ਅਸੀ ਗੁਰਬਾਣੀ ਵਿਚੋਂ ਅੰਕ ੯੪੨ ਤੇ ਗੁਰੂ ਨਾਨਕ ਸਾਹਿਬ ਦੀ ਰਾਗ ਰਾਮਕਲੀ ਬਾਣੀ ਚੋ ਪੜਦੇ ਹਾਂ, ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ। ਇਹ ਪੜ ਕੇ ਕਾਲਪਨਿਕ ਤਸਵੀਰਾਂ ਨਾਲ ਜੁੜਨਾ ਗੁਰੂ ਦੀ ਮਤਿ ਤੋ ਮੁੱਖ ਮੋੜਨਾ ਹੈ। ਮੈ ਬਹੁਤ ਅਰਸੇ ਤੋ ਪ੍ਰਚਾਰਕ ਵਿਦਵਾਨਾ ਤੋ ਸੁਣਦਾ ਸਾਂ ਕਿ ਭਾਗ ਸਿੰਘ ਗੁਰਦਾਸਪੁਰ ਨੂੰ ਸਾਹਵੇ ਬਿਠਾ ਕੇ ਉਸਦੇ ਚਿਹਰੇ ਮੋਹਰੇ ਮੁਤਾਬਿਕ ਚਿੱਤਰਕਾਰ ਸੋਭਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਈ ਸੀ, ਐਪਰ ਜਦ ਪੁਛੀਦਾ ਸੀ ਕਿ ਭਾਗ ਸਿੰਘ ਕੌਣ ਹੈ, ਕਿਹੜੇ ਪਿੰਡ ਦਾ ਰਹਿਣ ਵਾਲਾ ਹੈ, ਉਸਦਾ ਕੋਈ ਅਤਾ ਪਤਾ ਕੋਈ ਤਸਵੀਰ ਹੋਵੇ ਜਿਸ ਤੋ ਜਾਣ ਸਕੀਏ ਕਿ ਵਾਕਿਆ ਹੀ ਇਸਦਾ ਚਿਹਰਾ ਗੁਰੂ ਗੋਬਿੰਦ ਸਿੰਘ ਦੀ ਬਣਾਈ ਤਸਵੀਰ ਨਾਲ ਮਿਲਦਾ ਜੁਲਦਾ ਹੈ, ਤਦ ਹੀ ਠੋਸ ਸਬੂਤਾਂ ਦੇ ਅਧਾਰ ਤੇ ਕਿਸੇ ਦੂਜੇ ਨੂੰ ਦੱਸ ਸਕਦੇ ਹਾਂ। ਕੋਈ ਵੀ ਪ੍ਰਚਾਰਕ ਇਸ ਬਾਬਤ ਨਹੀ ਸੀ ਜਾਣਦਾ, ਸਿਰਫ ਸੁਣਿਆ ਸੁਣਾਇਆ ਹੀ ਅੱਗੇ ਸੁਣਾਈ ਜਾਂਦੇ ਸੀ, ਭਾਗ ਸਿੰਘ ਦਾ ਅਤਾ ਪਤਾ ਪੁੱਛਣ ਤੇ ਖਾਮੋਸ਼ ਹੋ ਜਾਂਦੇ ਸੀ। ਕੋਈ ਭਾਗ ਸਿੰਘ ਦੱਸਦਾ ਸੀ ਕੋਈ ਬਾਜ਼ ਸਿੰਘ ਦੱਸਦਾ ਸੀ, ਕਿਸੇ ਨੇ ਗੁਰਦਾਸਪੁਰ ਦਾ ਕਹਿਣਾ ਕਿਸੇ ਨੇ ਗੁਰਦਾਸਪੁਰ ਦੇ ਕਿਸੇ ਨਾ-ਮਾਲੂਮ ਪਿੰਡ ਦਾ ਕਹਿਣਾ। ਅਸਲੀਅਤ ਐਹ ਕਿ ਸਪੱਸ਼ਟ ਤੌਰ ਤੇ ਕੋਈ ਵੀ ਨਹੀ ਸੀ ਜਾਣਦਾ।
ਮੈਨੂੰ ਮੇਰੇ ਦੋਸਤ ਜਤਿੰਦਰਪਾਲ ਸਿੰਘ ਗੁਰਦਾਸਪੁਰ ਨੇ ਦਸਿਆ ਕਿ ਭਾਗ ਸਿੰਘ ਬਾਰੇ ਲੇਖਕ ਸਰਬਜੀਤ ਸਿੰਘ ਘੁਮਾਣ ਨੇ ਫੇਸਫੁੱਕ ਦੀ ਆਪਣੀ ਇੱਕ ਪੋਸਟ ਵਿੱਚ ਲਿਖਿਆ ਸੀ ਉਹਨਾਂ ਨਾਲ ਸੰਪਰਕ ਕਰ, ਮੈ ਪਹਿਲਾਂ ਸਰਬਜੀਤ ਸਿੰਘ ਘੁਮਾਣ ਦੀ ਪੋਸਟ ਲੱਭੀ ਪੜੀ ਪਰ ਸਹੀ ਜਾਣਕਾਰੀ ਲੈਣ ਲਈ ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਕਿਹਾ ਨਿਰਮਲ ਸਿੰਘ ਕਨੇਡਾ ਨੇ ਆਪਣੀ ਕਿਤਾਬ ਵਿੱਚ ਭਾਗ ਸਿੰਘ ਬਾਬਤ ਲਿਖਿਆ ਸੀ ਤੇ ਐਹ ਵੀ ਲਿਖਿਆ ਕਿ ਇਹ ਗੱਲ ਉਹਨਾਂ ਨੂੰ ਗਿਆਨੀ ਸੰਤੋਖ ਸਿੰਘ ਆਸਟਰੇਲੀਆ ਨੇ ਦੱਸੀ ਸੀ। ਮੈ ਕਿਹਾ ਕਿ ਏਹ ਗਿਆਨੀ ਸੰਤੋਖ ਸਿੰਘ ਕੌਣ ਨੇ, ਉਹਨਾਂ ਕਿਹਾ ਕਿ ਗਿਆਨੀ ਸੰਤੋਖ ਸਿੰਘ ਹੈ ਤਾਂ ਪੰਜਾਬ ਤੋਂ ਨੇ ਇਸ ਵਕਤ ਆਸਟ੍ਰੇਲੀਆ ਰਹਿੰਦੇ ਹਨ, ਉਹਨਾਂ ਨਾਲ ਗੱਲ ਕਰੋ ਕਿ ਲੇਖਕ ਨੂੰ ਤੁਸਾਂ ਦਸਿਆ ਸੀ। ਗਿਆਨੀ ਸੰਤੋਖ ਸਿੰਘ ਜੀ ਦਾ ਫੇਸਬੁੱਕ ਤੋਂ ਨੰਬਰ ਲੱਭ ਕੇ ਸੰਪਰਕ ਕੀਤਾ ਉਹਨਾਂ ਦਸਿਆ ਕਿ ਮੈ ਪੰਜਾਬ ਤੋਂ ਮਹਿਤਾ ਲਾਗੇ ਪਿੰਡ ਸੂਰੋ ਪੱਡਾ ਦੇ ਰਹਿਣ ਵਾਲਾ ਹਾਂ। ਪਹਿਲਾਂ ਰਾਗੀ ਤੇ ਫੇਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਚੰਨਣ ਸਿੰਘ ਨਾਲ ਬਤੌਰ ਪੀ.ਏ ਰਿਹਾ ਹਾਂ। ਐਸ ਵਕਤ ਸਿਡਨੀ ਆਸਟ੍ਰੇਲੀਆ ਰਹਿੰਦੇ ਹਾਂ। ਉਹਨਾਂ ਨਾਲ ਗੱਲਬਾਤ ਕੀਤੀ। ਮੈ ਨਿਰਮਲ ਸਿੰਘ ਕਨੇਡਾ ਦੀ ਕਿਤਾਬ ਬਾਬਤ ਸਰਬਜੀਤ ਸਿੰਘ ਘੁਮਾਣ ਦੀ ਪੋਸਟ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ ਲੇਖਕ ਨੇ ਤੁਹਾਡਾ ਜਿਕਰ ਕੀਤਾ ਹੈ ਕਿ ਭਾਗ ਸਿੰਘ ਬਾਬਤ ਤੁਸਾਂ ਉਹਨਾਂ ਨੂੰ ਦਸਿਆ, ਕਹਿੰਦੇ ਕਿ ਮੇਰੇ ਚਿੱਤ ਖਿਆਲ ਵਿੱਚ ਨਹੀ, ਹੋ ਸਕਦਾ ਕਿ ਮੈ ਕਿਤੇ ਗੱਲ ਉਹਨਾਂ ਨਾਲ ਕੀਤੀ ਹੋਵੇ ਹਾਂ ਤੁਸੀ ਦੱਸੋ ਕਿ ਤੁਸੀ ਕੀ ਪੁੱਛਣਾ ਚਾਹੁੰਦੇ ਹੋ। ਮੈ ਕਿਹਾ ਕਿ ਗੁਰੂ ਸਾਹਿਬਾਨਾ ਦੀਆਂ ਕਾਲਪਨਿਕ ਤਸਵੀਰਾਂ ਬਾਬਤ ਖੋਜ ਕਰ ਰਿਹਾ ਹਾਂ ਕਿ ਸ਼ਬਦ ਗੁਰੂ ਤੋ ਇਹ ਮੂਰਤ ਬਣ ਸਿੱਖੀ ਵਿਹੜੇ ਕਦੋ ਕਿਵੇ ਦਾਖਲ ਹੋਈਆਂ, ਮੈ ਸੰਤ ਭਾਗ ਸਿੰਘ ਬਾਰੇ ਜਾਣਕਾਰੀ ਲੈਣਾ ਚਾਹੁੰਦਾ, ਕਿਉਕਿ ਮੈਨੂੰ ਕਈ ਪਰਚਾਰਕਾਂ ਤੋ ਅਤੇ ਸਰਬਜੀਤ ਸਿੰਘ ਘੁਮਾਣ ਦੀ ਪੋਸਟ ਪੜ ਪਤਾ ਲੱਗਾ ਕਿ ਚਿੱਤਰਕਾਰ ਸੋਭਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਤਸਵੀਰ ਸੰਤ ਭਾਗ ਸਿੰਘ ਨੂੰ ਸਾਹਵੇ ਬਹਾ ਕੇ ਬਣਾਈ ਸੀ। ਤੁਸੀ ਦੱਸੋ ਕਿ ਤੁਸੀ ਇਸ ਬਾਬਤ ਕਿੰਨਾ ਕੁ ਜਾਣਦੇ ਹੋ। ਉਹਨਾਂ ਕਿਹਾ ਕਿ ਮੈਂ ਸੰਤ ਭਾਗ ਸਿੰਘ ਪਠਾਨਕੋਟ ਨੂੰ ਚੰਗੀ ਤਰਾਂ ਜਾਣਦਾ ਹਾ, ਇਹ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਕਰਨ ਆਉਂਦੇ ਮੈਨੂੰ ਮਿਲਦੇ ਹੁੰਦੇ ਸਨ ਤੇ ਸਾਡਾ ਆਪਸੀ ਪਿਆਰ ਬਣਿਆ ਸੀ। ਉਹਨਾਂ ਦਾ ਦਰਸ਼ਨੀ ਚਿਹਰਾ ਸੀ ਭਾਵ ਸੋਹਣੇ ਸੁਨੱਖੇ ਉਚਾ ਕੱਦ ਭਰਵਾ ਜੁੱਸਾ ਗੱਭਰੂ ਜਵਾਨ ਸਨ। ਸੁਣਿਆ ਕਿ ਚਿੱਤਰਕਾਰ ਸੋਭਾ ਸਿੰਘ ਵੀ ਗੁਰੂ ਗੋਬਿੰਦ ਸਿੰਘ ਹੀ ਦੀ ਤਸਵੀਰ ਚਿੱਤਰਤ ਕਰਨ ਲਈ ਐਸੀ ਦਿੱਖ ਵਾਲੇ ਗੁਰਸਿੱਖ ਦੀ ਭਾਲ ਕਰ ਰਿਹਾ ਸੀ। ਸੰਤ ਭਾਗ ਸਿੰਘ ਪਠਾਨਕੋਟ ਦੇ ਨਜਦੀਕੀ ਦੋਸਤ ਹਰਭਜਨ ਬਾਜਵਾ ਫੋਟੋਗ੍ਰਾਫਰ ਤੇ ਕਵੀ ਵੀ ਚਿੱਤਰਕਾਰ ਸੋਭਾ ਸਿੰਘ ਪਾਸ ਆਉਂਦੇ ਜਾਂਦੇ ਸਨ। ਕਹਿੰਦੇ ਹਰਭਜਨ ਬਾਜਵਾ ਨਾਲ ਮੇਰਾ ਵੀ ਪਿਆਰ ਹੈ, ਜਦ ਮੈ ਪੰਜਾਬ ਆਉਨਾ ਤਾਂ ਉਹਨਾਂ ਨੂੰ ਮਿਲੇ ਬਿਨਾ ਵਾਪਿਸ ਨਹੀ ਜਾਂਦਾ। ਕਹਿੰਦੇ ਤੁਸੀ ਹਰਭਜਨ ਬਾਜਵਾ ਜੀ ਨਾਲ ਸੰਪਰਕ ਕਰੋ। ਸੰਤ ਭਾਗ ਸਿੰਘ ਦੀ ਤਸਵੀਰ ਆਪ ਨੂੰ ਉਹਨਾਂ ਤੋ ਮਿਲ ਸਕਦੀ ਹੈ, ਕਿਉਕਿ ਉਹ ਫੋਟੋਗ੍ਰਾਫਰ ਨੇ, ਐਸੀ ਬਿਰਤੀ ਦੇ ਲੋਕਾਂ ਨੂੰ ਸ਼ੌਕ ਹੁੰਦਾ ਵੱਖ ਵੱਖ ਹਸਤੀਆਂ ਦੇ ਚਿਹਰਿਆਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਦਾ ਤੇ ਦੂਜਾ ਸੰਤ ਭਾਗ ਸਿੰਘ ਦਾ ਉਹਨਾਂ ਨਾਲ ਪਿਆਰ ਹੋਣ ਕਾਰਨ ਉਹਨਾਂ ਨੇ ਆਪਣੇ ਮਿੱਤਰ ਦੀ ਕੋਈ ਨਾ ਕੋਈ ਤਸਵੀਰ ਜਰੂਰ ਰੱਖੀ ਹੋਵੇਗੀ। ਮੈਂ ਗਿਆਨੀ ਜੀ ਤੋਂ ਹਰਭਜਨ ਸਿੰਘ ਬਾਜਵਾ ਦਾ ਅਤਾ ਪਤਾ ਸੰਪਰਕ ਨੰਬਰ ਲਿਆ। ਦੂਜਾ ਉਹਨਾ ਕਿਹਾ ਢਾਂਗੂ ਰੋਡ ਪਠਾਨਕੋਟ ਵਾਲੇ ਗੁਰਦੁਆਰਾ ਤਪ ਅਸਥਾਨ ਵਿੱਚ ਤਸਵੀਰ ਲੱਗੀ ਹੋਵੇਗੀ। ਤੀਜਾ ਉਹਨਾਂ ਕਿਹਾ ਕਿ ਜਥੇਦਾਰ ਮਾਹਣ ਸਿੰਘ ਜੋ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੇ ਮੁੱਖ ਗ੍ਰੰਥੀ ਰਹੇ ਹਨ, ਉਹਨਾਂ ਨਿਹਾਲ ਸਿੰਘ ਚੇਲਿਆਂ ਵਾਲਾ ਦੇ ਜੀਵਨ ਤੇ ਕਿਤਾਬ ਲਿਖੀ ਸੀ, ਉਸ ਬਾਰੇ ਪਤਾ ਕਰੋ ਉਸ ਕਿਤਾਬ ਵਿੱਚ ਸੰਤ ਭਾਗ ਸਿੰਘ ਪਠਾਨਕੋਟ ਦੀ ਤਸਵੀਰ ਜੀਵਨੀ ਸਹਿਤ ਪੂਰੇ ਸਫੇ ਤੇ ਛਪੀ ਸੀ, ਮੈ ਅਫਰੀਕਾ ਦੇ ਇੱਕ ਗੁਰਦੁਆਰਾ ਦੀ ਲਾਇਬਰੇਰੀ ਵਿੱਚ ਉਹ ਕਿਤਾਬ ਦੇਖੀ ਪੜੀ ਸੀ। ਉਸ ਚੋਂ ਵੀ ਆਪ ਨੂੰ ਤਸਵੀਰ ਮਿਲ ਸਕਦੀ ਹੈ।
ਮੈ ਪਹਿਲਾਂ ਵਿੱਚ ਜਥੇਦਾਰ ਮਾਹਣਾ ਸਿੰਘ ਦੀ ਕਿਤਾਬ ਦੀ ਪੜਤਾਲ ਕਰਨੀ ਚਾਹੀ ਤਾਂ ਵੀਰ ਜਤਿੰਦਰਪਾਲ ਸਿੰਘ ਗੁਰਦਾਸਪੁਰ ਨੇ ਦਸਿਆ ਕਿ ਜਥੇਦਾਰ ਮਾਹਣਾ ਸਿੰਘ ਪਿੰਡ ਮਹਿਸਮਪੁਰ ਤੋ ਹਨ ਤੇ ਉਹ ਮੇਰੇ ਨਾਨਾ ਜੀ ਲੱਗਦੇ ਹਨ। ਮੈ ਕਿਹਾ ਕਿ ਲੈ ਹੁਣ ਤਾਂ ਗੱਲ ਬਣ ਗਈ, ਮੇਰਾ ਵੀਰ ਕਿਤਾਬ ਦਾ ਪਤਾ ਕਰ, ਕਹਿੰਦੇ ਕਿ ਹੁਣ ਨਾਨਾ ਜੀ ਤਾਂ ਇਸ ਦੁਨੀਆਂ ਤੇ ਨਹੀ ਰਹੇ, ਮੈ ਜਦੋ ਵੀ ਨਾਨਕਾ ਪਿੰਡ ਗਿਆ ਤਾਂ ਕਿਤਾਬ ਦਾ ਜਰੂਰ ਪਤਾ ਕਰਾਂਗਾ। ਇਵੇ ਕਾਫੀ ਸਮਾਂ ਲੰਘ ਗਿਆ, ਫੇਰ ਇੱਕ ਦਿਨ ਸੰਪਰਕ ਕੀਤਾ ਤਾਂ ਵੀਰ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਮੈ ਗਿਆ ਸਾਂ, ਉਹ ਕਿਤਾਬ ਨਾਨਾ ਜੀ ਨੇ ਹੀ ਲਿਖੀ ਸੀ ਪਰ ਹੁਣ ਉਸ ਕਿਤਾਬ ਦੀ ਕੋਈ ਵੀ ਕਾਪੀ ਘਰ ਮੌਜੂਦ ਨਹੀ ਹੈ, ਹਾਂ ਉਹਨਾਂ ਕਿਤਾਬ ਦਾ ਨਾਮ ਤੇ ਪਬਲੀਸ਼ਰ ਦਾ ਨਾਮ ਦਸਿਆ ਕਿ ਏਹ ਮੇਹਰ ਸਿੰਘ ਐਡ ਸੰਨਜ, ਮਾਈ ਸੇਵਾ ਬਜਾਰ ਅੰਮ੍ਰਿਤਸਰ ਨੇ ਛਾਪੀ ਸੀ। ਮੈ ਇੱਕ ਦਿਨ ਸ਼ਾਮ ਵਕਤ ਸਪੈਸ਼ਲ ਵਕਤ ਕੱਢ ਕੇ ਮੋਟਰਸਾਈਕਲ ਤੇ ਮੇਹਰ ਸਿੰਘ ਐਡ ਸੰਨਜ, ਮਾਈ ਸੇਵਾ ਬਜਾਰ ਅੰਮ੍ਰਿਤਸਰ ਕੋਲ ਗਿਆ ਤਾਂ ਕਿਤਾਬ ਬਾਬਤ ਪੁਛਿਆ ਤਾਂ ਅੱਧਖੜ ਉਮਰ ਦਾ ਦੁਕਾਨ ਦਾ ਮਾਲਕ ਖਰਵੀ ਅਵਾਜ ਵਿੱਚ ਕਹਿੰਦਾ ਕਿ ਹੈ ਨਹੀ ਕਿਤਾਬ! ਮੈ ਕਿਹਾ ਕਿ ਭਾਜੀ ਤੁਸਾਂ ਛਾਪੀ ਹੈ, ਆਪ ਕੋਲ ਇੱਕ ਵੀ ਕਾਪੀ ਨਹੀ, ਤਾਂ ਉਹ ਕਹਿੰਦਾ ਕਿ ਇਹ 1965 ਵਿੱਚ ਛਪੀ ਸੀ, ਤੁਸੀ ਉਦੋ ਕਿਉ ਨਾ ਖੜੀ। ਹੁਣ ਤਹਾਨੂੰ 50 ਸਾਲ ਬਾਅਦ ਕਿਤਾਬ ਦਾ ਚੇਤਾ ਆਇਆ, ਮੈ ਕਿਹਾ ਕਿ ਭਾਈ ਜੀ ਮੈ ਉਦੋ ਪੈਦਾ ਵੀ ਨਹੀ ਸੀ ਹੋਇਆ, ਜੇ ਹੁੰਦਾ ਤਾਂ ਕਿਤਾਬ ਜਰੂਰ ਖੜਦਾ। ਕਹਿੰਦੇ ਤੁਸਾਂ ਹੁਣ ਕੀ ਕਰਨੀ ਆ? ਮੈ ਕਿਹਾ ਕਿ ਮੈਨੂੰ ਇਤਨਾ ਕੁ ਦੱਸ ਦਿਉ ਕਿ ਉਸ ਕਿਤਾਬ ਵਿੱਚ ਸੰਤ ਭਾਗ ਸਿੰਘ ਪਠਾਨਕੋਟ ਦੀ ਤਸਵੀਰ ਪੂਰੇ ਸਫੇ ਦੀ ਛਪੀ ਸੀ, ਕਹਿੰਦੇ ਹਾਂ ਮੈ ਹੀ ਕਿਤਾਬ ਛਾਪੀ ਹੈ, ਤਸਵੀਰ ਲਗਾਈ ਸੀ, ਤੁਸਾਂ ਕੀ ਕਰਨਾ। ਮੈ ਕਿਹਾ ਕਰਨਾ ਕੁਛ ਨਹੀ, ਉਹਨਾਂ ਦੇ ਜੀਵਨ ਦਾ ਵੀ ਜਿਕਰ ਸੀ ਮੈ ਉਹ ਪੜਨਾ। ਕਹਿੰਦੇ ਕਿ ਇਥੋ ਕਿਤਾਬ ਨਹੀ ਮਿਲ ਸਕਦੀ। ਮੈ ਕਿਹਾ ਕਿ ਫੇਰ ਕਿਥੋ ਮਿਲੂ, ਕਹਿੰਦੇ ਤੁਸੀ ਆਏ ਕਿਥੋ ਹੋ, ਮੈ ਕਿਹਾ ਤਰਨ ਤਾਰਨ ਤੋ, ਕਹਿੰਦੇ ਪਹਿਲਾਂ ਤਾਂ ਭਾਈ ਮੋਹਣ ਸਿੰਘ ਵੈਦ ਲਾਇਬੇਰੀ ਤੋ ਪਤਾ ਕਰੋ ਨਹੀ ਤੇ ਘੰਟਾ ਘਰ ਅੰਮ੍ਰਿਤਸਰ ਜਾਂ ਸ਼ਰੋਮਣੀ ਕਮੇਟੀ ਦੀਆਂ ਦੋਵੇ ਲਾਇਬਰੇਰੀਆਂ ਤੋ ਪਤਾ ਕਰੋ ਆਪ ਨੂੰ ਕਿਤਾਬ ਮਿਲ ਜਾਵੇਗੀ। ਮੈ ਕਿਹਾ ਕੀ ਤੁਸੀ ਦੁਬਾਰਾ ਛਾਪਣੀ ਹੈ? ਕਹਿੰਦੇ ਕਿ ਬਿਲਕੁਲ ਨਹੀ, ਮੇਰੇ ਕੋਲ ਤੇ ਕਿਤਾਬ ਦੇ ਫਰਮੇ ਵੀ ਨਹੀ ਰਹੇ ਤੇ ਇਸਦੀ ਕੋਈ ਮੰਗ ਵੀ ਨਹੀ, ਮੈ ਭਲਾ ਕਿਉ ਛਾਪਾਂ। ਮੈ ਤੁਰਨ ਲੱਗਿਆ ਫੇਰ ਕਿਹਾ ਭਾਜੀ ਜੇ ਪੁਰਾਣਾ ਰਿਕਾਰਡ ਫਰੋਲਿਆਂ ਆਪ ਨੂੰ ਕਿਤੇ ਮਿਲੇ ਦਾ ਦਸਿਉ, ਕਹਿੰਦੇ ਕਿ ਮੈ ਹੁਣੇ ਦੀ ਤਹਾਨੂੰ ਕਹਿ ਦੇਨਾ ਕਿ ਕਿਤਾਬ ਨਹੀ ਜੇ ਮਿਲਣੀ। ਮੈ ਅਗਲੇ ਦਿਨਾਂ ਵਿੱਚ ਅੰਮ੍ਰਿਤਸਰ ਤੇ ਤਰਨ ਤਾਰਨ ਦੀਆਂ ਸਾਰੀਆਂ ਲਾਇਬੇਰੀਆਂ ਫਰੋਲ ਲਈਆਂ, ਸ਼ਰੋਮਣੀ ਕਮੇਟੀ ਤੋ ਆਪਣੇ ਵਾਕਿਫਕਾਰਾਂ ਤੋ ਵੀ ਪਤਾ ਕਰਵਾਇਆ ਐਪਰ ਕਿਤਾਬ ਨਾ ਮਿਲ ਸਕੀ। ਮੈ ਵੀਰ ਜਤਿੰਦਰਪਾਲ ਸਿੰਘ ਨੂੰ ਕਿਹਾ ਕਿ ਨਿਹਾਲ ਸਿੰਘ ਚੇਲਿਆਂ ਵਾਲੇ ਦੇ ਡੇਰੇ ਜਾ ਕੇ ਹੀ ਪਤਾ ਕਰ, ਸ਼ਾਇਦ ਕਿਤਾਬ ਉਹਨਾਂ ਕੋਲ ਮਿਲ ਜਾਵੇ। ਵੀਰ ਜਤਿੰਦਰਪਾਲ ਸਿੰਘ ਇੱਕ ਦਿਨ ਆਪਣੇ ਮਾਮਾ ਜੀ ਨੂੰ ਨਾਲ ਲੈ ਕੇ ਮਹਿਤਾ ਕੋਲ ਨਿਹਾਲ ਸਿੰਘ ਡੇਰੇ ਵਿੱਚ ਗਿਆ। ਮੌਜੂਦਾ ਮੁਖੀ ਕੋਲ ਜਾ ਪਤਾ ਕੀਤਾ ਕਿਹਾ ਕਿ ਹਾਂ ਕਿਤਾਬ ਹੈ ਤਾਂ ਸੀ ਪਰ ਹੁਣ ਸਾਡੇ ਕੋਲ ਕਿਤਾਬ ਨਹੀ ਹੈ। ਉਸ ਨੇ ਲਾਇਬੇਰੀ ਦਾ ਰਜਿਸਟਰ ਅੱਗੇ ਰੱਖ ਦਿੱਤਾ ਕਿ ਦੇਖ ਲਵੋ ਕਿ ਕਿਸਨੇ ਖੜੀ ਤਾਂ ਨਹੀ। ਵੀਰ ਨੇ ਰਜਿਸਟਰ ਚੈਕ ਕੀਤਾ ਤਾਂ ਉਹ ਕਿਤਾਬ ਪਿੰਡ ਡੋਗਰ ਤੋ ਕਿਸੇ ਨੇ ਕਾਫੀ ਅਰਸਾ ਪਹਿਲਾਂ ਖੜੀ ਸੀ ਤੇ ਵਾਪਸੀ ਦਾ ਕੋਈ ਜਿਕਰ ਨਹੀ ਸੀ। ਐਹ ਆਖਰੀ ਕੋਸਿਸ਼ ਵੀ ਕਾਮਯਾਬ ਨਾ ਹੋਈ। ਵੀਰ ਜਤਿੰਦਰਪਾਲ ਸਿੰਘ ਨੇ ਮੈਨੂੰ ਕਿਹਾ ਵੀਰੇ ਹੁਣ ਨਹੀਉ ਮਿਲਣੀ। ਮੈ ਹਿੰਮਤ ਨਹੀ ਹਾਰੀ, ਪੁੱਛ-ਪੜਤਾਲ ਜਾਰੀ ਰਹੀ।
ਮੈਂ ਇਸ ਪੜਤਾਲ ਸਬੰਧੀ ਪਹਿਲਾ ਦੋ ਵਾਰ ਪਠਾਨਕੋਟ ਗਿਆ, ਪਹਿਲੀ ਵਾਰ ਕਿਸੇ ਨੇ ਸੰਤ ਭਾਗ ਸਿੰਘ ਦਾ ਗੁਰਦੁਆਰਾ ਨਾ ਹੋਣ ਬਾਰੇ ਕਿਹਾ, ਫੇਰ ਵੀਰ ਜਤਿੰਦਰਪਾਲ ਸਿੰਘ ਗੁਰਦਾਸਪੁਰ ਨੇ ਆਪਣਾ ਵਾਕਿਫਕਾਰ ਸਾਥੀ ਵੀ ਪਤਾ ਕਰਨ ਲਈ ਭੇਜਿਆ, ਉਸਨੇ ਢਾਂਗੂ ਰੋਡ ਗੁਰਦੁਆਰੇ ਦਾ ਤਾਂ ਪਤਾ ਲਗਾ ਲਿਆ ਕਿ ਇਹ ਗੁਰਦੁਆਰਾ ਤਪ ਅਸਥਾਨ ਸੰਤ ਭਾਗ ਸਿੰਘ ਪਠਾਨਕੋਟ ਤੋਂ ਉਹਨਾਂ ਦੇ ਇਥੋਂ ਜਾਣ ਤੋਂ ਬਾਅਦ ਹੁਣ ਸਿੰਘ ਸਭਾ ਬਣ ਗਿਆ ਹੈ। ਪਰ ਉਸ ਨੂੰ ਕਿਤਿਉ ਵੀ ਤਸਵੀਰ ਨਾ ਲੱਭੀ। ਦੂਜੀ ਵਾਰ ਜਾਣ ਤੇ ਇੱਕ ਦਿਨ ਪਠਾਨਕੋਟ ਜਾ ਕੇ ਮੈ ਪਤਾ ਕੀਤਾ ਪਰ ਗੁਰਦੁਆਰੇ ਦੀ ਕਿਸੇ ਕੰਧ ਜਾਂ ਕਮਰੇ ਵਿੱਚ ਕੋਈ ਤਸਵੀਰ ਨਹੀਂ ਸੀ। ਦੋ ਕੁ ਬਜੁਰਗ ਬੈਠੇ ਸੀ ਇੱਕ ਬਜੁਰਗ ਬੰਦੇ ਨੂੰ ਸੰਤ ਭਾਗ ਸਿੰਘ ਬਾਰੇ ਪੁੱਛਿਆ ਤਾਂ ਉਸਨੇ ਤਾਂ ਚੁੱਪ ਰਹਿਣਾ ਮੁਨਾਸਿਬ ਸਮਝਿਆ ਤੇ ਕੋਲ ਬੈਠੀ ਬਜੁਰਗ ਮਾਈ ਕਹਿੰਦੀ ਭਾਈ ਕੀ ਪਤਾ ਕਰਨੈ। ਮੈ ਸੰਤ ਭਾਗ ਸਿੰਘ ਦਾ ਦਸਿਆ ਕਿ ਸੁਣਿਆ ਕਿ ਆਹ ਗੁਰਦੁਆਰਾ ਪਹਿਲਾਂ ਉਹਨਾਂ ਦੇ ਨਾਮ ਤੇ ਗੁਰਦੁਆਰਾ ਤਪ ਅਸਥਾਨ ਸੰਤ ਭਾਗ ਸਿੰਘ ਹੋਇਆ ਕਰਦਾ ਸੀ ਕੀ ਆਪ ਉਹਨਾਂ ਬਾਬਤ ਕੁਝ ਜਾਣਦੇ ਹੋ, ਬੀਬੀ ਕਹਿੰਦੀ ਕਿ ਤੁਸੀ ਕੀ ਪਤਾ ਕਰਨਾ, ਮੈ ਕਿਹਾ ਕਿ ਮੈ ਸੁਣਿਆ ਕਿ ਉਹ ਚਿਹਰੇ ਮੁਹਾਰੇ ਕੱਦ ਕਾਠ ਤੋਂ ਗੁਰੂ ਗੋਬਿੰਦ ਸਿੰਘ ਦੀ ਕਾਲਪਨਿਕ ਤਸਵੀਰ ਦੀ ਦਿੱਖ ਵਰਗੇ ਲੱਗਦੇ ਸਨ ਤਾਂ ਉਸ ਬੀਬੀ ਨੇ ਕਿਹਾ ਹਾਂ ਮੈਂ ਵੇਖਿਆ ਕਾਕਾ ਉਹਨਾਂ ਨੂੰ, ਉਹ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵਰਗੇ ਹੂ-ਬ-ਹੂ ਲੱਗਦੇ ਸੀ। ਇਥੋਂ ਦੇ ਲੋਕ ਵੀ ਕਹਿਣ ਲੱਗ ਪਏ ਸਨ ਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਦੁਬਾਰਾ ਜਨਮ ਲੈ ਪਠਾਨਕੋਟ ਤੁਰਿਆ ਫਿਰਦਾ। ਦੱਬੀ ਅਵਾਜ਼ ਵਿੱਚ ਉਸਨੇ ਕਿਹਾ ਭਰਾਵਾ ਇਥੇ ਕਿਸੇ ਕੋਲ ਗੱਲ ਨਾ ਕਰੀਂ, ਨਹੀਂ ਤੇ ਸੰਗਤ ਮੈਨੂੰ ਕਈ ਸਵਾਲ ਕਰੂ। ਮੈ ਕਿਹਾ ਕਿ ਉਹਨਾਂ ਦੀ ਕੋਈ ਤਸਵੀਰ ਮਿਲ ਸਕਦੀ ਹੈ, ਕਹਿੰਦੇ ਕਿ ਗੁਰਦੁਆਰਾ ਸਾਹਿਬ ਤਾਂ ਕੋਈ ਰਹੀ ਨਹੀ, ਹਾਂ ਉਹ ਆਪਣੇ ਪਰੇਮੀਆਂ ਦੇ ਘਰਾਂ ਵਿੱਚ ਕੀਰਤਨ ਕਰਨ ਜਾਂਦੇ ਰਹਿੰਦੇ ਸਨ, ਕਿਸੇ ਨਾ ਕਿਸੇ ਪ੍ਰੇਮੀ ਕੋਲ ਤਸਵੀਰ ਜਰੂਰ ਹੋਵੇਗੀ, ਤੁਸੀ ਆਸ ਪਾਸ ਦੇ ਘਰਾਂ ਤੋ ਪਤਾ ਕਰ ਲਵੋ। ਮੈ ਸੋਚਿਆ ਕਿ ਕਿਹਨੇ ਦੱਸਣਾ ਤਸਵੀਰ ਬਾਰੇ, ਐਵੇ ਸਮਾਂ ਬਰਬਾਦ ਹੋਵੇਗਾ। ਮੈ ਬੀਬੀ ਜੀ ਨੂੰ ਫਤਿਹ ਬੁਲਾ ਉਥੋਂ ਤਸਵੀਰ ਤੋਂ ਬਿਨਾ ਕੁਝ ਕੁ ਜਾਣਕਾਰੀ ਲੈ ਵਾਪਿਸ ਆ ਗਿਆ।
ਮੈ ਤੇ ਵੀਰ ਜਤਿੰਦਰਪਾਲ ਸਿੰਘ ਗੁਰਦਾਸਪੁਰ ਨੇ ਹਰਭਜਨ ਬਾਜਵਾ ਨਾਲ ਸੰਪਰਕ ਕਰਨ ਦਾ ਯਤਨ ਕਈ ਵਾਰ ਕੀਤਾ ਐਪਰ ਨਹੀਂ ਮਿਲੇ। ਬਟਾਲੇ ਤੋਂ ਕਿਸੇ ਨੇ ਦਸਿਆ ਕਿ ਉਹ ਫੱਕਰ ਕਿਸਮ ਦਾ ਬੰਦਾ ਹੈ, ਮਰਜੀ ਹੋਵੇ ਤਾਂ ਮਿਲਦਾ ਹੈ, ਨਹੀਂ ਤੇ ਕਿਸੇ ਨਾਲ ਮੇਲ ਜੋੜ ਘੱਟ ਹੀ ਰੱਖਦਾ। ਕੁਝ ਅਰਸੇ ਬਾਅਦ ਮੈਂ ਤੇ ਵੀਰ ਜਤਿੰਦਰਪਾਲ ਸਿੰਘ ਗੁਰਦਾਸਪੁਰ ਸਮਾਂ ਕੱਢ ਫੋਨ ਤੇ ਰਾਫਤਾ ਕਰ ਤੜਕਸਾਰ ਮਿਲਣ ਗਏ। ਗੁਰਦਾਸਪੁਰ ਰੋਡ ਤੇ ਫੋਟੋਗ੍ਰਾਫਰ ਦੀ ਦੁਕਾਨ ਸੀ, ਦੁਕਾਨ ਦੇ ਬਾਹਰ ਇੱਕ ਬਜੁਰਗ ਸਿਰ ਦੇ ਕੇਸ ਖਿਲਾਰ ਕੁਰਸੀ ਤੇ ਬੈਠਾ ਸੀ ਅਸੀਂ ਜਾ ਕੇ ਫਤਿਹ ਬੁਲਾਈ ਤਾਂ ਉਸਨੇ ਸਤਿ ਸ੍ਰੀ ਅਕਾਲ ਕਿਹਾ। ਅਸੀਂ ਫੋਨ ਬਾਬਤ ਦੱਸਿਆ ਕਿ ਅਸੀਂ ਆਪ ਨੂੰ ਮਿਲਣ ਦਾ ਸਮਾਂ ਲਿਆ ਸੀ। ਉਹ ਸਾਨੂੰ ਦੁਕਾਨ ਵਿੱਚ ਲੈ ਗਏ ਤੇ ਬਹਿਣ ਲਈ ਕੁਰਸੀਆਂ ਦਿੱਤੀਆਂ। ਗੱਲ ਬਾਤ ਆਰੰਭ ਹੋਈ ਤਾਂ ਹਾਲ ਚਾਲ ਪੁੱਛਦਿਆਂ ਆਪਣੇ ਜਾਣ ਦੇ ਅਸਲ ਮਕਸਦ ਵਲ ਪਰਤਦਿਆਂ ਸੰਤ ਭਾਗ ਸਿੰਘ ਪਠਾਨਕੋਟ ਦਾ ਜਿਕਰ ਕੀਤਾ ਤਾਂ ਉਹ ਕਾਫੀ ਚਿਰ ਇਸ ਵਿਸ਼ੇ ਤੇ ਗੱਲ ਕਰਦੇ ਰਹੇ ਕਿ ਉਹ ਕੀਰਤਨੀ ਸਿੰਘ ਸਨ, ਨਿਹੰਗ ਬਾਣੇ ਵਿੱਚ ਰਹਿੰਦੇ ਸਨ, ਪਠਾਨਕੋਟ ਤੋ ਅੰਮ੍ਰਿਤਸਰ ਜਾਂਦਿਆ ਕਈ ਵਾਰ ਮੇਰੇ ਕੋਲ ਰੁਕਦੇ ਸਨ, ਸਾਡਾ ਆਪਸੀ ਪਿਆਰ ਸੀ। ਉਹਨਾਂ ਦੀ ਤਸਵੀਰ ਬਾਬਤ ਪੁੱਛਣ ਤੇ ਉਹਨਾਂ ਦੁਕਾਨ ਦੇ ਤਸਵੀਰਾਂ ਵਾਲੇ ਰੈਕਾਂ ਚੋਂ ਕੋਨੇ ਚੋਂ ਇੱਕ 5X7 ਸਾਈਜ ਦੀ ਚਿੱਟੀ ਕਾਲੀ ਤਸਵੀਰ ਕੱਢੀ ਤੇ ਉਸਤੇ ਪਿਆ ਘੱਟਾ ਸਾਫ ਕਰਦੇ ਹੋਏ ਸਾਡੇ ਸਾਹਵੇ ਰੱਖ ਕਿਹਾ ਕਿ ਆਹ ਐ ਸੰਤ ਭਾਗ ਸਿੰਘ ਪਠਾਕੋਟ ਦੀ ਤਸਵੀਰ। ਨਿਹੰਗ ਬਾਣੇ ਵਿੱਚ ਤਸਵੀਰ ਸੀ ਤੇ ਸਲਾਭੇ ਨਾਲ ਕਾਫੀ ਖਰਾਬ ਹਾਲਤ ਵਿੱਚ ਸੀ। ਕਹਿੰਦੇ ਕਿ ਮੇਰੇ ਕੋਲ ਤਾਂ ਐਹੋ ਤਸਵੀਰ ਹੈ। ਚਿਹਰੇ ਤੋਂ ਸਹੀ ਸੀ ਬਾਕੀ ਸਲਾਭੇ ਨਾਲ ਪੀਲੀ ਤੇ ਫਿੱਕੀ ਹੋਈ ਕਾਲੀ ਚਿੱਟੀ ਤਸਵੀਰ ਸੀ। ਤਸਵੀਰ ਦੇਖ ਸਾਫ ਜਾਹਿਰ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਾਲਪਨਿਕ ਨਾਲ ਬਿਲਕੁਲ ਮਿਲਦੀ ਜੁਲਦੀ ਹੈ, ਚਿੱਤਰਕਾਰ ਨੇ ਚਿਹਰਾ ਮੋਹਰਾ ਉਹੀ ਲੈ ਕੇ ਕੁਝ ਕੁ ਦਿੱਖ ਆਪਣੀ ਕਲਾ ਵਿਚੋ ਦੇਣੀ ਹੁੰਦੀ ਹੈ, ਚਿੱਤਰਕਾਰ ਸੋਭਾ ਸਿੰਘ ਨੇ ਵੀ ਐਸਾ ਹੀ ਕੀਤਾ ਸੀ, ਅਸਲੀਅਤ ਦਾ ਸੱਚ ਤਾਂ ਅੱਖਾਂ ਸਾਹਵੇ ਸੀ ਐਪਰ ਅਸੀ ਬਾਜਵਾ ਜੀ ਨਾਲ ਗੱਲੀ ਬਾਂਤੀ ਉਸ ਤਸਵੀਰ ਦਾ ਗੁਰੂ ਗੋਬਿੰਦ ਸਿੰਘ ਦੀ ਕਾਲਪਨਿਕ ਤਸਵੀਰ ਨਾਲ ਕੋਈ ਸਬੰਧ ਹੋਣ ਦਾ ਸਿੱਧੇ ਤੌਰ ਤੇ ਤਾਂ ਕੋਈ ਜਿਕਰ ਨਾ ਕੀਤਾ, ਪਰ ਸੋਭਾ ਸਿੰਘ ਦੀਆਂ ਬਣਾਈਆਂ ਤਸਵੀਰਾ ਬਾਬਤ ਜਾਣਕਾਰੀ ਪੁੱਛਦੇ ਰਹੇ। ਹਰਭਜਨ ਬਾਜਵਾ ਵੀ ਚਿੱਤਰਕਾਰ ਸੋਭਾ ਸਿੰਘ ਵਾਂਗ ਹੀ ਸਿਰ ਦੇ ਕੇਸ ਖਿਲਾਰ ਕੇ ਰੱਖਦੇ ਤੇ ਦਾਹੜਾ ਖੁੱਲਾ ਰੱਖਦੇ ਹਨ। ਵਾਕਿਆ ਹੀ ਇੰਝ ਜਾਪਦਾ ਸੀ ਕਿ ਉਸਤਾਦ ਦਾ ਸ਼ਗਿਰਦ ਤੇ ਅਸਰ ਹੋਇਆ, ਫੇਰ ਹੌਸਲਾ ਜਿਹਾ ਕਰਕੇ ਮੈ ਉਹਨਾਂ ਨੂੰ ਸੋਭਾ ਸਿੰਘ ਵਾਂਗ ਕੇਸ ਖਿਲਾਰ ਕੇ ਰੱਖਣ ਦਾ ਪੁੱਛ ਹੀ ਲਿਆ ਕਿ ਇਹ ਉਸਤਾਦ ਦੇ ਭੇਖ ਦਾ ਅਸਰ ਹੈ, ਕਹਿੰਦੇ ਤੁਸੀ ਮੇਰੀ ਦਿੱਖ ਦੇਖ ਕਹਿ ਵੀ ਸਕਦੇ ਹੋ ਪਰ ਇਥੇ ਮੇਰੇ ਨਾਲ ਘਟਨਾ ਹੋਰ ਜੁੜੀ ਹੈ, ਜਿਸ ਤੋ ਮੈ ਕੇਸ ਖੁੱਲੇ ਰੱਖਣ ਦਾ ਫੈਸਲਾ ਲਿਆ। ਸਾਨੂੰ ਰਾਜ ਉਹਨਾਂ ਦੱਸ ਦਿੱਤਾ ਕਿ ਤੁਹਾਡੇ ਆਪਣਿਆਂ ਤੋ ਅੱਕ ਮੈ ਮਜਬੂਰ ਹੋ ਫੈਸਲਾ ਲਿਆ। ਮੈ ਕਿਹਾ ਕਿ ਆਪ ਨੂੰ ਕਿਸੇ ਸਮਝਾਇਆ ਨਹੀ ਕਿ ਗੁਰਸਿੱਖੀ ਵਿੱਚ ਐਸਾ ਕਦਾਚਿਤ ਨਹੀ, ਕਹਿੰਦੇ ਮੇਰੀ ਜਿੰਦਗੀ ਵਿੱਚ ਐਸਾ ਸਵਾਲ ਤੁਸਾਂ ਦੋਵਾਂ ਹੀ ਪੁਛਿਆ ਹੈ ਜੇ ਤੁਹਾਡੇ ਵਾਂਗ ਸਵਾਲ ਕਰ ਕੋਈ ਸਮਝਾਉਣ ਦਾ ਯਤਨ ਕਰਦਾ ਤਾਂ ਸ਼ਾਇਦ ਮੈਂ ਸਮਝ ਜਾਂਦਾ। ਖੈਰ ਇਹ ਉਹਨਾਂ ਦੀ ਨਿੱਜੀ ਜਿੰਦਗੀ ਹੈ ਅਸੀ ਤਾਂ ਉਹਨਾਂ ਦਾ ਵੇਸ ਭੇਸ ਦੇਖ ਦਿੱਲ ਵਿੱਚ ਆਇਆ ਸਵਾਲ ਕਰ ਦਿੱਤਾ, ਜਿਸਦਾ ਉਹਨਾਂ ਨੇ ਵੀ ਹਲੀਮੀ ਨਾਲ ਜੁਵਾਬ ਦਿੱਤਾ। ਅਸੀਂ ਕਿਹਾ ਕਿ ਸੰਤ ਭਾਗ ਸਿੰਘ ਦਾ ਕੋਈ ਅਤਾ ਪਤਾ। ਕਹਿੰਦੇ ਕਿ ਉਹ ਤਾਂ ਸਾਲ 1997 ਦੇ ਲੱਗਭੱਗ ਅਕਾਲ ਚਲਾਣਾ ਕਰ ਗਏ ਸੀ, ਮੇਰੀ ਸਾਲ 1997 ਉਹਨਾ ਨਾਲ ਆਖਰੀ ਮੁਲਾਕਾਤ ਉਹਨਾਂ ਦੇ ਘਰ ਲੁਧਿਆਣਾ ਹੋਈ ਸੀ। ਉਹਨਾਂ ਕਿਹਾ ਸੰਤ ਭਾਗ ਸਿੰਘ ਪਠਾਨਕੋਟ ਦੇ ਦੋ ਬੇਟੇ ਸਮਰਾਲਾ ਜੀ.ਟੀ ਰੋਡ ਤੇ ਪੀਰ ਦੀ ਸਮਾਧ ਵਾਲੇ ਚੌਕ ਲਾਗੇ ਸੇਖ ਬਸਤੀ ਲੁਧਿਆਣਾ ਰਹਿੰਦੇ ਹਨ ਤੇ ਉਥੇ ਹੀ ਸੰਤ ਭਾਗ ਸਿੰਘ ਦਾ ਗੁਰਦੁਆਰਾ ਵੀ ਹੈ ਜਿਥੇ ਉਹਨਾਂ ਦੇ ਬੇਟੇ ਕੀਰਤਨ ਕਰਦੇ ਹਨ ਤੇ ਉਹਨਾਂ ਤੋਂ ਆਪ ਨੂੰ ਸਾਰੀ ਜਾਣਕਾਰੀ ਤੇ ਜਿੰਦਗੀ ਦੇ ਆਖਰੀ ਸਮੇ ਦੀ ਤਸਵੀਰ ਵੀ ਮਿਲ ਸਕਦੀ ਹੈ। ਅਸੀ ਸੰਤ ਭਾਗ ਸਿੰਘ ਪਠਾਨਕੋਟ ਦੀ ਉਸ ਤਸਵੀਰ ਦੀ ਆਪਣੇ ਮੋਬਾਇਲ ਤੇ ਤਸਵੀਰ ਖਿੱਚੀ ਤੇ ਅਸਲ ਤਸਵੀਰ ਬਾਜਵਾ ਜੀ ਨੂੰ ਵਾਪਿਸ ਕਰਕੇ ਹਰਭਜਨ ਬਾਜਵਾ ਜੀ ਨਾਲ ਦੁਬਾਰਾ ਮਿਲਣ ਦਾ ਕਹਿ ਤੁਰਨ ਲੱਗਿਆ ਉਹਨਾਂ ਨਾਲ ਖੜ ਤਸਵੀਰਾਂ ਖਿਚਾ ਵਾਪਿਸ ਪਰਤੇ ਤੇ ਮੈ ਤਰਨ ਤਾਰਨ ਆ ਕੇ ਇੱਕ ਫੋਟੋਗ੍ਰਾਫਰ ਤੋ ਸਲਾਭੇ ਨਾਲ ਖਰਾਬ ਹੋਈ ਤਸਵੀਰ ਰੰਗ ਅਤੇ ਚਮਕ ਨੂੰ ਦਰੁਸਤ ਕਰਵਾਇਆ। ਮੈ ਮਨ ਵਿੱਚ ਪੱਕੀ ਠਾਣ ਲਈ ਕਿ ਹੁਣ ਲੁਧਿਆਣਾ ਜਾ ਕੇ ਪੜਤਾਲ ਦਾ ਆਖਰੀ ਸਫਰ ਮੁਕੰਮਲ ਹੋਵੇਗਾ, ਸਮਾਂ ਬੀਤਦਾ ਗਿਆ, ਐਪਰ ਲੁਧਿਆਣਾ ਜਾਣ ਦਾ ਸਬੱਬ ਨਾ ਬਣਿਆ।
ਬੀਤੇ ਸਾਲ ਮੈ ਆਪਣੀ ਛੋਟੀ ਭੈਣ ਕੋਲ ਲੁਧਿਆਣਾ ਮਿਲਣ ਗਿਆ ਤਾਂ ਅਗਲੀ ਸਵੇਰ ਤੜਕਸਾਰ ਮੈ 11 ਦਸੰਬਰ 2021 ਨੂੰ ਭੈਣਜੀ ਦੇ ਡਰਾਇਵਰ ਨੂੰ ਨਾਲ ਖੜ ਸਮਰਾਲਾ ਜੀ.ਟੀ ਰੋਡ ਤੇ ਪੀਰ ਦੀ ਸਮਾਧ ਵਾਲੇ ਚੌਕ ਵਿੱਚ ਜਾ ਸੰਤ ਭਾਗ ਸਿੰਘ ਦੇ ਗੁਰਦੁਆਰਾ ਬਾਰੇ ਪੁਛਿਆ ਤਾਂ ਕਿਸੇ ਨੇ ਕੁਝ ਨਾ ਦਸਿਆ, ਜੁਵਾਬ ਇਹੀ ਕਿ ਇਥੇ ਇਸ ਨਾਮ ਦਾ ਕੋਈ ਵੀ ਗੁਰਦੁਆਰਾ ਨਹੀ ਹੈ, ਆਸ ਪਾਸ ਤੋ ਪਤਾ ਕੀਤਾ, ਸਹੀ ਪਤਾ ਨਾ ਹੋਣ ਕਰਕੇ ਕਿਸੇ ਨੇ ਵੀ ਨਾ ਦਸਿਆ ਤੇ ਫੇਰ ਕਾਰ ਰੋਕ ਕੇ ਗਲੀਆਂ ਵਿੱਚ ਜਾ ਪਤਾ ਕੀਤਾ, ਇੱਕ ਦੋ ਗੁਰਦੁਆਰਿਆਂ ਵਿੱਚ ਜਾ ਪਤਾ ਕੀਤਾ ਪਰ ਸਭ ਨੇ ਨਾਂਹ ਕਰ ਦਿੱਤੀ। ਪਤਾ ਲਗਾਉਦਿਆ ਕਾਫੀ ਸਮਾਂ ਲੰਘ ਗਿਆ, ਅੱਕ ਤੇ ਵਾਪਸ ਪਰਤਣ ਲੱਗੇ ਤਾਂ ਇੱਕ ਰਾਹਗੀਰ ਨੇ ਦਸਿਆ ਕਿ ਆਹ ਲਾਗਲੀ ਗਲੀ ਵਿੱਚ ਇੱਕ ਗੁਰਦੁਆਰਾ ਹੈ, ਉਥੋ ਪਤਾ ਕਰੋ, ਅਸੀ ਗਏ ਪਰ ਪ੍ਰਬੰਧਕਾਂ ਨੇ ਕੋਈ ਥਹੁ ਪਤਾ ਨਾ ਦਸਿਆ, ਮੱਥਾ ਟੇਕ ਪ੍ਰਸ਼ਾਦ ਲੈਣ ਲੱਗਿਆ ਮੈ ਪ੍ਰਸ਼ਾਦ ਵਰਤਾਉਣ ਵਾਲੇ ਤੋ ਪੁਛਿਆ ਤਾਂ ਉਸਨੇ ਦਸਿਆ ਕਿ ਇਸ ਗੁਰਦੁਆਰੇ ਤੋ ਅੱਗੇ ਜਾਵੋ, ਖੱਬੇ ਹੱਥ ਪੈਟਰੌਲ ਪੰਪ ਦੇ ਲਾਗੇ ਗਲੀ ਵਿੱਚ ਸੰਤ ਭਾਗ ਸਿੰਘ ਦਾ ਗੁਰਦੁਆਰਾ ਹੈ। ਅਸੀ ਉਥੋ ਤੁਰ ਪੈਟਰੌਲ ਪੰਪ ਦੇ ਆਸ ਪਾਸ ਕਈ ਚੱਕਰ ਲਗਾਏ ਤੇ ਫੇਰ ਤੋ ਕਾਰ ਰੋਡ ਤੇ ਖੜੀ ਕਰ ਡਰਾਇਵਰ ਨੂੰ ਤੇ ਉਥੇ ਰੋਕ ਮੈ ਆਸ ਪਾਸ ਗਲੀਆਂ ਵਿੱਚ ਘੁੰਮਿਆਂ ਤਾਂ ਅੱਗੇ ਜਾ ਕੇ ਗਲੀ ਦੇ ਸੱਜੇ ਹੱਥ ਇੱਕ ਨਿਸ਼ਾਨ ਸਾਹਿਬ ਲੱਗਾ ਦਿਖਾਈ ਦਿੱਤਾ, ਉਸ ਗੁਰਦੁਆਰਾ ਦਾ ਮੁੱਖ ਦੁਆਰ ਨਾ ਲੱਭੇ ਉਹ ਸਾਰਾ ਗਲਿਆਰਾ ਘੁੰਮ ਕੇ ਲੱਭਾ। ਅੰਦਰ ਗਿਆ ਕਿਤੇ ਕੋਈ ਨਜਰ ਨਾ ਆਇਆ, ਝਕਦਿਆਂ ਹੋਇਆ ਗੁਰਦੁਆਰੇ ਦਾ ਚੱਕਰ ਲਾਇਆ, ਜਿੰਦਰਾ ਲੱਗਾ ਸੀ, ਅਵਾਜਾਂ ਦਿੱਤੀਆਂ ਕਿ ਕੋਈ ਆਸਿਉ ਪਾਸਿਉ ਬਾਹਰ ਆ ਜਾਵੇ ਪਰ ਕੋਈ ਨਾ ਆਇਆ। ਫੇਰ ਗੁਰਦੁਆਰੇ ਦੀ ਕੰਧ ਵਿੱਚੋ ਖੱਬੇ ਪਾਸੇ ਬਣੇ ਰਾਹ ਵਿਚੋ ਦੋ ਕੋਠੀਆਂ ਨੂੰ ਰਾਹ ਜਾਂਦਾ ਸੀ, ਉਥੇ ਖੜ ਅਵਾਜਾਂ ਮਾਰੀਆਂ, ਝਕਦਿਆਂ ਅੰਦਰ ਵੱਲ ਗਿਆ ਤਾਂ ਇੱਕ ਕੰਮ ਵਾਲੀ ਬੀਬੀ ਸਫਾਈਆਂ ਕਰ ਰਹੀ ਸੀ, ਮੈ ਉਸ ਨੂੰ ਪੁਛਿਆ ਕਿ ਘਰ ਕੋਈ ਹੈ, ਉਹ ਚੁੱਪ ਚੁਪੀਤੇ ਅੰਦਰ ਵੜ ਗਈ ਤੇ ਬਾਹਰ ਨਾ ਆਈ। ਕਾਫੀ ਚਿੱਰ ਬਾਅਦ ਇੱਕ ਬਜੁਰਗ ਮਾਈ ਬਾਹਰ ਆਈ। ਮੈ ਪੁਛਿਆ ਮਾਤਾ ਜੀ ਕੀ ਇਹ ਗੁਰਦੁਆਰਾ ਸੰਤ ਭਾਗ ਸਿੰਘ ਦਾ ਹੈ, ਕਹਿੰਦੀ ਹਾਂ ਇਹੋ ਹੀ ਹੈ, ਤੁਸੀ ਦੱਸੋ, ਮੈ ਕਿਹਾ ਕਿ ਘਰ ਕੋਈ ਹੈ ਤਾਂ ਉਸਨੇ ਕੰਮ ਵਾਲੀ ਨੂੰ ਕਿਹਾ ਕਿ ਜਾਹ ਅਮਰਜੀਤ ਨੂੰ ਭੇਜ। ਮੈਨੂੰ ਉਸ ਨੇ ਕੋਠੀ ਦੇ ਲਾਅਨ ਵਿੱਚ ਕੁਰਸੀ ਤੇ ਬਹਿਣ ਨੂੰ ਕਿਹਾ। ਕਾਫੀ ਦੇਰ ਬਾਅਦ ਇੱਕ ਵੀਰ ਕੋਠੀ ਅੰਦਰੋ ਬਾਹਰ ਆਇਆ, ਮੈ ਫਤਿਹ ਬੁਲਾ ਆਪਣਾ ਵੇਰਵਾ ਦਿੱਤਾ ਤੇ ਗੁਰਦੁਆਰਾ ਸੰਤ ਭਾਗ ਸਿੰਘ ਦਾ ਹੋਣ ਬਾਰੇ ਪੁਛਿਆ ਤਾਂ ਉਸ ਨੇ ਦਸਿਆ ਕਿ ਮੈ ਸੰਤ ਭਾਗ ਸਿੰਘ ਦਾ ਵੱਡਾ ਬੇਟਾ ਹਾਂ ਤੇ ਉਸ ਨੇ ਆਪਣੇ ਛੋਟੇ ਭਾਈ ਨੂੰ ਵੀ ਅਵਾਜ ਦੇ ਬੁਲਾ ਲਿਆ ਤੇ ਦੋਵੇ ਭਰਾ ਮੇਰੇ ਕੋਲ ਕੁਰਸੀ ਡਾਹ ਗੱਲਾਂ ਬਾਤਾਂ ਕਰਨ ਲੱਗ ਪਏ। ਸੰਤ ਭਾਗ ਸਿੰਘ ਪਠਾਨਕੋਟ ਦੇ ਵੱਡੇ ਬੇਟੇ ਅਮਰਜੀਤ ਸਿੰਘ ਨੇ ਦਸਿਆ ਕਿ ਸਾਡੇ ਪਿਤਾ ਜੀ ਦੇ ਪਿਤਾ ਜੀ ਦਾ ਨਾਮ ਸ੍ਰ: ਤੇਜਾ ਸਿੰਘ ਹੈ ਅਤੇ ਉਹਨਾਂ ਦਾ ਜਨਮ ਪਿੰਡ ਭਲਾਈਪੁਰ ਪੂਰਬਾ ਨੇੜੇ ਬਾਬਾ ਬਕਾਲਾ ਮਿਤੀ 05.11.1935 ਨੂੰ ਹੋਇਆ। ਪਿਤਾ ਜੀ ਦੀ ਸ਼ਾਦੀ ਹਰਭਜਨ ਕੌਰ ਜੀ ਨਾਲ ਹੋਈ। ਸਾਡੇ ਪਿਤਾ ਜੀ ਨੇ ਬਹੁਤ ਬੰਦਗੀ ਕੀਤੀ, ਜਿਥੇ ਪਠਾਨਕੋਟ ਰਹਿੰਦੇ ਸੀ, ਉਥੇ ਗੁਰਦੁਆਰਾ ਤਪ ਅਸਥਾਨ ਸੰਤ ਸਿੰਘ ਪਠਾਨਕੋਟ ਬਣਿਆ ਸੀ। ਉਹ ਕੀਰਤਨ ਕਰਦੇ ਹਨ, ਦਰਬਾਰ ਸਾਹਿਬ ਅੰਮ੍ਰਿਤਸਰ ਵੀ ਕਈ ਵਾਰ ਕੀਰਤਨ ਦੀ ਹਾਜਰੀ ਭਰਦੇ ਸੀ। ਮੈ ਬਟਾਲਾ ਤੋ ਹਰਭਜਨ ਬਾਜਵਾ ਜੀ ਦਾ ਹਵਾਲਾ ਦਿੱਤਾ ਕਿ ਆਪਦਾ ਅੰਦਾਜਨ ਜਿਹਾ ਅਤਾ ਪਤਾ ਉਹਨਾਂ ਦਿੱਤਾ ਹੈ। ਕਹਿੰਦੇ ਕਿ ਸਾਡੇ ਪਿਤਾ ਜੀ ਦਾ ਉਹਨਾਂ ਨਾਲ ਬਹੁਤ ਪਿਆਰ ਸੀ ਤੇ ਬਾਜਵਾ ਜੀ ਕਈ ਵਾਰ ਇਥੇ ਸਾਡੇ ਕੋਲ ਪਿਤਾ ਜੀ ਦੇ ਹੁੰਦਿਆਂ ਆਉਦੇ ਰਹਿੰਦੇ ਸੀ। ਮੈ ਉਹਨਾਂ ਨੂੰ ਆਪਣੇ ਮੋਬਾਇਲ ਚੋ ਤਸਵੀਰ ਦਿਖਾ ਕਿਹਾ ਕਿ ਆਪ ਜੀ ਦੇ ਪਿਤਾ ਦੀ ਏਹ ਤਸਵੀਰ ਹਰਭਜਨ ਬਾਜਵਾ ਜੀ ਨੇ ਹੀ ਦਿੱਤੀ ਸੀ। ਭਾਈ ਅਮਰਜੀਤ ਸਿੰਘ ਕਹਿੰਦੇ ਕਿ ਤਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਚਿੱਤਰਕਾਰ ਸੋਭਾ ਸਿੰਘ ਨੇ ਸਾਡੇ ਪਿਤਾ ਜੀ ਨੂੰ ਸਾਹਵੇ ਬਹਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਪਨਿਕ ਤਸਵੀਰ ਤਿਆਰ ਕੀਤੀ ਸੀ, ਆਪ ਸਾਡੇ ਪਿਤਾ ਜੀ ਦੀ ਤਸਵੀਰ ਦੇਖ ਅੰਦਾਜਾ ਲਗਾਉ ਕਿ ਇਹ ਹੂ-ਬ-ਹੂ ਸਾਡੇ ਪਿਤਾ ਜੀ ਦੇ ਮੁਹਾਂਦਰੇ ਨਾਲ ਮਿਲਦੀ ਜੁਲਦੀ ਹੈ, ਮੈ ਕਿਹਾ ਜੀ ਮੈ ਵੀ ਇਸੇ ਪੜਤਾਲ ਬਾਬਤ ਆਪ ਜੀ ਕੋਲ ਆਇਆ ਹਾਂ, ਤੁਸੀ ਖੁਦ ਹੀ ਦੱਸ ਦਿੱਤਾ ਆਪ ਜੀ ਦਾ ਧੰਨਵਾਦ। ਮੈ ਕਿਹਾ ਕਿ ਤੁਸੀ ਸਿੱਖ ਸੰਗਤ ਨੂੰ ਦਸਿਆ ਨਹੀ ਕਿ ਆਪ ਜੋ ਜਿਸ ਤਸਵੀਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਮਝ ਪੂਜਦੇ ਹੋ ਇਹ ਸਾਡੇ ਪਿਤਾ ਜੀ ਦੀ ਤਸਵੀਰ ਹੈ, ਕਹਿੰਦੇ ਕਿ ਜਦੋ ਚਿੱਤਰਕਾਰ ਸੋਭਾ ਸਿੰਘ ਨੇ ਸਾਡੇ ਪਿਤਾ ਜੀ ਦੀ ਦਿੱਖ ਤੋ ਇਹ ਕਾਲਪਨਿਕ ਤਸਵੀਰ ਬਣਾਈ ਉਦੋ ਅਸੀ ਛੋਟੀ ਉਮਰ ਦੇ ਸਾਂ, ਇਸ ਬਾਬਤ ਜਿਆਦਾ ਖਿਆਲ ਨਾ ਕੀਤਾ। ਮੈ ਕਿਹਾ ਕਿ ਇਸ ਘਟਨਾ ਬਾਰੇ ਹੋਰ ਕੌਣ ਕੌਣ ਜਾਣਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪ ਜੀ ਦੇ ਪਿਤਾ ਜੀ ਨੂੰ ਸੋਭਾ ਸਿੰਘ ਨੇ ਸਾਹਵੇ ਬਹਾ ਬਣਾਈ। ਕਹਿੰਦੇ ਸਾਡੇ ਪਿਤਾ ਜੀ ਨੇ ਆਪਣੇ ਦੋਸਤ ਬਾਜ਼ ਸਿੰਘ ਜੋ ਇਸ ਵਕਤ ਗੁਰਦੁਆਰਾ ਐਬਟਸਫੋਰਡ ਕਨੇਡਾ ਸੈਕਟਰੀ ਹਨ ਨੇ ਸਾਨੂੰ ਦਸਿਆ ਸੀ ਤੇ ਇਸ ਬਾਬਤ ਉਹਨਾਂ ਕਨੇਡਾ ਦੇ ਇੱਕ ਰੇਡੀਉ ਤੇ ਸਪੈਸ਼ਲ ਪਰੋਗਰਾਮ ਵੀ ਕੀਤਾ ਸੀ ਇਸ ਘਟਨਾ ਬਾਰੇ ਖੁੱਲ ਕੇ ਗੱਲ ਕੀਤੀ ਸੀ। ਉਹਨੇ ਕਿਹਾ ਵੀਰੇ ਲੋਕ ਕਿਥੇ ਸੁਣਦੇ ਮੰਨਦੇ ਹਨ। ਮੈ ਆਪ ਜੀ ਨੂੰ ਐਹ ਗੱਲ ਦੱਸੀ ਹੈ ਲੱਗਦਾ ਤੁਸੀ ਸਮਝ ਗਏ, ਤਹਾਨੂੰ ਇਸ ਦਾ ਦੁੱਖ ਹੈ ਤਾਂ ਹੀ ਤਾਂ ਤੁਸੀ ਸਾਡੇ ਤੋ ਜਾਣਕਾਰੀ ਲੈਣ ਆਏ ਹੋ। ਮੈ ਕਿਹਾ ਕਿ ਆਪਾਂ ਗੁਰਸਿੱਖ ਸ਼ਬਦ ਗੁਰੂ ਦੇ ਪੁਜਾਰੀ ਹਾਂ ਕਿਸੇ ਤਸਵੀਰ ਨਾਲ ਤਾਂ ਸਾਡਾ ਕੋਈ ਨਾਤਾ ਹੀ ਨਹੀ, ਕਾਸ਼ ਲੋਕ ਸਮਝ ਜਾਣ ਤੇ ਕੌਮ ਦੀ ਤਕਦੀਰ ਬਦਲ ਸਕੇ। ਕਹਿੰਦੇ ਕਿ ਅਸੀ ਆਪ ਨਾਲ ਸਹਿਮਤ ਹਾਂ। ਮੈ ਕਿਹਾ ਤੁਸਾਂ ਇਥੇ ਆਪਣੀ ਕੋਠੀ ਨਾਲ ਹੀ ਗੁਰਦੁਆਰਾ ਕਿਉ ਬਣਾਇਆ ਇਹ ਕਿਸਦੀ ਯਾਦ ਵਿੱਚ ਬਣਿਆ ਹੈ, ਭਾਈ ਅਮਰਜੀਤ ਸਿੰਘ ਕਹਿੰਦੇ ਕਿ ਸਾਡੇ ਪਿਤਾ ਜੀ ਪਹਿਲਾਂ ਤਾਂ ਉਹ ਪਿੰਡ ਭਲਾਈਪੁਰ ਪੂਰਬਾ ਨੇੜੇ ਬਾਬਾ ਬਕਾਲਾ ਤੇ ਫੇਰ 1947-1948 ਦੌਰਾਨ ਪਿੰਡ ਚੇਲਿਆਂ ਵਾਲਾ ਰਹਿੰਦੇ ਸਨ ਫੇਰ ਉਥੋ 1961 ਵਿੱਚ ਪਠਾਨਕੋਟ ਚਲੇ ਗਏ, ਉਥੇ ਪਰੇਮ ਨਗਰ ਵਿੱਚ ਗੁਰਦੁਆਰਾ ਤਪ ਅਸਥਾਨ ਬਣਾਇਆ, ਇਥੇ ਲੁਧਿਆਣਾ 1973 ਵਿੱਚ ਇਹ ਜਗਾ ਖਰੀਦ ਲਈ ਸੀ। 1980 ਵਿੱਚ ਪਠਾਨਕੋਟ ਤੋ ਇਥੇ ਨਿਊ ਸਾਸ਼ਤਰੀ ਨਗਰ, ਜੋਧੇਵਾਲ ਬਸਤੀ ਲੁਧਿਆਣਾ ਪੱਕੇ ਤੌਰ ਆ ਗਏ। ਆਹ ਜੋ ਗੁਰਦੁਆਰਾ ਬਣਿਆ ਹੈ ਇਥੇ ਸਾਡੇ ਪਿਤਾ ਜੀ ਬੰਦਗੀ ਕਰਦੇ ਰਹੇ ਹਨ, ਇਸ ਲਈ ਇਸ ਨੂੰ ਸੰਤ ਆਸ਼ਰਮ ਤਪ ਅਸਥਾਨ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਹਰ ਸਾਲ ਮਾਰਚ ਮਹੀਨੇ ਵਿੱਚ ਪਿਤਾ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ ਹੁੰਦਾ ਹੈ। ਕਹਿੰਦੇ ਸਾਡੇ ਪਿਤਾ ਜੀ ਹੱਥ ਵਿੱਚ ਤੀਰ ਰੱਖਦੇ ਸਨ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨਾਲ ਉਹਨਾਂ ਦਾ ਬਹੁਤ ਪਿਆਰ ਸੀ, ਕਹਿੰਦੇ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੇ ਹੱਥ ਜੋ ਤੀਰ ਆਪ ਦੇਖਦੇ ਹੋ ਇਹ ਸਾਡੇ ਪਿਤਾ ਜੀ ਨੇ ਭੇਟ ਕੀਤਾ ਸੀ। ਕਹਿੰਦੇ ਕਿ ਸਾਡੇ ਪਿਤਾ ਜੀ ਦੇਸ਼ ਵਿਦੇਸ਼ ਕੀਰਤਨ ਕਰਨ ਜਾਂਦੇ ਸਨ। ਇਹ 1983-1994 ਵਿੱਚ ਇੰਗਲੈਂਡ ਵਿੱਚ ਸਨ ਤੇ ਕਨੇਡਾ, ਦੁਬਈ ਤੇ ਸਾਰਾ ਹਿੰਦੋਸਤਾਨ ਵਿੱਚ ਕੀਰਤਨ ਕਰਨ ਗਏ। ਵੈਨਕੂਵਰ ਵਿੱਚ ਪਹਿਲਾ ਰੋਸ ਮੁਜਾਹਰਾ ਹੋਇਆ ਸੀ ਉਸਦੀ ਅਰਦਾਸ ਸਾਡੇ ਪਿਤਾ ਜੀ ਸੰਤ ਭਾਗ ਸਿੰਘ ਨੇ ਕੀਤੀ ਸੀ। ਮਿਤੀ 12.07.1998 ਨੂੰ ਉਹ 63 ਸਾਲ ਦੀ ਉਮਰ ਭੋਗ ਕੇ ਸਾਈਲੈਟ ਅਟੈਕ ਹੋਣ ਨਾਲ ਅਕਾਲ ਚਲਾਣਾ ਕਰ ਗਏ। ਗੁਰਦੁਆਰਾ ਸਾਹਿਬ ਵਿੱਚ ਜਿਸ ਜਗਾ ਇਹਨਾਂ ਦਾ ਸਸਕਾਰ ਕੀਤਾ ਗਿਆ, ਉਸ ਜਗਾ ਨਿਸ਼ਾਨ ਸਾਹਿਬ ਲੱਗਾ ਹੈ ਤੇ ਯਾਦਗਾਰ ਵਜੋ ਗੁਰਦੁਆਰਾ ਸੰਤ ਆਸ਼ਰਮ ਤਪ ਅਸਥਾਨ ਸੰਤ ਬਾਬਾ ਭਾਗ ਸਿੰਘ ਬਣਿਆ ਹੋਇਆ ਹੈ। ਕਹਿੰਦੇ ਸਾਡੀ ਇੱਕ ਭੈਣ ਦਲਜੀਤ ਕੌਰ ਹੈ ਅਤੇ ਦੋਵੇ ਭਰਾ ਆਪਣੇ ਮਾਤਾ ਜੀ ਹਰਭਜਨ ਕੌਰ ਜੀ ਨਾਲ ਰਹਿੰਦੇ ਹਾਂ ਅਤੇ ਅਸੀ ਵੀ ਦੇਸ ਵਿਦੇਸ਼ ਵਿੱਚ ਕੀਰਤਨ ਕਰਨ ਜਾਂਦੇ ਰਹਿੰਦੇ ਹਾਂ। ਇਹ ਵੀ ਦਸਿਆ ਕਿ ਸਾਡੇ ਬਾਪ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣ ਦੀ ਕਈ ਵਾਰ ਆਫਰ ਆਈ ਤੇ ਏਹ ਮਨਾਹੀ ਕਰਦੇ ਰਹੇ। ਸੋ ਗੱਲਾਂ ਬਾਤਾਂ ਕਰਦਿਆਂ ਕਾਫੀ ਸਮਾਂ ਬੀਤ ਗਿਆ ਤੇ ਮੈ ਜਿਸ ਮਕਸਦ ਲਈ ਆਇਆ ਸੀ ਫੇਰ ਉਸੇ ਗੱਲ ਤੇ ਆਇਆ ਤੇ ਕਿਹਾ ਕਿ ਤੁਸੀ ਆਪਣੇ ਪਿਤਾ ਜੀ ਦੇ ਆਖਰੀ ਸਫਰ ਵੇਲੇ ਦੀ ਕੋਈ ਤਸਵੀਰ ਦਿਖਾਉ। ਕਹਿੰਦੇ ਕਿ ਸਾਡੇ ਕੋਲ ਉਹਨਾਂ ਦੀ ਤਸਵੀਰ ਫਰੇਮ ਜੜੀ ਹੋਈ ਹੈ, ਜੋ ਉਹਨਾਂ ਦਾ ਛੋਟਾ ਬੇਟਾ ਗੁਰਮੀਤ ਸਿੰਘ ਤਸਵੀਰ ਲੈ ਕੇ ਆਇਆ ਤੇ ਉਹ ਸੰਤ ਭਾਗ ਸਿੰਘ ਜੀ ਦੀ ਤਸਵੀਰ ਬਿਰਧ ਅਵਸਥਾ ਦੀ ਸੀ, ਸਫੈਦ ਬਾਣਾ ਨਿਹੰਗ ਬਾਣੇ ਵਿੱਚ ਸੀ ਤੇ ਹੱਥ ਤੀਰ ਫੜਿਆ ਹੋਇਆ ਸੀ। ਮੈ ਆਪਣੇ ਮੋਬਾਇਲ ਤੋ ਤਸਵੀਰ ਖਿੱਚੀ। ਫੇਰ ਦੋਵਾਂ ਭਰਾਵਾਂ ਨਾਲ ਖੜ ਤਸਵੀਰ ਖਿਚਵਾਈ। ਭਾਈ ਅਮਰਜੀਤ ਸਿੰਘ ਦਾ ਮੋਬਾਇਲ ਨੰਬਰ ਲੈ ਕੇ ਦੁਬਾਰਾ ਮਿਲਣ ਦਾ ਵਾਅਦਾ ਕਰ ਮੈ ਉਹਨਾਂ ਤੋ ਵਿਦਾਇਗੀ ਲਈ। ਭੈਣਜੀ ਦੇ ਘਰ ਵਾਪਿਸ ਆ ਕੇ ਸਾਰੀ ਗੱਲ ਬਾਤ ਵੀਰ ਜਤਿੰਦਰਪਾਲ ਸਿੰਘ ਗੁਰਦਾਸਪੁਰ ਨਾਲ ਸਾਂਝੀ ਕੀਤੀ।
ਸੋ ਇਹ ਸਫਰ ਸੀ ਭਾਗ ਸਿੰਘ ਪਠਾਨਕੋਟ ਨੂੰ ਲੱਭਣ ਦਾ ਜੋ ਮਿਹਨਤ ਥਾਏ ਪਈ ਤੇ ਗੁਰੂ ਗੋਬਿੰਦ ਸਿੰਘ ਦੀ ਕਾਲਪਨਿਕ ਤਸਵੀਰ ਦੀ ਅਸਲੀਅਤ ਸਾਹਵੇ ਆ ਸਕੀ।
ਗੁਰਸਿੱਖੋ ਤੁਹਾਡੇ ਲਈ ਗੁਰਸ਼ਬਦ ਹੀ ਗੁਰਮੂਰਤ ਹੈ, ਕਾਲਪਿਕ ਤਸਵੀਰਾਂ ਦਾ ਖਹਿੜਾ ਛੱਡੋ ਤੇ ਆਪਣੇ ਘਰਾਂ ਵਿੱਚ ਸਬਦਾਂ ਦੀਆਂ ਪੰਕਤੀਆਂ ਦੀਆਂ ਤਸਵੀਰਾਂ ਲਗਾਉ, ਤਾਂ ਜੋ ਤੁਹਾਡੇ ਬੱਚੇ ਪੜਕੇ ਤਹਾਥੋ ਇਸਦੇ ਅਰਥ ਪੁੱਛਣ ਤੇ ਤੁਸੀ ਵੀ ਆਪਣੇ ਗੁਰੂ ਦੀ ਬਾਣੀ ਸਮਝਾ ਕੇ ਮਾਣ ਮਹਿਸੂਸ ਕਰੋਗੇ।
ਸਤਬੀਰ ਸਿੰਘ ਢੋਟੀ
Author: Gurbhej Singh Anandpuri
ਮੁੱਖ ਸੰਪਾਦਕ