Home » ਧਾਰਮਿਕ » ਗੁਰਦਵਾਰਾ ਲੱਖਪੱਤ ਸਹਿਬ ਜੀ ਨਾਨਕ ਦਰਬਾਰ। ਗੁਜਰਾਤ( ਭੁਜ)

ਗੁਰਦਵਾਰਾ ਲੱਖਪੱਤ ਸਹਿਬ ਜੀ ਨਾਨਕ ਦਰਬਾਰ। ਗੁਜਰਾਤ( ਭੁਜ)

62 Views

ਇਹ ਅਸਥਾਨ, ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਨਾਨਕ ਸਹਿਬ ਜੀ ਅਰਬ ਨੂੰ ਜਾਣ ਸਮੇਂ ਇਸ ਅਸਥਾਨ ਤੇ ਇਤਿਹਾਸ ਮੁਤਾਬਕ ੨੧ ਦਿਨ ਰੁਕੇ ਸਨ। ਇਹ ਘਰ ਲੱਖਪੱਤ ਦੀ ਬੰਦਰਗਾਹ ਦੀ ਰਾਖੀ ਲਈ ਉਸਾਰੇ ਕਿਲੇ ਦੇ ਮੁੱਖ ਦਰਵਾਜ਼ੇ ਦੇ ਤੋਂ ਕੁਝ ਦੂਰੀ ਤੇ ਹੈ। ਜਿਸ ਸਮੇਂ ਗੁਰੂ ਨਾਨਕ ਸਹਿਬ ਜੀ ਨੇ ਇਸ ਅਸਥਾਨ ਨੂੰ ਭਾਗ ਲਾਏ ਉਸ ਸਮੇਂ ਲੱਖਪੱਤ ਦੀ ਬੰਦਰਗਾਹ ਪੂਰੇ ਜ਼ੋਰ ਸ਼ੋਰ ਨਾਲ ਚੱਲਦੀ ਸੀ, ਤੇ ਹਿੰਦੋਸਤਾਨ ਦਾ ਬਹੁ ਵਪਾਰ ਇਸ ਰਸਤੇ ਵੱਲੋਂ ਹੀ ਹੁੰਦਾ ਸੀ। ਉਸ ਸਮੇਂ ਲੱਖਾਂ ਦਾ ਵਪਾਰ ਹੋਣ ਕਾਰਨ ਇਸ ਦਾ ਨਾਮ ਲੱਖਪੱਤ ਪਿਆ ਸੀ। ਇਹ ਬੰਦਰਗਾਹ ਤਕਰੀਬਨ ਹਜ਼ਾਰ ਸਾਲ ਪਹਿਲਾ ਹੋਂਧ ਚ ਆਈ ਸੀ। ਗੁਰੂ ਸਹਿਬ ਜੀ ਵੀ ਇਸੇ ਰਸਤੇ ਤੋਂ ਅਰਬ ਨੂੰ ਗਏ। ਜਿਸ ਘਰ ਵਿੱਚ ਸਤਿਗੁਰੂ ਜੀ ਰਹੇ ਉਹ ਘਰ ਅੱਜ ਵੀ ਮਜੂਦ ਹੈ, ਥੋੜ੍ਹਾ-ਬਹੁਤ ਉਸ ਦੀ ਮੁਰੰਮਤ ਕੀਤੀ ਗਈ ਹੈ। ਸੰਨ ਦੋ ਹਜ਼ਾਰ ਚਾਰ ਤੋਂ ਇਹ ਇਮਾਰਤ ਯੂਨੈਕਿਸਓ ਦੇ ਅਧੀਨ ਹੈ। ਹੁਣ ਉਸ ਇਮਾਰਤ ਨਾਲ ਕਿਸੇ ਕਿਸਮ ਦੀ ਛੇੜ ਛਾੜ ਨਹੀਂ ਹੋ ਸਕਦੀ। ਇਤਿਹਾਸ ਚ ਦੱਸਿਆ ਜਾਂਦਾ ਹੈ, ਕਿ ਗੁਰੂ ਨਾਨਕ ਸਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਗੁਰੂ ਸਹਿਬ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਇਸ ਅਸਥਾਨ ਤੇ ਆਏ ਅਤੇ ਕਰੀਬ ਛੇ ਸਾਲ ਦਾ ਸਮਾਂ ਏਥੇ ਹੀ ਰਹੇ। ਇੱਥੋਂ ਬਾਬਾ ਸ੍ਰੀ ਚੰਦ ਜੀ ਪਾਕਿਸਤਾਨ ਗਏ, ਉੱਥੋਂ ਗੁਰੂ ਸਹਿਬ ਜੀ ਦੀਆਂ ਖੜਾਵਾਂ ਅਤੇ ਭਗੂੰੜਾ ਲੈ ਕਿ ਮੁੜ ਇਸੇ ਬੰਦਰਗਾਹ ਰਾਹੀਂ ਵਾਪਸ ਆਏ। ਉਸ ਹਿੰਦੂ ਪ੍ਰਵਾਰ ਦੀ ਅਗਲੀ ਪੀੜੀ ਨੇ ਖੜਾਵਾਂ, ਭਗੂੰੜਾ ਪਾਤਸ਼ਾਹ ਜੀ ਦੀ ਯਾਦ ਵਜੋਂ ਆਪਣੇ ਕੋਲ ਰੱਖ ਲਿਆ ਅਤੇ ਬਾਬਾ ਸ੍ਰੀ ਚੰਦ ਜੀ ਉਸ ਪ੍ਰਵਾਰ ਨੂੰ ਯਾਦ ਵਜੋਂ ਆਪਣੀਆਂ ਖੜਾਵਾਂ ਵੀ ਦੇ ਕਿ ਆਏ, ਅੱਜ ਵੀ ਉਸ ਘਰ ਚ ਗੁਰੂ ਸਹਿਬ ਜੀ ਦੀਆਂ ਖੜਾਵਾਂ, ਭੰਗੂੜਾ ਅਤੇ ਬਾਬਾ ਜੀ ਦੀਆਂ ਖੜਾਵਾਂ ਮਜੂਦ ਹਨ। ਅਠਾਰਵੀਂ ਸਦੀ ਚ ਲੱਖਪੱਤ ਵਿੱਖੇ ਭੁਚਾਲ਼ ਆਇਆ ਜਿਸ ਨਾਲ ਕੁਦਰਤੀ ਤੌਰ ਤੇ ਧਰਤੀ ਆਂਮ ਨਾਲ਼ੋਂ ਬਹੁਤ ਉੱਚੀ ਹੋ ਗਈ ਤੇ ਸਮੁੰਦਰ ਵੀ ਇੱਥੋਂ ਤਕਰੀਬਨ ਚਾਲੀ ਕਿੱਲੋਮੀਟਰ ਪਿੱਛੇ ਹੱਟ ਗਿਆ। ਜਿਸ ਨਾਲ ਇਲਾਕੇ ਦੇ ਸਾਰੇ ਕਾਰੋਬਾਰ ਬਰਬਾਦ ਹੋ ਗਏ। ਅੱਜ ਕੱਲ ਏਥੇ ਉਹ ਕਿਲ੍ਹਾ ਮਜੂਦ ਹੈ, ਉਸ ਸਮੇਂ ਦਾ ਕਸਟਮ ਵਿਭਾਗ ਦੀ ਅੱਧਡਿਗੀ ਇਮਾਰਤ ਤੇ ਪੁਰਾਤਨ ਪਿੰਡ ਵੀ ਹੈ, ਪਰ ਢਹਿ ਚੁੱਕਾ ਹੈ। ਕੁਝ ਘਰ ਵੱਸਦੇ ਹਨ, ਉਨ੍ਹਾਂ ਨੇ ਘਰ ਬਾਅਦ ਚ ਤਿਆਰ ਕੀਤੇ ਹਨ। ਕਿਲੇ ਦੇ ਬਾਹਰ ਦੋ ਪਾਸੇ ਜਿੱਥੋਂ ਸੁਮੰਦਰ ਨੇ ਆਪਣੀ ਥਾਂ-ਬਦਲੀ ਉੱਥੇ ਹੁਣ ਵੀ ਸਾਰੀ ਦਲਦਲ ਹੈ, ਦੇਖਣ ਦਾ ਨਜ਼ਾਰਾ ਇੰਝ ਹੈ, ਜਿਵੇਂ ਰੇਤ ਦੇ ਟਿੱਬੇ ਉੱਚੇ ਨੀਵੇਂ ਹੋਣ. ਪਰ ਉਹ ਇੱਕਦਮ ਪੱਧਰ ਤੇ ਦਲਦਲਾਂ ਇਲਾਕਾ ਹੈ।
ਗੁਰੂ ਸਹਿਬ ਜੀ ਦੀ ਰਹਿਮਤ ਸਦਕਾ ਉਹ ਘਰ ਪ੍ਰਵਾਰ ਵੱਲੋਂ ਸਿੱਖ ਕੌਮ ਨੂੰ ਦੇ ਦਿੱਤਾ ਗਿਆ ਹੈ। ਸਤਾਰਵੀਂ ਅਠਾਰਵੀਂ ਸਦੀ ਚ ਵੀ ਸਿੱਖ ਉਸ ਅਸਥਾਨ ਦੇ ਦਰਸ਼ਨਾਂ ਨੂੰ ਜਾਂਦੇ ਰਹੇ ਹਨ। ਘਰ ਦੇ ਅੰਦਰ ਦੀਆਂ ਕੰਧਾਂ ਉੱਤੇ ਗੁਰਬਾਣੀ ਦੀਆਂ ਪੰਗਤੀਆਂ ਤੇ ਉਸ ਸੰਨ ਦੀਆਂ ਤਰੀਕਾਂ ਉੱਕਰੀਆਂ ਹੋਈਆਂ ਹਨ। ਘਰ ਦੇ ਅੰਦਰ ਬਾਹਰ ਕੰਧਾਂ ਉੱਤੇ ਉਸ ਸਮੇਂ ਦੀਆਂ ਬਹੁਤ ਛੋਟੀਆਂ ਅਤੇ ਦਰਮਿਆਨੇ ਅਕਾਰ ਦੀਆਂ ਦੇਵਤਿਆਂ ਦੀਆਂ ਮੂਰਤੀਆਂ ਵੀ ਬਣੀਆਂ ਹੋਈਆਂ ਹਨ। ਉਸ ਅਸਥਾਨ ਤੇ ਦੋ ਨਿਸ਼ਾਨ ਸਹਿਬ ਇੱਕ ਵੱਡਾ ਗੁਰੂ ਘਰ ਦਾ ਅਤੇ ਇੱਕ ਛੋਟਾ ਬਾਬਾ ਸ੍ਰੀ ਚੰਦ ਜੀ ਦੀ ਯਾਦ ਚ ਲੱਗਾ ਹੈ। ਗੁਰੂ ਘਰ ਚ ਸੰਗਤ ਦੇ ਰਹਿਣ ਲਈ ਕਮਰੇ, ਲੰਗਰ ਦਾ ਪੂਰਾ ਪ੍ਰਬੰਧ ਹੈ। ਉਸ ਅਸਥਾਨ ਤੇ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਸੁਭਾਇਮਾਨ ਹਨ।

ਰਹਿਮਤ ਦੀ ਛਹਿਬਰ

ਉਸ ਅਸਥਾਨ ਤੇ ਜਾ ਕਿ ਜਦੋਂ ਗੁਰੂ ਗ੍ਰੰਥ ਸਹਿਬ ਜੀ ਦੇ ਦਰਸ਼ਨ ਕਰਦੇ ਹੋ, ਉਸ ਅਸਥਾਨ (ਘਰ) ਦਾ ਵਾਤਾਵਰਣ, ਮਹਿਕ, ਖਿੱਚ, ਆਬੋ ਹਵਾ ਹੀ ਵੱਖਰੀ ਮਹਿਸੂਸ ਹੁੰਦੀ ਹੈ, ਉੱਥੇ ਇੰਝ ਮਹਿਸੂਸ ਹੁੰਦਾ ਹੈ, ਜਿਵੇਂ ਸਤਿਗੁਰੂ ਜੀ ਤੁਹਾਡੇ ਨਾਲ ਆਪ ਬਚਨ ਬਿਲਾਸ ਕਰਦੇ ਹੋਣ। ਤੁਹਾਡੇ ਹੱਥ ਉਸ ਘਰ ਨਾਲ ਸਪੱਰਸ਼ ਹੋਣ ਨਾਲ ਇੱਕ ਝਰਨਾਹਟ ਉੱਠਦੀ ਹੈ, ਜਿਹੜੀ ਤੁਹਾਡੇ ਅੰਦਰ ਅਨੰਦ ਰੂਪੀ ਚੱਲ ਰਹੀ ਹਵਾ ਚ ਵਲੀਨ ਹੋ ਜਾਂਦੀ ਹੈ। ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਗੁਰੂ ਨਾਨਕ ਸਹਿਬ ਜੀ ਅੱਜ ਵੀ ਉਸ ਘਰ ਦੇ ਅੰਦਰ ਬਾਹਰ ਘੁੰਮ ਰਹੇ ਹੋਣ। ਆਪ ਮੁਹਾਰੇ ਤੁਹਾਡਾ ਮਸਤਕ ਉਨ੍ਹਾਂ ਕੰਧਾਂ, ਵਿਹੜੇ ਦੀ ਜ਼ਮੀਨ ਤੇ ਬੂਹਿਆਂ ਦੀਆਂ ਸਰਦਲਾਂ ਤੇ ਝੁਕਣੋਂ ਨਹੀਂ ਰਹਿੰਦਾ। ਜਿਵੇਂ ਮਾਰੂਥਲ ਦੀ ਰੇਤ ਮੀਂਹ ਨਾਲ ਠਰ ਜਾਂਦੀ ਹੈ, ਉਸੇ ਤਰਾਂ ਸਾਡੇ ਸੜ ਭੁੱਜ ਚੁੱਕੇ ਹਿਰਦੇ ਤੇ ਰਹਿਮਤ ਦੀ ਵਰਖਾ ਹੁੰਦੀ ਹੈ-ਉਹ ਠਰ ਜਾਂਦਾ ਹੈ, ਸੀਤ ਹੋ ਜਾਂਦਾ ਹੈ। ਉਸ ਸਮੇਂ ਤੁਸੀਂ ਚਾਹੁੰਦੇ ਹੋਏ ਵੀ ਬੋਲ ਨਹੀਂ ਪਾਉਂਦੇ, ਮੂੰਹ ਚੋਂ ਸਿਰਫ ਇੱਕੋ ਅਵਾਜ਼ ਨਿਕਲਦੀ ਹੈ, ਧੰਨ ਗੁਰੂ ਨਾਨਕ ਸਹਿਬ ਜੀ, ਧੰਨ ਗੁਰੂ ਨਾਨਕ ਸਹਿਬ ਜੀ। ਇਸ ਗੱਲ ਦੀ ਅਸੀਂ ਸ਼ਾਹਦੀ ਭਰਦੇ ਹਾਂ ਕਿ ਉਸ ਅਸਥਾਨ ਦੇ ਦਰਸ਼ਨਾਂ ਤੋਂ ਬਾਅਦ ਤੁਹਾਡਾ ਚਿੱਤ ਵਾਪਸ ਆਉਣ ਨੂੰ ਨਹੀਂ ਕਰਦਾ, ਤੁਰਨ ਲੱਗੇ ਤੁਹਾਡਾ ਮਨ ਪਿਆਰ ਨਾਲ ਜ਼ਰੂਰ ਭਰੇਗਾ।

ਇਹ ਆਨੰਦ ਤੁਸੀਂ ਉਸ ਅਸਥਾਨ ਦੇ ਦਰਸ਼ਨ ਕਰਕੇ ਹੀ ਪ੍ਰਾਪਤ ਕਰ ਸਕਦੇ ਹੋ।
ਉਸ ਤਰਾਂ ਅਸੀਂ ਇੱਕ ਜਾਂ ਦੋ ਵੀਡੀਓ ਵੀ ਪਾਵਾਂਗੇ। ਕੁਝ ਫੋਟੋਆਂ ਸੰਗਤਾਂ ਲਈ ਅਪਲੋਡ ਕਰ ਰਹੇ ਹਾਂ।
ਜਿਸ ਚ ਆਪ ਜੀ ਘਰ ਦੇ ਦਰਸ਼ਨ ਕਰਨ ਦੇ ਨਾਲ ਨਾਲ ਕਿਲ੍ਹੇ ਦੇ ਕੁਝ ਅੰਸ਼ ਦੇਖ ਸਕੋਗੇ।

ਭੁੱਲ ਚੁੱਕ ਖਿਮਾ ਨਿਸ਼ਾਨ ਸਿੰਘ ਮੂਸੇ
ਮੋਬਾਇਲ ਨੰਬਰ 9876730001

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE