦੀ, ਅੱਧਕ, ਪੈਰ ਵਿਚ ਹ, ਆਦਿ ਦਾ ਉਚਾਰਨ ਲੋੜ ਅਨੁਸਾਰ ਕਿਉਂ ਕਰਨਾ ਜ਼ਰੂਰੀ ਹੈ ?

ਸ਼ੁੱਧ ਉਚਾਰਨ ਸਮੇਂ ਬਿੰਦੀ, ਅੱਧਕ, ਪੈਰ ਵਿਚ ਹ, ਆਦਿ ਦਾ ਉਚਾਰਨ ਲੋੜ ਅਨੁਸਾਰ ਕਿਉਂ ਕਰਨਾ ਜ਼ਰੂਰੀ ਹੈ ?

48 Views

ਸ਼ੁੱਧ ਉਚਾਰਨ ਸਮੇਂ ਬਿੰਦੀ, ਅੱਧਕ, ਪੈਰ ਵਿਚ ਹ, ਆਦਿ ਦਾ ਉਚਾਰਨ ਲੋੜ ਅਨੁਸਾਰ ਕਿਉਂ ਕਰਨਾ ਜ਼ਰੂਰੀ ਹੈ ?
ਲੇਖਕ : ਗੁਰਪੁਰੀਵਾਸੀ ਪ੍ਰਿੰਸੀਪਲ ਹਰਿਭਜਨ ਸਿੰਘ ਜੀ
(ਮੋਢੀ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ)

ਗੁਰਬਾਣੀ ਨਿਰੰਕਾਰ ਦਾ ਸਰੂਪ ਹੈ। ਇਸ ਵਿਚ ਅਕਾਲ ਪੁਰਖ ਵਾਹਿਗੁਰੂ ਦਾ ਸੰਦੇਸ਼ ਹੈ। ਗੁਰੂ ਸਾਹਿਬਾਨ ਨੇ ਜਗਤ ਜਲੰਦੇ ਨੂੰ ਸ਼ਾਂਤੀ ਦੇਣ, ਭੁੱਲੜ ਤੇ ਅਗਿਆਨੀ ਲੋਕਾਂ ਨੂੰ ਸਿੱਧੇ ਮਾਰਗ ਪਾਉਣ ਲਈ ਗੁਰਬਾਣੀ ਉਚਾਰਨ ਕੀਤੀ ਹੈ। ਹਰ ਇਕ ਗੁਰਸਿੱਖ ਦਾ ਫਰਜ ਹੈ ਕਿ ਉਹ ਆਪਣੇ ਦੇਸ਼ ਤੇ ਦੁਨੀਆ ਦੇ ਦੂਜੇ ਦੇਸ਼ਾਂ ਅੰਦਰ ਗੁਰਬਾਣੀ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਨ ਵਾਸਤੇ ਪੂਰੀ ਤਰ੍ਹਾਂ ਦਿਲੋਂ ਲਗਾ ਕੇ ਕੋਸਿਸ਼ ਕਰੇ, ਤਾਂ ਕਿ ਆਤਮਕ ਤੇ ਸਰੀਰਕ ਸੁਖ ਦੇਣ ਵਾਲੀ ਰੱਬੀ ਬਾਣੀ ਤੋਂ ਦੂਸਰੇ ਲੋਕ ਭੀ ਲਾਭ ਪ੍ਰਾਪਤ ਕਰ ਸਕਣ। ਇਸ ਲਈ ਜ਼ਰੂਰੀ ਹੈ ਕਿ ਇਸ ਗੱਲ ਦਾ ਧਿਆਨ ਰੱਖ ਕੇ ਖੋਜ ਕੀਤੀ ਜਾਵੇ ਕਿ ਜਿਸ ਸੁਚੱਜੇ ਢੰਗ ਨਾਲ ਅਜਿਹੀ ਸੁੰਦਰ ਤੇ ਮਨ ਨੂੰ ਮੋਹਣ ਵਾਲੀ ਬਾਣੀ ਲਿਖੀ ਗਈ ਹੈ, ਉਹ ਅਸੂਲ ਤੇ ਨਿਯਮ ਗੁਰਬਾਣੀ ਵਿਚੋਂ ਖੋਜੇ ਜਾਣ ਤੇ ਉਸੇ ਅਨੁਸਾਰ ਸ਼ਬਦਾਂ ਦਾ ਸ਼ੁੱਧ ਉਚਾਰਨ ਤੇ ਅਰਥ ਕੀਤੇ ਜਾਣ। ਜੇ ਅਸੀਂ ਗੁਰਬਾਣੀ ਵਿਆਕਰਣ ਦੇ ਨਿਯਮਾਂ ਦੀ ਜਾਣਕਾਰੀ ਪ੍ਰਾਪਤ ਕਰ ਲਈਏ ਤਾਂ ਉਚਾਰਨ ਵਿਚ ਕਠਿਨਾਈ ਨਹੀਂ ਆ ਸਕਦੀ।

ਵਿਆਕਰਣ ਕੀ ਹੁੰਦੀ ਹੈ? ਇਸਦਾ ਅਰਥ ਹੈ, ਸ਼ਬਦਾਂ ਦੇ ਸ਼ੁੱਧ ਸਰੂਪ ਲਿਖਣ ਤੇ ਉਨ੍ਹਾਂ ਦੇ ਸਹੀ ਅਰਥ ਕਰਨ ਦੇ ਨਿਯਮ: ਸ਼ਬਦ ਕਿਸ ਤਰ੍ਹਾਂ ਸ਼ੁੱਧ ਲਿਖੇ ਜਾਂਦੇ ਹਨ ਤੇ ਉਨ੍ਹਾਂ ਦਾ ਸਹੀ ਉਚਾਰਨ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ?

ਗੁਰਬਾਣੀ ਮੰਤਰਾਂ, ਜੰਤਰਾਂ, ਤੰਤਰਾਂ ਵਾਂਗ ਪੜ੍ਹ ਕੇ ਵਰਤੋਂ ਕਰਨ ਲਈ ਨਹੀਂ ਸਗੋਂ ਉਸ ਵਿਚ ਦੱਸੀ ਗਈ ਗੁਰਮਤਿ ਉੱਪਰ ਸੋਚ ਸਮਝ ਕੇ ਅਮਲ ਕਰਨ ਲਈ ਹੈ। ਸਹੀ ਅਰਥ ਤਦ ਹੀ ਹੋ ਸਕਦੇ ਹਨ ਜੇ ਗੁਰਬਾਣੀ ਦਾ ਉਚਾਰਨ ਸ਼ੁੱਧ ਹੋਵੇ।

ਗੁਰਬਾਣੀ ਦੀ ਲਿਖਾਈ ਅੰਦਰ ਇਹ ਨਿਯਮ ਵਰਤਿਆ ਗਿਆ ਹੈ ਕਿ ਸ਼ਬਦਾਂ ਨੂੰ ਇਕ ਥਾਂ ਤੇ ਬਿੰਦੀ ਸਹਿਤ ਤੇ ਦੂਜੀ ਥਾਂ ਉਹਨਾਂ ਹੀ ਸ਼ਬਦਾਂ ਨੂੰ ਬਿਨਾਂ ਬਿੰਦੀ ਲਗਾਏ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਸ਼ਬਦਾਂ ਦੇ ਪੈਰ ਵਿਚ ‘ਹ’ ਇਕ ਥਾਂ ਤੇ ਸ਼ਬਦਾਂ ਨਾਲ ਲਗਾਇਆ ਗਿਆ ਹੈ ਪਰ ਦੂਸਰੀ ਥਾਂ ਤੇ ਨਹੀਂ। ਇਵੇਂ ਹੀ ਟਿੱਪੀ ਬਾਰੇ ਕੀਤਾ ਗਿਆ ਹੈ। ਗੁਰੂ ਜੀ ਨੇ ਐਸੀ ਅਗਵਾਈ, ਸ਼ਬਦਾਂ ਦੇ ਸ਼ੁੱਧ ਉਚਾਰਨ ਵਿਚ ਕਰ ਦਿੱਤੀ ਹੈ ਕਿ ਸ਼ਬਦਾਂ ਨੂੰ ਸ਼ੁੱਧ ਉਚਾਰਨ ਸਮੇਂ ਬਿੰਦੀ, ਟਿੱਪੀ, ਅੱਧਕ ਤੇ ਪੈਰ ਵਿਚ ‘ਹ’ ਲੋੜ ਅਨੁਸਾਰ ਲਗਾ ਲਿਆ ਜਾਵੇ। ਐਸਾ ਇਸ ਲਈ ਕੀਤਾ ਗਿਆ ਹੈ ਕਿ ਅਸੀਂ ਗੁਰਬਾਣੀ ਨੂੰ ਸੋਚ ਸਮਝ ਕੇ ਸੂਝ-ਬੂਝ ਨਾਲ ਅਕਲ ਸਹਿਤ ਪੜ੍ਹੀਏ ਤੇ ਧਿਆਨ ਨਾਲ ਪੜ੍ਹ ਕੇ ਅਰਥਾਂ ਦੀ ਸੋਝੀ ਕਰ ਸਕੀਏ।

ਕੁਝ ਭੋਲੇ-ਭਾਲੇ ਸ਼ਰਧਾਲੂ ਸੱਜਣ ਗੁਰਬਾਣੀ ਦਾ ਸ਼ੁੱਧ ਉਚਾਰਨ ਇਸ ਲਈ ਨਹੀਂ ਕਰਦੇ ਕਿ ਕਿਤੇ ਆਪਣੇ ਕੋਲੋਂ ਕੋਈ ਬਿੰਦੀ, ਅੱਧਕ, ਟਿੱਪੀ ਆਦਿ ਲਾਇਆਂ ਪਾਠ ਅਸ਼ੁੱਧ ਨਾ ਹੋ ਜਾਵੇ ਅਤੇ ਉਹ ਕੋਈ ਅਵੱਗਿਆ ਨਾ ਕਰ ਬਹਿਣ। ਅਜਿਹੇ ਪ੍ਰੇਮੀ ਆਪਣੇ ਤੌਰ ‘ਤੇ ਇਸ ਮਸਲੇ ਨੂੰ ਘੋਖਣੇ ਤੇ ਹੱਲ ਕਰਨ ਅਸਮਰਥ ਹੁੰਦੇ ਹਨ ਅਤੇ ਪਿਆਰ, ਵਿਚਾਰ ਤੇ ਜੁਗਤੀ ਨਾਲ ਸਮਝਾਇਆ ਸਮਝ ਜਾਂਦੇ ਹਨ। ਪਰੰਤੂ ਮੁਸ਼ਕਲ ਉਥੇ ਆਉਂਦੀ ਹੈ ਜਿਥੇ ਕਿਸੇ ਗੁਰਬਾਣੀ ਵਿਆਕਰਣ ਤੋਂ ਅਣਜਾਣ ਹੱਠੀ, ‘ਸੰਪਰਦਾਈ’ ਪਾਠੀ ਅਥਵਾ ਅਨਪੜ ਗ੍ਰੰਥੀ ਸਿੰਘ ਨਾਲ ਵਾਹ ਪੈ ਜਾਵੇ । ਉਹ ਪਾਠ ਨੂੰ ਜਿਵੇਂ ਲਿਖਿਆ ਹੈ, ਤਿਵੇਂ ਹੀ ਉਚਾਰਨ ਕਰਨ ਲਈ ਹੱਠ ਕਰਦਾ ਹੈ ਤੇ ਵਿਆਕਰਣਿਕ ਨਿਯਮਾਂ ਨੂੰ ਸਮਝ ਕੇ ਸ਼ੁੱਧ ਉਚਾਰਨ ਕਰਨ ਲਈ ਤਿਆਰ ਨਹੀਂ ਹੁੰਦਾ। ਭਾਵੇਂ ਹਜ਼ਾਰ ਯਤਨ ਕਰੋ ਤੇ ਪਿਆਰ ਤੇ ਵੀਚਾਰ ਨਾਲ ਪ੍ਰੇਰਨਾ ਕਰੋ। ਅਜਿਹੇ ਸੱਜਣ ਉਪਰੋਕਤ ਵਿਚਾਰ ਤੇ ਨਿਯਮਾਂ ਤੋਂ ਅਣਜਾਣ ਹੋਣ ਕਾਰਨ, ਇਸ ਹੱਠ ਦੇ ਧਾਰਨੀ ਹਨ ਕਿ ਸ਼ਬਦਾਂ ਦੇ ਸਰੂਪ ਨੂੰ ਉਸੇ ਤਰ੍ਹਾਂ ਉਚਾਰਨਾ ਚਾਹੀਦਾ ਹੈ ਜਿਵੇਂ ਉਹ ਗੁਰਬਾਣੀ ਵਿਚ ਵਰਤੇ ਗਏ ਹਨ। ਜਿਥੇ ਬਿੰਦੀ ਨਹੀਂ ਲੱਗੀ, ਉਥੇ ਲੋੜ ਪੈਣ ਤੇ ਵੀ ਨਹੀਂ ਉਚਾਰਨੀ, ਜਿਥੇ ਟਿੱਪੀ ਨਹੀਂ ਲੱਗੀ ਪਰ ਸ਼ੁੱਧ ਉਚਾਰਨ ਟਿੱਪੀ ਲਾ ਕੇ ਹੀ ਬਣਦਾ ਹੈ ਉਥੇ ਟਿੱਪੀ ਨਹੀਂ ਉਚਾਰਨੀ। ਉਹ ਕਹਿੰਦੇ ਹਨ ਕਿ ਜਿਵੇਂ ਗੁਰਬਾਣੀ ਦੀ ਲਿਖਾਈ ਹੈ ਉਹਨਾਂ ਸ਼ਬਦਾ ਨੂੰ ਉਸੇ ਅਨੁਸਾਰ ਪੜ੍ਹਿਆ ਜਾਵੇ। ਅਜਿਹੇ ਸੱਜਣਾਂ ਦੇ ਇਸ ਵੀਚਾਰ ਵਿਚ ਕੋਈ ਦਲੀਲ ਜਾਂ ਠੀਕ ਸੇਧ ਨਹੀਂ, ਇਹ ਪਾਠਕ ਅੱਗੇ ਦਿੱਤੀਆਂ ਉਦਾਹਰਣਾ ਤੋਂ ਭਲੀ ਭਾਂਤ ਸਮਝ ਜਾਣਗੇ।

ਇਥੇ ਅਸੀਂ ਅਜਿਹੇ ਸੱਜਣਾਂ ਪਾਸੋਂ ਹੇਠ ਲਿਖੀਆਂ ਪੁੱਛਾਂ ਪੁੱਛਦੇ ਹਾਂ ਕਿ ਜੇ ਤੁਸੀਂ ਕਹਿੰਦੇ ਹੋ ਕਿ ਉਚਾਰਨ ਸ਼ਬਦ ਦੇ ਸਰੂਪਾਂ ਦੇ ਵਰਤੇ ਗਏ ਅਨੁਸਾਰ ਹੀ ਕੀਤਾ ਜਾਵੇ ਤਾਂ ਤੁਸੀਂ ਆਪ ਵੀ ਇਸ ਗੱਲ ਨੂੰ ਦ੍ਰਿੜਤਾ ਨਾਲ ਨਹੀਂ ਨਿਭਾ ਰਹੇ। ਜਿਵੇਂ :

(1). ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ ‘ੴ’ ਲਿਖਿਆ ਹੋਇਆ ਹੈ। ਉਪਰੋਕਤ ਸੱਜਣ ਇਸ ਦਾ ਉਚਾਰਨ ‘ਇਕ ਓਅੰਕਾਰ’ ਕਰਦੇ ਹਨ, ਜੋ ਸ਼ੁੱਧ ਹੈ। ਪਰ ਲਿਖੇ ਹੋਏ ‘ਓ’ ਦਾ ਉਚਾਰਨ ਉਹਨਾਂ ਓਅੰਕਾਰ ਕਿਉ ਕੀਤਾ, ਜਦੋਂ ਕਿ ਉਹਨਾਂ ਦੇ ਵਿਚਾਰ ਮੁਤਾਬਕ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਪੜ੍ਹਨਾ ਹੈ?

(2). ਗੁਰਬਾਣੀ ਵਿਚ ਸਲੋਕ ਮਹਲਾ ੧. ਮਹਲਾ ੩, ਮਹਲਾ ੪ ਆਦਿ ਸਿਰਲੇਖ ਹਨ। ਇਹਨਾਂ ਦਾ ਉਚਾਰਨ ਉਪ੍ਰੋਕਤ ਸੱਜਣ ਮਹਲਾ ਪਹਿਲਾ, ਮਹਲਾ ਤੀਜਾ, ਮਹਲਾ ਚੌਥਾ ਕਰਦੇ ਹਨ। ਜੋ ਸ਼ੁੱਧ ਹੈ, ਗੁਰਬਾਣੀ ਵਿਚ ਲਿਖੇ ੧, ੨, ੩, ਆਦਿ ਦਾ ਉਚਾਰਨ ਉਹਨਾਂ ਲਿਖਾਈ ਮੁਤਾਬਕ ਇਕ, ਦੋ, ਤਿੰਨ, ਚਾਰ ਦੀ ਬਜਾਏ ਪਹਿਲਾ, ਦੂਜਾ, ਤੀਜਾ, ਚੌਥਾ ਕਿਵੇਂ ਕਰ ਲਿਆ ਜਦੋਂ ਕਿ ਐਸਾ ਲਿਖਿਆ ਹੋਇਆ ਨਹੀਂ, ਤੇ ਓ ਵਿਚਲੇ ‘੧’ ਦਾ ਉਚਾਰਨ ਉਹ ਇਕ ਹੀ ਕਰਦੇ ਹਨ ‘ਪਹਿਲਾ ਨਹੀਂ”, ਇਹ ਕਿਉਂ?

(3). ਗੁਰੂ ਗ੍ਰੰਥ ਸਾਹਿਬ ਵਿਚ ‘ਅੱਧਕ ਦੀ ਵਰਤੋਂ ਕਿਧਰੇ ਵੀ ਨਹੀਂ ਕੀਤੀ ਗਈ। ਪਰ ਉਪਰੋਕਤ ਸੱਜਣ ਬੇਅੰਤ ਸ਼ਬਦਾਂ ਉੱਪਰ ਆਪਣੇ ਵਲੋਂ ਅੱਧਕ ਉਚਾਰ ਕੇ ਸ਼ੁੱਧ ਉਚਾਰਨ ਕਰਦੇ ਹਨ ਜੋ ਕਿ ਉਨ੍ਹਾਂ ਦੇ ਆਪਣੇ ਨਿਯਮ ਅਨੁਸਾਰ ਵਿਰੋਧੀ ਗੱਲ ਹੈ। ਜੇ ਅੱਧਕ ਲਿਖੀ ਨਹੀਂ ਗਈ ਤਾਂ ਉਹ ਆਪਣੇ ਵਿਚਾਰਾਂ ਅਨੁਸਾਰ ਉਚਾਰਨ ਦਾ ਹੱਕ ਨਹੀਂ ਰੱਖਦੇ। ਜਿਵੇਂ ਸ਼ਬਦ ‘ਮਸਲਾ’ ਲਿਖਿਆ ਹੈ ਪਰ ਉਹ ਇਸ ਦਾ ਸ਼ੁੱਧ ਉਚਾਰਨ ‘ਮੁਸੱਲਾ’ ਅੱਧਕ ਲਾ ਕੇ ਕਰਨਗੇ। ਸ਼ਬਦ ‘ਲਖ’ ਲਿਖਿਆ ਹੈ ਪਰ ਉਹ ਸ਼ੁੱਧ ਉਚਾਰਨ ਅੱਧਕ ਲਗਾ ਕੇ ਲੱਖ ਕਰਨਗੇ। ਸੱਚ ਤਾਂ ਇਹ ਹੈ ਕਿ ਅੱਧਕ ਲਗਾਏ ਬਿਨਾਂ ਪਾਠ ਕਰਨਾ ਔਖਾ ਤੇ ਨਿਰਾਰਥਕ ਹੋ ਜਾਵੇਗਾ।

(4). ਗੁਰਬਾਣੀ ਵਿਚ ਕੁਝ ਅੱਖਰ ਕੇਵਲ ਮੁਕਤਾ ਸਰੂਪ ਵਿੱਚ ਵੀ ਵਰਤੇ ਗਏ ਹਨ। ਜਿਵੇਂ

(1) ਸਦਾ ਅਨੰਦ ਨ ਹੋਵੀ ਸੋਗੁ॥ (੮੯੩)

(2) ਅਖੀ ਤ ਮੀਟਹਿ, ਨਾਕ ਪਕੜਹਿ, ਠਗਣ ਕਉ ਸੰਸਾਰੁ ॥ (੬੬੨)

ਉਪਰੋਕਤ ਤਕ ਨੰਬਰ (1) ਵਿਚ ‘ਨ’ ਅੱਖਰ ਕੇਵਲ ਮੁਕਤਾ ਹੀ ਵਰਤਿਆ ਹੈ, ਇਸ ਨੂੰ ਕੰਨਾ ਲੱਗਾ ਨਹੀਂ ਪਰ ਉਪਰੋਕਤ ਸੱਜਣ ਇਸ ਦਾ ਸ਼ੁੱਧ ਉਚਾਰਨ ਆਪਣੇ ਕੋਲੋਂ ਕੰਨਾ ਲਗਾ ਕੇ ‘ਨਾ ਕਰਨਗੇ। ਦੂਜੇ ਨੰਬਰ (2) ਵਿਚ ਕੇਵਲ ਅੱਖਰ ‘ਤ’ ਮੁਕਤਾ ਹੈ। ਇਸ ਨੂੰ ਕੰਨਾ ਲੱਗਿਆ ਨਹੀਂ ਪਰ ਇਸ ਦਾ ਉਚਾਰਨ ਉਹ ਆਪਣੇ ਵਲੋਂ ਕੰਨਾ ਲਗਾ ਕੇ ‘ਤਾਂ’ ਕਰਨਗੇ। ਜੇ ਗੁਰੂ ਸਾਹਿਬ ਨੇ ‘ਨ’ ਤੇ ‘ਤ’ ਅੱਖਰਾਂ ਨਾਲ ਕੰਨਾ ਨਹੀਂ ਲਗਾਇਆ ਤਾਂ ਅਜਿਹੇ ਸੱਜਣ ਲਿਖੇ ਅਨੁਸਾਰ ਨੰਨਾ ਤੇ ਤੱਤਾ ਉਚਾਰਨ ਕਰਨ ਦੀ ਬਜਾਏ ਆਪਣੇ ਕੋਲੋਂ ਕੰਨਾ ਲਗਾ ਕੇ, ਨਾ ਤੇ ਤਾਂ ਉਚਾਰਨ ਕਿਉਂ ਕਰਦੇ ਹਨ ? ਹੈਰਾਨੀ ਹੁੰਦੀ ਹੈ ਕਿ ਅਜਿਹੇ ਸੱਜਣ ਕੰਨਾ ਆਪਣੇ ਕੋਲੋਂ ਲਗਾਉਣ ਦੀ ਖੁਲ੍ਹ ਤਾਂ ਲੈ ਲੈਂਦੇ ਹਨ ਪਰ ਬਿੰਦੀ ਨਿਯਮ ਅਨੁਸਾਰ ਲਗਾ ਕੇ ਸ਼ੁੱਧ ਪਾਠ ਕਰਨ ਤੋਂ ਡਰਦੇ ਹਨ।

(5) ਗੁਰਬਾਣੀ ਅੰਦਰ ਕੁਝ ਥਾਵਾਂ ਤੋਂ ਮ: ੩, ਮ: ੫ ਲਿਖਿਆ ਹੋਇਆ ਹੈ। ਮ: ਸੰਖੇਪ ਸਰੂਪ ਹੈ, ਮਹਲਾ ਦਾ। ਅਜਿਹੀ ਥਾਈਂ ਉਨ੍ਹਾਂ ਦਾ ਮਹਲਾ ਤੀਜਾ, ਮਹਲਾ ਚੌਥਾ ਮਹਲਾ ਪੰਜਵਾਂ ਪੜਿਆ ਜਾਣਾ ਸ਼ੁੱਧ ਉਚਾਰਨ ਹੈ। ਪਰ ਜੋ ਕਹਿੰਦੇ ਹਨ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਤਾਂ ਕੀ ਉਹ ਇਨ੍ਹਾਂ ਦਾ ਉਚਾਰਨ ‘ਮ’ ਦੋ ਬਿੰਦੀਆਂ ਤਿੰਨ, ‘ਮ’ ਦੋ ਬਿੰਦੀਆਂ ਚਾਰ ਆਦਿ ਉਚਾਰਨ ਕਰਨਗੇ?

(6) ਜੋ ਸੱਜਣ ਕਹਿੰਦੇ ਹਨ ਕਿ ਗੁਰਬਾਣੀ ਅੰਦਰ ਲਿਖਿਆ ਹੋਇਆ ਸ਼ਬਦ ਉਸੇ ਤਰ੍ਹਾਂ ਪੜ੍ਹਿਆ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਉਸ ਨੂੰ ਵਰਤਿਆ ਗਿਆ ਹੈ, ਉਹਨਾਂ ਪ੍ਰਤੀ ਬੇਨਤੀ ਹੈ ਕਿ ਹੇਠ ਲਿਖੇ ਸ਼ਬਦਾਂ ਦਾ ਉਚਾਰਨ ਉਹ ਕਿਵੇਂ ਕਰਨਗੇ?

ਦਿੜੰਤਣ: ਲਿਖਣ: ਸੰਪੂਰਨ, ਰੰਗਣ:

ਉਹਨਾਂ ਦੇ ਹਿਸਾਬ ਨਾਲ ਤਾਂ ਉਚਾਰਨ ਦਿੜੰਤਣ ਦੋ ਬਿੰਦੀਆਂ, ਲਿਖਣ ਦੋ ਬਿੰਦੀਆਂ, ਸੰਪੂਰਨ ਦੋ ਬਿੰਦੀਆਂ, ਰੰਗਣ ਦੋ ਬਿੰਦੀਆਂ ਬਣਦਾ ਹੈ । ਪਰ ਸੰਸਕ੍ਰਿਤ ਦੀ ਵਰਨਮਾਲਾ ਵਿਚ ਆਈਆਂ ਇਹਨਾਂ ਵਿਸਰਗਾਂ (:) ਦਾ ਉਚਾਰਨ ਅੱਧੇ ‘ਹ’ ਵਾਂਗੂੰ ਹੋ ਕੇ ਪਾਠ ਕਰਨ ਸਮੇਂ ਉਪਕਰ ਸੱਜਣ ਵੀ ਦਿੜੰਤਣਹਿ ਲਿਖਣਹਿ, ਸੰਪੂਰਣਹਿ ਰੰਗਣਹਿ ਹੀ ਪਾਠ ਕਰਦੇ ਹਨ, ਦੋ ਬਿੰਦੀਆਂ ਪਾਠ ਨਹੀਂ ਕਰਦੇ। ਜੋ ਅਸੀਂ (:) ਵਿਸਰਗਾਂ ਦਾ ਪਾਠ ਸੰਸਕ੍ਰਿਤ ਦੀ ਸਾਹਿਤਕਾਰੀ ਅਨੁਸਾਰ ਸ਼ੁੱਧ ਕਰ ਲੈਂਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਵਰਤੀਆਂ ਗਈਆਂ ਬਾਕੀ ਬੋਲੀਆਂ ਦਾ ਉਚਾਰਨ ਉਹਨਾਂ ਦੀ ਸਾਹਿਤਕਾਰੀ ਮੂਜਬ ਕਿਉਂ ਨਹੀਂ ਕਰਦੇ ?

ਜਿਵੇਂ ਸੇਖ ਨੂੰ ਸ਼ੇਖ, ਖੁਸੀ ਨੂੰ ਖੁਸ਼ੀ, ਸੁੱਧ ਨੂੰ ਸ਼ੁੱਧ ਉਚਾਰਨ ਬਣਦਾ ਹੈ ਪਰ ਅਸੀਂ ਪੈਰ ਵਿਚ ਬਿੰਦੀ ਲਗਾ ਕੇ ਉਚਾਰਨ ਕਰਨ ਤੋਂ ਡਰਦੇ ਹਾਂ। ਇਸੇ ਤਰ੍ਹਾਂ ਜਨ (ਇਸਤਰੀ), ਪੇਸ, ਗੋਸ, ਮਸਹੂਰ ਆਦਿ ਫਾਰਸੀ ਸ਼ਬਦਾਂ ਦਾ ਸ਼ੁੱਧ ਉਚਾਰਨ ਜਨ, ਪੇਸ਼, ਗੋਸ਼ ਅਤੇ ਮਸ਼ਹੂਰ, ਪੈਰ ਵਿਚ ਬਿੰਦੀ ਲਗਾ ਕੇ ਸ਼ੁੱਧ ਹੋਵੇਗਾ।

(7) ਜੋ ਸੱਜਣ ਇਹ ਕਹਿੰਦੇ ਹਨ ਕਿ ਜਿਵੇਂ ਗੁਰਬਾਣੀ ਵਿਚ ਸ਼ਬਦਾਂ ਦੇ ਸਰੂਪ ਵਰਤੇ ਗਏ ਹਨ ਉਸੇ ਤਰ੍ਹਾਂ ਹੀ ਪੜ੍ਹਨੇ ਹਨ ਤਾਂ ਉਹਨਾਂ ਦੀ ਸੇਵਾ ਵਿਚ ਨਿਮਰਤਾ ਸਹਿਤ ਬੇਨਤੀ ਹੈ ਕਿ ਹੇਠ ਲਿਖੇ ਸ਼ਬਦਾਂ ਦਾ ‘ਉਚਾਰਨ’ ਉਹ ਕਿਵੇਂ ਕਰਨਗੇ :

ਨਰਕ, ਨਰਕੁ, ਨਰਕਿ,

ਅਜਿਹੇ ਸੱਜਣ ਇਹਨਾਂ ਤਿੰਨਾਂ ਸਰੂਪਾਂ ਦਾ ਉਚਾਰਨ ਠੀਕ ਨਰਕ ਹੀ ਕਰਨਗੇ। ਜਦੋਂ ਕਿ ਉਹਨਾਂ ਦਾ ਆਪਣੇ ਹੱਠ ਅਨੁਸਾਰ ਔਕੜ ਵਾਲੇ ਨਰਕੁ ਦਾ ਉਚਾਰਨ ਨਰਕੋ ਤੇ ਸਿਹਾਰੀ ਵਾਲੇ ਨਰਕ ਦਾ ਉਚਾਰਨ ਨਰਕੇ ਹੋਣਾ ਚਾਹੀਦਾ ਹੈ। ਜਿਵੇਂ ਸ਼ਬਦਾਂ ਦਾ ਸਰੂਪ ਵਰਤਿਆ ਗਿਆ ਹੈ, ਉਸੇ ਤਰ੍ਹਾਂ ਪੜ੍ਹਨ ਵਾਲੇ ਸੱਜਣ, ਔਕੜ ਤੇ ਸਿਹਾਰੀ, ਆਪਣੇ ਆਪ ਉਚਾਰਨ ਕਰਨ ਲੱਗਿਆਂ ਕਿਉਂ ਛੱਡ ਦਿੰਦੇ ਹਨ। ਜੇ ਇਸ ਸਬੰਧੀ ਉਹਨਾਂ ਕੋਲੋਂ ਪੁੱਛੀਏ ਤਾਂ ਉੱਤਰ ਦੇਣਗੇ ਕਿ ਅਖੀਰਲੀ ਔਕੜ ਤੇ ਸਿਹਾਰੀ ਅਰਥ ਕਰਨ ਲਈ ਹੈ, ਉਚਾਰਨ ਲਈ ਨਹੀਂ। *ਹੈਰਾਨੀ ਹੁੰਦੀ ਹੈ ਕਿ ਜਿਸ ਨਿਯਮ ਦੀ ਉਨ੍ਹਾਂ ਨੂੰ ਸਮਝ ਹੈ, ਉਸ ਤੇ ਉਹ ਅਮਲ ਕਰ ਲੈਂਦੇ ਹਨ ਤੇ ਜਿਹਨਾਂ ਬਾਰੇ ਪਤਾ ਨਹੀਂ, ਉਹਨਾਂ ਨੂੰ ਸਮਝਣ ਲਈ ਉਹ ਤਿਆਰ ਨਹੀਂ।* ਜੋ ਗੁਰਬਾਣੀ ਦੇ ਸ਼ਬਦਾਂ ਨੂੰ. ਜਿਵੇਂ ਸਰੂਪ ਲਿਖੇ ਹਨ ਉਸੇ ਤਰ੍ਹਾਂ ਪੜ੍ਹਨਾ ਹੈ ਤਾਂ ਅੰਤਲੀ ਔਕੜ ਤੇ ਸਿਹਾਰੀ ਕਿਵੇਂ ਛੱਡੀ ਜਾ ਸਕਦੀ ਹੈ। ਉਹਨਾਂ ਦੀ ਗੱਲ ਤੋਂ ਹੀ ਇਹ ਸਾਬਤ ਹੁੰਦਾ ਹੈ ਕਿ ਜਿਵੇਂ ਅੰਤਲੀ ਸਿਹਾਰੀ ਤੇ ਔਕੜ ਗੁਰਬਾਣੀ ਵਿਆਕਰਣਿਕ ਨਿਯਮਾਂ ਅਨੁਸਾਰ ਉਚਾਰਨ ਲਈ ਨਹੀਂ, ਇਸੇ ਤਰ੍ਹਾਂ ਵਿਆਕਰਣ ਦੇ ਬਾਕੀ ਨਿਯਮਾਂ ਅਨੁਸਾਰ ਬਿੰਦੀ, ਟਿੱਪੀ, ਅੱਧਕ ਆਦਿ ਲਾ ਕੇ ਸ਼ੁੱਧ ਉਚਾਰਨ ਕੀਤੇ ਜਾਣਾ ਯੋਗ ਹੈ।

(8) ਜੋ ਸੱਜਣ ਇਹ ਕਹਿੰਦੇ ਹਨ ਕਿ ਗੁਰਬਾਣੀ ਵਿਚ ਅੰਕਿਤ ਸ਼ਬਦਾਂ ਦੇ ਸਰੂਪਾਂ ਨੂੰ ਉਵੇਂ ਹੀ ਪੜ੍ਹਨਾ ਹੈ ਜਿਵੇਂ ਉਹ ਲਿਖੇ ਹਨ ਤਾਂ ਹੇਠ ਲਿਖੇ ਸ਼ਬਦਾਂ ਦਾ ਉਚਾਰਨ ਉਹ ਕਿਵੇਂ ਕਰਨਗੇ ਜਿਹਨਾਂ ਨੂੰ ਦੋ ਮਾਤਰਾ ਲੱਗੀਆਂ ਹਨ। ਜਿਵੇਂ ਕਿ

ਸੁੋਹਾਗਣਿ, ਜੁੋਆਨੀ, ਸੁੋਹੇਲਾ, ਗੋੁਬਿੰਦ, ਲੁੋਭਾਨ

ਅਜਿਹੇ ਸ਼ਬਦਾਂ ਦੇ ਪਹਿਲੇ ਅੱਖਰ ਨੂੰ ਔਕੜ ਵੀ ਲੱਗੀ ਹੈ ਤੇ ਹੋੜਾ ਵੀ। ਉਪ੍ਰੋਕਤ ਸੱਜਣ ਇਕੋ ਸਮੇਂ ਹੋੜਾ ਤੇ ਔਕੜ ਨੂੰ ਇਕੱਠੇ ਕਿਥੋਂ ਉਚਾਰਨਗੇ ?

ਜੇ ਔਕੜ ਉਚਾਰਨਗੇ ਤਾਂ ਹੋੜਾ ਨਹੀਂ ਉਚਾਰਨ ਹੋਣਾ ਤੇ ਜੇ ਹੋੜਾ ਉਚਾਰਨਗੇ ਤਾਂ ਔਕੜ ਨਹੀਂ ਉਚਾਰੀ ਜਾਣੀ। ਇਸ ਲਈ ਇਕ ਮਾਤਰਾ ਤਾਂ ਉਹਨਾਂ ਨੂੰ ਛੱਡਣੀ ਹੀ ਪਵੇਗੀ ਜੋ ਕਿ ਉਹਨਾਂ ਦੇ ਆਪਣੇ ਬਣਾਏ ਹੋਏ ਨਿਯਮ ਦੇ ਵਿਰੁੱਧ ਹੈ। ਇਸ ਲਈ ਕਿਸ ਮਾਤਰਾ ਨੂੰ ਪੜਿਆ ਜਾਵੇ ਤੇ ਕਿਸ ਨੂੰ ਛੱਡਿਆ ਜਾਵੇ, ਸਾਰੇ ਨਿਰਣਾ ਕਰਨ ਲਈ ਉਹਨਾ ਨੂੰ ਕਿਸੇ ਵਿਆਕਰਣਿਕ ਨਿਯਮ ਦੀ ਅਗਵਾਈ ਲੈਣੀ ਪਵੇਗੀ।

(9) ਉਪੋਕਰਤ ਵਿਚਾਰ ਵਾਲੇ ਸੱਜਣ ਸ਼ਬਦ ਮਹਲਾ ਦਾ ਉਚਾਰਨ ਆਪਣੇ ਕੋਲੋਂ ਵਾਧੂ ਅੱਧਕ ਲਾ ਕੇ ਮਹੱਲਾ ਕਰਦੇ ਹਨ ਕਿ ਉਹਨਾਂ ਦੇ ਆਪਣੇ ਨਿਯਮ ਮੁਤਾਬਕ ਵੀ ਗਲਤ ਹੈ । ਜਦੋਂ ਹੇਠ ਲਿਖੇ ਸਿਰਲੇਖ :

ਸਿਰੀਰਾਗੁ ਮਹਲੁ ੧॥ (ਪੰਨਾ ੧੬ ਸ਼ਬਦ
ਨੰ: 6)

ਸਿਰੀਰਾਗੁ ਮਹਲਾ ੧ ॥ (ਪੰਨਾ ੧੮ ਸ਼ਬਦ
ਨੰ: ੧੨)
ਆਉਂਦੇ ਹਨ ਤਾਂ ਮਹਲੁ ਉੱਤੇ ਅੱਧਕ ਲਾ ਕੇ ਮਹੱਲ ਨਹੀਂ ਪੜ੍ਹਦੇ, ਮਹਲ ਹੀ ਪੜਦੇ ਹਨ ਤੇ ਇਸ ਤਰ੍ਹਾਂ ਕਿਧਰੇ ਅੱਧਕ ਲਾ ਲਈ, ਕਿਧਰੇ ਨਾ ਲਾਈ, ਆਪਣੇ ਅਟਕਲ-ਪਚੂ ਨਿਯਮ ਵਰਤਦੇ ਹਨ ਜੋ ਕਿ ਸ਼ੁੱਧ ਉਚਾਰਨ ਦੇ ਨਿਯਮਾਂ ਅਨੁਸਾਰ ਸਰਾ-ਸਰ ਗਲਤ ਹੈ। ਇਥੇ ਹੀ ਬਸ ਨਹੀ ਕਈ ਸੱਜਣ ਐਸੇ ਵੀ ਹਨ ਜੋ ਮਹਲਾ ਪਹਿਲਾ, ਦੂਜਾ, ਤੀਜਾ, ਚੌਥਾ ਤਾਂ ਸ਼ੁੱਧ ਉਚਾਰਨ ਕਰਨਗੇ ਪਰ ਜਦੋਂ ਮਹਲਾ ੫ ਤੇ ਮਹਲਾ ੯ ਦਾ ਉਚਾਰਨ ਕਰਨਾ ਹੋਵੇਗਾ ਤਾਂ ਮਹਲਾ ਪੰਜਵਾ, ਮਹਲਾ ਨੋਵਾ, ਕਰਨਗੇ। ਪੰਜਵਾਂ ਤੇ ਨੌਵਾਂ ਕਰਮ- ਵਾਚਕ ਸੰਖਿਅਕ ਵਿਸ਼ੇਸ਼ਣ ਹੈ ਪਰੰਤੂ ਪੰਜਵਾ ਤੇ ਨਾਵਾ ਤਾਂ ਨਿਰਾਰਥਕ ਸ਼ਬਦ ਹੈ। ਅੱਖਰ ੫ ਤੇ ੯ ਨੂੰ ਪੰਜਵਾ ਤੇ ਨੋਵਾ ਆਪਣੀ ਮਰਜੀ ਨਾਲ ਪੜ੍ਹ ਲੈਣਾ ਅਜਿਹੇ ਸੱਜਣਾਂ ਦੇ ਭਾਣੇ ਠੀਕ ਹੈ ਪਰ ਬਿੰਦੀ ਲਗਾ ਕੇ ਪੰਜਵਾਂ ਤੇ ਨੌਵਾਂ ਉਚਾਰਨ ਕਰਨਾ ਗਲਤ। ਇਸ ਬਾਰੇ ਪਾਠਕ ਆਪ ਹੀ ਨਿਰਣਾ ਕਰ ਸਕਦੇ ਹਨ। (ਮਹਲਾ ਸ਼ਬਦ ਦਾ ਉਚਾਰਨ ‘ਮਹਲਾ’ ਬਿਨਾਂ ਅੱਧਕ ਲਗਾਏ ਕਰਨਾ ਸੁੱਧ ਹੈ।

ਅਜਿਹੇ ਵਿਚਾਰਾਂ ਵਾਲੇ ਉਪ੍ਰੋਕਤ ਸੱਜਣਾਂ ਨੂੰ ਜੇਕਰ ਉੱਪਰਲੀ ਸਾਰੀ ਵੀਚਾਰ ਸਮਝਾਈ ਜਾਵੇ ਤਾਂ ਕਈ ਸਮਝ ਜਾਂਦੇ ਹਨ ਪਰ ਕਈ ਇਕ ਐਸੇ ਹਨ ਜੋ ਹੱਠ ਨੂੰ ਤਿਆਗ ਕੇ ਅਸਲੀਅਤ ਦੇ ਸਾਹਮਣੇ ਹਥਿਆਰ ਸੁੱਟਣ ਦੀ ਥਾਂ ਆਮ ਤੌਰ ਤੇ ਆਪਣੇ ਪੱਖ ਦੀ ਪੁਸ਼ਟੀ ਲਈ ਗੁਰਬਾਣੀ ਦੀ ਹੇਠ ਲਿਪੀ ਤੁਕ ਦੇ ‘ਗਲਤ ਅਰਥ ਕੱਢ ਕੇ’ ਸਹਾਰਾ ਲੈਂਦੇ ਹਨ :

*ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥*

ਆਓ, ਹੁਣ ਇਸ ਪ੍ਰਮਾਣ ਬਾਰੇ ਵੀ ਸੰਖੇਪ ਜਿਹੀ ਵੀਚਾਰ ਕਰ ਲਈਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਸ ਸ਼ਬਦ ਵਿਚੋਂ ਇਹ ਤੁਕ ਲਈ ਗਈ ਹੈ ਉਹ ਬਸੰਤ ਰਾਗ ਵਿਚ ਪੰਨਾ ੧੧੭੧ ਉੱਤੇ ਦਰਜ ਹੈ। ਸਾਰੇ ਸ਼ਬਦ ਦਾ ਪਾਠ ਇਸ ਪ੍ਰਕਾਰ ਹੈ :

ਬਸੰਤੁ ਮਹਲਾ ੧ ਹਿੰਡੋਲ ॥

*ਸਾਹਰੜੀ ਵਥੁ, ਸਭ ਕਿਛੁ ਸਾਝੀ ਪੇਵਕੜੈ ਧਨ ਵਖੇ ॥ ਆਪਿ ਕੁਚਜੀ ਦੇਸੁ ਨ ਦੇਊ ਜਾਣਾ ਨਾਹੀ ਰਖੇ ॥੧ ॥ ਮੇਰੇ ਸਾਹਿਬਾ, ਹਉ ਆਪੇ ਭਰਮਿ ਭੁਲਾਣੀ॥ ਅਖਰ ਲਿਖੇ ਸੇਈ ਗਾਵਾ ਅਵਰੁ ਨ ਜਾਣਾ ਬਾਣੀ ॥ ੧॥ ਰਹਾਉ॥ ਕਢਿ ਕਸੀਦਾ ਪਹਿਰਹਿ ਚੇਲੀ ਤਾਂ ਤਮ੍ ਜਾਣਹੁ ਨਾਰੀ॥ ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ॥ ੨॥ ਜੇ ਤੂੰ ਪੜਿਆ ਪੰਡਿਤੁ ਬੀਨਾ, ਦੁਇ ਅਖਰ ਦੁਇ ਨਾਵਾ ॥ ਪ੍ਰਣਵਤਿ ਨਾਨਕੁ ਏਕੁ ਲੰਘਾਏ, ਜੇ ਕਰਿ ਸਚਿ ਸਮਾਵਾ ॥੩॥੨॥੧੦॥*

“ਸ਼ਬਦਾਰਥ’ ਅਨੁਸਾਰ ਇਸ ਸ਼ਬਦ ਦਾ ਸਮੁੱਚਾ ਭਾਵ ਇਸ ਪ੍ਰਕਾਰ ਹੈ :

“ਜੇ ਵਾਹਿਗੁਰੂ ਆਪ ਮਿਹਰ ਨਾ ਕਰੇ ਤਾਂ ਮਨੁੱਖ ਸੱਚੇ ਰਸਤੇ ਤੋਂ ਉਖੜ ਕੇ ਭਰਮ ਤੇ ਔਝੜ ਪਿਆ ਰਹਿੰਦਾ ਹੈ। ਜੇ ਮਨੁੱਖ ਸਿਆਣਾ ਹੋਵੇ ਤਾਂ ਸਮਝੋ ਕਿ ਹਰੀ ਨੇ ਤਾਂ ਉਸ ਦੇ ਅੰਦਰ ਸੁੱਭ ਗੁਣ ਪਾ ਦਿੱਤੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਗੁਣ ਨਾਮ ਹੈ, ਪਰ ਮਾਇਆ ਵਿਚ ਪੈ ਕੇ ਮਨੁੱਖ ਇਸ ਸੁੱਭ ਗੁਣ ਦੀ ਸਾਰ ਨਹੀਂ ਜਾਣਦਾ।”

“ਅਖਰ ਲਿਖੇ ……. ਅਵਰ ਨ ਜਾਣਾ ਬਾਣੀ”
ਰਹਾਉ ਦੀਆਂ ਦੋਹਾਂ ਤੁਕਾਂ ਦੇ ਅਰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਕਿ੍ਤ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਇਸ ਪ੍ਰਕਾਰ ਹਨ :

ਪਦ ਅਰਥ :

ਅਖਰ-ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਰੂਪੀ ਲੇਖ
ਸੇਈ ਗਾਵਾ-ਉਹੀ ਅੱਖਰ ਮੈਂ ਗਾਉਂਦੀ ਹਾਂ, ਉਹਨਾਂ ਹੀ ਸੰਸਕਾਰਾਂ ਵਾਲੇ ਕੰਮ ਮੈਂ ਮੁੜ-ਮੁੜ ਕਰਦੀ ਹਾਂ।

ਬਾਣੀ-ਬਣਤਰ, ਬਣਾਵਟ,

ਅਰਥ : ਹੇ ਮੇਰੇ ਪ੍ਰਭੂ। ਮੈਂ ਆਪ ਹੀ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਗਈ ਹਾਂ। ਮਾਇਆ ਦੇ ਮੋਹ ਵਿਚ ਫਸ ਕੇ ਜਿਤਨੇ ਵੀ ਕਰਮ ਮੈਂ ਜਨਮ ਜਨਮਾਤਰਾਂ ਤੋਂ ਕਰਦੀ ਆ ਰਹੀ ਹਾਂ, ਉਹਨਾਂ ਦੇ ਜੋ ਸੰਸਕਾਰ ਮੇਰੇ ਮਨ ਵਿਚ ਉੱਕਰੇ ਪਏ ਹਨ, ਮੈਂ ਉਨ੍ਹਾਂ ਨੂੰ ਹੀ ਗਾਂਦੀ ਚਲੀ ਆ ਰਹੀ ਹਾਂ (ਉਹਨਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਚਲੀ ਜਾ ਰਹੀ ਹਾਂ) । ਮੈਂ (ਮਨ ਦੀ) ਕੋਈ ਹੋਰ ਘਾੜਤ (ਘੜਨੀ) ਨਹੀਂ ਜਾਣਦੀ ਹਾਂ। ਮੈਂ ਕੋਈ ਐਸੇ ਕਰਮ ਕਰਨੇ ਨਹੀਂ ਜਾਣਦੀ, ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ॥੧॥ ਰਹਾਉ॥ ‘ਸ਼ਬਦਾਰਥ’ ਅਨੁਸਾਰ ਰਹਾਉ ਦੀ ਦੂਜੀ ਤਕ- “ਅਖਰ ਲਿਖੇ” ਦੇ ਅਰਥ ਇਸ ਪ੍ਰਕਾਰ ਹਨ

“ਜੋ ਮੇਰੇ ਸਿਰ ਤੇ ਤੇਰੇ ਵੱਲ ਹੁਕਮ ਦੀ ਲਿਖਤ ਲਿਖੀ ਹੈ, ਉਸੇ ਅਨੁਸਾਰ (ਕਰਮ) ਕਰਦੀ ਹਾਂ। ਹੋਰ ਕੋਈ ਆਪਣੇ ਵਲੋਂ ਬਨਾਵਟ ਨਹੀਂ ਬਣਾ ਸਕਦੀ।”

ਹੁਣ ਵੀਚਾਰਵਾਨ ਪਾਠਕ ਆਪ ਹੀ ਵੇਖ-ਵੀਚਾਰ ਲੈਣ ਕਿ ਇਸ ਤੁਕ ਦੇ ਉਹ ਅਰਥ ਕਿਥੇ ਤੇ ਕਿਵੇਂ ਹੋਏ, ਜਿਨ੍ਹਾਂ ਦੇ ਆਧਾਰ ਉੱਤੇ ਸੰਪਰਦਾਈ ਪਾਠੀ ਬਿੰਦੀ, ਅੱਧਕ, ਪੈਰ ਵਿਚ ਹ ਆਦਿ ਉਚਾਰੇ ਬਿਨਾ ਪਾਠ ਕਰਦੇ ਹਨ। ਇੱਥੇ ਅੱਖਰ ਤੇ ਬਾਣੀ ਦੇ ਅਰਥ ਦਾ ਵਰਨਮਾਲਾ ਦੇ ਅੱਖਰਾਂ ਤੇ ਬੋਲੀ ਨਾਲ ਦੂਰ ਦਾ ਵੀ ਸੰਬੰਧ ਨਹੀਂ ਪਰ ਅਜਿਹੇ ਸੱਜਣ ਗੁਰਬਾਣੀ ਦੀ ਉਪ੍ਰੋਕਤ ਤੁਕ ਦੇ ਗਲਤ ਅਰਥ ਕੱਢ ਕੇ ਸੰਗਤਾਂ ਨੂੰ ਟਪਲੇ ਵਿਚ ਪਾਉਂਦੇ ਹਨ। ਅਰਥ- ਭਾਵ ਜਾਂ ਕੋਈ ਗੱਲ ਬਣੇ ਚਾਹੇ ਨਾ ਬਣੇ, ਪਰੰਤੂ ਐਸੇ ਸੱਜਣ ਨਿੱਜ-ਹੱਠ ਸਦਕਾ ਇਸ ਵੱਖੇਵੇਂ ਨੂੰ ਛੱਡਦੇ ਨਹੀਂ ਅਤੇ ਆਪਣੀ ਵਿਲੱਖਣਤਾ ਕਾਇਮ ਰੱਖਣ ਵਿਚ ਹੀ ਵਡਿਆਈ ਸਮਝਦੇ ਹਨ, ਜੋ ਕਿ ਬਹੁਤ ਹਾਨੀਕਾਰਕ ਹੈ।

ਸੋ ਉਪਰੋਕਤ ਸੰਖੇਪ ਪਰੰਤੂ ਅਤਿ ਅਹਿਮ ਤੇ ਬੁਨਿਆਦੀ ਵਿਚਾਰ ਦਾ ਸਿੱਟਾ ਇਹ ਨਿਕਲਿਆ ਕਿ *ਗੁਰਬਾਣੀ ਦੇ ਸ਼ੁੱਧ ਉਚਾਰਨ ਤੇ ਅਰਥ-ਭਾਵ ਦਾ ਅਤਿ ਨੇੜੇ ਦਾ ਸੰਬੰਧ ਹੈ। ਸ਼ੁੱਧ ਉਚਾਰਨ ਵੀ ਤਾਂ ਹੀ ਸੰਭਵ ਹੈ ਜੇ ਗੁਰਬਾਣੀ ਦੇ ਅਰਥ-ਭਾਵ ਦੀ ਸੂਝ-ਬੂਝ ਹੋਵੇ ਅਤੇ ਅਰਥ-ਭਾਵ ਦੇ ਬੋਧ ਦਾ ਨਿਰਭਰ ਵੀ ਸ਼ੁੱਧ ਉਚਾਰਨ ਤੇ ਵਿਆਕਰਣ ਦੇ ਨਿਯਮਾਂ ਦੇ ਜਾਣੂ ਹੋਣ ਉੱਤੇ ਹੀ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?