ਜਲੰਧਰ, 5 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)-ਸੰਤ ਨਾਮਦੇਵ ਕਸ਼ੱਤਰੀਆ ਟਾਂਕ ਸਭਾ ਜ਼ਿਲ੍ਹਾ ਜਲੰਧਰ ਵੱਲੋਂ ਇਥੇ ਪੰਜਾਬ ਪ੍ਰੈਸ ਕਲੱਬ ‘ਚ ਭਗਤ ਨਾਮਦੇਵ ਜੀ ਦੀ 750ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਰਿਲੀਜ਼ ਕੀਤਾ ਗਿਆ। ਸਿੱਕਾ ਰਿਲੀਜ਼ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਪੁਡੂਚੇਰੀ ਦੇ ਸਾਬਕਾ ਲੈਫ. ਗਵਰਨਰ ਡਾ. ਇਕਬਾਲ ਸਿੰਘ ਨੇ ਰਿਲੀਜ਼ ਕੀਤੀ। ਇਸ ਮੌਕੇ ਡਾ. ਇਕਬਾਲ ਸਿੰਘ ਨੇ ਕਿਹਾ ਕਿ 750 ਸਾਲ ਪਹਿਲਾਂ ਜਨਮ ਲੈਣ ਵਾਲੇ ਭਗਤ ਨਾਮਦੇਵ ਜੀ ਨੇ ਮਹਾਰਾਸ਼ਟਰ ਤੋਂ ਪੰਜਾਬ ਤੱਕ ਯਾਤਰਾ ਕੀਤੀ ਅਤੇ ਆਪਣੀ ਬਾਣੀ ਰਾਹੀਂ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਜੀ ਇੱਕ ਅਜਿਹੀ ਲੜੀ ਸਨ ਜੋ ਮਹਾਰਾਸ਼ਟਰ ਨੂੰ ਪੰਜਾਬ ਨਾਲ ਜੋੜਦੇ ਹਨ। ਉਨ੍ਹਾਂ ਭਗਤ ਨਾਮਦੇਵ ਜੀ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਸਿਖਿਆਵਾਂ ‘ਤੇ ਚਾਨਣਾ ਪਾਇਆ।
ਇਸ ਮੌਕੇ ਸੰਤ ਨਾਮਦੇਵ ਕਸ਼ੱਤਰੀਆ ਟਾਂਕ ਸਭਾ ਦੇ ਪ੍ਰਧਾਨ ਸ੍ਰੀ ਮਨੋਹਰ ਲਾਲ ਨੇ ਪਹਿਲਾ ਸਿੱਕਾ ਸਾਬਕਾ ਲੈਫ. ਗਵਰਨਰ ਡਾ. ਇਕਬਾਲ ਸਿੰਘ ਨੂੰ ਭੇਟ ਕੀਤਾ। ਸ੍ਰੀ ਮਨੋਹਰ ਲਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਮਹਾਂਪੁਰਖਾਂ ਨੂੰ ਯਾਦ ਕਰਨ ਲਈ ਇਹ ਸਿੱਕੇ ਇਕ ਬਹਾਨਾ ਹੁੰਦੇ ਹਨ। ਉਨ੍ਹਾਂ ਕਿਹਾ ਕਿ 750ਵੀਂ ਸ਼ਤਾਬਦੀ ਮੌਕੇ ਅਜਿਹਾ ਸਿੱਕਾ ਰਿਲੀਜ਼ ਹੋਣਾ ਸਾਨੂੰ 750 ਸਾਲਾਂ ਦੇ ਇਤਿਹਾਸ ਨਾਲ ਜੋੜਦਾ ਹੈ।
ਇਸ ਤੋਂ ਪਹਿਲਾਂ ਸਭਾ ਦੇ ਸਲਾਹਕਾਰ ਕੁਲਦੀਪ ਸਿੰਘ ਬੇਦੀ ਨੇ ਬੋਲਦਿਆਂ ਕਿਹਾ ਕਿ ਚਾਂਦੀ ਦਾ ਇਹ ਸਿੱਕਾ ਸ. ਗੰਡਾ ਸਿੰਘ ਕਸ਼ੱਤਰੀ ਟਾਂਕ ਸਭਾ ਟਰੱਸਟ ਦਿੱਲੀ ਵੱਲੋਂ ਤਿਆਰ ਕਰਵਾਇਆ ਗਿਆ ਹੈ ਅਤੇ 5 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਲੀ ਵਿਚ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸ਼ਰਧਾਲੂਆਂ ਨੂੰ ਇਨ੍ਹਾਂ ਸਿੱਕਿਆਂ ਦੀ ਵੰਡ ਜਲੰਧਰ ਵਿਚ ਸੰਤ ਨਾਮਦੇਵ ਕਸ਼ੱਤਰੀਆ ਟਾਂਕ ਸਭਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਕੀਤੀ ਗਈ ਹੈ। ਇਸ ਮੌਕੇ ਸਭਾ ਦੇ ਸਰਪ੍ਰਸਤ ਗੁਰਬਚਨ ਸਿੰਘ ਰਖਰਾ, ਸੀਨੀਅਰ ਵਾਈਸ ਪ੍ਰਧਾਨ ਮੇਜਰ ਜਗਜੀਤ ਸਿੰਘ ਰਿਸ਼ੀ, ਵਾਈਸ ਪ੍ਰਧਾਨ ਸ੍ਰੀ ਆਰ.ਪੀ. ਗਾਧੀ ਤੇ ਅਜੈ ਕੁਸ਼ਲ, ਜਨਰਲ ਸਕੱਤਰ ਸੀ.ਐੱਲ. ਲੱਕੀ, ਸਕੱਤਰ ਦਲਜੀਤ ਸਿੰਘ ਰਤਨ, ਅਸਿਸਟੈਂਟ ਸੈਕਟਰੀ ਜਸਬੀਰ ਸਿੰਘ, ਕੈਸ਼ੀਅਰ ਹਰੀਸ਼ ਚਿਤਰਾ, ਪੀ.ਆਰ.ਓ. ਸਰਵਣ ਸਿੰਘ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ