ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ, ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨੋਂ ਹਟਿਆ।
1761 ਵਿਚ ਆਪਣੇ ਪੰਜਵੇਂ ਹਮਲੇ ਸਮੇਂ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ 25-26 ਹਜ਼ਾਰ ਮਰਾਠਾ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਅਬਦਾਲੀ ਕਾਬਲ ਨੂੰ ਚੱਲ ਪਿਆ। ਪੰਜਾਬ ਵਿਚ ਵੜਦੇ ਹੀ ਹਮੇਸ਼ਾ ਵਾਂਗ ਸਿੱਖ ਉਸ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਲੱਖਾਂ ਰੁਪਏ ਦਾ ਮਾਲ ਅਸਬਾਬ ਲੁੱਟ ਲਿਆ ਤੇ ਹਜ਼ਾਰਾਂ ਹਿੰਦੂ ਲੜਕੀਆਂ-ਲੜਕਿਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਛੁਡਵਾ ਕੇ ਘਰੋ-ਘਰੀ ਪਹੁੰਚਾਇਆ। ਅਬਦਾਲੀ ਨੇ ਭਾਰਤ ਵਿਚ ਮੁਗ਼ਲਾਂ ਤੇ ਮਰਾਠਿਆਂ ਦਾ ਲੱਕ ਤੋੜ ਦਿੱਤਾ ਸੀ। ਹੁਣ ਸਿਰਫ ਸਿੱਖ ਹੀ ਉਸ ਦਾ ਮੁਕਾਬਲਾ ਕਰਨ ਵਾਲੇ ਬਚੇ ਸਨ। ਉਸ ਦਾ ਛੇਵਾਂ ਹਮਲਾ ਨਿਰੋਲ ਸਿੱਖਾਂ ਨੂੰ ਨੇਸਤਾਨਾਬੂਦ ਕਰਨ ਵਾਸਤੇ ਸੀ। ਅਬਦਾਲੀ ਦੇ ਕਾਬਲ ਜਾਂਦੇ ਹੀ ਸਿੱਖਾਂ ਨੇ ਥਾਉਂ-ਥਾਈਂ ਆਪਣੇ ਕਬਜ਼ੇ ਪੱਕੇ ਕਰ ਲਏ। ਅਕਤੂਬਰ 1761 ਨੂੰ ਸਿੱਖਾਂ ਨੇ ਗੁਰਮਤਾ ਕਰਕੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਲਾਹੌਰ ਦੇ ਹਾਕਮ ਉਬੈਦ ਖਾਨ ਨੂੰ ਹਰਾ ਕੇ ਲਾਹੌਰ ‘ਤੇ ਕਬਜ਼ਾ ਕਰ ਲਿਆ। ਨਵਾਬ ਕਪੂਰ ਸਿੰਘ ਨੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ‘ਤੇ ਬਿਠਾ ਕੇ ਸੁਲਤਾਨ-ਉਲ-ਕੌਮ ਦੀ ਉਪਾਧੀ ਪ੍ਰਦਾਨ ਕੀਤੀ।
ਸਿੱਖਾਂ ਨੂੰ ਪਤਾ ਸੀ ਕਿ ਅਜੇ ਉਨ੍ਹਾਂ ਕੋਲ ਲਾਹੌਰ ‘ਤੇ ਕਬਜ਼ਾ ਬਰਕਰਾਰ ਰੱਖਣ ਦੀ ਤਾਕਤ ਨਹੀਂ ਹੈ। ਇਸ ਲਈ ਉਨ੍ਹਾਂ ਨੇ ਲਾਹੌਰ ਛੱਡ ਕੇ ਜੰਡਿਆਲੇ ਸਰਕਾਰੀ ਚੁਗਲ ਮਹੰਤ ਆਕਿਲ ਦਾਸ ਨਿਰੰਜਨੀਏ ਨੂੰ ਘੇਰਾ ਪਾ ਲਿਆ। ਉਸ ਨੇ ਭਾਈ ਤਾਰੂ ਸਿੰਘ ਅਤੇ ਮਹਿਤਾਬ ਸਿੰਘ ਮੀਰਾਂਕੋਟੀਏ ਵਰਗੇ ਕਈ ਯੋਧਿਆਂ ਨੂੰ ਚੁਗਲੀ ਕਰਕੇ ਕਤਲ ਕਰਵਾਇਆ ਸੀ। ਘੇਰਾ ਲੰਬਾ ਚਲਾ ਗਿਆ, ਮਹੰਤ ਨੇ ਆਪਣੇ ਦੂਤ ਅਬਦਾਲੀ ਵੱਲ ਭਜਾ ਦਿੱਤੇ। ਅਬਦਾਲੀ ਪਹਿਲਾਂ ਹੀ ਪੰਜਾਬ ਵੱਲ ਚੱਲ ਪਿਆ ਸੀ। ਮਹੰਤ ਦੇ ਦੂਤ ਉਸ ਨੂੰ ਰੁਹਤਾਸਗੜ੍ਹ ਮਿਲੇ। ਸਿੱਖਾਂ ਨੂੰ ਵੀ ਅਬਦਾਲੀ ਦੇ ਆਉਣ ਦਾ ਪਤਾ ਚੱਲ ਗਿਆ। ਉਹ ਆਪਣੇ ਟੱਬਰ ਟੋਰ ਨੂੰ ਮਾਲਵੇ ਦੇ ਰੇਤਥਲਿਆਂ ਵੱਲ ਛੱਡਣ ਲਈ ਚੱਲ ਪਏ, ਤਾਂ ਜੋ ਬੇਫਿਕਰ ਹੋ ਕੇ ਅਬਦਾਲੀ ਦਾ ਮੁਕਾਬਲਾ ਕਰ ਸਕਣ। ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਟੱਪ ਕੇ ਮਾਲੇਰਕੋਟਲੇ ਦੇ ਨਜ਼ਦੀਕ ਪਿੰਡ ਕੁੱਪ ਕੋਲ ਡੇਰਾ ਲਾਈ ਬੈਠੇ ਸਨ। ਅੱਜਕਲ੍ਹ ਇਹ ਪਿੰਡ ਮਾਲੇਰਕੋਟਲਾ-ਲੁਧਿਆਣਾ ਮੁੱਖ ਸੜਕ ‘ਤੇ ਹੈ।
ਸਿੱਖਾਂ ਦੀ ਲੜਾਕੀ ਫੌਜ ਉਸ ਵੇਲੇ 50 ਕੁ ਹਜ਼ਾਰ ਦੇ ਕਰੀਬ ਸੀ। 50-60 ਹਜ਼ਾਰ ਹੀ ਵਹੀਰ ਸੀ ਔਰਤਾਂ, ਬੱਚੇ ਤੇ ਬ੍ਰਿਧ। ਸਿੱਖ ਜਲਦੀ ਤੋਂ ਜਲਦੀ ਬਰਨਾਲੇ ਵੱਲ ਨਿਕਲਣਾ ਚਾਹੁੰਦੇ ਸਨ, ਤਾਂ ਜੋ ਬਾਬਾ ਆਲਾ ਸਿੰਘ ਦੀ ਮਦਦ ਮਿਲ ਸਕੇ। ਪਰ ਅਬਦਾਲੀ ਤੋਂ ਡਰਦੇ ਮਾਰੇ ਆਲਾ ਸਿੰਘ ਨੇ ਇਸ ਕੌਮੀ ਸੰਕਟ ਵੇਲੇ ਆਪਣੇ ਭਰਾਵਾਂ ਦੀ ਬਾਂਹ ਨਾ ਫੜੀ, ਸਗੋਂ ਰਾਜਧਾਨੀ ਛੱਡ ਕੇ ਆਸੇ-ਪਾਸੇ ਹੋ ਗਿਆ। ਸਿੱਖਾਂ ਨੂੰ ਉਸ ਵੇਲੇ ਅਬਦਾਲੀ ਦੇ ਹੁਕਮ ਨਾਲ ਮਾਲੇਰਕੋਟਲੇ ਦੇ ਨਵਾਬ ਭੀਖਣ ਸ਼ਾਹ ਤੇ ਸਰਹਿੰਦ ਦੇ ਸੂਬੇਦਾਰ ਜੈਨ ਖਾਨ ਨੇ ਘੇਰਾ ਪਾਇਆ ਹੋਇਆ ਸੀ, ਇਸ ਲਈ ਕੂਚ ਕਰਨ ਵਿਚ ਦੇਰੀ ਹੋ ਰਹੀ ਸੀ। ਅਬਦਾਲੀ ਨੂੰ ਜਦੋਂ ਸਿੱਖਾਂ ਦੇ ਮਾਲੇਰਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਬਿਜਲੀ ਵਰਗੀ ਤੇਜ਼ੀ ਨਾਲ ਕੂਚ ਕੀਤਾ। 5 ਫਰਵਰੀ, 1762 ਨੂੰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਅਬਦਾਲੀ ਨੇ ਦਲ ਖਾਲਸਾ ‘ਤੇ ਬੜਾ ਕਹਿਰੀ ਹਮਲਾ ਕਰ ਦਿੱਤਾ। ਉਸ ਨੇ ਅੱਧੀ ਫੌਜ ਆਪ ਰੱਖੀ ਤੇ ਅੱਧੀ ਆਪਣੇ ਵਜ਼ੀਰ ਸ਼ਾਹਵਲੀ ਖਾਨ ਨੂੰ ਦੇ ਕੇ ਸਮੇਤ ਜੈਨ ਖਾਨ, ਭੀਖਣ ਖਾਨ ਅਤੇ ਦੀਵਾਨ ਲੱਛਮੀ ਨਰਾਇਣ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰਨ ਲਈ ਭੇਜ ਦਿੱਤਾ। ਸਿੱਖਾਂ ਨੇ ਆਪਣੇ ਵਹੀਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਮੁਕਾਬਲੇ ਲਈ ਡਟ ਗਏ। ਇਸ ਯੁੱਧ ਵਿਚ ਤਕਰੀਬਨ ਸਾਰੀਆਂ ਮਿਸਲਾਂ ਦੇ ਸਰਦਾਰ, ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਹਾਜ਼ਰ ਸਨ। ਸ: ਜੱਸਾ ਸਿੰਘ ਨੇ ਲੜਦੇ-ਲੜਦੇ ਬਰਨਾਲੇ ਵੱਲ ਵਧਣ ਦਾ ਹੁਕਮ ਦਿੱਤਾ। ਸਭ ਤੋਂ ਪਹਿਲਾਂ ਕਾਸਿਮ ਖਾਨ ਨੇ ਹਮਲਾ ਕੀਤਾ। ਉਹ ਮੂੰਹ ਦੀ ਖਾ ਕੇ ਅਜੇ ਪਿੱਛੇ ਹਟਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਨਾਮਵਰ ਜਰਨੈਲਾਂ ਜਹਾਨ ਖਾਨ ਤੇ ਸਰਬੁਲੰਦ ਖਾਨ ਦੇ ਨਾਲ ਚੁਫੇਰਿਉਂ ਸਿੱਖਾਂ ‘ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਬਾਬਾ ਆਲਾ ਸਿੰਘ ਦੇ ਵਕੀਲ ਸੇਖੂ ਸਿੰਘ ਹੰਭਲਵਾਲ ਦੀ ਨਿਗਰਾਨੀ ਹੇਠ ਵਹੀਰ ਸਮੇਤ ਬਰਨਾਲੇ ਵੱਲ ਕੂਚ ਕਰ ਦਿੱਤਾ।
ਸ਼ਾਹਵਲੀ ਖਾਨ ਵਜ਼ੀਰ ਨੇ ਵਹੀਰ ਦਾ ਬੜਾ ਨੁਕਸਾਨ ਕੀਤਾ। ਹਜ਼ਾਰਾਂ ਬਿਰਧ ਔਰਤਾਂ ਤੇ ਬੱਚੇ ਮਾਰ ਦਿੱਤੇ ਤੇ ਹਜ਼ਾਰਾਂ ਬੰਦੀ ਬਣਾ ਲਏ। ਪਤਾ ਲੱਗਣ ‘ਤੇ ਸ: ਜੱਸਾ ਸਿੰਘ ਨੇ ਸ: ਸ਼ਾਮ ਸਿੰਘ, ਸ: ਕਰੋੜਾ ਸਿੰਘ, ਸ: ਨਾਹਰ ਸਿੰਘ ਤੇ ਸ: ਕਰਮ ਸਿੰਘ ਆਦਿ ਨੂੰ ਮਦਦ ਵਾਸਤੇ ਭੇਜਿਆ। ਸਿੱਖਾਂ ਨੇ ਬੰਦੀ ਛੁਡਵਾ ਲਏ ਤੇ ਸ਼ਾਹ ਵਲੀ ਦੀ ਫੌਜ ਦਾ ਬੜਾ ਨੁਕਸਾਨ ਕੀਤਾ। ਤੰਗ ਆ ਕੇ ਵਜ਼ੀਰ ਪਿੱਛੇ ਹਟ ਗਿਆ। ਸ: ਚੜ੍ਹਤ ਸਿੰਘ ਹੱਥੋਂ ਜਰਨੈਲ ਸਰਬੁਲੰਦ ਖਾਨ ਤੇ ਸ: ਜੱਸਾ ਸਿੰਘ ਹੱਥੋਂ ਪ੍ਰਧਾਨ ਸੈਨਾਪਤੀ ਜਹਾਨ ਖਾਨ ਜ਼ਖ਼ਮੀ ਹੋ ਗਿਆ। ਅਬਦਾਲੀ ਤੇਜ਼ ਮਾਰਚ ਕਰਨ ਲਈ ਭਾਰੀਆਂ ਤੋਪਾਂ ਲਾਹੌਰ ਹੀ ਛੱਡ ਆਇਆ ਸੀ। ਉਸ ਕੋਲ ਕਾਫੀ ਮਾਤਰਾ ਵਿਚ ਹਲਕੀਆਂ ਤੋਪਾਂ ਸਨ, ਪਰ ਹੱਥੋ-ਹੱਥ ਲੜਾਈ ਵੇਲੇ ਤੋਪਾਂ ਕੰਮ ਨਹੀਂ ਆਉਂਦੀਆਂ। ਜੇ ਸਿੱਖ ਲੜਦੇ ਹੋਏ ਤੁਰਦੇ ਨਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਵਾਰ-ਵਾਰ ਘੇਰਾ ਟੁੱਟਣ ਕਾਰਨ ਸਿੱਖਾਂ ਦੀ ਵਹੀਰ ਦਾ ਭਾਰੀ ਨੁਕਸਾਨ ਹੋ ਰਿਹਾ ਸੀ। ਇਸ ਘਮਸਾਨ ਵਿਚ ਦੋ ਪੁਰਾਤਨ ਬੀੜਾਂ, ਅੰਮ੍ਰਿਤਸਰ ਵਾਲੀ ਤੇ ਦਮਦਮਾ ਸਾਹਿਬ ਵਾਲੀ ਗੁੰਮ ਹੋ ਗਈਆਂ। ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ ਵੀ ਛੱਡਣੀ ਪਈ। ਜੰਗ ਵਿਚ ਸ: ਚੜ੍ਹਤ ਸਿੰਘ ਸ਼ੁਕਰਚੱਕੀਏ ਨੇ ਖਾਲੀ ਘੋੜਿਆਂ ਦੀ ਮਦਦ ਨਾਲ ਅਨੇਕਾਂ ਬਜ਼ੁਰਗਾਂ, ਔਰਤਾਂ ਤੇ ਭੁਝੰਗੀਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ।
ਦੋਵੇਂ ਧਿਰਾਂ ਖੂਨ ਦੀ ਹੋਲੀ ਖੇਡਦੀਆਂ ਹੋਈਆਂ ਬਰਨਾਲੇ ਵੱਲ ਨੂੰ ਤੁਰੀਆਂ ਜਾ ਰਹੀਆਂ ਸਨ। ਤਿਰਕਾਲਾਂ ਨੂੰ ਪਿੰਡ ਕੁਤਬਾ ਤੇ ਬਾਹਮਣੀਆਂ ਦੇ ਨਜ਼ਦੀਕ ਸਿੰਘਾਂ ਦਾ ਘੇਰਾ ਟੁੱਟ ਗਿਆ। ਇਥੇ ਹੀ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਦੁਰਾਨੀ ਫੌਜ ਨੇ ਹਜ਼ਾਰਾਂ ਦੀ ਗਿਣਤੀ ਵਿਚ ਬਜ਼ੁਰਗ, ਇਸਤਰੀਆਂ ਤੇ ਬੱਚੇ ਕਤਲ ਕੀਤੇ। ਪਿੰਡ ਕੁਤਬੇ ਕੋਲ ਪਾਣੀ ਢਾਬ ਸੀ, ਜੋ ਸਿੱਖਾਂ ਨੇ ਰੋਕ ਲਈ। ਇਹ ਢਾਬ 1965-70 ਤੱਕ ਮੌਜੂਦ ਰਹੀ ਸੀ। ਦੋਵੇਂ ਫੌਜਾਂ ਥੱਕ ਕੇ ਚੂਰ ਹੋਈਆਂ ਪਈਆਂ ਸਨ ਤੇ ਪਿਆਸ ਨਾਲ ਬੁਰਾ ਹਾਲ ਸੀ। ਦੋਵੇਂ ਫੌਜਾਂ ਪਿਛਲੇ 48 ਘੰਟੇ ਤੋਂ ਲਗਾਤਾਰ ਚੱਲ ਰਹੀਆਂ ਸਨ ਤੇ 10 ਘੰਟੇ ਤੋਂ ਲੜ ਰਹੀਆਂ ਸਨ। ਜਦ ਤੱਕ ਵਹੀਰ ਪਾਣੀ ਪੀ ਕੇ ਚਲਾ ਨਾ ਗਿਆ, ਸਿੱਖਾਂ ਨੇ ਦੁਰਾਨੀਆਂ ਨੂੰ ਪਾਣੀ ਦੇ ਲਾਗੇ ਨਾ ਫਟਕਣ ਦਿੱਤਾ। ਫਿਰ ਸਿੱਖ ਪਾਣੀ ਪੀ ਕੇ ਵਹੀਰ ਦੇ ਮਗਰ ਚੱਲ ਪਏ। ਦੁਰਾਨੀ ਫੌਜਾਂ ਪਿਆਸ ਨਾਲ ਮਰੀਆਂ ਪਈਆਂ ਸਨ। ਉਹ ਪਾਣੀ ‘ਤੇ ਟੁੱਟ ਪਈਆਂ, ਏਨੇ ਨੂੰ ਸਿੱਖ ਦੂਰ ਨਿਕਲ ਗਏ। ਅਬਦਾਲੀ ਨੇ ਸਿੱਖਾਂ ਦਾ ਬਰਨਾਲੇ ਤੱਕ ਪਿੱਛਾ ਕੀਤਾ। ਅੱਗੇ ਹਨੇਰਾ ਹੋਣ ਤੇ ਸਿੱਖ ਵਸੋਂ ਵਾਲੇ ਪਿੰਡ ਆਉਣ ਕਰਕੇ ਉਹ ਰੁਕ ਗਿਆ। ਸਿੱਖ ਅੱਗੇ ਕੋਟਕਪੂਰਾ, ਲੱਖੀ ਜੰਗਲ ਤੇ ਫਰੀਦਕੋਟ ਵੱਲ ਨੂੰ ਨਿਕਲ ਗਏ। ਕੁੱਪ ਤੋਂ ਲੈ ਕੇ ਬਰਨਾਲੇ ਤੱਕ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਹੋਈਆਂ ਸਨ। ਸਿੱਖਾਂ ਦਾ ਅੱਗੇ ਕਦੇ ਇਕ ਹੀ ਦਿਨ ਵਿਚ ਏਨਾ ਨੁਕਸਾਨ ਨਹੀਂ ਸੀ ਹੋਇਆ।
ਇਸ ਘੱਲੂਘਾਰੇ ਵਿਚ ਸਿੱਖਾਂ ਦਾ ਨੁਕਸਾਨ ਹੋਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਵਹੀਰ ਨਾਲ ਹੋਣਾ ਸੀ। ਉਨ੍ਹਾਂ ਨੂੰ ਵਹੀਰ ਬਚਾਉਣ ਦੀ ਚਿੰਤਾ ਸੀ, ਨਹੀਂ ਤਾਂ ਉਹ ਛਾਪਾਮਾਰ ਯੁੱਧ ਕਰਕੇ ਨਿਕਲ ਸਕਦੇ ਸਨ। ਦੂਸਰਾ ਉਨ੍ਹਾਂ ਦੀ ਫੌਜ ਕਰੀਬ 50 ਹਜ਼ਾਰ ਤੇ ਅਬਦਾਲੀ ਦੀ 2 ਲੱਖ ਦੇ ਕਰੀਬ ਸੀ। ਅਬਦਾਲੀ ਦੀ ਮਦਦ ‘ਤੇ ਸਾਰੇ ਪੰਜਾਬ ਦੇ ਫੌਜਦਾਰਾਂ ਤੇ ਚੌਧਰੀਆਂ ਦੀ ਫੌਜ ਹਾਜ਼ਰ ਸੀ, ਜਦ ਕਿ ਸਿੱਖਾਂ ਨੂੰ ਇਕੱਲੇ ਲੜਨਾ ਪਿਆ। ਬਾਬਾ ਆਲਾ ਸਿੰਘ ‘ਤੇ ਬੜੀ ਉਮੀਦ ਸੀ, ਪਰ ਉਸ ਨੇ ਕਿਸੇ ਧਿਰ ਦੀ ਮਦਦ ਨਾ ਕੀਤੀ। ਲੜਾਕੇ ਸਿਪਾਹੀਆਂ ਦਾ ਨੁਕਸਾਨ ਦੋਹੀਂ ਪਾਸੀ ਇਕੋ ਜਿਹਾ ਹੀ ਸੀ। 10-12 ਹਜ਼ਾਰ ਸਿੱਖ ਸ਼ਹੀਦ ਹੋਏ ਤੇ ਏਨੇ ਹੀ ਦੁਰਾਨੀ। ਸਿੱਖਾਂ ਦੇ ਬਾਲ-ਬੱਚੇ ਤੇ ਔਰਤਾਂ 18-20 ਹਜ਼ਾਰ ਦੇ ਕਰੀਬ ਕਤਲ ਹੋਏ। ਇਸ ਤਰ੍ਹਾਂ ਸਿੱਖਾਂ ਦਾ ਨੁਕਸਾਨ 30-32 ਹਜ਼ਾਰ ਦੇ ਕਰੀਬ ਸੀ।
ਸਿੱਖਾਂ ਦਾ ਸਾਰਾ ਸਾਮਾਨ ਲੁੱਟਿਆ ਗਿਆ। ਅੰਮ੍ਰਿਤਸਰ ਵਾਲੀ ਤੇ ਦਮਦਮਾ ਸਾਹਿਬ ਵਾਲੀਆਂ ਪੁਰਾਤਨ ਬੀੜਾਂ ਅਬਦਾਲੀ ਦੇ ਹੱਥ ਆ ਗਈਆਂ, ਜੋ ਉਸ ਨੇ ਨਸ਼ਟ ਕਰ ਦਿੱਤੀਆਂ। ਸ: ਜੱਸਾ ਸਿੰਘ, ਸ: ਚੜ੍ਹਤ ਸਿੰਘ ਤੇ ਸ: ਸ਼ਾਮ ਸਿੰਘ ਆਦਿ ਸਰਦਾਰਾਂ ਦੇ ਕਈ-ਕਈ ਫੱਟ ਲੱਗੇ। ਕੋਈ ਸਿੱਖ ਸੈਨਿਕ ਨਾ ਬਚਿਆ, ਜਿਸ ਦੇ ਜ਼ਖਮ ਨਾ ਲੱਗਾ ਹੋਵੇ। ਪਰ ਸਿੱਖਾਂ ਦੇ ਮਨਾਂ ਵਿਚ ਇਸ ਘੱਲੂਘਾਰੇ ਦਾ ਬੜਾ ਵਧੀਆ ਅਸਰ ਹੋਇਆ। ਉਨ੍ਹਾਂ ਦੇ ਦਿਲ ਵਿਚ ਜੋ ਅਬਦਾਲੀ ਦਾ ਮਾੜਾ-ਮੋਟਾ ਡਰ ਸੀ, ਉਹ ਵੀ ਨਿਕਲ ਗਿਆ। ਜੇ ਕੋਈ ਹੋਰ ਕੌਮ ਹੁੰਦੀ ਤਾਂ ਮਰਾਠਿਆਂ ਵਾਂਗ ਦੁਬਾਰਾ ਉੱਠ ਨਾ ਸਕਦੀ। ਪਰ ਸਿੱਖਾਂ ਨੇ 6 ਮਹੀਨਿਆਂ ਬਾਅਦ ਹੀ ਅਬਦਾਲੀ ਨੂੰ ਜੰਗ ਪਿੱਪਲੀ ਸਾਹਿਬ ਵਿਚ ਘੇਰ ਲਿਆ।
ਅਬਦਾਲੀ ਨੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿਚ ਬਰੂਦ ਦੱਬ ਕੇ ਮੁੱਢੋਂ ਉਡਾ ਦਿੱਤਾ। ਉਹ ਇਹ ਵੇਖਣ ਵਾਸਤੇ 9-10 ਮਹੀਨੇ ਹੋਰ ਪੰਜਾਬ ਵਿਚ ਰਿਹਾ ਕਿ ਸਿੱਖ ਦੁਬਾਰਾ ਉੱਠਦੇ ਹਨ ਕਿ ਨਹੀਂ। ਸਿੱਖਾਂ ਨੇ 5-6 ਮਹੀਨੇ ਮਾਲਵੇ ਵਿਚ ਕੱਢੇ। ਉਨ੍ਹਾਂ ਦੇ ਮਨਾਂ ਵਿਚ ਘੱਲੂਘਾਰੇ ਵਿਚ ਹੋਏ ਕਤਲੇਆਮ ਦਾ ਬੜਾ ਰੰਜ ਸੀ। ਜਦੋਂ ਫੱਟ ਜ਼ਰਾ ਕੁ ਆਠਰੇ ਤਾਂ ਅਬਦਾਲੀ ਤੋਂ ਬਦਲਾ ਲੈਣ ਦਾ ਗੁਰਮਤਾ ਪਾਸ ਕੀਤਾ ਗਿਆ। 5 ਫਰਵਰੀ, 1762 ਈ: ਨੂੰ ਘੱਲੂਘਾਰਾ ਹੋਇਆ ਤੇ ਮਈ 1762 ਨੂੰ ਸਿੱਖਾਂ ਨੇ ਸਰਹਿੰਦ ਨੂੰ ਘੇਰ ਲਿਆ। ਜੈਨ ਖਾਨ ਨੇ ਮੁਕਾਬਲਾ ਕਰਨ ਦੀ ਬਜਾਏ 50 ਹਜ਼ਾਰ ਰੁਪਈਆ ਨਜ਼ਰਾਨਾ ਦੇ ਕੇ ਰਾਜ਼ੀਨਾਮਾ ਕਰ ਲਿਆ। ਸਿੱਖਾਂ ਨੇ ਦੂਰੋਂ-ਨੇੜਿਉਂ ਹਥਿਆਰ ਤੇ ਗੋਲੀ-ਸਿੱਕਾ ਖਰੀਦ ਕੇ ਅੰਮ੍ਰਿਤਸਰ ਨੂੰ ਕੂਚ ਕਰ ਦਿੱਤੇ। ਦੀਵਾਲੀ ਤੱਕ 60 ਹਜ਼ਾਰ ਦੇ ਕਰੀਬ ਸਿੱਖ ਸ਼ਹੀਦੀ ਗਾਨੇ ਬੰਨ੍ਹ ਕੇ ਲਾੜੀ ਮੌਤ ਨੂੰ ਵਿਆਹੁਣ ਲਈ ਅੰਮ੍ਰਿਤਸਰ ਇਕੱਠੇ ਹੋ ਗਏ। ਅਬਦਾਲੀ ਸਿੱਖਾਂ ਨਾਲ ਲੜਨ ਤੋਂ ਘਬਰਾ ਰਿਹਾ ਸੀ, ਕਿਉਂਕਿ ਉਸ ਦੀ ਮੁੱਖ ਫੌਜ ਜਨਰਲ ਨੂਰਉਦੀਨ ਦੀ ਅਗਵਾਈ ਹੇਠ ਕਸ਼ਮੀਰ ਦੇ ਬਾਗੀ ਗਵਰਨਰ ਸੁੱਖਜੀਵਨ ਮੱਲ ਨੂੰ ਦਬਾਉਣ ਲਈ ਗਈ ਹੋਈ ਸੀ। ਉਸ ਨੇ ਸੁਲ੍ਹਾ ਕਰਨ ਲਈ ਆਪਣੇ ਦੂਤ ਅੰਮ੍ਰਿਤਸਰ ਭੇਜੇ, ਜਿਨ੍ਹਾਂ ਨੂੰ ਸਿੱਖਾਂ ਨੇ ਬੇਇੱਜ਼ਤ ਕਰਕੇ ਵਾਪਸ ਭੇਜ ਦਿੱਤਾ। ਹੋਰ ਕੋਈ ਚਾਰਾ ਨਾ ਚਲਦਾ ਵੇਖ ਕੇ ਅਬਦਾਲੀ ਇਕ ਲੱਖ ਦੇ ਕਰੀਬ ਫੌਜ ਲੈ ਕੇ 16 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚ ਗਿਆ।
ਅਗਲੇ ਦਿਨ 17 ਅਕਤੂਬਰ, 1762 ਨੂੰ ਦੀਵਾਲੀ ਸੀ ਤੇ ਪੂਰਨ ਸੂਰਜ ਗ੍ਰਹਿਣ ਸੀ। ਤੜਕੇ ਹੀ ਸਿੱਖ ਅਬਦਾਲੀ ‘ਤੇ ਟੁੱਟ ਪਏ। ਸਾਰਾ ਦਿਨ ਬੜਾ ਘੋਰ ਯੁੱਧ ਹੋਇਆ। ਪਾਣੀਪਤ ਅਤੇ ਅਨੇਕਾਂ ਯੁੱਧਾਂ ਦਾ ਗਾਜ਼ੀ ਅਬਦਾਲੀ ਸ਼ਾਮ ਤੱਕ ਬੁਰੀ ਤਰ੍ਹਾਂ ਹਾਰ ਕੇ ਲਾਹੌਰ ਦੌੜ ਗਿਆ। ਇਸ ਜੰਗ ਤੋਂ ਬਾਅਦ ਫਿਰ ਅਬਦਾਲੀ ਦੇ ਪੈਰ ਨਾ ਲੱਗੇ। ਕਸ਼ਮੀਰ ਤੋਂ ਵਾਪਸ ਆਈ ਫੌਜ ਅਤੇ ਹੋਰ ਚੌਧਰੀਆਂ ਦੀ ਫੌਜ ਨਾਲ ਲੈ ਕੇ ਉਹ ਸਿੱਖਾਂ ਮਗਰ ਚੜ੍ਹਿਆ, ਪਰ ਸਿੱਖਾਂ ਨੇ ਛਾਪਾਮਾਰ ਯੁੱਧ ਨਾਲ ਅਬਦਾਲੀ ਦੀ ਜਾਨ ਤੰਗ ਕਰ ਦਿੱਤੀ। ਇਕ ਦਿਨ ਇਕ ਇਕੱਲਾ ਘੋੜਸਵਾਰ ਸਿੱਖ ਹੀ ਘੋੜਾ ਦੌੜਾ ਕੇ ਅਬਦਾਲੀ ਨੂੰ ਆ ਪਿਆ। ਉਹ ਤਾਂ ਉਸ ਦੇ ਅੰਗ-ਰੱਖਿਅਕਾਂ ਹੱਥੋਂ ਮਾਰਿਆ ਗਿਆ, ਪਰ ਇਸ ਗੱਲ ਨੇ ਅਬਦਾਲੀ ਦੇ ਦਿਲ ‘ਤੇ ਬੜਾ ਗਹਿਰਾ ਅਸਰ ਕੀਤਾ। ਉਹ ਸਮੇਤ ਫੌਜ ਵਾਪਸ ਲਾਹੌਰ ਆ ਬੈਠਾ। ਇਲਾਕੇ ਦਾ ਪ੍ਰਬੰਧ ਕਰਕੇ ਉਹ 12 ਦਸੰਬਰ, 1762 ਨੂੰ ਲਾਹੌਰ ਤੋਂ ਕਾਬਲ ਲਈ ਤੁਰ ਪਿਆ। ਉਸ ਦੇ ਰਾਵੀ ਪਾਰ ਕਰਦੇ ਹੀ ਸਿੱਖਾਂ ਨੇ ਉਸ ਦੀ ਫੌਜ ‘ਤੇ ਹਮਲਾ ਕਰ ਦਿੱਤਾ। ਮੱਧ ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਸਾਹਮਣੇ ਦੂਸਰੇ ਕਿਨਾਰੇ ‘ਤੇ ਤਬਾਹ ਹੁੰਦੀ ਫੌਜ ਨੂੰ ਬਚਾਉਣ ਲਈ ਕੁਝ ਨਾ ਕਰ ਸਕਿਆ ਤੇ ਕੰਨ ਵਲੇਟ ਕੇ ਕਾਬਲ ਨੂੰ ਤੁਰ ਪਿਆ।
Author: Gurbhej Singh Anandpuri
ਮੁੱਖ ਸੰਪਾਦਕ