ਅੰਮ੍ਰਿਤਸਰ, 24 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਅਕਾਲੀ ਦਲ ਬਾਦਲ ਦੇ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਮਾਫ਼ੀ ਮੰਗੀ ਹੈ ਕਿ ਪੀ.ਟੀ.ਸੀ. ਚੈੱਨਲ ਉੱਤੇ ਡਿਬੇਟ ਦੌਰਾਨ ਉਸ ਪਾਸੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਖ਼ਿਲਾਫ਼ ਗ਼ਲਤ ਸ਼ਬਦ ਬੋਲੇ ਗਏ ਸਨ ਜਿਸ ਨਾਲ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਮਾਫ਼ੀਨਾਮੇ ਉੱਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਤੁਰੰਤ ਕਾਰਵਾਈ ਕਰਦਿਆਂ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰਨ ਅਤੇ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਇਸ ਉੱਤੇ ਬਣਦੀ ਸਖ਼ਤ ਕਾਰਵਾਈ ਕਰਨ। ਉਹਨਾਂ ਕਿਹਾ ਕਿ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਮਨ ਵਿੱਚ ਸਾਡੀ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਹੈ, ਇਹ ਲੋਕ ਸਿੱਖ ਅਤੇ ਅਕਾਲੀ ਅਖਵਾਉਣ ਦੇ ਹੱਕਦਾਰ ਨਹੀਂ ਹਨ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਚਾਪਲੂਸੀ ਕਰਨ ਅਤੇ ਹੰਕਾਰ ਵਿੱਚ ਇਹ ਇੱਕ ਸਾਜ਼ਿਸ਼ ਤਹਿਤ ਬੀਬੀ ਸਤਵੰਤ ਕੌਰ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਸ ਕੋਲੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਪੋਤਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਹੋਣਹਾਰ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਨਾਲ ਤੇਰੀ ਅਤੇ ਸਮੁੱਚੇ ਬਾਦਲ ਦਲ ਦੀ ਕੀ ਦੁਸ਼ਮਣੀ ਹੈ ? ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਜੋ ਬੀਬੀ ਸਤਵੰਤ ਕੌਰ ਨੂੰ ਥਾਣੇ ਬੁਲਾ ਕੇ ਪੁੱਛਗਿਛ ਕਰ ਰਹੀ ਹੈ, ਸਰਕਾਰ ਦੀ ਇਹ ਘਟੀਆ ਕਾਰਵਾਈ ਸਿੱਖ ਕੌਮ ਲਈ ਬਰਦਾਸ਼ਤਯੋਗ ਨਹੀਂ ਹੈ, ਪਰ ਦੂਜੇ ਪਾਸੇ ਅਖੌਤੀ ਅਕਾਲੀ ਆਗੂ ਵੀ ਬੀਬੀ ਸਤਵੰਤ ਕੌਰ ਨੂੰ ਸ਼ੱਕੀ ਨਿਗ੍ਹਾ ਨਾਲ ਦੇਖ ਰਹੇ ਹਨ ਤੇ ਜਾਂਚ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ। ਬਾਦਲਾਂ ਦੇ ਚੈਨਲ ਪੀ.ਟੀ.ਸੀ. ਉੱਤੇ ਬੀਬੀ ਸਤਵੰਤ ਕੌਰ ਖ਼ਿਲਾਫ਼ ਮਾਹੌਲ ਸਿਰਜਿਆ ਗਿਆ। ਓਦੋਂ ਹੋਰ ਵੀ ਹੈਰਾਨੀ ਹੋਈ ਜਦੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਉੱਤੇ ਚੁੱਪ ਰਹੇ, ਜਦ ਕਿ ਸਮੁੱਚਾ ਖ਼ਾਲਸਾ ਪੰਥ ਅਤੇ ਪੰਥਕ ਜਥੇਬੰਦੀਆਂ ਤੇ ਕੁਝ ਹੋਰ ਆਗੂ ਲਗਾਤਾਰ ਬੀਬੀ ਸਤਵੰਤ ਕੌਰ ਦੇ ਹੱਕ ‘ਚ ਨਿੱਤਰ ਆਏ ਹਨ ਜਿਨ੍ਹਾਂ ਦੀ ਅਸੀਂ ਸ਼ਲਾਘਾ ਅਤੇ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਤੇ ਸਮੁੱਚੇ ਸੰਘਰਸ਼ਸ਼ੀਲ ਯੋਧੇ ਜੋ ਬੀਬੀ ਸਤਵੰਤ ਕੌਰ ਦਾ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਅਥਾਹ ਸਤਿਕਾਰ ਕਰਦੇ ਹਨ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਲਈ ਬਣਾਈ ਸੱਤ ਮੈਂਬਰੀ ਕਮੇਟੀ ਵਿੱਚ ਬੀਬਾ ਸਤਵੰਤ ਕੌਰ ਦਾ ਨਾਮ ਵੀ ਸ਼ਾਮਲ ਹੋਇਆ ਤਾਂ 3 ਦਸੰਬਰ 2024 ਨੂੰ ਭਾਈ ਨਰਾਇਣ ਸਿੰਘ ਉਹਨਾਂ ਨੂੰ ਵਧਾਈ ਦੇਣ ਗਏ ਸਨ। ਪਰ ਸੁਖਬੀਰ ਬਾਦਲ ਉੱਤੇ ਹਮਲੇ ‘ਚ ਮਹੇਸ਼ ਇੰਦਰ ਸਿੰਘ ਗਰੇਵਾਲ ਵੱਲੋਂ ਬੇਵਜ੍ਹਾ ਬੀਬਾ ਸਤਵੰਤ ਕੌਰ ਨੂੰ ਉਲਝਾਉਣ ਦੀ ਗੱਲ ਬਾਦਲਕਿਆਂ ਦੀ ਘਟੀਆ ਸੋਚ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਇਹ ਬਾਦਲਕਿਆਂ ਦੀ ਪੰਥਕ ਅਤੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਬੁਖਲਾਹਟ ਹੈ, ਬਾਦਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਈ ਫ਼ਸੀਲ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਹਨ, ਉਹ ਨਹੀਂ ਚਾਹੁੰਦੇ ਕਿ ਅਕਾਲੀ ਦਲ ਦੀ ਅਗਵਾਈ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਦੇ ਹੱਥ ਵਿੱਚ ਆਵੇ। ਉਹਨਾਂ ਕਿਹਾ ਕਿ ਬੀਬੀ ਸਤਵੰਤ ਕੌਰ ਨੂੰ ਆਧਾਰ ਬਣਾ ਕੇ ਮਹੇਸ਼ ਇੰਦਰ ਸਿੰਘ ਗਰੇਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਦਸੰਬਰ ਵਾਲੇ ਸੰਦੇਸ਼ ਵਿਰੁੱਧ ਭੁਗਤਿਆ ਹੈ। ਉਹਨਾਂ ਕਿਹਾ ਕਿ ਬਾਦਲ ਦਲ ਦੇ ਆਗੂਆਂ ਦੀ ਚੁੱਪੀ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਉਹ ਮਹੇਸ਼ ਇੰਦਰ ਸਿੰਘ ਗਰੇਵਾਲ ਨਾਲ਼ ਸਹਿਮਤ ਹਨ। ਉਹਨਾਂ ਕਿਹਾ ਕਿ ਕਿੰਨੀ ਗਿਰਾਵਟ ਆ ਚੁੱਕੀ ਹੈ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਹੱਕ ਵਿੱਚ ਬੋਲਣ ਤੋਂ ਵੀ ਕੁੱਝ ਆਗੂ ਝਿਜਕ ਰਹੇ ਹਨ ਤਾਂ ਕਿ ਸੁਖਬੀਰ ਸਿੰਘ ਬਾਦਲ ਕਿਤੇ ਨਰਾਜ ਨਾ ਹੋ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ