Amritsar Street Dogs Going Canada: ਅੰਮ੍ਰਿਤਸਰ ਤੋਂ ਦੋ ਆਵਾਰਾ ਕੁੱਤੇ ਜਲਦੀ ਹੀ ਕੈਨੇਡਾ ਲਈ ਕੌਮਾਂਤਰੀ ਉਡਾਣ ਭਰਨਗੇ। ਇਨ੍ਹਾਂ ਹੀ ਨਹੀਂ ਸਗੋਂ ਗਲੀ ਦੇ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਬਿਜ਼ਨਸ ਕਲਾਸ ਰਾਹੀਂ ਕੈਨੇਡਾ ਭੇਜਿਆ ਜਾਵੇਗਾ। ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਤੋਂ ਡਾਕਟਰ ਨਵਨੀਤ ਕੌਰ ਇਨ੍ਹਾਂ ਦੋ ਮਾਦਾ ਕੁੱਤਿਆਂ ਲਿਲੀ ਅਤੇ ਡੇਜ਼ੀ ਨੂੰ ਆਪਣੇ ਨਾਲ ਕੈਨੇਡਾ ਲੈ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਗਜ਼ੀ ਕਾਰਵਾਈ ਵੀ ਪੂਰੀ ਹੋ ਗਈ ਹੈ ਅਤੇ ਦੋਵੇਂ 15 ਜੁਲਾਈ ਨੂੰ ਦਿੱਲੀ ਤੋਂ ਕੈਨੇਡਾ ਲਈ ਰਵਾਨਾ ਹੋਣਗੇ।
ਕੈਨੇਡੀਅਨ ਗੋਰੀ ਮਹਿਲਾ ਨੇ ਦੋਵੇਂ ਕੁੱਤਿਆਂ ਨੂੰ ਲਿਆ ਗੋਦ:-
ਡਾ: ਨਵਨੀਤ ਕੌਰ ਨੇ ਦੱਸਿਆ ਕਿ ਕੈਨੇਡੀਅਨ ਔਰਤ ਬਰੈਂਡਾ ਨੇ ਲਿਲੀ ਅਤੇ ਡੇਜ਼ੀ ਨੂੰ ਗੋਦ ਲਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਉਹ ਛੇ ਕੁੱਤਿਆਂ ਨੂੰ ਵਿਦੇਸ਼ ਲੈ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਦੋ ਅਮਰੀਕਾ ਵਿੱਚ ਉਸ ਦੇ ਨਾਲ ਰਹਿੰਦੇ ਹਨ। ਡਾ: ਨਵਨੀਤ ਖੁਦ ਅਮਰੀਕਾ ਦੇ ਵਸਨੀਕ ਹਨ ਅਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਜੱਦੀ ਘਰ ਹੈ।
ਇੰਝ ਹੋਈ ਸੰਸਥਾਨ ਦੀ ਸ਼ੁਰੂਆਤ
ਜਦੋਂ ਸਾਲ 2020 ਵਿੱਚ ਕੋਰੋਨਾ ਮਹਾਂਮਾਰੀ ਕਰਕੇ ਤਾਲਾਬੰਦੀ ਲੱਗੀ ਤਾਂ ਡਾਕਟਰ ਨਵਨੀਤ ਨੇ ਗਲੀ ਦੇ ਕੁੱਤਿਆਂ ਦੇ ਸੰਭ, ਸੰਭਾਲ ਅਤੇ ਇਲਾਜ ਲਈ ਇੱਕ ਸੰਸਥਾ ਬਣਾਈ ਸੀ। ਜਦਕਿ ਸੁਖਵਿੰਦਰ ਸਿੰਘ ਜੌਲੀ ਨੇ ਅੰਮ੍ਰਿਤਸਰ ਵਿਖੇ ਇਸ ਦਾ ਚਾਰਜ ਸੰਭਾਲ ਕੇ ਸੰਸਥਾ ਦੇ ਕੰਮ ਨੂੰ ਅੱਗੇ ਤੋਰਿਆ। ਸੰਸਥਾ ਵੱਲੋਂ ਕਰੀਬ ਇੱਕ ਮਹੀਨੇ ਤੋਂ ਲਿਲੀ ਅਤੇ ਡੇਜ਼ੀ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਦੋਵਾਂ ਨੂੰ ਗੋਦ ਲਿਆ ਗਿਆ ਤਾਂ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਸੀ। ਜਿਸ ਮਗਰੋਂ ਉਨ੍ਹਾਂ ਦਾ ਡਾਕਟਰੀ ਇਲਾਜ ਕਰਵਾਇਆ ਗਿਆ।