ਸਾਰੇ ਹੀ ਗੁਰੂ ਸਾਹਿਬਾਨਾਂ ਨੇ ਸਿੱਖੀ ਦੀ ਫੁਲਵਾੜੀ ਨੂੰ ਸੋਹਣੀ ਅਤੇ ਸੁਗੰਧੀ ਦੇਣ ਵਾਲੀ ਬਣਾਉਣ ਲਈ ਆਪੋ ਆਪਣਾ ਯੋਗਦਾਨ ਪਾਇਆ ਹੈ | ਬਹੁਤ ਸਾਰੇ ਗੁਰੂ ਪਿਆਰੇ ਸਿੱਖਾਂ ਨੇ ਆਪਣਾ ਸਰੀਰ ਤੱਕ ਲੇਖੇ ਲਾਕੇ ਗੁਰੂ ਸਾਹਿਬ ਦਾ ਹੁਕਮ ਮੰਨਿਆਂ ਅਤੇ ਮੰਨਦੇ ਆ ਵੀ ਰਹੇ ਹਨ | ਜਦੋਂ ਗੁਰਬਾਣੀ ਧਿਆਨ ਨਾਲ ਸਮਝ ਸਮਝਕੇ ਪੜਦੇ ਹਾਂ ਗੁਰੂ ਸਾਹਿਬ ਜੀ ਨੇ ਇਨਸਾਨ ਨੂੰ ਸਿਖਿਆ ਦੇ ਨਾਲ ਨਾਲ, ਬਹੁਤ ਸਾਰੇ ਕਰਮਕਾਂਡਾਂ, ਅੰਧ ਵਿਸ਼ਵਾਸ਼ਾਂ, ਪਖੰਡਾਂ ਵਿਚੋਂ ਕੱਢਣ ਦਾ ਯਤਨ ਵੀ ਕੀਤਾ ਹੈ ਤਾਂ ਜੋ ਧਰਮਿਕ ਪੁਜਾਰੀਆਂ ਦੀ ਲੁੱਟ ਤੋਂ ਮਨੁੱਖ ਬੱਚ ਸਕੇ, ਆਪਣੀ ਕਿਰਤ ਦਾ ਪੈਸਾ ਇਹਨਾਂ ਵਿਹਲੜਾਂ ਨੂੰ ਨਾ ਲੁੱਟਾਵੇ |
ਪਰ ਮੈ ਦੇਖਿਆ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਸਿੱਖ ਘਰਾਣੇ ਨਾਲ ਸੰਬੰਧ ਰੱਖਣ ਵਾਲੀਆ ਭੈਣਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਭੁੱਖੀਆਂ ਰਹਿ ਕੇ ਤਰਲੇ ਲੈਂਦੀਆਂ ਹਨ । ਅੰਨਪੜ ਲੋਕਾਂ ਦੀ ਕੀ ਗੱਲ ਕਰਾਂ ਇਥੇ ਤਾਂ ਆਪਣੇ ਆਪ ਨੂੰ ਪੜੇ ਲਿਖੇ ਸਮਝਣ ਵਾਲੇ { ਜਿਵੇਂ ਡਾਕਟਰ, ਪੀ. ਐਚ. ਡੀ., ਪ੍ਰੋਫੈਸਰ ਤੇ ਹੋਰ ਡਿਗਰੀਆਂ ਦੇ ਮਾਲਕ } ਧਾਰਮਿਕ ਅਗਿਆਨਤਾ ਵਿੱਚ ਫੱਸੇ ਨਜਰ ਆਉਂਦੇ ਹਨ ।
ਸਿੱਖ ਧਰਮ ਨਾਲ ਸੰਬੰਧਤ ਭੈਣਾਂ ਦੇ ਮੂੰਹੋਂ ਕਰਵਾ ਚੌਥ ਦਾ ਵਰਤ ਆਪ ਰੱਖਕੇ ਅਤੇ ਸੁਹਾਗਣਾ ਲਈ ਇਸ ਦਿਨ ਨੂੰ ਪਵਿੱਤਰ ਤਿਉਹਾਰ ਕਿਹਾ ਜਾ ਰਿਹਾ ਹੈ | ਜੇਕਰ ਇਨੀਆਂ ਪੜ੍ਹੀਆਂ ਲਿਖੀਆਂ ਭੈਣਾਂ ਦਾ ਇਹ ਹਾਲ ਹੈ ਤਾਂ ਕੀ ਬਣੇਗਾ ਸਿੱਖ ਧਰਮ ਦਾ ?
ਕੀ ਇਹਨਾਂ ਭੈਣਾਂ ਨੂੰ ਐਮ. ਏ. ਜਾਂ ਪੀ. ਐਚ. ਡੀ. ਵਰਗੀ ਡਿਗਰੀ ਹਾਸਲ ਕਰਨ ਤੋਂ ਵੀ ਹੋਰ ਜਿਆਦਾ ਪੜ੍ਹਾਈ ਦੀ ਜ਼ਰੂਰਤ ਹੈ ?
ਸਿੱਖ ਧਰਮ ਵਿੱਚ ਇਸਤਰੀ ਮਰਦ ਨੂੰ ਬਰਾਬਰ ਦੇ ਹੱਕ ਹਨ । ਇਹ ਨਹੀਂ ਹੈ ਕਿ ਇਸਤਰੀ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਰੋਟੀ ਤੋਂ ਭੁੱਖੀ ਰਹਿ ਕੇ ਚੰਦਰਮਾਂ ਤੇ ਪਤੀ ਦੇ ਦਰਸ਼ਨਾਂ ਦੀ ਉਡੀਕ ਕਰਦੀ ਹੋਵੇ ਅਤੇ ਪਤੀ ਉਸ ਸਮੇਂ ਭਾਵੇਂ ਕਿਸੇ ਹੋਟਲ ਵਿੱਚ ਐਸ਼ ਕਰ ਰਿਹਾ ਹੋਵੇ { ਇਹ ਅਕਸਰ ਹੁੰਦਾ ਵੀ ਹੈ ਸਾਡੇ ਸਮਾਜ ਵਿੱਚ }
ਗੁਰੂ ਸਾਹਿਬ ਜੀ ਨੂੰ ਕੇਵਲ ਸੀਸ ਨਿਭਾਕੇ ਘਰ ਵਾਪਿਸ ਆ ਜਾਣ ਵਾਲਿਉ ਇਹ ਪੜੋ ਗੁਰਬਾਣੀ ਦਾ ਹੁਕਮ >
ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥(ਮ: 1, ਪੰਨਾ 1024)
> ਛੋਡਹਿ ਅੰਨੁ ਕਰਹਿ ਪਾਖੰਡ ॥
ਨਾ ਸੋਹਾਗਨਿ ਨਾ ਓਹਿ ਰੰਡ॥ (ਪੰਨਾ 873)
ਜੋ ਲੋਕ ਅੰਨ ਛੱਡ ਦੇਂਦੇ ਹਨ ਤੇ ਇਹ ਪਖੰਡ ਕਰਦੇ ਹਨ, ਉਹ ( ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ ਹਨ ।
………………………………………………….
ਆਉ ਦੇਵੀ ਦੇਵਤਿਆਂ ਨੂੰ ਪੂਜਣ ਦੀ ਭਟਕਣਾ ਦਾ ਤਿਆਗ ਕਰਕੇ “ਸ਼ਬਦ ਗੁਰੂ” ਰਾਹੀਂ ਆਪਣੇ ਅੰਦਰ ਵੱਸਦੇ ਅਕਾਲ ਪੁਰਖ ਦੀ ਪਛਾਣ ਕਰੀਏ ਤੇ ਹਮੇਸ਼ਾਂ ਉਸ ਦਾ ਸ਼ੁਕਰਨਾ ਕਰਨ ਦੇ ਆਦੀ ਹੋਈਏ, ਕਿਉਂਕਿ ਉਹ ਹੀ ਹਰੇਕ ਜੀਵ ਨੂੰ ਸਿਰਫ ਤੇ ਸਿਰਫ ਮਾਰਨ ਰੱਖਣ ਵਾਲਾ ਅਤੇ ਸਾਰੇ ਸੁੱਖ ਦੇਣ ਵਾਲਾ ਹੈ, ਅਸੀਂ ਵਰਤ ਰੱਖਕੇ ਕਿਸੇ ਦੀ ਉਮਰ ਵਧਾ ਘਟਾ ਨਹੀਂ ਸਕਦੇ…
ਬਿਨੁ ਭਗਵੰਤ ਨਾਹੀ ਅਨ ਕੋਇ ॥
ਮਾਰੈ ਰਾਖੈ ਏਕੋ ਸੋਇ ॥ ਰਹਾਉ॥(ਮ: 5, ਪੰਨਾ 192)
ਕੀ ਅਸੀਂ ਗੁਰੂ ਸਾਹਿਬ ਜੀ ਦਾ ਇਹ ਹੁਕਮ ਨਾ ਮੰਨਕੇ, ਗੁਰਬਾਣੀ ਤੇ ਸ਼ੱਕ ਤੇ ਨਹੀਂ ਕਰ ਰਹੇ…?
✍???? ਅਮਰਪ੍ਰੀਤ ਸਿੰਘ ਗੁੱਜਰਵਾਲ
9465566666
( ਭੁੱਲ ਹੀ ਗਏ ਅੱਜ ਗੁਰੂ ਗਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ ਹੈ )
Author: Gurbhej Singh Anandpuri
ਮੁੱਖ ਸੰਪਾਦਕ