Home » Uncategorized » ਕਣਕ ਖਾਣ ਨਾਲ਼ ਵਧਦਾ ਹੈ ਢਿੱਡ…

ਕਣਕ ਖਾਣ ਨਾਲ਼ ਵਧਦਾ ਹੈ ਢਿੱਡ…

27 Views

ਕਣਕ ਖਾਣ ਨਾਲ਼ ਵਧਦਾ ਹੈ ਢਿੱਡ…

ਕਿਤੇ ਅਸੀਂ ਕਣਕ ਦੇ ਫੁਲਕੇ ਖਾਣ ਨਾਲ਼ ਹੀ ਬਿਮਾਰੀਆਂ ਤਾਂ ਨਹੀਂ ਸਹੇੜ ਰਹੇ? ਸੱਤਾਂ ਦਿਨਾਂ ਲਈ ਕਣਕ ਖਾਣੀ ਛੱਡੋ, ਫਾਇਦਾ ਜਾਪੇ ਤਾਂ ਆਪਣਾ ਇਲਾਜ ਆਪ ਹੀ ਕਰਨਾ ਸ਼ੁਰੂ ਕਰ ਦਿਓ।

ਇਕ ਬਹੁਤ ਮਸ਼ਹੂਰ ਕਾਰਡੀਓਲੋਜਿਸਟ ਸਾਨੂੰ ਇਹ ਨੁਕਤਾ ਸਮਝਾ ਰਿਹਾ ਹੈ,
ਕਣਕ ਖਾਣੀ ਛੱਡਣ ਨਾਲ਼ ਤੁਹਾਡੀ ਸਿਹਤ ਦਾ ਕਿੰਨਾ ਕੁ ਫਾਇਦਾ ਹੋ ਸਕਦਾ ਹੈ?

ਕਾਰਡੀਓਲੋਜਿਸਟ (ਦਿਲ ਦੀਆਂ ਬਿਮਾਰੀਆਂ ਦੇ ਮਾਹਿਰ) ਵਿਲੀਅਮ ਡੇਵਿਸ, ਐਮਡੀ ਨੇ ਦਿਲ ਦੀ ਬਿਮਾਰੀ ਦੇ ਇਲਾਜ ਲਈ ‘ਐਂਜੀਓ ਪਲਾਸਟੀ’ ਅਤੇ ‘ਬਾਈਪਾਸ ਸਰਜਰੀ’ ਨਾਲ਼ ਆਪਣੇ ਪੇਸ਼ੇ ਦੀ ਸ਼ੁਰੂਆਤ ਕੀਤੀ।

ਉਹ ਕਹਿੰਦੇ ਹਨ, “ਮੈਨੂੰ ਉਹ ਸਭ ਕੁਝ ਸਿਖਾਇਆ ਗਿਆ ਸੀ, ਅਤੇ ਸ਼ੁਰੂ ਵਿਚ ਮੈਂ ਵੀ ਇਹੀ ਕਰਨਾ ਚਾਹੁੰਦਾ ਸੀ।”

ਹਾਲਾਂਕਿ, ਉਹਨਾਂ ਦੀ ਆਪਣੀ ਮਾਂ ਦੀ ਮੌਤ ੧੯੯੫ ਵਿੱਚ ਦਿਲ ਦੇ ਦੌਰੇ ਕਾਰਨ ਹੋ ਗਈ ਬਾਵਜੂਦ ਇਸਦੇ ਕਿ ਉਸਦਾ ਬਹੁਤ ਵਧੀਆ ਇਲਾਜ ਹੋਇਆ ਸੀ।

ਫਿਰ ਉਸਨੇ ਆਪਣੇ ਪੇਸ਼ੇ ਬਾਰੇ ਸੋਚ ਵਿਚਾਰ ਅਤੇ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ।

“ਆਓ ਜਾਣੀਏ ਕਿ ਕਣਕ ਦਾ ਢਿੱਡ” (ਵ੍ਹੀਟ ਬੈੱਲੀ) ਕੀ ਹੁੰਦਾ ਹੈ?

ਕਣਕ ਖਾਣ ਨਾਲ਼ ਸਰੀਰ ਵਿਚ ਚੀਨੀ ਦੀ ਮਾਤਰਾ ਹੈਰਾਨੀਜਨਕ ਪੱਧਰ ਤੱਕ ਵਧ ਜਾਂਦੀ ਹੈ।

ਕਣਕ ਦੀ ਰੋਟੀ ਦੀਆਂ ਸਿਰਫ਼ ਦੋ ਬੁਰਕੀਆਂ ਖਾਣ ਨਾਲ਼ ਸਾਡੇ ਸਰੀਰ ਵਿਚ ਖੰਡ ਦੀ ਮਾਤਰਾ ਉਤਨੀ ਹੀ ਵਧ੍ਹ ਜਾਂਦੀ ਹੈ ਜਿੰਨੀ ਇਕ ਸਨੈਕ ਬਾਰ (ਚਾਕਲੇਟ, ਚੀਨੀ ਅਤੇ ਮੂੰਗਫਲ਼ੀ ਦਾ ਬਣਿਆ) ਖਾਣ ਨਾਲ਼ ਵਧ੍ਹਦੀ ਹੈ।

ਉਹਨਾਂ ਅੱਗੇ ਕਿਹਾ ਕਿ,

“ਜਦੋਂ ਮੇਰੇ ਕੋਲ਼ ਇਲਾਜ ਲਈ ਆਉਂਦੇ ਮਰੀਜ਼ਾਂ ਨੇ ਕਣਕ ਖਾਣੀ ਬੰਦ ਕਰ ਦਿੱਤੀ ਸੀ, ਤਾਂ ਉਨ੍ਹਾਂ ਦਾ ਭਾਰ ਵੀ ਘਟਣਾ ਸ਼ੁਰੂ ਹੋ ਗਿਆ ਸੀ, ਖ਼ਾਸਕਰ ਉਨ੍ਹਾਂ ਦੀ ਕਮਰ ਦੀ ਚਰਬੀ ਘਟਣੀ ਸ਼ੁਰੂ ਹੋ ਗਈ ਸੀ। ਇਕ ਮਹੀਨੇ ਦੇ ਅੰਦਰ ਹੀ ਉਹਨਾਂ ਦੀ ਕਮਰ ਦਾ ਘੇਰਾ ਕਈ ਇੰਚ ਘਟ ਗਿਆ ਸੀ”

“ਸਾਨੂੰ ਪਤਾ ਲੱਗਿਆ ਹੈ ਕਿ ਕਣਕ ਦਾ ਰਿਸ਼ਤਾ ਕਈ ਬਿਮਾਰੀਆਂ ਨਾਲ਼ ਜੁੜਿਆ ਹੋਇਆ ਹੈ। ਮੇਰੇ ਕੋਲ਼ ਆਉਣ ਵਾਲ਼ੇ ਬਹੁਤ ਸਾਰੇ ਮਰੀਜ਼ਾਂ ਨੂੰ ਪਹਿਲਾਂ ਹੀ ਸ਼ੂਗਰ ਦੀ ਸਮੱਸਿਆ ਸੀ ਜਾਂ ਉਹ ਸ਼ੂਗਰ ਤੋਂ ਪੀੜਤ ਹੋਣ ਦੇ ਨੇੜੇ ਪਹੁੰਚੇ ਹੋਏ ਸਨ।

ਮੈਨੂੰ ਪਤਾ ਸੀ ਕਿ ਕਣਕ ਸਰੀਰ ਵਿਚ ਖੰਡ ਦੀ ਮਾਤਰਾ ਨੂੰ ਵਧਾਉਂਦੀ ਹੈ, ਜੋ ਕਿ ਕਿਸੇ ਹੋਰ ਪਦਾਰਥ ਨਾਲੋਂ ਕਿਤੇ ਜ਼ਿਆਦਾ ਸੀ, ਇਸ ਲਈ, ਮੈਂ ਉਹਨਾਂ ਨੂੰ ਕਿਹਾ,
“ਕਣਕ ਖਾਣਾ ਬੰਦ ਕਰੋ ਅਤੇ ਦੇਖੋ ਕਿ ਇਸਨੂੰ ਛੱਡਣ ਨਾਲ਼ ਸਰੀਰ ਵਿਚ ਚੀਨੀ ਦੀ ਮਾਤਰਾ ਤੇ ਕੀ ਅਸਰ ਹੁੰਦਾ ਹੈ”

੩ ਤੋਂ ੬ ਮਹੀਨਿਆਂ ਦੇ ਅੰਦਰ, ਉਨ੍ਹਾਂ ਦੇ ਸਰੀਰ ਵਿੱਚ ਚੀਨੀ ਦੀ ਮਾਤਰਾ ਕਾਫੀ ਹੱਦ ਤੱਕ ਘਟ ਗਈ ਸੀ।

ਉਹ ਮੇਰੇ ਕੋਲ਼ ਆਉਂਦੇ ਤੇ ਦੱਸਣ ਲਗਦੇ ਕਿ,

“ਮੇਰਾ ਭਾਰ ੧੯ ਕਿੱਲੋ ਘਟ ਗਿਆ ਹੈ”,
ਜਾਂ
“ਮੈਨੂੰ ਦਮੇ ਦੀ ਸਮੱਸਿਆ ਤੋਂ ਛੁਟਕਾਰਾ ਮਿਲ਼ ਗਿਆ ਹੈ”,
ਜਾਂ
“ਮੈਂ ਆਪਣੇ ਦੋ ਇਨਹੇਲਰ ਸੁੱਟ ਦਿੱਤੇ ਹਨ”,
ਜਾਂ
“ਮੇਰਾ ਮਾਈਗਰੇਨ (ਸਿਰ ਦਰਦ) ਜੋ ਮੈਂ ੨੦ ਸਾਲਾਂ ਤੋਂ ਸਹਿ ਰਿਹਾ ਸੀ, ਇਹ ਤਿੰਨ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਗਾਇਬ ਹੋ ਗਿਆ ਹੈ”,
ਜਾਂ
“ਮੇਰੇ ਮਿਅਦੇ ਦੀ ਐਸਿਡ ਰਿਫ਼ਲਕਸ (ਤੇਜਾਬੀ ਉਲ਼ਟੀ) ਦੀ ਸਮੱਸਿਆ ਹੁਣ ਬੰਦ ਹੋ ਗਈ ਹੈ”,
ਜਾਂ
“ਮੇਰਾ ਆਈਬੀਐਸ (Iritable Bowl Syndrome) ਹੁਣ ਬਿਹਤਰ ਹੈ”,
ਜਾਂ
“ਮੇਰੇ ਫੋੜੇ,
ਮੇਰਾ ਗਠੀਆ
ਮੇਰਾ ਮੂਡ,
ਮੇਰੀ ਨੀਂਦ…
ਵਗੈਰਾ।

ਉਹ (ਡਾ.ਵਿਲੀਅਮ ਡੇਵਿਸ) ਕਹਿੰਦੇ ਹਨ ਕਿ,

“ਮੈਂ ਮਰੀਜ਼ਾਂ ਦੇ ਦਿਲ ਦਾ ਇਲਾਜ਼ ਕਰਦਾ ਸੀ, ਪਰ ਉਹ ਕੁਝ ਦਿਨਾਂ ਬਾਅਦ ਦੁਬਾਰਾ ਉਹੀ ਸਮੱਸਿਆ ਲੈਕੇ ਮੇਰੇ ਕੋਲ਼ ਵਾਪਸ ਆ ਜਾਂਦੇ ਸਨ”।

ਇਹ ਇਲਾਜ ‘ਬੈਂਡ-ਏਡ’ ਲਾਕੇ ਛੱਡ ਦੇਣ ਵਾਂਙੂ ਹੀ ਸੀ, ਜਿਸ ਵਿੱਚ ਬਿਮਾਰੀ ਦੀ ਜੜ੍ਹ ਨੂੰ ਫੜ੍ਹਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸੀ।

ਇਸ ਲਈ ਉਸਨੇ ਆਪਣੇ ਅਭਿਆਸ ਨੂੰ ਉੱਚੇ ਮਿਆਰ ਅਤੇ ਕਦੇ ਨਾ ਵਰਤੇ ਗਏ ਰਸਤੇ ਵੱਲ ਮੋੜ ਲਿਆ, ਜੋ ਇਸ ਤਰ੍ਹਾਂ ਸੀ:-

ਬਿਮਾਰੀ ਹੋਣ ਹੀ ਨਾ ਦਿਓ’।

ਫਿਰ ਉਸਨੇ ਆਪਣੀ ਜ਼ਿੰਦਗੀ ਦੇ ਅਗਲੇ ੧੫ ਸਾਲ ਦਿਲ ਦੀ ਇਸ ਬਿਮਾਰੀ ਦੀਆਂ ਜੜ੍ਹਾਂ ਨੂੰ ਜਾਣਨ ਅਤੇ ਸਮਝਣ ਵਿੱਚ ਗੁਜ਼ਾਰ ਦਿੱਤੇ।

ਇਸਦੇ ਨਤੀਜੇ ਵਜੋਂ ਜੋ ਖੋਜਾਂ ਹੋਈਆਂ, ਉਹਨਾਂ ਨੂੰ ਨਿਯੂਯਾਰਕ ਟਾਈਮਜ਼ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ “ਕਣਕ ਦਾ ਢਿੱਡ” (Wheat Belly) ਵਿੱਚ ਛਾਪਿਆ ਗਿਆ ਹੈ।

ਇਸ ਕਿਤਾਬ ਵਿੱਚ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ, ਜਿਵੇਂ ਕਿ ਦਿਲ ਦੀ ਬਿਮਾਰੀ, ਸ਼ੂਗਰ ਅਤੇ ਮੋਟਾਪੇ ਦੀ ਜੜ੍ਹ ਕਣਕ ਖਾਣ ਨੂੰ ਦੱਸਿਆ ਗਿਆ ਹੈ।

ਕਣਕ ਦੀ ਖਪਤ ਨੂੰ ਰੋਕ ਦੇਣ ਜਾਂ ਘਟਾਉਣ ਨਾਲ਼ ਸਾਡੀ ਸਾਰੀ ਜ਼ਿੰਦਗੀ ਹੀ ਬਦਲ ਸਕਦੀ ਹੈ।

ਆਓ ਜਰਾ ਕਣਕ ਦੀ ਬਣਤਰ ਵੇਖੀਏ,

੧) ਅਮਲੋਪੈਕਟਿਨ-ਏ,

ਇਹ ਰਸਾਇਣ ਸਿਰਫ਼ ਕਣਕ ਵਿਚ ਮਿਲ਼ਦਾ ਹੈ, ਜੋ ਖੂਨ ਵਿਚ ਐਲਡੀਐਲ (ਮਾੜੀ ਥਿੰਦਿਆਈ) ਦੇ ਕਣਾਂ ਦੀ ਮਾਤਰਾ ਨੂੰ ਖ਼ਤਰਨਾਕ ਹੱਦ ਤੱਕ ਵਧਾਉਣ ਦਾ ਅਹਿਮ ਕਾਰਨ ਬਣਦਾ ਹੈ। ਐਲਡੀਐਲ ਦਿਲ ਦੀ ਬਿਮਾਰੀ ਦਾ ਮੁੱਖ ਕਾਰਨ ਸਾਬਤ ਹੋਇਆ ਹੈ।
 
ਕਣਕ ਦੇ ਸੇਵਨ ਨੂੰ ਰੋਕਣ ਨਾਲ਼ ਐਲਡੀਐਲ ਕਣਾਂ ਦੀ ਮਾਤਰਾ ੮੦ ਤੋਂ ੯੦% ਤੱਕ ਘਟ ਜਾਂਦੀ ਹੈ।

੨)- ਕਣਕ ਵਿਚ ਗਲੈਡੀਨ ਵੀ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਇਕ ਪ੍ਰੋਟੀਨ ਹੈ ਜੋ ਭੁੱਖ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਦੇ ਕਾਰਨ, ਕਣਕ ਖਾਣ ਵਾਲ਼ਾ ਵਿਅਕਤੀ ਇਕ ਦਿਨ ਵਿਚ ਆਪਣੀ ਜ਼ਰੂਰਤ ਤੋਂ ਘੱਟੋ ਘੱਟ ੪੦੦ ਕੈਲੋਰੀਜ ਵੱਧ ਖਾ ਜਾਂਦਾ ਹੈ। ਇਹ ਵਾਧੂ ਖੁਰਾਕ ਮੋਟਾਪੇ ਨੂੰ ਵਧਾਉਂਦੀ ਹੈ ਜੋ ਸ਼ੂਗਰ ਰੋਗ ਅਤੇ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦਾ ਹੈ।

ਗਲੇਡਿਨ ਵਿਚ ਅਫ਼ੀਮ ਵਰਗੀ ਵਿਸ਼ੇਸ਼ਤਾ ਵੀ ਪਾਈ ਗਈ ਹੈ, ਜਿਸ ਕਾਰਨ ਇਸਦੇ ਖ਼ਪਤਕਾਰ ਕੋਈ ਨਸ਼ਾ ਖਾਣ ਵਾਂਙੂ ਕਣਕ ਖਾਣ ਦੇ ਆਦੀ ਹੋ ਜਾਂਦੇ ਹਨ।

ਭੋਜਨ ਵਿਗਿਆਨੀ ੨੦ ਸਾਲਾਂ ਤੋਂ ਇਸ ਤੱਥ ਨੂੰ ਜਾਣਦੇ ਹਨ।

੩) ਕੀ ਅਸੀਂ ਕਣਕ ਖਾਣੀ ਬੰਦ ਕਰ ਸਕਦੇ ਹਾਂ?

ਗਲੂਟੇਨ ਕਣਕ ਦਾ ਇਕ ਹਿੱਸਾ ਹੈ। ਗਲੂਟੇਨ ਨੂੰ ਹਟਾਉਣ ਦੇ ਬਾਵਜੂਦ ਕਣਕ ਨੂੰ ਖਾਣਾ ਘਾਤਕ ਹੀ ਮੰਨਿਆ ਜਾਵੇਗਾ ਕਿਉਂਕਿ ਗਲੇਡੀਨ ਅਤੇ ਅਮਲੋਪੈਕਟਿਨ- ਏ ਦੇ ਨਾਲ਼ ਇਸ ਵਿਚ ਕਈ ਹੋਰ ਮਾਰੂ ਪਦਾਰਥ ਵੀ ਮੌਜੂਦ ਹੁੰਦੇ ਹਨ।

ਗਲੂਟਨ ਮੁਕਤ ਪਦਾਰਥ ਬਣਾਉਣ ਲਈ,
ਮੱਕੀ ਦੀ ਪਿੱਛ,
ਚੌਲਾਂ ਦੀ ਪਿੱਛ,
ਆਲੂ
ਟੋਪੀਓਕਾ
ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ।

ਅਤੇ ਇਨ੍ਹਾਂ ਚਾਰਾਂ ਦਾ ਮਿਸ਼ਰਣ ਰਲ਼ਕੇ ਸਰੀਰ ਵਿਚ ਖੰਡ ਦੀ ਮਾਤਰਾ ਨੂੰ ਹੋਰ ਵੀ ਵਧਾਉਂਦਾ ਹੈ।

ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਹੀ ਖੁਰਾਕ ਖਾਣੀ ਸ਼ੁਰੂ ਕਰੋ:

ਕੱਚਾ ਭੋਜਨ ਖਾਣਾ ਸ਼ੁਰੂ ਕਰੋ-
ਫਲ਼,
ਸਬਜ਼ੀਆਂ,
ਅਨਾਜ,
ਬੀਜ,
ਘਰੇਲੂ ਪਨੀਰ ਵਗੈਰਾ…

੧੯੭੦ ਅਤੇ ੧੯੮੦ ਦੇ ਸਾਲਾਂ ਦੌਰਾਨ ਕਣਕ ਦੇ ਝਾੜ ਨੂੰ ਵਧਾਉਣ ਲਈ ਵਰਤੇ ਗਏ ਕੀਟਨਾਸ਼ਕਾਂ, ਰਸਾਇਣੀ ਖਾਦਾਂ, ਆਧੁਨਿਕ ਢੰਗਾਂ ਅਤੇ ਯੰਤਰਾਂ ਨੇ ਕਣਕ ਦੀ ਬਣਤਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

ਕਣਕ ਦਾ ਬੂਟਾ ਛੋਟਾ ਅਤੇ ਸੰਘਣਾ ਹੋਣਾ ਸ਼ੁਰੂ ਹੋ ਗਿਆ, ਜਿਸ ਵਿਚ ਗਲੇਡਿਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਵਧ੍ਹ ਗਈ ਹੈ।

50 ਸਾਲ ਪਹਿਲਾਂ ਖਾਧੀ ਜਾਂਦੀ ਕਣਕ ਦੀ ਬਣਤਰ ਅੱਜ ਵਰਗੀ ਨਹੀਂ ਸੀ ਹੁੰਦੀ।

ਜੇ ਤੁਸੀਂ ਰੋਟੀ, ਪਾਸਟਾ ਆਦਿ ਖਾਣਾ ਬੰਦ ਕਰ ਦਿੰਦੇ ਹੋ, ਤਾਂ ਸਹੀ ਭੋਜਨ ਖਾਣਾ ਸ਼ੁਰੂ ਕਰੋ, ਜਿਵੇਂ ਕਿ ਚੌਲ਼, ਫਲ਼ ਅਤੇ ਸਬਜ਼ੀਆਂ। ਅੰਨ ਦੀ ਇਹ ਬਦਲੀ ਵੀ ਭਾਰ ਘਟਾਉਣ ਵਿੱਚ ਸਹਾਇਤਾ ਕਰੇਗੀ ਕਿਉਂਕਿ ਚੌਲ਼ ਚੀਨੀ ਦੀ ਮਾਤਰਾ ਨੂੰ ਓਨਾ ਨਹੀਂ ਵਧਾਉਂਦੇ ਜਿੰਨਾ ਕਣਕ ਵਧਾਉਂਦੀ ਹੈ।

ਅਤੇ ਐਮਲੋਪੈਕਟਿਨ ਏ ਅਤੇ ਗਲੇਡਿਨ (ਜੋ ਸਾਰੀ ਗੜਬੜ ਪੈਦਾ ਕਰਦੇ ਹਨ) ਵੀ ਚੌਲਾਂ ਵਿਚ ਨਹੀਂ ਮਿਲ਼ਦੇ।

ਚੌਲ਼ ਖਾਣ ਨਾਲ਼ ਤੁਸੀਂ ਬਹੁਤ ਜ਼ਿਆਦਾ ਕੈਲੋਰੀਆਂ ਨਹੀਂ ਖਾਓਗੇ, ਜਿਵੇਂ ਕਿ ਕਣਕ ਖਾਣ ਨਾਲ਼ ਹੁੰਦਾ ਹੈ।

ਇਹੀ ਕਾਰਨ ਹੈ ਕਿ ਜਿਹੜੇ ਪੱਛਮੀ ਦੇਸ਼ਾਂ ਵਿਚ ਕਣਕ ਦੀ ਵਰਤੋਂ ਨਹੀਂ ਕੀਤੀ ਜਾਂਦੀ ਉੱਥੋਂ ਦੇ ਲੋਕ ਵਧੇਰੇ ਪਤਲੇ ਅਤੇ ਸਿਹਤਮੰਦ ਹੁੰਦੇ ਹਨ।

ਇਹ “ਨਿਯੂਯਾਰਕ ਟਾਈਮਜ਼” ਦੀ ਸਭ ਤੋਂ ਵੱਧ ਵਿਕਣ ਵਾਲ਼ੀ ਕਿਤਾਬ “ਵ੍ਹੀਟ ਬੈੱਲੀ” ਦਾ ਨਿਚੋੜ (Extract) ਹੈ।

ਇਸ ਕਿਤਾਬ ਨੂੰ ਮਸ਼ਹੂਰ ਹਿਰਦੈ ਰੋਗ ਮਾਹਿਰ ਡਾ. ਵਿਲੀਅਮ ਡੇਵਿਸ ਨੇ ਲਿਖਿਆ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?