43 Views
ਦਲ ਖ਼ਾਲਸਾ ਤੇ ਮਾਨ ਦਲ ਦੇ ਮੈਂਬਰਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਨਿੰਦਾ
ਅੰਮ੍ਰਿਤਸਰ, 25 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਦੇ ਵਿਰੋਧ ‘ਚ ਅੱਜ ਗੁਰਦਾਸਪੁਰ, ਜਲੰਧਰ ਤੇ ਮਾਨਸਾ ‘ਚ ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਾਰਚ-ਪ੍ਰਦਰਸ਼ਨ ਕੀਤੇ ਜਾਣੇ ਸਨ। ਜਿਸ ਵਿੱਚ ਅੜਚਨ ਪਾਉਂਦਿਆਂ ਪੁਲਿਸ ਨੇ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੇ ਸੀਨੀਅਰ ਆਗੂ ਸ. ਕੰਵਰਪਾਲ ਸਿੰਘ ਬਿੱਟੂ ਤੇ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਰੋਕ ਲਿਆ, ਉਹਨਾਂ ਦੀ ਗੱਡੀ ਦੇ ਅੱਗੇ ਪੁਲਿਸ ਦੀਆਂ ਗੱਡੀਆਂ ਲਾ ਦਿੱਤੀਆਂ ਗਈਆਂ ਤੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਕੰਵਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਕੋਲ ਰੋਕੇ ਜਾਣ ਦਾ ਕੋਈ ਕਾਰਨ ਤੇ ਠੋਸ ਜਵਾਬ ਨਹੀਂ ਸੀ।
ਗੁਰਦਾਸਪੁਰ ਵਿੱਚ ਵੀ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਟਾਂਡਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਮਾਨ, ਹਰਪਾਲ ਸਿੰਘ ਬਲੇਰ ਤੇ ਕੁਲਵਿੰਦਰ ਕੌਰ ਖਾਲਸਾ ਤੇ ਹੋਰਾਂ ਨੂੰ ਮਾਰਚ ਕਰਦੇ ਸਮੇਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਦਿਲਬਾਗ ਸਿੰਘ ਗੁਰਦਾਸਪੁਰ ਅਤੇ ਜਸਵਿੰਦਰ ਸਿੰਘ ਕਾਹਨੂੰਵਾਨ ਨੂੰ ਪੁਲਿਸ ਨੇ ਪਹਿਲਾਂ ਹੀ ਘਰ ‘ਚ ਨਜ਼ਰਬੰਦ ਕਰ ਦਿੱਤਾ ਸੀ।
ਮਾਨਸਾ ਵਿੱਚ 26 ਜਨਵਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਸਾਥੀਆਂ ਤੇ ਸੰਗਤਾਂ ਸਮੇਤ ਹਿਰਾਸਤ ਵਿੱਚ ਲਿਆ ਗਿਆ। ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ ਤੇ ਹੋਰ ਅਨੇਕਾਂ ਆਗੂਆਂ ਨੂੰ ਵੀ ਘਰਾਂ ਚ ਨਜ਼ਰਬੰਦ ਕੀਤਾ ਗਿਆ।
ਦਲ ਖਾਲਸਾ ਦੇ ਆਗੂ ਸ. ਕੰਵਰਪਾਲ ਸਿੰਘ ਨੇ ਕਿਹਾ ਮੌਜੂਦਾ ਸੰਵਿਧਾਨ ਨੇ ਭਾਰਤੀਆਂ ਨੂੰ ਤਾਂ ਹੋ ਸਕਦਾ ਕਿ ਉਹਨਾਂ ਦੇ ਅਧਿਕਾਰ ਦਿੱਤੇ ਹੋਣ ਪਰ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ ਇਹ ਸੰਵਿਧਾਨ ਸਿੱਖਾਂ ਨੂੰ ਉਹਨਾਂ ਦੇ ਅਧਿਕਾਰੀ ਦੀ ਰਾਖੀ ਕਰਨ ਵਿੱਚ ਫੇਲ੍ਹ ਰਿਹਾ ਹੈ। ਉਹਨਾਂ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਜਿਸ ਦੀਆਂ ਹਦਾਇਤਾਂ ਤੇ ਥਾਂ-ਥਾਂ ਕਾਰਜਕਰਤਾਵਾਂ ਨੂੰ ਰੋਕਿਆ ਗਿਆ। ਪੁਲਿਸ ਪ੍ਰਸ਼ਾਸਨ ਦਾ ਰੋਲ ਬਹੁਤ ਨਿੰਦਣਯੋਗ ਰਿਹਾ ਜਿਸ ਨੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਹਰ ਗ਼ੈਰ-ਕਾਨੂੰਨੀ ਤੇ ਗੈਰ-ਜਮਹੂਰੀ ਹੱਥਕੰਡੇ ਵਰਤੇ ਹਨ।
ਉਹਨਾਂ ਕਿਹਾ ਕਿ 1950 ‘ਚ ਲਾਗੂ ਹੋਇਆ ਸੰਵਿਧਾਨ ਸਿੱਖਾਂ ਨਾਲ ਨਾਲ਼ ਧੋਖਾ ਸੀ ਅਤੇ ਭਾਰਤੀ ਸਟੇਟ ਵੱਲੋਂ ਪਿਛਲੇ ਪੰਜ ਦਹਾਕਿਆਂ ‘ਚ ਸਿੱਖਾਂ ਨਾਲ਼ ਕੀਤੇ ਧੱਕੇ, ਵਿਤਕਰੇ, ਜ਼ੁਲਮਾਂ, ਬੇਇਨਸਾਫ਼ੀਆਂ ਅਤੇ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਸਿੱਖ ਕੌਮ ਦੇ ਪ੍ਰਤੀਨਿਧ ਹੋਣ ਦੇ ਨਾਤੇ ਅਸੀਂ ਮੁੜ ਦੁਹਰਾਉਂਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਸਿੱਖ ਦਿੱਲੀ ਤਖ਼ਤ ਦੇ ਗਲਬੇ ਨੂੰ ਨਹੀਂ ਕਬੂਲਦੇ। ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਪਰਮਜੀਤ ਸਿੰਘ ਪੰਜਵੜ, ਹਰਦੀਪ ਸਿੰਘ ਨਿੱਝਰ, ਅਤੇ ਅਵਤਾਰ ਸਿੰਘ ਖੰਡਾ ਨੂੰ ਕਤਲ ਕਰਵਾ ਚੁੱਕੀ ਹੈ, ਗੁਰਪਤਵੰਤ ਸਿੰਘ ਪੰਨੂੰ ਨੂੰ ਵੀ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਦੇ ਜਸ਼ਨਾਂ ਤੋਂ ਦੂਰ ਰਹਿਣ, ਇੱਥੇ ਸੰਵਿਧਾਨਕ ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਰੁਕ ਨਹੀਂ ਰਹੀਆਂ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਬੇਅਦਬੀਆਂ ਹੋ ਰਹੀਆਂ ਹਨ, ਸਿੱਖਾਂ ਦੇ ਕਕਾਰਾਂ ‘ਤੇ ਪਾਬੰਦੀਆਂ ਲੱਗ ਰਹੀਆਂ ਹਨ। ਸਿੱਖਾਂ ਨੂੰ ਆਪਣੀਆਂ ਕੌਮੀ ਇਛਾਵਾਂ ਅਤੇ ਉਮੀਦਾਂ ਦੀ ਪੂਰਤੀ ਲਈ ਕੌਮੀ ਘਰ ਦੀ ਆਜ਼ਾਦੀ ਦਾ ਸੰਘਰਸ਼ ਬੁਲੰਦ ਕਰਨਾ ਚਾਹੀਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ