23 Views
ਹਰੇਕ ਮੰਚ ‘ਤੇ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਗੱਲ ਜ਼ਰੂਰ ਕਰਿਆ ਕਰੀਏ : ਪੰਥਕ ਆਗੂ
ਅੰਮ੍ਰਿਤਸਰ, 3 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ) ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਚੋਟੀ ਦੇ ਜੁਝਾਰੂ ਯੋਧੇ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਪਿੰਡ ਰਤਨਗੜ੍ਹ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ਼ ਮਨਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀਆਂ, ਢਾਡੀਆਂ, ਕਵੀਸ਼ਰਾਂ ਤੇ ਪ੍ਰਚਾਰਕਾਂ ਨੇ ਹਰ ਜਸ ਅਤੇ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਭਾਈ ਬਲਜਿੰਦਰ ਸਿੰਘ ਰਾਜੂ ਨੇ ਜਿੰਨੇ ਵੱਡੇ ਕਾਰਨਾਮੇ ਕੀਤੇ ਹਨ ਇਸ ਤੋਂ ਅਹਿਸਾਸ ਹੁੰਦਾ ਹੈ ਕਿ ਜ਼ਰੂਰ ਉਹਨਾਂ ਦੇ ਮਾਤਾ ਪਿਤਾ ਨੇ ਬਚਪਨ ਤੋਂ ਹੀ ਉਹਨਾਂ ਨੂੰ ਗੁਰੂ ਦੀ ਸਿੱਖਿਆ ਦਿੱਤੀ ਹੋਵੇਗੀ। ਸ਼ਹੀਦਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਹਰੇਕ ਮੰਚ ‘ਤੇ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਗੱਲ ਜ਼ਰੂਰ ਕਰਿਆ ਕਰੀਏ। ਪ੍ਰੋਫੈਸਰ ਬਲਜਿੰਦਰ ਸਿੰਘ ਨੇ ਸ਼ਹੀਦਾਂ ਦਾ ਇਤਿਹਾਸ ਕੌਮ ਦੀ ਝੋਲੀ ਪਾਉਣ ਵਾਲੇ ਪੰਥਕ ਲੇਖਕ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਭਰਪੂਰ ਸ਼ਲਾਘਾ ਲਾਘਾ ਵੀ ਕੀਤੀ। ਉਹਨਾਂ ਕਿਹਾ ਕਿ ਸ਼ਹੀਦ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਬੀਬੀ ਸੁਰਜੀਤ ਕੌਰ ਦੀ ਅਸੀਸ ਸਦਕਾ ਕੌਮ ਵਿੱਚ ਹੋਰ ਯੋਧੇ ਵੀ ਪੈਦਾ ਹੁੰਦੇ ਰਹਿਣਗੇ।
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੌਮੀ ਘਰ ਖ਼ਾਲਿਸਤਾਨ ਦਾ ਸੁਪਨਾ ਸਾਕਾਰ ਕਰਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਭਾਈ ਬਲਜਿੰਦਰ ਸਿੰਘ ਰਾਜੂ ਨੇ ਸੰਤ ਭਿੰਡਰਾਂਵਾਲਿਆਂ ਦਾ ਹੁਕਮ ਮੰਨ ਕੇ ਹਥਿਆਰਬੰਦ ਲੜਾਈ ਲੜੀ ਤੇ ਹਿੰਦੁਸਤਾਨ ਦੀ ਸਰਕਾਰ ਦੇ ਵੱਡੇ ਬੁਰਜ ਮਿੱਟੀ ਵਿੱਚ ਮਿਲਾ ਦਿੱਤੇ। ਇਹਨਾਂ ਯੋਧਿਆਂ ਨੂੰ ਗੁਰਬਾਣੀ, ਇਤਿਹਾਸ, ਸਿਧਾਂਤ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਸ਼ਕਤੀ ਪ੍ਰਾਪਤ ਹੋਈ ਸੀ। ਸ਼ਹੀਦ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਬੀਬੀ ਸੁਰਜੀਤ ਕੌਰ ਦੇ ਸਿੱਖੀ ਸਿਦਕ, ਸਿਰੜ ਅਤੇ ਸੰਘਰਸ਼ ਨੂੰ ਵੀ ਪ੍ਰਣਾਮ ਹੈ ਜਿਨ੍ਹਾਂ ਨੇ ਅਰਦਾਸ ਕਰਕੇ ਇਹਨਾਂ ਯੋਧਿਆਂ ਨੂੰ ਖ਼ਾਲਿਸਤਾਨ ਦੀ ਜੰਗ ਵੱਲ ਤੋਰਿਆ।
ਜੁਝਾਰੂ ਭਾਈ ਨਿਰਮਲ ਸਿੰਘ ਨਿੰਮਾ ਨੇ ਭਾਈ ਬਲਜਿੰਦਰ ਸਿੰਘ ਰਾਜੂ ਅਤੇ ਹੋਰਾਂ ਯੋਧਿਆਂ ਦਾ ਸੰਘਰਸ਼ੀ ਇਤਿਹਾਸ ਬਾਖੂਬੀ ਸੁਣਾਇਆ ਕਿ ਕਿਵੇਂ ਇਨ੍ਹਾਂ ਯੋਧਿਆਂ ਨੇ ਜੂਨ 1984 ਅਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਦੁਸ਼ਟਾਂ ਨੂੰ ਚੁਣ ਚੁਣ ਕੇ ਸੋਧਿਆ ਅਤੇ ਭਾਈ ਸੁੱਖਾ-ਜਿੰਦਾ ਨੇ ਜਨਰਲ ਵੈਦਿਆ ਲਲਿਤ ਮਾਕਨ ਤੇ ਅਰਜਣ ਦਾਸ ਨੂੰ ਗੱਡੀ ਚਾੜਿਆ।
ਪ੍ਰੋਫੈਸਰ ਸੁਖਦੇਵ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਜੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਨੇੜਲੇ ਸਾਥੀ ਤੇ ਰਿਸ਼ਤੇਦਾਰ ਸਨ ਤੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਉਹਨਾਂ ਇਕੱਠਿਆਂ ਨੇ ਰਲ਼ ਕੇ ਸੈਂਕੜੇ ਜੁਝਾਰੂ ਐਕਸ਼ਨ ਕੀਤੇ ਤੇ ਕੌਮ ਦੀ ਅਥਾਹ ਸੇਵਾ ਨਿਭਾਉਂਦਿਆਂ ਆਪਾ ਖ਼ਾਲਸਾ ਪੰਥ ਤੇ ਦੇਸ਼ ਪੰਜਾਬ ਦੇ ਲੇਖੇ ਲਾ ਦਿੱਤਾ। ਉਹਨਾਂ ਕਿਹਾ ਕਿ ਮੈਨੂੰ ਵੀ ਭਾਈ ਬਲਜਿੰਦਰ ਸਿੰਘ ਰਾਜੂ, ਭਾਈ ਸੁਖਦੇਵ ਸਿੰਘ ਬੱਬਰ ਅਤੇ ਹੋਰਾਂ ਯੋਧਿਆਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਈ ਰਾਜੂ ਨੇ ਸੰਤੋਖੇ ਕਾਲੇ ਕੈਟ ਨੂੰ ਸੋਧ ਕੇ ਦੁਸ਼ਮਣਾਂ ਵਿੱਚ ਖ਼ੌਫ਼ ਪੈਦਾ ਕਰ ਦਿੱਤਾ।
ਬੀਬੀ ਸੁਰਜੀਤ ਕੌਰ ਨੇ ਸ਼ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਮਾਗਮ ਵਿੱਚ ਰੌਣਕ ਹੀ ਵੱਖਰੀ ਹੁੰਦੀ ਹੈ। ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਇਹਨਾਂ ਯੋਧਿਆਂ, ਸ਼ਹੀਦਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਸੀ ਜਿਨ੍ਹਾਂ ਨੂੰ ਮੈਂ ਨੇੜਿਓ ਤੱਕਿਆ ਹੈ।
ਸਮਾਗਮ ਦੀ ਸਮਾਪਤੀ ‘ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਬੀਬੀ ਸੁਰਜੀਤ ਕੌਰ ਜੀ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਤੇ ਜੁਝਾਰੂ ਯੋਧਿਆਂ ਦਾ ਸਨਮਾਨ ਕੀਤਾ ਗਿਆ।ਸਟੇਜ ਸਕੱਤਰ ਦੀ ਸੇਵਾ ਬੀਬੀ ਸਰਬਜੀਤ ਕੌਰ ਅਨੰਦਪੁਰੀ ਨੇ ਬਾਖੂਬੀ ਨਿਭਾਈ । ਇਸ ਮੌਕੇ ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ, ਜੁਝਾਰੂ ਗਿਆਨੀ ਹਰ ਮਚਰਨ ਸਿੰਘ ਛਜਲਵੱਡੀ, ਬੀਬੀ ਸਰਬਜੀਤ ਕੌਰ ਗੁੱਡੀ, ਭਾਈ ਧਰਮ ਸਿੰਘ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ