ਜੇਐੱਨਐੱਨ, ਲੁਧਿਆਣਾ : ਸ਼ੁੱਕਰਵਾਰ ਤੋਂ ਮੌਨਸੂਨ ਨੇ ਸੂਬੇ ਤੋਂ ਮੁੱਖ ਮੋੜਿਆ ਹੋਇਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਐਤਵਾਰ ਦੁਪਹਿਰ ਬਾਅਦ ਇਕ ਵਾਰ ਮੁੜ ਪੂਰੇ ਪੰਜਾਬ ਵਿਚ ਮੌਨਸੂਨ ਸਰਗਰਮ ਹੋ ਜਾਵੇਗਾ ਤੇ ਕਈ ਜ਼ਿਲਿ੍ਹਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਉਧਰ ਸੋਮਵਾਰ ਨੂੰ ਮੌਨਸੂਨ ਆਪਣੇ ਪੂਰੇ ਰੰਗ ਵਿਚ ਦਿਸੇਗਾ ਤੇ ਪੂਰੇ ਸੂਬੇ ਵਿਚ ਛਮ-ਛਮ ਬਾਰਿਸ਼ ਹੋਵੇਗੀ ਜਦਕਿ ਕੁਝ ਜ਼ਿਲਿ੍ਹਆਂ ਵਿਚ ਤੇਜ਼ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸੂਬੇ ਵਿਚ ਤਿੰਨ ਦਿਨ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਲਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਏਕੇ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਸੂਬੇ ਵਿਚ ਮੌਨਸੂਨ ਨੇ ਸਰਗਰਮੀ ਘਟਾਈ ਹੋਈ ਹੈ ਪਰ ਐਤਵਾਰ ਨੂੰ ਇਕ ਵਾਰ ਦੁਬਾਰਾ ਮੌਨਸੂਨ ਸਰਗਰਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਮੌਨਸੂਨ ਕਾਫ਼ੀ ਸ਼ਕਤੀਸ਼ਾਲੀ ਹੈ ਜਿਸ ਨਾਲ ਭਾਰੀ ਬਰਸਾਤ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਜਲੰਧਰ ਤੇ ਆਸਪਾਸ ਦੇ ਜ਼ਿਲਿ੍ਹਆਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ ਜਦਕਿ ਹੋਰਨਾਂ ਜ਼ਿਲਿ੍ਹਆਂ ਵਿਚ ਵੀ ਆਮ ਤੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਏਕੇ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਤਿੰਨ ਦਿਨ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਪੰਜਾਬ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਸ਼ਨਿਚਰਵਾਰ ਨੂੰ ਸੂਬੇ ਵਿਚ ਕਿਤੇ ਵੀ ਬਾਰਿਸ਼ ਦਰਜ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਲੋਕਾਂ ਨੂੰ ਗਰਮੀ ਕਾਰਨ ਪਰੇਸ਼ਾਨ ਹੋਣਾ ਪਿਆ। ਇਸ ਦੌਰਾਨ ਲੁਧਿਆਣੇ ਦਾ ਤਾਪਮਾਨ 36.3, ਅੰਮਿ੍ਤਸਰ ‘ਚ 35.6, ਬਠਿੰਡੇ ‘ਚ 30.5 ਤੇ ਪਟਿਆਲੇ ਦਾ ਤਾਪਮਾਨ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ