ਸ਼ਹੀਦ ਸ਼ਬਦ ਫਾਰਸੀ ਬੋਲੀ ਦੇ ਸ਼ਬਦ ਸ਼ਹਿਦ ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ। ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਲਈ ਦਿੱਤੀ ਜਾਂ ਭਰੀ ਹੁੰਦੀ ਹੈ। ਸਿੱਖੀ ਦੇ ਸਿਧਾਂਤਾਂ ਦੀ ਕਾਇਮੀ ਅਤੇ ਬੁਲੰਦੀ ਹਿੱਤ ਦਿੱਤੀ ਗਈ ਪੰਜਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਕਾਰਨ ਆਪਣੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾਂ ਜਾਂਦਾਹੈ। ਧਰਮ ਦੀ ਚੜ੍ਹਦੀ ਕਲਾ ਹਿੱਤ ਦਸ ਗੁਰੂ ਸਾਹਿਬਾਨ ਆਪਣੇ-ਆਪਣੇ ਸਮਿਆਂ ਵਿਚ ਭਰਪੂਰ ਉਪਰਾਲੇ ਕੀਤੇ ਸਨ। ਗੁਰੂ ਸਾਹਿਬਾਨ ਵੱਲੋਂ ਕੀਤੇ ਗਏ ਇਹ ਸਰਬ-ਕਲਿਆਣਕਾਰੀ ਉਪਰਾਲੇ ਵਕਤ ਦੀਆਂ ਹਕੂਮਤਾਂ ਦੇ ਅੱਖਾਂ ਵਿਚ ਹਮੇਸ਼ਾ ਹੀ ਰੜਕਦੇ ਰਹੇ । ਇਸ ਰੜਕ ਦੇ ਵਧ ਜਾਣ ਕਾਰਨ ਹੀ ਪੰਜਵੇਂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠ ਬਲਦੀ ਅੱਗ ਦੇ ਸੇਕ ਨੂੰ ਅਕਾਲਪੁਰਖ ਦੇ ਭਾਣੇ ਵਜੋਂ ਪ੍ਰਵਾਨ ਕੀਤਾ ਸੀ।
ਸਾਹਿਬ ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ
ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਜਿਨ੍ਹਾਂ ਮਹਾਂਪੁਰਖਾਂ ਦੀ ਛਤਰ-ਛਾਇਆ ਹੇਠ ਗੁਰੂ ਅਰਜਨ ਸਾਹਿਬ ਜੀ ਦਾ ਬਚਪਨ ਪ੍ਰਵਾਨ ਚੜ੍ਹਿਆ ਉਹ ਅਧਿਆਤਮਕ ਖੇਤਰ ਦੀਆਂ ਮਹਾਨ ਹਸਤੀਆਂ ਸਨ।
ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾ ਨੂੰ ਛੱਡ ਕੇ 1 ਸਤੰਬਰ 1581 ਈ. ਨੂੰ ਸ਼ੁਕਰਵਾਰ ਵਾਲੇ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ। ਉਸ ਸਮੇਂ ਆਪ ਦੀ ਉਮਰ 18 ਸਾਲ 4 ਮਹੀਨੇ 14 ਦਿਨ ਸੀ।
ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਗੁਰਗੱਦੀ ‘ਤੇ ਬੈਠਦਿਆਂ ਸਾਰ ਹੀ ਸਭ ਤੋਂ ਪਹਿਲਾ ਪਵਿੱਤਰ ਕਾਰਜ ਰਾਮਦਾਸ ਸਰੋਵਰ ਨੂੰ ਪੱਕਾ ਕਰਨ ਦਾ ਕੀਤਾ। ਇਸ ਮੁਕੱਦਸ ਸਰੋਵਰ ਦੇ ਵਿਚਾਲੇ ਉਨ੍ਹਾਂ ਨੇ (ਹਰਿਮੰਦਰ ਸਾਹਿਬ) ਦੀ ਤਮੀਰ ਅਕਤੂਬਰ 1588 ਈ਼ ਚ ਸ਼ੁਰੂ ਕੀਤੀ। ਇਸ ਦੇ ਚਾਰ ਦਰਵਾਜ਼ਿਆਂ ਵਿਚਲਾ ਪ੍ਰਵੇਸ਼ ਧਰਮ, ਨਸਲ, ਜਾਤ, ਰੰਗ, ਦੇਸ਼ ਅਤੇ ਕੌਮ ਨੂੰ ਆਧਾਰ ਮੰਨ ਕੇ ਕੀਤੇ ਜਾਣ ਵਾਲੇ ਵਿਤਕਰਿਆਂ ਤੋਂ ਰਹਿਤ ਸੀ।
ਗੁਰੂ ਅਰਜਨ ਸਾਹਿਬ ਜੀ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨੇ ਸਿੱਖੀ ਦੇ ਫੈਲਾਅ ਅਤੇ ਸਿਧਾਂਤਾਂ ਦੇ ਨਿਭਾਅ (ਅਮਲ) ਹਿੱਤ ਇੱਕ ਅਹਿਮਤਰੀਨ ਭੂਮਿਕਾ ਅਦਾ ਕੀਤੀ। ਗੁਰੂ ਜੀ ਨੇ ਲਗਾਤਾਰ ਅੱਠ ਮਹੀਨੇ ਲਾਹੌਰ ਵਿੱਚ ਕਾਲ ਪੀੜਤਾਂ ਦੀ ਸੇਵਾ ਕੀਤੀ। ਕਾਲ ਪੀੜਤ ਅਤੇ ਰੋਗ- ਗ੍ਰਸਤ ਪੇਂਡੂਆਂ ਨੂੰ ਢਾਰਸ ਦਿੱਤੀ ਤੇ ਦਵਾ- ਦਾਰੂ ਕੀਤਾ। ਪਿੰਡਾਂ ਵਿੱਚ ਖੂਹ ਲਗਵਾਏ ਅਤੇ ਅਕਬਰ ਨੂੰ ਕਹਿ ਕੇ ਉਸੇ ਸਾਲ ਪੰਜਾਬ ਦਾ ਸਾਰਾ ਮਾਮਲਾ ਮੁਆਫ਼ ਕਰ ਦਿੱਤਾ। ਗੁਰੂ ਜੀ ਨੇ ਕਾਲ ਪੀੜਤਾਂ ਲਈ ਲੰਗਰ ਲਗਾ ਦਿੱਤੇ, ਯਤੀਮ ਤੇ ਬੇਸਹਾਰਾ ਲੋਕਾਂ ਨੂੰ ਆਸਰਾ ਦਿੱਤਾ। ਨਾਲ ਹੀ ਡੱਬੀ ਬਜ਼ਾਰ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਵੀ ਬਣਾਉਣਾ ਸ਼ੁਰੂ ਕੀਤਾ ਤਾਂ ਕਿ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਆਪ ਜੀ ਨੇ ਵਡਾਲੀ ਤੋਂ ਲਹਿੰਦੇ ਪਾਸੇ ਵੱਲ ਛੇ ਹਰਟਾਂ ਵਾਲਾ ਖੂਹ ਲਗਵਾਇਆ। ਇਹ ਖੂਹ ਅਜੇ ਵੀ ਕਾਇਮ ਹੈ, ਉੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ। ਇਨ੍ਹਾਂ ਕਾਰਜਾਂ ਵਿਚੋਂ ਪ੍ਰਮੱਖ ਅਤੇ ਵਡੇਰੇ ਸਤਿਕਾਰ ਵਾਲਾ ਕਾਰਜ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਅਰਜਨ ਸਾਹਿਬ ਜੀ ਇੱਕ ਪ੍ਰਤਿਭਾਸ਼ਾਲੀ ਵਿਦਵਾਨ ਵੀ ਸਨ। ਆਪ ਜੀ ਨੇ ਵੀ ਬਹੁਤ ਸਾਰੀ ਬਾਣੀ ਦਾ ਉਚਾਰਣ ਕੀਤਾ। ਆਪ ਦੀਆਂ ਰਚਨਾਵਾਂ ਵਿੱਚੋਂ ਸੁਖਮਨੀ ਅਤੇ ਬਾਰਹ ਮਾਹ ਮਾਝ ਰਾਗ ਨੂੰ ਉਚਾਰਿਆ, ਜਿਸ ਨੂੰ ਸੁਣਿਆ ਅਤੇ ਪੜ੍ਹਿਆ ਜਾਂਦਾ ਹੈ । ਬਾਵਨ ਅੱਖਰੀ, ਥਿਤੀ ਅਤੇ ਰੁਤੀ ਵੀ ਵੱਡ-ਆਕਾਰੀ ਰਚਨਾਵਾਂ ਹਨ। ਇਨ੍ਹਾਂ ਤੋਂ ਇਲਾਵਾ ਵਾਰਾਂ, ਸ਼ਬਦ, ਸਲੋਕ, ਪਦੇ, ਪਹਿਰੇ, ਦਿਨ-ਰੈਣਿ, ਗੁਣਵੰਤੀ, ਅੰਜਲੀਆਂ, ਬਿਰਹੜੇ ਆਦਿ ਲੋਕ-ਕਾਵਿ ਰੂਪਾਂ ਅਤੇ ਪ੍ਰਚਲਿਤ ਛੰਦਾਂ ਵਿੱਚ ਆਪ ਦੀ ਬਾਣੀ ਪ੍ਰਾਪਤ ਹੁੰਦੀ ਹੈ, ਜਿਸ ਨੂੰ ਭਿੰਨ-ਭਿੰਨ ਰਾਗਾਂ ਦੀ ਬੰਦਸ਼ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰੂ ਗ੍ਰੰਥ ਸਹਿਬ ਜੀ ਦੀ ਸੰਪਾਦਨਾ ਦੇ ਮਹਾਨ ਅਤੇ ਵਿਲੱਖਣ ਕਾਰਜ ਦੀ ਸੰਪੂਰਨਤਾ ਭਾਦਰੋਂ ਵਦੀ ਇੱਕ (1604 ਈ.) ਨੂੰ ਹੋਈ। ਜਿਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ 16 ਅਗਸਤ 1604 ਈ. ਦਿਨ ਵੀਰਵਾਰ ਨੂੰ ਕੀਤਾ ਗਿਆ।
ਗੁਰੂ ਅਰਜਨ ਸਾਹਿਬ ਜੀ ਦੇ ਸਮਕਾਲ ਸਰਹਿੰਦ ਦੇ ਇਲਾਕੇ ਵਿਚ ਨਕਸ਼ਬੰਦੀ ਸਿਲਸਿਲੇ ਨਾਲ ਸਬੰਧਤ ਸ਼ੇਖ ਅਹਿਮਦ ਫ਼ਾਰੂਕੀ ਦੀ ਪੂਰੀ ਚੜ੍ਹਾਈ ਸੀ। ਉਹ ਆਪਣੇ-ਆਪ ਨੂੰ ਕਿਊਮ ਅਖਵਾਉਂਦਾ ਤੇ ਸਾਰੀ ਧਰਤੀ ਅਤੇ ਅਸਮਾਨ ‘ਤੇ ਆਪਣਾ ਅਧਿਕਾਰ ਜਤਾਉਂਦਾ ਸੀ। ਇਸਲਾਮ ਦਾ ਬੋਲਬਾਲਾ ਕਰਨਾ ਉਹ ਆਪਣਾ ਨਿੱਜੀ ਅਤੇ ਮੁਕੱਦਸ ਕਰਤੱਵ ਸਮਝਦਾ ਸੀ। ਇਸ ਕਰਤੱਵ ਦੀ ਪਾਲਣਾ ਹਿੱਤ ਹੀ ਉਸ ਨੇ ਗੁਰੂ ਅਰਜਨ ਸਾਹਿਬ ਜੀ ਨੂੰ ‘ਇਮਾਮ-ਏ-ਕੁਫ਼ਰ’ ਦਾ ਫ਼ਤਵਾ ਦਿੱਤਾ ਤੇ ਉਨ੍ਹਾਂ ਦਾ ਮਲੀਆਮੇਟ ਕਰਨ ਲਈ ਇੱਕ ਕੱਟੜ ਸੋਚ ਦੇ ਮਾਲਿਕ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨ ਲੱਗ ਪਿਆ।
ਸ਼ਹੀਦੀ ਦਾਪ੍ਰਮੁੱਖ ਕਾਰਨ : ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਜਹਾਂਗੀਰ ਦੀ ਧਾਰਮਿਕ ਕੱਟੜਤਾ ਸੀ। ਮੁਗ਼ਲ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਦਿੱਲੀ ਦੇ ਤਖ਼ਤ ’ਤੇ ਬੈਠਿਆ ਜਿਸ ਦੇ ਸਲਾਹਕਾਰ ਕੱਟੜਪੰਥੀ ਧਾਰਮਿਕ ਆਗੂ ਸਨ। ਉਹ ਆਪ ਵੀ ਪੱਕਾ ਮਜ਼ਹਬੀ ਤੁਅੱਸਬ ਨਾਲ ਭਰਿਆ ਕੱਟੜ ਸੁੰਨੀ ਮੁਸਲਮਾਨ ਸੀ ਜੋ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁਲਿਤ ਹੁੰਦਾ ਨਹੀਂ ਸੀ ਵੇਖ ਸਕਦਾ। ਇਸ ਗੱਲ ਦਾ ਪ੍ਰਮਾਣ ਉਸ ਦੀ ਸ੍ਵੈ-ਜੀਵਨੀ ‘ਤੁਜ਼ਕਿ- ਜਹਾਂਗੀਰੀ’ ਵਿਚ ਲਿਖੇ ਇਹ ਸ਼ਬਦ ਹਨ ਜੋ ਸਿੱਖ ਲਹਿਰ ਨੂੰ ਦੁਕਾਨ-ਏ-ਬਾਤਲ (ਕੂੜ ਦਾ ਵਪਾਰ) ਕਹਿ ਕੇ ਦਬਾਉਣ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਕੇਵਲ ਵੀਹ ਦਿਨ ਬਾਅਦ 19 ਜੂਨ 1606 ਈ. ਨੂੰ ਆਪ ਲਿਖੇ ਸਨ:
“ਗੋਇੰਦਵਾਲ ਵਿਚ, ਜੋ ਦਰਿਆ ਬਿਆਸ ਦੇ ਕੰਢੇ ਸਥਿਤ ਹੈ, (ਗੁਰੂ) ਅਰਜਨ ਨਾਂ ਦਾ ਇਕ ਹਿੰਦੂ ਪੀਰਾਂ-ਸ਼ੇਖਾਂ ਦੇ ਭੇਸ ਵਿਚ ਰਹਿ ਰਿਹਾ ਸੀ। ਉਸ ਨੇ ਬਹੁਤ ਸਾਰੇ ਸਿੱਧੇ-ਸਾਦੇ ਹਿੰਦੂਆਂ, ਸਗੋਂ ਮੂਰਖ ਅਤੇ ਨੀਚ ਮੁਸਲਮਾਨਾਂ ਨੂੰ ਵੀ ਆਪਣੇ ਧਰਮ- ਕਰਮ ਦਾ ਸ਼ਰਧਾਲੂ ਬਣਾ ਕੇ, ਆਪਣੀ ਪੀਰੀ ਤੇ ਪਦਵੀ ਦਾ ਢੋਲ ਉੱਚੀ ਆਵਾਜ਼ ਨਾਲ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ ਅਤੇ ਕਈ ਪਾਸਿਆਂ ਤੇ ਦਿਸ਼ਾਵਾਂ ਦੇ ਭੋਲੇ-ਭਾਲੇ ਤੇ ਪਾਖੰਡ-ਪੂਜ ਲੋਕ ਉਸ ਵੱਲ ਰੁਚਿਤ ਸਨ ਅਤੇ ਉਸ ਦੀ ਜਾਤ ਵਿਚ ਸੰਪੂਰਨ ਨਿਸਚਾ ਰੱਖਦੇ ਸਨ। ਉਸ ਨੇ ਤਿੰਨ-ਚਾਰ ਪੀੜ੍ਹੀਆਂ ਤੋਂ ਇਹ ਦੁਕਾਨ (ਭਾਵ ਸਿੱਖ ਲਹਿਰ) ਚਲਾਈ ਹੋਈ ਸੀ। ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਸਾਹਿਬ ਜੀ) ਨੂੰ ਇਸਲਾਮ ਦੇ ਧਰਮ- ਮੰਡਲ ਵਿਚ ਦਾਖਲ ਕਰ ਲਿਆ ਜਾਏ।… ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਦਾਖ਼ਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।” (ਤੁਜ਼ਕਿ-ਜਹਾਂਗੀਰੀ, 1606 ਈ., ਪੰਨਾ 35)
ਇਕ ਸਮਕਾਲੀ ਵਿਦੇਸ਼ੀ ਮਿਸ਼ਨਰੀ, ਫ਼ਾਦਰ ਫ਼ਰਦੀਨੰਦ ਗੁਇਰੈਰੋ ਦੀ 25 ਸਤੰਬਰ, 1606 ਨੂੰ ਲਾਹੌਰ ਤੋਂ ਆਪਣੇ ਦੇਸ ਵੱਲ ਲਿਖ ਭੇਜੀ ਅਤੇ ਸੰਨ 1609 ਵਿਚ ਲਿਸਬਨ (ਪੁਰਤਗਾਲ) ਵਿਖੇ ਪ੍ਰਕਾਸ਼ਤ ਹੋਈ ਇਕ ਚਿੱਠੀ ਅਨੁਸਾਰ, “ਜਦੋਂ ਬਾਦਸ਼ਾਹ ਜਹਾਂਗੀਰ ਨੇ ਸ਼ਹਿਜ਼ਾਦਾ ਖੁਸਰੋ ਨੂੰ ਫੜ ਲਿਆ ਸੀ ਤਾਂ ਉਸ ਨੇ ਗੁਰੂ ( ਅਰਜਨ ਸਾਹਿਬ ) ਨੂੰ ਬੁਲਵਾ ਕੇ, ਇਕ ਅਮੀਰ ਮੂਰਤੀਪੂਜਕ ਦੇ ਹਵਾਲੇ ਕਰ ਦਿੱਤਾ ਸੀ। ਉਹ ਉਨ੍ਹਾਂ ਨੂੰ ਨਿੱਤ-ਨਵੇਂ ਕਸ਼ਟ ਦਿੰਦਾ ਰਿਹਾ ਸੀ। ਇਸ ਤਰ੍ਹਾਂ, ਸਿੱਖਾਂ ਦੇ ਉਹ ਨੇਕ ਪੋਪ (ਗੁਰੂ ਅਰਜਨ ਸਾਹਿਬ ) ਦੁੱਖ , ਤਸੀਹੇ ਤੇ ਨਿਰਾਦਰੀਆਂ ਸਹਾਰਦੇ ਹੋਏ ਸੁਰਗਵਾਸ ਹੋ ਗਏ ਸਨ।” (ਐਨੂਅਲ ਰੀਲੇਸ਼ਨਜ਼, 1609 ਈ., ਜਿਲਦ 2, ਪੰਨਾ 366)
ਸਿੱਖ ਧਰਮ ਦੇ ਪਿਛੋਕੜ ਦੀ ਰੋਸ਼ਨੀ ਵਿਚ ਅਤੇ ਸਮਕਾਲੀ ਤੇ ਭਰੋਸੇਯੋਗ ਇਤਿਹਾਸਿਕ ਗਵਾਹੀਆਂ (ਬਾਦਸ਼ਾਹ ਜਹਾਂਗੀਰ ਦੀ ਸਵੈ-ਜੀਵਨੀ, ਸ਼ੇਖ ਅਹਿਮਦ ਸਰਹਿੰਦੀ ਦੀ ਚਿੱਠੀ, ਵਿਦੇਸ਼ੀ ਮਿਸ਼ਨਰੀ ਫ਼ਰਦੀਨੰਦ ਦੀ ਪ੍ਰਕਾਸ਼ਤ ਚਿੱਠੀ, ਆਦਿ) ਅਨੁਸਾਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਪ੍ਰਿਥੀ ਚੰਦ ਦੀ ਈਰਖਾ, ਚੰਦੂ ਦੀ ਰੰਜਿਸ਼, ਖ਼ੁਸਰੋ ਦਾ ਗੋਇੰਦਵਾਲ ਆਉਣਾ ਆਦਿ ਨਹੀਂ ਸਨ ਸਗੋਂ ਸ਼ਹਾਦਤ ਦੀ ਪੂਰੀ ਜ਼ਿੰਮੇਵਾਰੀ ਜਹਾਂਗੀਰ ਦੇ ਸਿਰ ’ਤੇ ਹੈ ਕਿਉਂਕਿ ਇਸ ਦਾ ਅਸਲ ਕਾਰਨ ਉਸ ਦੀ ਤੁਅੱਸਬ ਦੀ ਨੀਤੀ ਹੈ। ਗੁਰੂ ਸਹਿਬ ਜੀ ਦੀ ਇਹ ਅਦੁੱਤੀ ਸ਼ਹਾਦਤ ਸਮੇਂ ਦੇ ਮੁਗ਼ਲ ਬਾਦਸ਼ਾਹ, ਜਹਾਂਗੀਰ ਦੇ ਉਪਰੋਕਤ ਲਿਖਤੀ ਬਿਆਨ ਮੁਤਾਬਕ, ਉਸ ਦੇ ਆਪਣੇ ਹੁਕਮ ਅਧੀਨ ਅਤੇ ਉਸ ਦੀ ਤੁਅੱਸਬ ਵਾਲੀ ਨੀਤੀ ਅਨੁਸਾਰ ਹੀ ਹੋਈ ਸੀ।
ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ
ਜਹਾਂਗੀਰ ਨੇ ਗੁੱਸੇ ਵਿਚ ਆ ਕੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਕੇ ਲਿਆਉਣ ਤੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ। ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਕੇ 24 ਮਈ, 1606 ਈ. ਨੂੰ ਲਾਹੌਰ ਲਿਆਂਦਾ ਗਿਆ। ਇਤਿਹਾਸ ਅਨੁਸਾਰ ਆਪ ਜੀ ਨੂੰ ਤੱਤੀ ਲੋਹ ’ਤੇ ਬਿਠਾਇਆ ਗਿਆ ਤੇ ਸੀਸ ’ਤੇ ਵੀ ਤੱਤੀ ਰੇਤ ਪਾਈ ਗਈ। ਆਪ ਤੱਤੀ ਤਵੀ ’ਤੇ ਸਮਾਧੀ ਲਾ ਕੇ ਇਸ ਲਈ ਬੈਠੇ ਸਨ ਕਿ ਜ਼ੁਲਮ ਦੀ ਤਪ ਰਹੀ ਭੱਠੀ ਨੂੰ ਸ਼ਾਂਤ ਕੀਤਾ ਜਾਵੇ। ਫਿਰ ਉਬਲਦੀ ਦੇਗ ਵਿਚ ਬਿਠਾਇਆ ਗਿਆ ਜਿਸ ਕਾਰਨ ਸਰੀਰ ’ਤੇ ਛਾਲੇ ਪੈ ਗਏ। ਫਿਰ ਸਰੀਰ ਨੂੰ ਹੋਰ ਤਸੀਹੇ ਦੇਣ ਲਈ ਰਾਵੀ ਦਰਿਆ ਵਿਚ ਡੁਬੋ ਦਿੱਤਾ ਗਿਆ। ਗੁਰੂ ਜੀ ਨੇ ਜੇਠ ਸੁਦੀ ਚੌਥ, ਸੰਮਤ 1663 ਬਿ. 2 ਹਾੜ, ਸੰਮਤ ਨਾਨਕਸ਼ਾਹੀ 137 (30 ਮਈ, 1606 ਈ.) ਨੂੰ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਸ਼ਹਾਦਤ ਦੇ ਦਿੱਤੀ।
ਦਰਿਆ ਵਿਚ ਰੋੜ੍ਹੇ ਜਾਣ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ ਨੇ ‘ਕੇ ਗੁਰੂ ਅਰਜਨ ਦਰੀਆਇ ਨ ਬੋੜਯੋ’ ਸ਼ਬਦਾਂ ਵਿਚ ਭਰੀ ਹੈ। ਭਾਈ ਕੇਸਰ ਸਿੰਘ ਛਿੱਬਰ ਵੀ ਇਸ ਬਾਰੇ ਲਿਖਦਾ ਹੈ:
ਸੋ ਬਧੇ ਹੋਏ ਹੀ ਦਿਤੇ ਨਦੀ ਰੁੜਾਏ।
ਸੰਮਤ ਸੋਲਾਂ ਸੌ ਤ੍ਰੇਹਠ, ਜੇਠ ਮਹੀਨੇ, ਚੰਨੋ ਚਾਨਣੀ ਚਉਥ, ਜਲ ਵਹਾਏ ਲੀਨੇ।
ਗੁਰੂ ਸਾਹਿਬ ਨੂੰ ਦਿੱਤੇ ਗਏ ਤਸੀਹੇ ਦੇਖ ਕੇ ‘ਉਮਦਤ-ਤਵਾਰੀਖ’ ਦਾ ਲੇਖਕ ਲਿਖਦਾ ਹੈ ਕਿ ਸ਼ਹਾਦਤ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ:
ਕਲਮ ਤਹਰੀਰੇ ਆਂ ਖ਼ੂੰ ਫ਼ਿਸ਼ਾ ਵ ਦੀਦਹ ਗਿਰਿਆਂ ਵ ਦਿਲ ਬਿਰਿਯਾਂ, ਵ ਜਾਨ ਹੈਰਾਂ ਮੇ ਬਾਸ਼ਦ।
ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਰੱਬ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਤੇ ਸ਼ਾਂਤ ਰਹਿੰਦਿਆਂ ਅਸਹਿ ਤੇ ਅਕਹਿ ਕਸ਼ਟ ਖਿੜੇ-ਮੱਥੇ ਸਹਾਰੇ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇੱਕ ਇਨਕਲਾਬੀ ਮੋੜ ਵੱਲ ਮੋੜਨ ਦੇ ਨਾਲ-ਨਾਲ ਸਿੱਖ ਧਰਮ ਨੂੰ ਮੀਰੀ ਪੀਰੀ ਦੇ ਰੂਪ ਵਿੱਚਇੱਕ ਨਵੀਨ ਮੁਹਾਂਦਰਾ ਵੀ ਪ੍ਰਦਾਨ ਕੀਤਾ ।
ਕੰਵਲਬੀਰ ਸਿੰਘ ਪੰਨੂੰ
Author: Gurbhej Singh Anandpuri
ਮੁੱਖ ਸੰਪਾਦਕ