ਚੰਡੀਗੜ੍ਹ/ਜਲੰਧਰ 7 ਅਕਤੂਬਰ ( ਭੁਪਿੰਦਰ ਸਿੰਘ ਮਾਹੀ ) – ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰ ਲਿਖ ਕੇ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫਿਰ ਤੋਂ ਪੰਜਾਬ ਨੂੰ ਵੱਖਵਾਦ ਅਤੇ ਮੌਤਾਂ ਦੇ ਦੌਰ ਵਿਚ ਨਹੀਂ ਧੱਕ ਸਕਦੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਜਾਨ ਅਤੇ ਖ਼ੂਨ ਬਹੁਤ ਪਵਿੱਤਰ ਹਨ, ਜੋ ਡੋਲੇ ਨਹੀਂ ਜਾ ਸਕਦੇ ਅਤੇ ਨਾ ਹੀ ਕਾਲਪਨਿਕ ਸ਼ਿਕਾਇਤਾਂ ਕਾਰਨ ਬਰਬਾਦ ਕੀਤੇ ਜਾ ਸਕਦੇ ਹਨ।
ਲਿਖੇ ਗਏ ਪੱਤਰ ਵਿਚ ਰਾਜਾ ਵੜਿੰਗ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ 29 ਸਤੰਬਰ ਨੂੰ ਮੋਗਾ ਦੇ ਪਿੰਡ ਰੋਡੇ ‘ਚ ਹੋਏ ਸਮਾਗਮ ਤੋਂ ਲੋਕਾਂ ‘ਚ ਕਈ ਖ਼ਦਸ਼ੇ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਮਾਗਮ ‘ਚ ਜਿਸ ਤਰ੍ਹਾਂ ਦੇ ਭਾਸ਼ਣ ਦਿੱਤੇ ਗਏ ਹਨ, ਉਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਉਨ੍ਹਾਂ ਲਿਖਿਆ ਕਿ ਇਸ ਸਮਾਗਮ ‘ਚ ਅੰਮ੍ਰਿਤ ਪਾਲ ਨੇ ਬਹੁਤ ਹੀ ਭੜਕਾਊ ਦਲੀਲਾਂ ਦਿੱਤੀਆਂ ਹਨ। ਇਹ ਮਾਹੌਲ ਖ਼ਰਾਬ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਨੇ ਅਜਿਹਾ ਭਾਸ਼ਣ ਕਿਉਂ ਦਿੱਤਾ ਹੈ, ਜੋ ਨੌਜਵਾਨਾਂ ਨੂੰ ਗੁੰਮਰਾਹ ਕਰ ਸਕਦਾ ਹੈ।
ਅੱਗੇ ਲਿਖਦੇ ਹੋਏ ਵੜਿੰਗ ਨੇ ਕਿਹਾ ਕਿ ਉਹ ਇੰਟਰਨੈੱਟ ਮੀਡੀਆ ’ਤੇ ਅੰਮ੍ਰਿਤਪਾਲ ਦੀਆਂ ਪੋਸਟਾਂ ’ਤੇ ਨੌਜਵਾਨਾਂ ਵੱਲੋਂ ਆ ਰਹੇ ਸੰਦੇਸ਼ਾਂ ਨੂੰ ਵੇਖ ਕੇ ਚਿੰਤਤ ਹਨ। ਉਨ੍ਹਾਂ ਡੀ. ਜੀ. ਪੀ. ਨੂੰ ਕਿਹਾ ਕਿ ਮੈਨੂੰ ਯਕੀਨ ਹੈ ਕਿ ਪੁਲਸ ਦੀਆਂ ਗਤੀਵਿਧੀਆਂ ‘ਤੇ ਵੀ ਤਿੱਖੀ ਨਜ਼ਰ ਹੋਵੇਗੀ ਪਰ ਫਿਰ ਵੀ ਇਕ ਪੰਜਾਬੀ ਅਤੇ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਹਾਂ ਕਿ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖੀ ਜਾਵੇ। ਅਜਿਹਾ ਨਾ ਹੋਵੇ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ। ਅੰਮ੍ਰਿਤਪਾਲ ਨੇ ‘ਵਾਰਿਸ ਪੰਜਾਬ ਨਾਂ’ ਦੀ ਜੋ ਸੰਸਥਾ ਬਣਾਈ ਹੈ, ਉਸ ਦਾ ਅਸਲ ਮਕਸਦ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਲੇ-ਦੁਆਲੇ ਹੋ ਰਹੀਆਂ ਘਟਨਾਵਾਂ ਨੂੰ ਵੇਖ ਕੇ ਮੈਂ ਅੱਖਾਂ ਬੰਦ ਨਹੀਂ ਕਰ ਸਕਦਾ। ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਪਾਲ ਦੁਬਈ ‘ਚ ਸਥਾਪਤ ਕਾਰੋਬਾਰੀ ਸੀ, ਇਸ ਲਈ ਪੁਲਸ ਨੂੰ ਉਸ ਦੇ ਪੰਜਾਬ ਵਾਪਸ ਆਉਣ ਦੇ ਕਾਰਨਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੇ ਡੇਢ ਦਹਾਕੇ ਤੋਂ ਕਾਲਾ ਦੌਰ ਵੇਖਿਆ ਹੈ ਅਤੇ ਪੂਰੀ ਪੀੜ੍ਹੀ ਨੂੰ ਮਰਦੇ ਵੇਖਿਆ ਹੈ। ਪੰਜਾਬੀ ਹੁਣ ਮੁੜ ਉਸ ਸਥਿਤੀ ‘ਚ ਨਹੀਂ ਜਾਣਾ ਚਾਹੁੰਦੇ।
Author: Gurbhej Singh Anandpuri
ਮੁੱਖ ਸੰਪਾਦਕ