Home » ਅੰਤਰਰਾਸ਼ਟਰੀ » ਰੰਗਲੇ ਸੁਪਨਿਆਂ ਦਾ ਬਦਕਿਸਮਤੀ ਬਿਰਤਾਂਤ

ਰੰਗਲੇ ਸੁਪਨਿਆਂ ਦਾ ਬਦਕਿਸਮਤੀ ਬਿਰਤਾਂਤ

79 Views

ਖੁੱਲੀਆਂ ਅੱਖਾਂ ਵਾਲਿਆਂ ਨੂੰ ਵਰਤਮਾਨ ਭਿਆਨਕਤਾ ਅੰਤਾਂ ਦਾ ਦਰਦ ਦੇਣ ਵਾਲੀ ਹੈ। ਅਕਲ ਵਾਲੇ ਗ਼ਮ ਦੇ ਅੱਥਰੂ ਵਹਾ ਰਹੇ ਹਨ ਤੇ ਚੁੱਪ ਰਹਿਕੇ ਅਪਣੇ ਅੰਦਰਲੇ ਦਰਦ ਦੀ ਪੀੜ ਸਹਿ ਰਹੇ ਹਨ, ਜੇ ਕੋਈ ਬੋਲ ਰਿਹਾ ਹੈ ਤਾਂ ਉਸ ਦੀ ਗੱਲ ਅਣਸੁਣੀ ਕੀਤੀ ਜਾ ਰਹੀ ਹੈ।ਸਿੱਖ ਕੌਮ ਦੇ ਰੌਸ਼ਨ ਭਵਿੱਖ ਦੇ ਸੁਪਨੇ ਸਿਰਜ ਕੇ ਸਾਕਾਰ ਕਰਨ ਦੀ ਸੋਚ ਨੂੰ ਪੂਰਾ ਕਰਨ ਲਈ
ਸਾਲਾਂਬੱਧੀ ਜੇਲਾਂ ਕੱਟਣ ਵਾਲਿਆਂ ਨੂੰ ਗੱਦਾਰੀ ਦੇ ਸਰਟੀਫੀਕੇਟ ਜਾਰੀ ਕੀਤੇ ਜਾ ਰਹੇ ਹਨ। ਅਪਣੀਆਂ ਜਵਾਨੀਆਂ ਨੂੰ ਸਿੱਖ ਕੌਮ ਦੇ ਲੇਖੇ ਲਾਉਣ ਵਾਲੇ ਸਿਰੜੀ ਯੋਧੇ ਅਪਣੇ ਦਿਲ ਦੀ ਕਿਸੇ ਨੁਕਰੇ ਉਪਜਦੇ ਝੋਰੇ ਨੂੰ ਲੁਕੋਈ ਬੈਠੇ ਹਨ। ਪੰਜਾਬ ਆਰਥਿਕ ਮਹਾਂਮਾਰੀ ਵਲ ਵਧ ਰਿਹਾ ਹੈ ਜਾਂ ਵਧਾਇਆ ਜਾ ਰਿਹਾ ਹੈ।
ਪਿਛਲੇ ਲੱਗਭਗ ਪੈਂਤੀ ਕੁ ਸਾਲ ਤੋਂ ਪੰਜਾਬ ਦੀ ਹਰ ਸਰਕਾਰ ਅਪਣਾ ਰਾਜਨੀਤਕ ਭਵਿੱਖ ਸਨਮੁੱਖ ਰੱਖਕੇ ਫੈਸਲੇ ਲੈਂਦੀ ਰਹੀ ਹੈ। ਵਰਤਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਸਤੇ ਪੈ ਚੁੱਕੀ ਹੈ। ਆਮ ਲੋਕਾਂ ਦੇ ਘਰਾਂ ਵਿੱਚੋਂ ਆਉਣ ਦਾ ਦਾਅਵਾ ਕਰਨ ਵਾਲੇ ਵਰਤਮਾਨ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਰੇ ਸਾਥੀਆਂ ਵਲੋਂ ਲਏ ਗਏ ਫੈਸਲਿਆਂ ਵਿਚੋਂ ਦੂਰਅੰਦੇਸ਼ੀ ਸੋਚ ਅਲੋਪ ਹੈ। ਲੋਕ ਲੁਭਾਊ ਨਾਹਰਿਆਂ ਦੀ ਪੂਰਤੀ ਲਈ ਕੀਤੇ ਫੈਸਲੇ ਪੰਜਾਬ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ ਨਿੱਗਰ ਫ਼ੈਸਲਿਆਂ ਦਾ ਸਾਹ ਘੁੱਟ ਚੁੱਕੇ ਹਨ। ਹੁਣ ਜਨ ਸਧਾਰਣ ਵੀ ਇਹ ਸਮਝਣ ਲਗ ਗਿਆ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ,ਘਾਤਕ ਨਸ਼ਿਆਂ ਦੀ ਸ਼ਰੇਆਮ ਵਿਕਰੀ , ਗੈਂਗਸਟਰ ਵਰਤਾਰੇ ਦੀ ਵੱਡੀ ਪਹੁੰਚ, ਆਰਥਿਕਤਾ ਦੀ ਡਾਵਾਂਡੋਲ ਪ੍ਰਸਥਿਤੀ, ਵੱਖ ਵੱਖ ਸਿੱਖ ਜਥੇਬੰਦੀਆਂ, ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ, ਬੇਰੁਜ਼ਗਾਰ ਨੌਜਵਾਨ ਲੜਕੇ, ਲੜਕੀਆਂ ਦੀਆਂ ਜਾਇਜ਼ ਮੰਗਾਂ ਵਲੋਂ ਪੰਜਾਬੀਆਂ ਦਾ ਧਿਆਨ ਪਰੇ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਘਟਨਾ ਕ੍ਰਮ ਨੂੰ ਬਹੁਤ ਵੱਡਾ ਕਰਕੇ ਦਰਸਾਉਣਾ ਪੰਜਾਬ ਸਰਕਾਰ ਦਾ ਸੋਚਿਆ ਸਮਝਿਆ ਰਾਜਨੀਤਕ ਲਾਹਾ ਖੱਟਣ ਵਾਲਾ ਫੈਸਲਾ ਲਗਣ ਲਗ ਪਿਆ ਹੈ । ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਞਿੱਚ ਵੱਡਾ ਫਤਵਾ ਦੇਣ ਵਾਲੇ ਪੰਜਾਬੀਆਂ ਦਾ ਵਰਤਮਾਨ ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ।
ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਾਰਣ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਜ਼ਾਮਨ ਬਣ ਸਕਦਾ ਸੀ ਪਰ ਲੀਡਰਾਂ ਦੇ ਗਲਤ ਫੈਸਲਿਆਂ ਕਾਰਨ ਪੰਜਾਬ ਵਿੱਚ ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੇ ਸ਼ਰੋਮਣੀ ਅਕਾਲੀ ਦਲ ਦਾ ਅਪਣਾ ਵਜੂਦ ਡਗਮਗਾ ਰਿਹਾ ਹੈ। ਪਾਰਟੀ ਅੰਦਰ ਵੀ ਸਭ ਅੱਛਾ ਨਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੁਖਾਂਤਕ ਘਟਨਾਕ੍ਰਮ ਕਾਰਨ ਅਕਾਲੀ ਦਲ ਦੀ ਛਵੀ ਸਿੱਖ ਹਲਕਿਆਂ ਵਿੱਚ ਹਾਲੇ ਤਕ ਸੁਧਰਨ ਦੇ ਰਾਹ ਨਹੀਂ ਪਈ।ਸ਼ਰੋਮਣੀ ਅਕਾਲੀ ਦਲ ਨੇ ਅਪਣੇ ਪੈਰੀਂ ਆਪ ਕੁਹਾੜਾ ਮਾਰਨ ਦੀ ਅਖੌਤ ਨੂੰ ਸੱਚੀ ਸਾਬਤ ਕਰ ਦਿੱਤਾ ਹੈ। ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਐਨੀ ਕਮਜ਼ੋਰ ਹੋ ਚੁੱਕੀ ਹੈ ਕਿ ਪੰਜਾਬ ਬਾਰੇ ਕੋਈ ਵੀ ਫੈਸਲਾ ਲੈਣ ਲੱਗਿਆਂ ਉਹ ਬਹੁਤ ਦੇਰੀ ਨਾਲ ਫੈਸਲਾ ਕਰਦੀ ਹੈ। ਪੰਜਾਬ ਦੇ ਕਾਂਗਰਸੀ ਆਗੂ ਅਪਣੇ ਬਲਬੂਤੇ ਤੇ ਅਪਣੀ ਪਛਾਣ ਬਣਾਈ ਰਖਣ ਵਿੱਚ ਤਾਂ ਕਾਮਯਾਬ ਹਨ ਪਰ ਪੰਜਾਬ ਵਿਧਾਨ ਸਭਾ ਵਿੱਚ ਉਹ ਸਰਕਾਰ ਨੂੰ ਗਲਤ ਫੈਸਲਿਆਂ ਤੇ ਘੇਰਨ ਦੀ ਥਾਂ, ਹਕੀਕਤ ਨੂੰ ਵਿਧਾਨ ਸਭਾ ਦੇ ਰਿਕਾਰਡ ਵਿੱਚ ਦਰਜ਼ ਕਰਵਾਉਣ ਦੀ ਥਾਂ “ਬਾਈਕਾਟ ” ਕਰਨ ਨੂੰ ਤਰਜੀਹ ਦੇਣ ਵਿੱਚ ਜ਼ਿਆਦਾ ਮਸ਼ਰੂਫ਼ ਨਜ਼ਰ ਆਉਂਦੇ ਹਨ। ਕਿਉਂ ? ਇਸ ਦਾ ਜਵਾਬ ਕਾਂਗਰਸ ਦੇ ਲੀਡਰ ਹੀ ਦੇ ਸਕਦੇ ਹਨ। ਭਾਰਤੀ ਜਨਤਾ ਪਾਰਟੀ ਕੇਂਦਰੀ ਸੱਤਾ ਉਪਰ ਕਾਬਜ਼ ਹੋਣ ਕਾਰਣ “ਮਰਜੀ ਦੀ ਮਾਲਕ ਹੈ” ।ਕਦੇ ਕਾਂਗਰਸ ਵੀ ਇਸ ਤਰਾਂ ਹੀ ਮਨਮਰਜੀ ਕਰਦੀ ਰਹੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਅਪਣੀ ਸਥਾਪਤੀ ਲਈ ਮਹਾਜਨੀ ਸੋਚ ਵਰਤ ਕੇ ਅੱਗੇ ਵਧ ਰਹੀ ਹੈ । ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਵਿੱਚੋਂ ਸਿੱਖ ਲੀਡਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇਹ ਤਹਿ ਕਰਦਾ ਹੈ ਕਿ ਭਾਜਪਾ ਪੰਜਾਬ ਵਿੱਚ ਅਪਣੇ ਰਾਜਨੀਤਕ ਵਜੂਦ ਨੂੰ ਵੱਡਾ ਕਰਨ ਵਲ ਵਧ ਰਹੀ ਹੈ। ਭਾਜਪਾ ਸਿੱਖਾਂ ਪ੍ਰਤੀ ਨਰਮ ਗੋਸ਼ਾ ਰੱਖਦੀ ਹੈ। ਪੰਜਾਬੀ ਦੀ ਅਖੌਤ “ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗ੍ਹਲ ਜਾਂਦੀ ਹੈ” ਸਿੱਖ ਚਿੰਤਕਾਂ ਨੂੰ ਬਹੁਤ ਕੁੱਝ ਸਮਝਾਉਂਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਤੀ ਪੰਜਾਬੀ ਲੋਕ ਮਨਾਂ ਵਿੱਚ ਇੱਕ ਵਖਰੀ ਆਹਟ ਬਣ ਕੇ ਗੂੰਜ ਰਹੀ ਹੈ।
ਪੰਜਾਬ ਦੇ ਸਿੱਖ ਭਾਈਚਾਰੇ ਦੇ ਇੱਕ ਵਰਗ ਕੋਲ ਕਿਸੇ ਨੂੰ ਵੀ “ਗੱਦਾਰ” ਘੋਸ਼ਿਤ ਕਰਨ ਦਾ ਅਧਿਕਾਰ ਰਾਖਵਾਂ ਹੈ। ਆਉ ਜ਼ਰਾ ਪਿਛਲ ਝਾਤ ਮਾਰੀਏ! ਜੇਕਰ ਕੋਈ ਸਿੱਖ ਬੁੱਧੀਜੀਵੀ, ਪ੍ਰਚਾਰਕ ,ਲੀਡਰ ਜਾਂ ਆਮ ਸਧਾਰਣ ਸਿੱਖ ਭਾਈ ਗੁਰਬਖਸ਼ ਸਿੰਘ ਦੇ ਮਰਨ ਵਰਤ ਰੱਖਣ ਸਮੇਂ ਦੌਰਾਨ ਉੱਥੇ ਨਹੀਂ ਪਹੁੰਚਿਆ ਤਾਂ ਉਹ ਕੌਮ ਦਾ ਗੱਦਾਰ ਐਲਾਨਿਆ ਗਿਆ ? ਉਪਰੋਕਤ ਸ਼੍ਰੇਣੀ ਵਿੱਚੋਂ ਜੇਕਰ ਕੋਈ ਬਾਪੂ ਸੂਰਤ ਸਿੰਘ ਦੇ ਮਰਨ ਵਰਤ ਰਖਣ ਵੇਲੇ ਲੁਧਿਆਣੇ ਨਹੀਂ ਪਹੁੰਚਿਆ ਤਾਂ ਉਹ ਵੀ ਕੌਮ ਦਾ ਗੱਦਾਰ ਹੈ? ਜੇਕਰ ਬਰਗਾੜੀ ਮੋਰਚੇ ਸਮੇਂ ਜਾਂ ਉਸ ਦੇ ਫੈਸਲਾਕੁੰਨ ਦੌਰ ਦੇ ਸਰਬਤ ਖਾਲਸੇ ਵਿੱਚ ਜੇਕਰ ਕੋਈ ਸ਼ਾਮਲ ਨਹੀਂ ਹੋਇਆ ਤਾ ਉਹ ਵੀ ਗੱਦਾਰ ? ਜੇਕਰ ਕਿਸੇ ਸਿੱਖ ਦੇ ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੇ ਵਿਚਾਰਾਂ ਨਾਲ ਮਤਭੇਦ ਹਨ ਤਾਂ ਉਹਦੇ ਲਈ ਗੱਦਾਰ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਤੁਸੀਂ ਜ਼ਰੂਰ ਪੜ੍ਹਿਆ ਸੁਣਿਆ ਹੋਵੇਗਾ ? ਸੋਚਿਓ ਜ਼ਰਾ ਸਿੱਖਾਂ ਦੀ ਗਿਣਤੀ ਕਿੰਨੀ ਕੁ ਹੈ ਭਲਾ ? ਸਾਡਾ ਆਮ ਅੰਕੜਾ ਹੈ ਕਿ ਭਾਰਤ ਵਿੱਚ ਤਿੰਨ ਕਰੋੜ ਸਿੱਖ ਹਨ। ਅਸੀਂ ਬਹੁਤ ਫਰਾਖ ਦਿਲ ਹਾਂ। ਖਿਮਾਂ ਕਰਨਾ ਤਿੰਨ ਕਰੋੜ ਵਿੱਚ ਅਸੀਂ ਸਿੱਖ ਨਜ਼ਰ ਆਉਂਦੇ ਨਾਮਧਾਰੀਆਂ, ਰਾਧਾ ਸੁਆਮੀਆਂ, ਨਿਰੰਕਾਰੀਆਂ ਅਤੇ ਹੋਰ ਡੇਰਿਆਂ ਵਾਲਿਆਂ ਦੇ ਨਾਲ ਨਾਲ ਕਮਿਉਨਿਸਟ ਸੋਚ ਨੂੰ ਪ੍ਰਣਾਇਆਂ ਹੋਇਆਂ ਨੂੰ ਵੀ ਗਿਣ ਲੈਂਦੇ ਹਾਂ। ਜੇ ਨਿਰੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਗਿਣੇ ਜਾਣ ਤਾਂ ਪਚਵੰਜਾ ਕੁ ਲੱਖ ਦੇ ਕਰੀਬ ਅੰਕੜਾ ਪਹੁੰਚੇਗਾ।
ਵਰਤਮਾਨ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਨ ਤੋਂ ਬਿਨਾਂ ਇਹ ਲਿਖਤ ਅਧੂਰੀ ਰਹੇਗੀ। ਸਿੱਖ ਕੌਮ ਸੁਹਿਰਦ ਲੀਡਰ ਦੀ ਭਾਲ ਵਿੱਚ ਹੈ। ਜਿਹੜਾ ਵੀ ਸਿੱਖ ਕੌਮ ਲਈ ਹਾਅ ਦਾ ਨਾਹਰਾ ਮਾਰਦਾ ਹੈ ਤਾਂ ਸਿੱਖ ਕੌਮ ਉਸ ਦਾ ਭਰਵਾਂ ਹੁੰਗਾਰਾ ਭਰਨ ਲਈ ਪੱਬਾਂ ਭਾਰ ਹੋ ਜਾਂਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਕ੍ਰਿਸ਼ਮਾ ਮਈ ਤਰੀਕੇ ਨਾਲ ਉੱਭਰਿਆ ਤੇ ਸਿੱਖ ਕੌਮ ਨੂੰ ਜਾਪਿਆ ਕਿ ਸਾਨੂੰ ਯੋਗ ਲੀਡਰ ਮਿਲ ਗਿਆ। ਸਮੇਂ ਦੇ ਬੀਤਣ ਨਾਲ ਬਹੁਤ ਕੁਝ ਬਦਲਿਆ। ਸਿੱਖ ਨੌਜਵਾਨ ਤਬਕਾ ਭਾਈ ਅੰਮ੍ਰਿਤਪਾਲ ਸਿੰਘ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਦੀ ਸੋਚ ਨੂੰ ਸਾਕਾਰ ਹੁੰਦੀ ਵੇਖਣ ਲੱਗਾ। ਸ਼ੋਸ਼ਲ ਮੀਡੀਏ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਉਭਾਰਿਆ। ਭਾਈ ਅੰਮ੍ਰਿਤਪਾਲ ਸਿੰਘ ਵਲੋਂ ਮੀਡੀਏ ਦੇ ਸਵਾਲਾਂ ਦੇ ਜਵਾਬ ਜਿਸ ਲਹਿਜੇ ਵਿੱਚ ਦਿੱਤੇ ਗਏ ਉਨ੍ਹਾਂ ਨੂੰ ਵੇਖ/ਸੁਣ ਕੇ, ਸਿੱਖ ਨੌਜਵਾਨੀ ਉਸਦੇ ਪੈਰੋਕਾਰਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਕਰਨ ਦੇ ਸਮਰੱਥ ਬਣੀ। ਲੇਕਿਨ ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ। 18 ਮਾਰਚ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਲੱਭ ਰਹੀ ਹੈ।ਯਾਦ ਆਉਂਦਾ ਹੈ ਉਹ ਵਕਤ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਲਲਕਾਰ ਕੇ ਅਪਣੀ ਗ੍ਰਿਫਤਾਰੀ ਦਿੱਤੀ ਸੀ। ਬੇਕਸੂਰ ਹੋਣ ਕਾਰਣ ਪੁਲਿਸ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਛੱਡਣਾ ਪਿਆ ਸੀ । ਐਲਾਨ ਕਰਕੇ ਗ੍ਰਿਫਤਾਰੀ ਦੇਣ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਧਾਰਮਿਕ ਅਤੇ ਸਿਆਸੀ ਕੱਦ ਬਹੁਤ ਵੱਡਾ ਹੋ ਗਿਆ ਸੀ ਜੋ ਅੱਜ ਵੀ ਉਸੇ ਤਰਾਂ ਸਿੱਖ ਹਿਰਦਿਆਂ ਵਿੱਚ ਬਰਕਰਾਰ ਹੈ। ਚੰਗਾ ਹੁੰਦਾ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਐਲਾਨ ਕਰਕੇ ਅਪਣੀ ਗ੍ਰਿਫਤਾਰੀ ਦਿੰਦੇ ਜਿਸ ਨਾਲ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਕੌਮ ਦੇ ਲੀਡਰ ਵਜੋਂ ਪਰਵਾਨ ਚੜ੍ਹਦੇ। ਕੋਈ ਵੀ ਲੀਡਰ ਜਦੋਂ ਕੌਮ ਦੇ ਹਿਤਾਂ ਲਈ ਜੂਝਦਾ ਹੋਇਆ ਜੇਲ ਵਿੱਚ ਜਾਂਦਾ ਹੈ ਤਾਂ ਉਸ ਦਾ ਕੌਮੀ ਕੱਦ ਬਹੁਤ ਬੁਲੰਦ ਹੋ ਜਾਂਦਾ ਹੈ। ਐਲਾਨ ਕਰਕੇ ਗ੍ਰਿਫਤਾਰੀ ਦੇਣ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੇ ਨਿਰਸੰਦੇਹ ਸਿੱਖ ਕੌਮ ਦਾ ਵਾਹਦ ਇੱਕੋ-ਇੱਕ ਨਾਇਕ ਬਣ ਜਾਣਾ ਸੀ। ਵਕਤ ਦੇ ਬੀਤਣ ਨਾਲ ਸ਼ੰਕਿਆਂ ਦਾ ਉਪਜਣਾ ਸੁਭਾਵਿਕ ਵਰਤਾਰਾ ਹੈ। ਅਸਲੀਅਤ ਇਹ ਹੈ ਕਿ ਪੰਜਾਬ ਦੇ ਵਰਤਮਾਨ ਹਾਲਾਤ ਪੰਜਾਬ ਵਾਸੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਹਨ। ਸੁਚੇਤ ਰਹਿ ਕੇ ਕੀਤੇ ਠੀਕ ਫੈਸਲੇ ਹੀ ਪੰਜਾਬ ਨੂੰ ਸਹੀ ਮਾਇਨਿਆਂ ਵਿੱਚ ਹਸਦਾ ਵਸਦਾ ਰੰਗਲਾ ਪੰਜਾਬ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਤਰਲੋਚਨ ਸਿੰਘ ਭਮੱਦੀ (ਢਾਡੀ)
ਫੋਨ ਵਟਸਅੱਪ ਨੰਬਰ:– +919814700348

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?