ਕਾਹਦੇ ਵਾਧੇ ਕਾਹਦੇ ਘਾਟੇ,
ਜਿਹਨਾਂ ਪੀ ਲਏ ਅੰਮ੍ਰਿਤ ਬਾਟੇ,
ਦਿਲ ਵਿੱਚ ਸਬਰ, ਦਯਾ ‘ਤੇ ਗੈਰਤ,
ਜਿਹਨਾਂ ਜਾਣਿਆਂ ਹੋਈ ਹੈਰਤ,
ਹੌਲ਼ੀਆਂ ਉਮਰਾਂ ਜੇਰੇ ਪਰਬਤ,
ਉਂਝ ਜਵਾਲੇ ਬੋਲੀਂ ਸ਼ਰਬਤ,
ਡੱਕਣੇ ਕੀ ਸਰਕਾਰਾਂ ਨੇ…
ਜਿਸ ਨੇ ਚਾਰ ਵਾਰ ਕੇ ਆਖਿਆ,
ਸੱਚੀ ਜੁਗਾਂ ਜੁਗਾਂ ਤੱਕ ਭਾਖਿਆ,
ਜਿਉਂਦੇ ਲੱਖ ਹਜ਼ਾਰਾਂ ਨੇ…
ਦਿੱਲੀ ਦੱਖਣੋਂ ਚੜ੍ਹੀਆਂ ਫੌਜਾਂ,
ਐਧਰ ਸੂਰਮਿਆਂ ਮਨ ਮੌਜਾਂ,
ਕੱਚੀ ਗੜ੍ਹੀ ਖਿਆਲਾਂ ਅੰਦਰ,
ਹੌਸਲੇ ਛੂਹ ਗਏ ਉੱਡਕੇ ਅੰਬਰ,
ਧਰ ਕੇ ਸੀਸ ਤਲ਼ੀ ‘ਤੇ ਬਹਿਗੇ,
ਚਾਅ ਏ ਪ੍ਰੇਮ ਖੇਲਣ ਦਾ ਕਹਿਕੇ,
‘ਡੀਕਣ ਲਾਟ ਪਤੰਗੇ ਜੀ,
ਪਿਘਲ਼ਿਆ ਖੂਨ ਚਿਰਾਂ ਦਾ ਠਰਿਆ,
ਮੱਥਾ ਗੁਰੂ ਦੀ ਦੇਹਲ਼ੀ ਧਰਿਆ,
ਗਏ ਨੇ ਰੰਗ ਵਿੱਚ ਰੰਗੇ ਜੀ..
ਉਹਨਾਂ ਨੇਤਰਾਂ ਵਿੱਚ ਖ਼ੁਮਾਰੀ,
ਆ ਕੇ ਰਚ ਗਈ ਕਾਇਨਾਤ ਸਾਰੀ,
ਜਿੱਥੇ ਚੜ੍ਹਦੀ ਕਲਾ ਦੀਆਂ ਠਾਹਰਾਂ,
‘ਕੱਲਾ ‘ਕੱਲਾ ਲੱਖ ਹਜ਼ਾਰਾਂ,
ਮੁੰਡੇ ਫੁੱਲ ਪਹਾੜ ਸੀ ਜੇਰੇ,
ਬਾਬਾ ਲੱਗ ਗਏ ਚਰਨੀਂ ਤੇਰੇ,
ਸੌਖੇ ਪੰਧ ਨਿਬੇੜੇ ਨਾ…
ਮੁੱਠ ਕੁ ਛੋਲੇ ਜੇਬੀਂ ਪਾ ਕੇ,
ਬੈਠੇ ਧਰਮ ਆਸਰਾ ਲਾ ਕੇ,
ਡਰ ਭੈਅ ਨੇੜੇ ਤੇੜੇ ਨਾ…
ਜਾਂ ਫਿਰ ਇਸ ਜਾਂ ਫਿਰ ਉਸ ਬੰਨੇ,
ਲਿਖ ਗਏ ਨਾਲ਼ ਲਹੂ ਦੇ ਪੰਨੇ,
ਮਲ਼ਦੇ ਹੱਥ ਰਹਿਗੇ ਜਰਵਾਣੇ,
ਕਰ ਗਏ ਕੌਤਕ ਨੀਲੇ ਬਾਣੇ,
ਪਿੰਜਰੇ ਰਹਿਗੇ ਉੱਡਗੀਆਂ ਰੂਹਾਂ,
ਕਿੱਥੋਂ ਕਿੱਥੋਂ ਕੱਢ ਕੇ ਸੂਹਾਂ,
ਕਹਿੰਦੇ ਖਾਲਸਾ ਫੜ੍ਹਨਾ ਸੀ..
ਜਿੱਤਾਂ ਬਦਲਤੀਆਂ ਵਿੱਚ ਹਾਰਾਂ,
ਹਸਦੀਆਂ ਖਾਲਸਈ ਦਸਤਾਰਾਂ,
ਕਿ ਸੱਚ ਨੇ ਕਿੱਥੇ ਝੜਨਾ ਸੀ।
~ਦਾਊਮਾਜਰਾ
Author: Gurbhej Singh Anandpuri
ਮੁੱਖ ਸੰਪਾਦਕ