ਅੰਮ੍ਰਿਤਸਰ, 11 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ 11 ਨਵੰਬਰ 2011 ਦਾ ਦਿਨ ਯਾਦ ਕਰਵਾਉਂਦਿਆਂ ਦੱਸਿਆ ਕਿ ਇਸ ਦਿਨ ਖ਼ਾਲਿਸਤਾਨੀ ਜਰਨੈਲ ਭਾਈ ਜਗਤਾਰ ਸਿੰਘ ਹਵਾਰਾ ਨੇ ਚੰਡੀਗੜ੍ਹ ਦੀ ਕਚਹਿਰੀ ਵਿੱਚ ਹੱਥਕੜੀ ਵਿੱਚ ਜਕੜੇ ਹੋਣ ਦੇ ਬਾਵਜੂਦ ਹਮਲਾਵਰ ਫਿਰਕੂ ਹਿੰਦੁਤਵੀ ਨਿਸ਼ਾਂਤ ਸ਼ਰਮਾ ਦੇ ਕਰਾਰਾ ਥੱਪੜ ਮਾਰ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ ਅਤੇ ਉਸ ਦਿਨ ਪੁਲਿਸ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਜੁਝਾਰੂ ਜਰਨੈਲ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਆਕਾਸ਼ ਗੂੰਜਣ ਲਾ ਦਿੱਤਾ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਉਹਨਾਂ ਦੇ ਭੁਝੰਗੀਆਂ ਗੁਰਪੰਥ ਪ੍ਰਥਮ ਸਿੰਘ ਅਤੇ ਗੁਰਬਾਜ਼ ਸਿੰਘ ਨੇ ਸੰਨ 2011 ਦੀਆਂ ਅਖ਼ਬਾਰਾਂ ਵੀ ਦਿਖਾਈਆਂ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਿਨ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਬੁੜੈਲ ਜੇਲ੍ਹ ਤੋੜ ਕੇ ਫਰਾਰ ਹੋਣ ਦੇ ਮਾਮਲੇ ਦੀ ਸੁਣਵਾਈ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਕੰਪਲੈਕਸ ਸੈਕਟਰ 17 ਵਿੱਚ ਪੇਸ਼ੀ ਸੀ, ਦਿੱਲੀ ਪੁਲਿਸ ਭਾਈ ਹਵਾਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ ਜੁਡੀਸ਼ੀਅਲ ਮੈਜਿਸਟਰੇਟ ਜੇ ਐਸ ਸਿੱਧੂ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਈ ਸੀ ਤੇ ਓਦੋਂ ਹੀ ਆਲ ਇੰਡੀਆ ਹਿੰਦੂ ਸੁਰਕੱਸ਼ਾ ਸੰਮਤੀ ਦੇ ਕੁਝ ਗੁੰਡਿਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਹਮਲਾ ਕਰਕੇ ਉਹਨਾਂ ਦੀ ਦਸਤਾਰ ਉਤਾਰਨ ਦੀ ਸਾਜਿਸ਼ ਰਚੀ ਸੀ ਪਰ ਜਦੋਂ ਨਿਸ਼ਾਂਤ ਸ਼ਰਮਾ ਇੱਕਦਮ ਅੱਗੇ ਵਧਿਆ ਤਾਂ ਭਾਈ ਜਗਤਾਰ ਸਿੰਘ ਹਵਾਰਾ ਉਸ ਉਪਰ ਬਾਜ਼ ਵਾਂਗ ਝਪਟ ਪਏ ਤੇ ਉਸ ਨੂੰ ਥੱਪੜ ਮਾਰ ਕੇ ਪਰ੍ਹੇ ਵਗਾ ਕੇ ਸੁੱਟਿਆ। ਨਿਸ਼ਾਂਤ ਸ਼ਰਮਾ ਨੇ ਭਾਈ ਹਵਾਰੇ ਨੂੰ ਧੱਕਾ ਮਾਰਦਿਆਂ ਛਾਤੀ ‘ਚ ਸਿਰ ਮਾਰਿਆ ਸੀ ਤੇ ਅੱਗੋਂ ਤੁਰੰਤ ਹੀ ਬੜੀ ਫੁਰਤੀ ਨਾਲ ਖ਼ਾਲਿਸਤਾਨੀ ਜਰਨੈਲ ਭਾਈ ਹਵਾਰਾ ਨੇ ਨਿਸ਼ਾਂਤ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਉਸ ਦੇ ਬਹੁਤ ਜ਼ੋਰ ਨਾਲ ਘਸੁੰਨ ਜੜ੍ਹ ਦਿੱਤਾ ਸੀ ਜਿਸ ਨੂੰ ਦੇਖ ਕੇ ਫ਼ਿਰਕੂ ਹਿੰਦੂਤਵੀਆਂ ਸ਼ਿਵ ਸੈਨਾ ਵਿੱਚ ਭਗਦੜ ਮੱਚ ਗਈ ਤੇ ਪੁਲਿਸ ਵੀ ਹੱਕੀ ਬੱਕੀ ਰਹਿ ਗਈ। ਫਿਰ ਪੁਲਿਸ ਨੇ ਨਿਸ਼ਾਂਤ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਸੈਕਟਰ 17 ਥਾਣੇ ਵਿੱਚ ਪਰਚਾ ਦਰਜ ਕਰ ਦਿੱਤਾ ਉਸ ਨਾਲ ਰਮੇਸ਼ ਕੁਮਾਰ, ਆਸ਼ੂਤੋਸ਼ ਤੇ ਮਨੀਸ਼ ਸੂਦ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਿਨ ਭਾਈ ਹਵਾਰਾ ਨੇ ਕਿਹਾ ਜੇ ਕਿਸੇ ਵਿੱਚ ਦਮ ਹੈ ਤਾਂ ਉਹ ਪਹਿਲਾਂ ਚੁਣੌਤੀ ਦੇ ਕੇ ਸਮਾਂ ਮਿੱਥ ਕੇ ਆਉਣ ਤੇ ਉਹ ਵਿਰੋਧੀਆਂ ਨੂੰ ਡਟਵਾਂ ਜਵਾਬ ਦੇ ਕੇ ਭਜਾ ਦੇਣਗੇ। ਭਾਈ ਹਵਾਰਾ ਦੇ ਇਸ ਐਕਸ਼ਨ ਕਾਰਨ ਖ਼ਾਲਸਾ ਪੰਥ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਤੇ ਸਿੱਖਾਂ ਦਾ ਮਨੋਬਲ ਹੋਰ ਵੀ ਉੱਚਾ ਹੋ ਗਿਆ ਤੇ ਹਰ ਸਿੱਖ ਜੋਸ਼ ਨਾਲ ਭਰ ਗਿਆ। ਯੋਧਿਆਂ ਨੇ ਦੱਸ ਦਿੱਤਾ ਕਿ ਹੱਥਕੜੀ ਵਿੱਚ ਜਕੜੇ ਅਤੇ ਪੁਲਿਸ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਆਪਣੀ ਅਣਖ਼, ਇੱਜਤ, ਸਵੈਮਾਣ, ਪੰਥ, ਪੰਜਾਬ ਤੇ ਦਸਤਾਰ ਦੀ ਰਾਖੀ ਕਿਵੇਂ ਕਰਨੀ ਹੈ ਤੇ ਪੰਥ ਵਿਰੋਧੀਆਂ ਦੇ ਕਿਵੇਂ ਮੂੰਹ ਭੰਨਣੇ ਹਨ। ਰੜਕੇ ਰੜਕੇ ਰੜਕੇ, ਥੱਪੜ ਚੰਡੀਗੜ੍ਹ ਵੱਜਦੇ, ਦਿੱਲੀ ਤੱਕ ਸੁਣਦੇ ਖੜਕੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਹਰ ਸਾਲ 11 ਨਵੰਬਰ ਦਾ ਦਿਨ ਸਿੱਖ ਕੌਮ ਵੱਲੋਂ ਥੱਪੜ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ। ਭਾਈ ਜਗਤਾਰ ਸਿੰਘ ਜੀ ਹਵਾਰਾ ਨੇ 31 ਅਗਸਤ 1995 ਨੂੰ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਦੋਸ਼ੀ ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਨੂੰ ਚੰਡੀਗੜ੍ਹ ਬੰਬ ਧਮਾਕੇ ਵਿੱਚ ਚੀਥੜਾ-ਚੀਥੜਾ ਕਰ ਦਿੱਤਾ ਸੀ ਤੇ ਭਾਈ ਹਵਾਰਾ ਜੀ ਦੀਆਂ ਸੇਵਾਵਾਂ ਨੂੰ ਵੇਖਦਿਆਂ 10 ਨਵੰਬਰ 2015 ਨੂੰ ਉਹਨਾਂ ਨੂੰ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਥਾਪਿਆ ਗਿਆ ਸੀ।
Author: Gurbhej Singh Anandpuri
ਮੁੱਖ ਸੰਪਾਦਕ