Home » ਧਾਰਮਿਕ » ਇਤਿਹਾਸ » ਬਾਵਾ ਪ੍ਰੇਮ ਸਿੰਘ ਹੋਤੀ (ਮਿੱਠੇ ਬਾਬਾ ਜੀ )

ਬਾਵਾ ਪ੍ਰੇਮ ਸਿੰਘ ਹੋਤੀ (ਮਿੱਠੇ ਬਾਬਾ ਜੀ )

32

ਬਾਵਾ ਪ੍ਰੇਮ ਸਿੰਘ ਹੋਤੀ ਹੁਣਾਂ ਦਾ 2 ਨਵੰਬਰ 1882 ਈਸਵੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਅੰਸ਼ ਵੰਸ਼ ਵਿੱਚੋਂ ਬਾਵਾ ਕਾਨ੍ ਸਿੰਘ ਦੇ ਪੋਤਰੇ ਦੇ ਰੂਪ ਵਿਚ , ਬਾਵਾ ਗੰਡਾ ਸਿੰਘ ਦੇ ਘਰ , ਬੀਬੀ ਕੁੱਸ਼ਲਿਆ ਦੀ ਕੁਖੋਂ ਜਨਮ ਹੋਇਆ । ਗੁਰਮੁਖੀ ਤੇ ਗੁਰਬਾਣੀ ਸੰਥਾ ਘਰ ਤੇ ਗੁਰਦੁਆਰਾ ਸਾਹਿਬ ਵਿਚੋਂ ਸਿੱਖੀ , ਉਰਦੂ ਤੇ ਫ਼ਾਰਸੀ ਮਦਰੱਸੇ ਤੋਂ ਪੜ੍ਹੀ , ਹੋਤੀ ਦੀ ਪੈਦਾਇਸ਼ ਹੋਣ ਕਰਕੇ ਮਾਦਰੀ ਜ਼ੁਬਾਨ ਪਸ਼ਤੋ ਵਿਰਾਸਤ ਵਿਚ ਮਿਲੀ। ਅੰਗਰੇਜ਼ੀ ਜ਼ੁਬਾਨ ਦੇ ਨਾਲ ਨਾਲ , ਹਿੰਦੀ ਤੇ ਸੰਸਕ੍ਰਿਤ ਤੇ ਬਾਵਾ ਜੀ ਦੀ ਚੰਗੀ ਪਕੜ ਸੀ।

ਬਾਵਾ ਕਾਨ੍ ਸਿੰਘ ਨੂੰ ਇਸ ਇਲਾਕੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਜਗੀਰ ਮਿਲੀ ਸੀ । ਪੰਜਾਬ ਤੇ ਜਦ ਅੰਗਰੇਜ਼ ਕਾਬਜ਼ ਹੋਏ ਤਾਂ ਉਹਨਾਂ ਨੇ ਇਹਨਾਂ ਦੀ ਜਗੀਰ ਜ਼ਬਤ ਕਰ ਲਈ । ਹੋਤੀ ਦਾ ਨਵਾਬ ਸਰ ਬੁਲੰਦ ਖਾਂ ਜੋ ਬਾਵਾ ਕਾਨ੍ ਸਿੰਘ ਦੀ ਸਖ਼ਸ਼ੀਅਤ ਤੋਂ ਵਾਕਿਫ਼ ਸੀ , ਉਸਨੇ ਆਪਣੀ 45 ਪਿੰਡਾਂ ਦੀ ਜ਼ਮੀਨ ਵਿਚੋਂ ਇਹਨਾਂ ਨੂੰ ਪਹਿਲੀ ਜਿੰਨੀ ਜਗੀਰ ਦੇਕੇ ਆਪਣੇ ਕੋਲ ਕਾਰ ਮੁਖ਼ਤਾਰ ਰੱਖ ਲਿਆ । ਇਹਨਾਂ ਪਿੱਛੋਂ ਬਾਵਾ ਗੰਡਾ ਸਿੰਘ ਜੀ ਇਸ ਅਹੁਦੇ ਨੂੰ ਸੰਭਾਲਦੇ ਰਹੇ । 1902-3 ਵਿਚ ਬਾਵਾ ਪ੍ਰੇਮ ਸਿੰਘ ਆਪਣੇ ਪਿਤਾ ਜੀ ਦੀ ਮੌਤ ਪਿੱਛੋਂ ਉਹਨਾਂ ਵਾਲੇ ਅਹੁੱਦੇ ਤੇ ਕਾਰਜ ਕਰਨ ਲੱਗੇ । ਨਵਾਬ ਸਰ ਬੁਲੰਦ ਖਾਂ ਇਸ ਪਰਿਵਾਰ ਦੀਆਂ ਸੇਵਾਵਾਂ ਤੋਂ ਬਹੁਤ ਖੁਸ਼ ਸੀ।

ਬਾਵਾ ਪ੍ਰੇਮ ਸਿੰਘ ਹੁਣਾ ਦਾ ਰੰਗ ਕਣਕ ਭਿੰਨਾ ਸੀ , ਕੱਦ ਲਗਭਗ ਛੇ ਫੁਟ ਦੇ ਕਰੀਬ , ਜੁੱਸਾ ਖੁੱਲਾ ਡੁੱਲਾ , ਦਾਹੜਾ ਪ੍ਰਕਾਸ਼ , ਬੋਲਚਾਲ ਵਿਚ ਅਤਿ ਦਾ ਤਹੱਮਲ ਤੇ ਮਿਠਾਸ (ਇਸੇ ਕਰਕੇ ਸ.ਸ.ਅਮੋਲ ਦਾ ਪਰਿਵਾਰ ਇਹਨਾਂ ਨੂੰ ਮਿੱਠੇ ਬਾਬਾ ਜੀ ਦਾ ਤਖ਼ੱਲਸ ਦਿੰਦਾ ਹੈ) , ਹਮਦਰਦੀ , ਦਿਆ ਤੇ ਧਰਮ ਦੀ ਮੂਰਤ ਬਾਵਾ ਜੀ ਦਾ ਪਹਿਰਾਵੇ ਵਿਚ ਅਚਕਨ , ਸਿਰ ਤੇ ਸਫੇਦ ਪੇਚਾਂ ਵਾਲੀ ਦਸਤਾਰ , ਗੱਲ ਵਿਚ ਸਫੇਦ ਹਜ਼ੂਰੀਆਂ ਤੇ ਪੈਰੀ ਸਦਾ ਗੁਰਗਾਬੀ ਪਾਕੇ ਰੱਖਦੇ ।

1909 ਤੋਂ 1947 ਤੱਕ ਬਾਵਾ ਜੀ ਹੋਤੀ ਦੇ ਗੁਰੂ ਘਰ ਵਿਚ ਨਿਰੰਤਰ ਕਥਾ ਕਰਦੇ ਰਹੇ ਹਨ । ਇਹਨਾਂ ਦੀ ਪ੍ਰੇਰਨਾ ਸਦਕਾ ਬਹੁਤ ਸਹਿਜਧਾਰੀ ਪਰਿਵਾਰ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣੇ। ਹੋਤੀ ਮਰਦਾਨ, ਗੜ੍ਹੀ , ਰੁਸਤਮ, ਢੁੰਡੇਰਾ, ਜਹਾਂਗੀਰ , ਅਕੌੜਾ, ਖਟਕ, ਨੌਸ਼ਹਿਰਾ , ਪਿਸ਼ਾਵਰ ਆਦਿ ਇਲਾਕੇ ਵਿਚ ਇਹਨਾਂ ਨੇ ਬਹੁਤ ਧਰਮ ਪ੍ਰਚਾਰ ਕੀਤਾ । ਇਸ ਇਲਾਕੇ ਵਿਚ ਗੁਰਮਰਿਆਦਾ ਬਹਾਲ ਕਰਨ ਤੇ ਅਨੰਦ ਕਾਰਜ ਦੀ ਮਰਿਆਦਾ ਨੂੰ ਪ੍ਰਪਕਤਾ ਨਾਲ ਲਾਗੂ ਕਰਨ ਵਾਲੇ ਪ੍ਰਮੁੱਖ ਆਗੂਆਂ ਵਿਚੋਂ ਸਨ। ਇਹਨਾਂ ਦੁਆਰਾ ਕਰਵਾਏ ਅਨੰਦ ਕਾਰਜ ਨੂੰ ਦੇਖਣ ਤੋਂ ਬਾਅਦ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਿਹਾ ਸੀ ਕਿ ਮੇਰਾ ਦਿਲ ਕਰਦਾ , ਮੈਂ ਆਪਣੀ ਸਿੰਘਣੀ ਨਾਲ ਦੁਬਾਰਾ ਲਾਵਾਂ ਲਵਾਂ ਤੇ ਬਾਵਾ ਜੀ ਲਾਵਾਂ ਦਾ ਪਾਠ ਤੇ ਅਰਥ ਭੇਦ ਕਰਨ ।

ਗੁਰੂ ਘਰ ਪ੍ਰਤੀ ਸਮਰਪਨ ਤੇ ਗੁਰਬਾਣੀ ਵਿਚ ਘੁੱਲੇ ਇਕ ਮਿਕ ਜੀਵਨ ਦੀ ਮਿਸਾਲ ਬਾਵਾ ਪ੍ਰੇਮ ਸਿੰਘ ਹੁਣੀ ਸਨ । ਦੱਸਦੇ ਹਨ ਕਿ ਬਾਵਾ ਜੀ ਦਾ ਇਕ ਪੁਤਰ ਬਹੁਤ ਜਿਆਦਾ ਬਿਮਾਰ ਚੱਲ ਰਿਹਾ ਸੀ। ਅਗਲੇ ਦਿਨ ਹੋਤੀ ਦੇ ਗੁਰੂ ਘਰ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ ਤੇ ਰਾਤ ਨੂੰ ਇਹਨਾਂ ਦਾ ਬੱਚਾ ਚੜਾਈ ਕਰ ਗਿਆ । ਇਹਨਾਂ ਨੇ ਇਸ ਗੱਲ ਦੀ ਭਿਣਕ ਬਾਹਰ ਬਿਲਕੁਲ ਵੀ ਨ ਕੱਢੀ , ਪਰਿਵਾਰ ਨੂੰ ਹਦਾਇਤ ਸੀ , ਰੋਣਾ ਕਰਲਾਉਣਾ ਨਹੀਂ ।ਗੁਰਪੁਰਬ ਮਨਾ ਕੇ ਜਦ ਸੰਗਤ ਵਹਿਲੀ ਹੋਈ ਤਾਂ ਆਪ ਨੇ ਬੜੀ ਅਧੀਨਗੀ ਨਾਲ ਸਹਿਜ ਵਿਚ ਸੰਗਤ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ‘ਗੁਰੂ ਸਵਾਰਿਓ ! ਗੁਰਪੁਰਬ ਦਾ ਕਾਰਜ ਤਾਂ ਗੁਰੂ ਮਹਾਰਾਜ ਦੀ ਆਸੀਸ ਨਾਲ ਸੰਪੂਰਨ ਹੋ ਗਿਆ ਹੈ , ਹੁਣ ਇਕ ਨਿੱਕਾ ਜਾ ਕਾਰਜ ਰਹਿ ਗਿਆ ਉਹ ਵੀ ਆਪਾਂ ਕਰ ਲਈਏ। ਸੰਗਤ ਨੇ ਕਿਹਾ , ਹਾਂਜੀ , ਬਾਵਾ ਜੀ ਦੱਸੋ । ਤਾਂ ਬਾਵਾ ਪ੍ਰੇਮ ਸਿੰਘ ਹੁਣਾ ਨੇ ਦੱਸਿਆ ਕਿ ਰਾਤੀ ਮੇਰਾ ਬਿਮਾਰ ਕਾਕਾ ਚੜ੍ਹਾਈ ਕਰ ਗਿਆ , ਹੁਣ ਉਸਦਾ ਦਾਹ ਸਸਕਾਰ ਕਰਨਾ ਹੈ । ਇਹ ਸੁਣਦਿਆਂ ਸੰਗਤ ਦੇ ਪੈਰਾਂ ਥੱਲੇ ਤੋਂ ਜ਼ਮੀਨ ਨਿਕਲ ਗਈ , ਉਹਨਾਂ ਕਿਹਾ ਬਾਵਾ ਜੀ ਤੁਸੀਂ ਪਹਿਲਾਂ ਕਿਉਂ ਨ ਦੱਸਿਆ ?ਤਾਂ ਬਾਵਾ ਜੀ ਉਸੇ ਤਰ੍ਹਾਂ ਸਹਿਜ ਵਿਚ ਕਹਿਣ ਲੱਗੇ ਕੇ ਮੈਂ ਨਹੀਂ ਚਾਹੁੰਦਾ ਸੀ ਕਿ ਗੁਰੂ ਘਰ ਦੇ ਕਾਰਜਾਂ ਵਿਚ ਵਿਘਨ ਪਵੇ , ਇਸ ਲਈ ਹੀ ਨਹੀਂ ਦੱਸਿਆ । ਸਾਰੀ ਸੰਗਤ ਆਪ ਦੇ ਸਿਰੜ ਤੇ ਭਾਉ ਨੂੰ ਸਿਜਦਾ ਕਰ ਰਹੀ ਸੀ ।

ਬਾਵਾ ਪ੍ਰੇਮ ਸਿੰਘ ਹੁਣੀ 1908-09 ਦੀ ਗੁਜ਼ਰਾਂਵਾਲੇ ਹੋਈ ਪਹਿਲੀ ਸਿੱਖ ਐਜ਼ੂਕੇਸ਼ਨਲ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਗੁਜ਼ਰਾਂਵਾਲੇ ਆਏ।ਇਥੇ ਹੀ ਇਹਨਾਂ ਦੀ ਮੁਲਾਕਾਤ ਪਹਿਲੀ ਵਾਰ ਭਾਈ ਵੀਰ ਸਿੰਘ ਹੁਣਾ ਨਾਲ ਹੋਈ। ਕਾਨਫਰੰਸ ਦੇ ਮੁਕਣ ਪਿੱਛੋਂ ਆਪ ਭਾਈ ਵੀਰ ਸਿੰਘ ਨੂੰ ਆਪਣੇ ਨਾਲ ਆਪਣਾ ਇਲਾਕਾ ਦਿਖਾਉਣ ਵਾਸਤੇ ਹੋਤੀ ਲੈ ਆਏ। ਇਥੇ ਭਾਈ ਸਾਹਿਬ ਨੇ ਨਵਾਬ ਸਾਹਿਬ ਦੀ ਲਾਇਬਰੇਰੀ ਦੇਖੀ , ਨਾਲ ਯੂਸਫ਼ਜਈ ਤੇ ਬਰਕਜਾਈ ਪਠਾਣਾਂ ਦੇ ਇਲਾਕਾ ਦੇਖਿਆ । ਅਕਾਲੀ ਫੂਲਾ ਸਿੰਘ ਹੁਣਾਂ ਦੀ ਸਮਾਧ ਦੇ ਦਰਸ਼ਨ ਕੀਤੇ । ਇਥੇ ਹੀ ਭਾਈ ਵੀਰ ਸਿੰਘ ਹੁਣਾ ਨੇ ਇਹਨਾਂ ਨੂੰ ਪ੍ਰਰੇਨਾ ਕੀਤੀ ਕਿ ਇਹ ਇਲਾਕਾ ਤਵਾਰੀਖ਼ ਘਟਨਾਵਾਂ ਨਾਲ ਭਰਿਆ ਪਿਆ , ਤੁਸੀਂ ਇਤਿਹਾਸ ਨੂੰ ਕਲਮਬੰਦ ਕਰੋ । ਪਾਰਸ ਦੀ ਛੁਹ ਤਾਂ ਮਨੂਰ ਨੂੰ ਕੰਚਨ ਕਰ ਦਿੰਦੀ ਹੈ , ਬੱਸ ਇਸ ਮਿਲਣੀ ਵਿਚੋਂ ਹੀ ਖੋਜੀ ਬਾਵਾ ਪ੍ਰੇਮ ਸਿੰਘ ਦਾ ਜਨਮ ਹੋਇਆ , ਜਿਸ ਨੇ 1914 ਦੇ ਲਾਗੇ ਸਭ ਤੋਂ ਪਹਿਲਾਂ ਅਕਾਲੀ ਫੂਲਾ ਸਿੰਘ ਹੁਣਾ ਤੇ ਲਿਖਤ ਲੋਕ ਕਚਹਿਰੀ ਦੀ ਭੇਟ ਕੀਤੀ , ਫੇਰ ਤਾਂ ਚੱਲ ਸੋ ਚੱਲ ਹੋ ਗਈ। ਬਾਵਾ ਜੀ ਨੇ ਆਪਣੀ ਖੋਜ ਦਾ ਦਾਇਰਾ ਬਹੁਤਾ ਸਰਕਾਰ ਖਾਲਸਾ ਦੁਆਲੇ ਕੇਂਦਰਿਤ ਕੀਤਾ । ਮਹਾਰਾਜਾ ਰਣਜੀਤ ਸਿੰਘ ਸਮੇਤ ਉਹਨਾਂ ਦੇ ਪਰਿਵਾਰਕ ਜੀਆਂ ਤੇ ਜਰਨੈਲਾਂ ਦੇ ਜੀਵਨ ਕਲਮਬੱਧ ਕੀਤੇ । ਆਖ਼ਰੀ ਸਮੇਂ ਵਿਚ ਵੀ ਇਹਨਾਂ ਨੇ ਭਾਈ ਗੁਰਦਾਸ ਜੀ , ਭਾਈ ਸੁਖਾ ਸਿੰਘ ਮਾੜੀ ਕੰਬੋ , ਬਾਬੇ ਮੋਹਨ ਵਾਲੀਆਂ ਪੋਥੀਆਂ ਤੇ ਮਹਾਰਾਜਾ ਦਲੀਪ ਸਿੰਘ ਤੇ ਕੰਮ ਸ਼ੁਰੂ ਕੀਤਾ ਹੋਇਆ ਸੀ , ਪਰ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ।

ਸਿੱਖ ਇਤਿਹਾਸ ਸੁਸਾਇਟੀ ਦੇ ਬਾਵਾ ਜੀ ਪ੍ਰਧਾਨ ਸਨ । ਮੁਲਕ ਦੀ ਤਕਸੀਮ ਪਿੱਛੋਂ ਬਾਵਾ ਜੀ ਪਹਿਲਾਂ ਸ਼ਿਮਲੇ ਆ ਕੇ ਰਹੇ ਤੇ ਫਿਰ 1949 ਵਿਚ ਪਟਿਆਲੇ ਆ ਗਏ। ਸ.ਗਿਆਨ ਸਿੰਘ ਰਾੜੇਵਾਲਾ ਨੇ ਇਹਨਾਂ ਦੀ ਸਖ਼ਸ਼ੀਅਤ ਤੋਂ ਪ੍ਰਭਾਵਿਤ ਹੁੰਦਿਆਂ ਪੰਜੌਰ ਦੇ ਇਲਾਕੇ ਵਿਚ ਅਬਦੁਲਾਪੁਰ ਵਿਖੇ ਸੌਖੇ ਗੁਜ਼ਾਰੇ ਲਈ ਜ਼ਮੀਨ ਦੇਣੀ ਚਾਹੀ ਤਾਂ ਆਪ ਨੇ ਸੰਤੋਖੀ ਸੁਭਾਅ ਦਾ ਪ੍ਰਗਟਾਵਾ ਕਰਦਿਆਂ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ। ਮਹਿਕਮਾ ਪੰਜਾਬੀ ਨੇ ਇਹਨਾਂ ਦੀਆਂ ਕਲਮੀ ਸੇਵਾਵਾਂ ਲਈ ਇਹਨਾਂ ਨੂੰ ਸਨਮਾਨਿਤ ਵੀ ਕੀਤਾ। ਇਹਨਾਂ ਦੀ ਆਪਣੀ ਲਾਇਬਰੇਰੀ ਵਿਚ ਅਣਲੱਬ ਤੇ ਅਣਮੋਲ ਖਜ਼ਾਨਾ ਭਰਿਆ ਪਿਆ ਸੀ । 1937 ਵਿਚ 1840 ਤੋਂ ਉਪਰ ਪੰਜਾਬੀ , ਅੰਗਰੇਜ਼ੀ , ਹਿੰਦੀ , ਉਰਦੂ , ਫ਼ਾਰਸੀ ਦੀਆਂ ਦੁਰਲਭ ਕਿਤਾਬਾਂ ਸਨ ਤੇ 130 ਦੇ ਕਰੀਬ ਹਥ ਲਿਖ਼ਤਾਂ ਸਨ । 60 ਦੇ ਕਰੀਬ ਵਿਸ਼ੇਸ਼ ਕਮੀਤੀ ਸਿੱਕੇ ਸਨ , ਵੱਖ ਰਿਆਸਤਾਂ ਤੇ ਰਾਜ ਭਾਗ ਦੇ ਮਾਲਕਾਂ ਦੇ । 200 ਦੇ ਕਰੀਬ ਸ਼ਾਨਦਾਰ , ਦੁਰਲਭ ਤਸਵੀਰਾਂ ਦਾ ਸੰਗ੍ਰਹਿ ਸੀ ।

ਪੰਜਾਬ ਯੂਨੀਵਰਸਿਟੀ ਦੇ 1949 ਈਸਵੀ ਵਿਚ ਵਾਈਸ ਚਾਂਸਲਰ ਦੀਵਾਨ ਅਨੰਦ ਕੁਮਾਰ (ਲਾਹੌਰ ਦਰਬਾਰ ਦੇ ਦੀਵਾਨ ਅਮਰਨਾਥ ਦੇ ਪਰਿਵਾਰ ਵਿਚੋਂ) ਤੇ ਬੋਧ ਰਾਜ ਮਲੋਹਤਰਾ ਦੇ ਜ਼ੋਰ ਪਾਉਣ ਤੇ , ਯੂਨੀਵਰਸਿਟੀ ਲਈ 1500 ਦੇ ਕਰੀਬ ਦਰੁਲਭ ਕਿਤਾਬਾਂ ਭੇਟ ਕੀਤੀਆਂ । ਆਖਰੀ ਸਮੇਂ ਵਿਚ ਉਹ ਅਕਸਰ ਇਹੋ ਆਖਿਆ ਕਰਦੇ ਸਨ ‘ਸੇਵਾ ਥੋਰੀ ਮਾਂਗਣ ਬਹੁਤਾ’। ਅਖ਼ੀਰ 10 ਜਨਵਰੀ 1954 ਈਸਵੀ ਨੂੰ ਬਾਵਾ ਜੀ ਦੁਨੀ ਸੁਹਾਵੇ ਬਾਗ ਨੂੰ ਛੱਡ ਗੁਰਪੁਰੀ ਪਿਆਨਾ ਕਰ ਗਏ।ਇਹਨਾਂ ਦੀ ਬਾਕੀ ਲਾਇਬਰੇਰੀ ਪਰਿਵਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਭੇਟ ਕਰ ਦਿੱਤੀ ਸੀ। ਅੱਜ ਲੋਕ ਬਾਵਾ ਜੀ ਦੀਆਂ ਲਿਖ਼ਤਾਂ ਤੇ ਪੜ੍ਹਦੇ ਨੇ ਪਰ ਬਾਵਾ ਜੀ ਵਿਸਾਰ ਚੁਕੇ ਹਨ। ਬਾਵਾ ਜੀ ਦੀ ਖੋਜ ਖੋਜਾਰਥੀਆਂ ਲਈ ਸਦਾ ਮਾਰਗ ਦਰਸ਼ਨ ਕਰਦੀ ਰਹੇਗੀ।

ਬਾਵਾ ਜੀ ਦੀਆਂ ਲਿਖ਼ਤਾਂ
ਜੀਵਨ ਬ੍ਰਿਤਾਂਤ ਬਾਬਾ ਫੂਲਾ ਸਿੰਘ ਅਕਾਲੀ (1914)
ਜੀਵਨ ਬ੍ਰਿਤਾਂਤ ਮਹਾਰਾਜਾ ਰਣਜੀਤ ਸਿੰਘ (1918)
ਜੀਵਨ ਬ੍ਰਿਤਾਂਤ ਕੰਵਰ ਨੌਨਿਹਾਲ ਸਿੰਘ (1927)
ਜੀਵਨ ਬ੍ਰਿਤਾਂਤ ਹਰੀ ਸਿੰਘ ਨਲੂਆ (1937)
ਖਾਲਸਾ ਰਾਜ ਦੇ ਉਸਰਈਏ(ਭਾਗ ਪਹਿਲਾ 1942)
ਖਾਲਸਾ ਰਾਜ ਦੇ ਉਸਰਈਏ ( ਭਾਗ ਦੂਜਾ 1944)
ਖਾਲਸਾ ਰਾਜ ਦੇ ਬਦੇਸੀ ਕਾਰਿੰਦੇ (1945)
ਜੀਵਨ ਬ੍ਰਿਤਾਂਤ ਮਹਾਰਾਜਾ ਸ਼ੇਰ ਸਿੰਘ (1951)
ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ (1952)
ਸ਼ਹਿਰਦਾਰੀ ਤੇ ਪੈਪਸੂ ਦਾ ਸੰਖੇਪ ਇਤਿਹਾਸ (ਮਿਤੀ ਹੀਣ)
ਮੋਹਨ ਪੋਥੀਆਂ ਬਾਰੇ (ਮਿਤੀ ਹੀਣ )
ਪੰਜਾਬ ਦਾ ਸਮਾਜਿਕ ਇਤਿਹਾਸ (1979)

ਬਲਦੀਪ ਸਿੰਘ ਰਾਮੂੰਵਾਲੀਆ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?