ਸ੍ਰੀ ਅੰਮ੍ਰਿਤਸਰ ਸਾਹਿਬ 17 ਅਪ੍ਰੈਲ ( ਹਰਮੇਲ ਸਿੰਘ ਹੁੰਦਲ਼ )। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਮੈਨੇਜਰ ਸ. ਸਤਨਾਮ ਸਿੰਘ ਸਰਾਏਨਾਗਾ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਇਕ ਸ਼ਰਧਾਲੂ ਬੀਬੀ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਪ੍ਰਵੇਸ਼ ਕਰਨ ਵੇਲੇ ਮਰਿਆਦਾ ਦੇ ਉਲਟ ਜਾ ਕੇ ਸੇਵਾਦਾਰ ਨਾਲ ਕੀਤੇ ਵਿਵਾਦ ਦੇ ਮਸਲੇ ‘ਤੇ ਸਬੰਧਿਤ ਸੇਵਾਦਾਰ ਨੂੰ ਨਾ ਤਾਂ ਮੁਅੱਤਲ ਕੀਤਾ ਗਿਆ ਹੈ ਅਤੇ ਨਾ ਹੀ ਉਸ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਨੇ ਸਬੰਧਿਤ ਸੇਵਾਦਾਰ ਨੂੰ ਮੁਅੱਤਲ ਕਰਨ ਜਾਂ ਉਸ ਦੀ ਬਦਲੀ ਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਸਾਰੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਸੇਵਾਦਾਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਹੈ ਪਰ ਯਾਤਰੂ ਬੀਬੀ ਨੇ ਤਲਖੀ ਵਿਚ ਆ ਕੇ ਅਪਸ਼ਬਦ ਬੋਲੇ ਅਤੇ ਮੰਦ-ਭਾਵਨਾ ਤਹਿਤ ਬੇਲੋੜਾ ਵਿਵਾਦ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਸ਼ਰਧਾਵਾਨ ਯਾਤਰੂਆਂ ਲਈ ਖੁੱਲ੍ਹੇ ਹਨ ਪਰ ਮਰਿਆਦਾ ਦੇ ਮਸਲੇ ‘ਤੇ ਕਿਸੇ ਵੀ ਪ੍ਰਕਾਰ ਦਾ ਦਬਾਅ ਨਹੀੰ ਝੱਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜਾ ਯਾਤਰੂ ਸ਼ਰਧਾ-ਭਾਵਨਾ ਨਾਲ ਕਿਸੇ ਵੀ ਧਾਰਮਿਕ ਅਸਥਾਨ ‘ਤੇ ਜਾਵੇ, ਉਹ ਕਦੇ ਵੀ ਉਸ ਅਸਥਾਨ ਦੀ ਮਰਿਆਦਾ ‘ਤੇ ਸਵਾਲ ਨਹੀੰ ਕਰਦਾ ਅਤੇ ਨਾ ਹੀ ਝਗੜਾ ਕਰਦਾ ਹੈ। ਮੈਨੇਜਰ ਸਰਾਏਨਾਗਾ ਨੇ ਆਖਿਆ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਜਾਣ-ਬੁੱਝ ਕੇ ਅੱਜ ਵਾਲੇ ਮਸਲੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਦਿਆਂ ਤਰ੍ਹਾਂ-ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਫੈਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਲਈ ਆਉਣ ਵਾਲੇ ਹਰ ਧਰਮ ਦੇ ਅਨੁਯਾਈ ਨੂੰ ਪਿਆਰ-ਸਤਿਕਾਰ ਤੇ ਸੁਰੱਖਿਆ ਦੇਣ ਲਈ ਸ਼੍ਰੋਮਣੀ ਕਮੇਟੀ ਵਚਨਬੱਧ ਹੈ, ਉੱਥੇ ਮਰਿਆਦਾ ਅਨੁਸਾਰ ਸੇਵਾਵਾਂ ਨਿਭਾਉਣ ਵਾਲੇ ਹਰੇਕ ਸੇਵਾਦਾਰ ਦਾ ਮਨੋਬਲ ਉੱਚਾ ਰੱਖਣਾ ਤੇ ਉਸ ਨੂੰ ਸ਼ਾਬਾਸ਼ੀ ਦੇਣਾ ਵੀ ਸ਼੍ਰੋਮਣੀ ਕਮੇਟੀ ਆਪਣਾ ਫ਼ਰਜ਼ ਸਮਝਦੀ ਹੈ। ਉਨ੍ਹਾਂ ਸੰਗਤਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਬਿਨਾਂ ਕਿਸੇ ਭੈਅ-ਸੰਕੋਚ ਤੋਂ ਨਿਰਵਿਘਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਤੇ ਸ੍ਰੀ ਅੰਮ੍ਰਿਤਸਰ ਦੀ ਯਾਤਰਾ ਕਰਨ ਦੀ ਬੇਨਤੀ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ