“ਗੁਰਦਾਸ ਮਾਨ ਦਾ ਵਿਵਾਦ -ਠੋਸ ਤੱਥਾਂ ਦੀ ਰੌਸ਼ਨੀ ਵਿੱਚ”-ਰਾਜਵਿੰਦਰ ਸਿੰਘ ਰਾਹੀ
________<________________
ਮਸ਼ਹੂਰ ਗਾਇਕ ਗੁਰਦਾਸ ਮਾਨ ਵੱਲੋਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਬਾਰੇ ਦਿੱਤੇ ਬਿਆਨ ਦਾ ਮਾਮਲਾ ਗੜਬੜ ਹੋ ਗਿਆ ਹੈ । ਬਹੁਤ ਸਾਰੇ ਆਮ ਲੋਕ ਅਤੇ ਗੁਰਦਾਸ ਮਾਨ ਦੇ ਪ੍ਰਸ਼ੰਸਕ ਕਹਿ ਰਹੇ ਹਨ, ਕਿ ਗੁਰਦਾਸ ਮਾਨ ਨੇ ਅਜਿਹੀ ਕੋਈ ਵੀ ਗੱਲ ਨਹੀਂ ਕਹੀ , ਜਿਸ ਤੇ ਇਨ੍ਹਾਂ ਭੜਕਿਆ ਜਾਵੇ । ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਸਿਰਫ਼ ਏਨਾ ਹੀ ਕਿਹਾ ਹੈ , ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਇਹ ਪੜ੍ਹਨੀ ਲਿਖਣੀ ਚਾਹੀਦੀ ਹੈ ਤੇ ਹਿੰਦੀ ਸਾਡੀ ਮਾਸੀ ਹੈ ਮਾਸੀ ਨੂੰ ਵੀ ਸਤਿਕਾਰ ਦੇਣਾ ਬਣਦਾ ਹੈ । ਓਪਰੀ ਨਜ਼ਰੇ ਦੇਖਿਆ ਤਾਂ ਇਹ ਗੱਲ ਬੜੀ ਸਧਾਰਨ ਲੱਗਦੀ ਹੈ , ਪਰ ਜਦ ਡੂੰਘਾਈ 'ਚ ਜਾ ਕੇ ਮਾਂ ਅਤੇ ਮਾਸੀ ਦੇ ਝਗੜੇ ਦੀਆਂ ਪਰਤਾਂ ਫਰੋਲਾਂਗੇ ਤਾਂ ਸੱਚ ਕੁਝ ਹੋਰ ਹੀ ਸਾਹਮਣੇ ਆਏਗਾ। ਗੁਰਦਾਸ ਮਾਨ ਵੱਲੋਂ ਇਹ ਕਹਿਣਾ ਕਿ ਹਿੰਦੀ ਮਾਸੀ ਨੂੰ ਵੀ ਸਤਿਕਾਰ ਦੇਣਾ ਬਣਦਾ ਹੈ ਤੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਹੈ । ਇਹ ਦੋਵੇਂ ਵੱਖ ਵੱਖ ਗੱਲਾਂ ਨਹੀਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਹੀ ਹਿੰਦੀ ਨੂੰ ਮਾਸੀ ਕਹਿ ਕੇ ਸਤਿਕਾਰ ਦਿਵਾਇਆ ਜਾ ਰਿਹਾ ਹੈ ।
ਕੀ ਗੁਰਦਾਸ ਮਾਨ ਦਾ ਬਿਆਨ ਅਗਿਆਨਤਾ ਦੀ ਉਪਜ ਹੈ?
___________________
ਕਈ ਸੱਜਣਾਂ ਦਾ ਕਹਿਣਾ ਹੈ ਗੁਰਦਾਸ ਮਾਨ ਦੀ ਭਾਵਨਾ ਮਾੜੀ ਨਹੀਂ ਹੈ ਇਹ ਬਿਆਨ ਤਾਂ ਉਸ ਦੀ ਅਗਿਆਨਤਾ ਦੀ ਉਪਜ ਹੈ । ਦਰਅਸਲ ਗੁਰਦਾਸ ਮਾਨ ਅਗਿਆਨੀ ਨਹੀਂ ਹੈ, ਉਸ ਦਾ ਪੱਖ ਲੈਣ ਵਾਲੇ ਉਸ ਦੇ ਪੈਂਤੀ ਚਾਲੀ ਸਾਲਾਂ ਦੇ ਸਫ਼ਰ ਤੋਂ ਅਗਿਆਨੀ ਹਨ । ਗੁਰਦਾਸ ਮਾਨ ਇਨ੍ਹਾਂ ਭੋਲਾ ਭਾਲਾ ਨਹੀਂ ਹੈ ਜਿੰਨਾ ਉਸ ਵੱਲੋਂ ਵਿਖਾਵਾ ਕੀਤਾ ਜਾਂਦਾ ਹੈ , ਜਾਂ ਉਸ ਵੱਲੋਂ ਪ੍ਰਚਾਰਿਆ ਜਾਂਦਾ ਹੈ । ਗੁਰਦਾਸ ਮਾਨ ਨੇ ਗਾਇਕੀ ਦੀ ਜੋ ਵੀ ਸ਼ੈਲੀ ਚੁਣੀ ਹੈ ਤੇ ਜੋ ਵੀ ਗੀਤ ਲਿਖੇ ਹਨ, ਉਹ ਪੂਰਾ ਸੁਚੇਤ ਹੋ ਕੇ ਕੀਤਾ ਹੈ । ਉਸ ਨੇ ਪੇਂਡੂ ਸਰੋਤਿਆਂ ਨੂੰ ਸੰਤੁਸ਼ਟ ਕਰਨ ਵਾਲੀ ਦੁਗਾਣਾ ਗਾਇਕੀ ਦਾ ਰਾਹ ਛੱਡ ਕੇ ਕਾਲਜਾਂ ਯੂਨੀਵਰਸਿਟੀਆਂ ਤੇ ਨੌਜਵਾਨਾਂ ਨੂੰ ਹਲੂਣਨ ਵਾਲੀ ਸੋਲੋ ਗਾਇਕੀ ਦਾ ਰਾਹ ਚੁਣਿਆ ਤੇ ਇਸ ਨੂੰ ਯੂਥ ਫੈਸਟੀਵਲਾਂ ਵਿੱਚ ਪ੍ਰਵਾਨ ਕਰਵਾਇਆ ਗਿਆ। ਪਹਿਲਾਂ ਪਹਿਲਾਂ ਉਸ ਤੇ ਕਾਮਰੇਡੀ ਅਤੇ ਤਰਕਸ਼ੀਲਤਾ ਦਾ ਰੰਗ ਚੜ੍ਹਿਆ ਹੋਇਆ ਸੀ ਇਸੇ ਲਈ ਉਹ ਧਾਰਮਿਕ ਕਰਮ ਕਾਂਡ ਰਿਵਾਇਤਾਂ ਤੇ ਪੋਥੀਆਂ ਨੂੰ ਨਿੰਦਦਾ ਸੀ। ਇਸੇ ਰੰਗ ‘ਚੋਂ ਉਸ ਦਾ ਆਪਣਾ ਸਿੱਖ ਭਾਈਚਾਰੇ ਨਾਲ ਗੱਦਾਰੀ ਕਰਨ ਦਾ ਕਰਮ ਨਿਕਲਿਆ। ਸਿੱਖੀ ਅਤੇ ਸਿੱਖ ਵਿਰੋਧ ਦੀ ਜ਼ਹਿਰ ਉਸ ਦੇ ਧੁਰ ਅੰਦਰ ਤੱਕ ਫੈਲ ਗਈ। ਸਿੱਖ ਤੁਅੱਸਬ ਦਾ ਡੰਗਿਆ ਹੋਇਆ ਹੀ ਉਹ ਪੰਜਾਬ ਦੇ ਬੁੱਚੜ ਕੇ. ਪੀ. ਐੱਸ. ਗਿੱਲ ਨਾਲ ਸਟੇਜਾਂ ਤੇ ਜਾ ਚੜ੍ਹਿਆ ਜਿਸ ਵਕਤ ਮੁੱਖ ਮੰਤਰੀ ਬੇਅੰਤ ਸਿੰਘ ਤੇ ਕੇ. ਪੀ. ਐੱਸ. ਗਿੱਲ ਮੀਰ ਮੰਨੂੰ ਤੇ ਜ਼ਕਰੀਆ ਖ਼ਾਨ ਦੀ ਜੋੜੀ ਬਣ ਕੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰ ਰਹੇ ਸਨ । ਥਾਣੇ ,ਚੌਕੀਆਂ ਬਜ਼ੁਰਗਾਂ, ਬੀਬੀਆਂ ਤੇ ਧੀਆਂ ਭੈਣਾਂ ਭੈਣਾਂ ਨਾਲ ਭਰੇ ਪਏ ਸਨ । ਗੱਲ ਕੀ ਪੰਜਾਬ ਖੂਨ ਨਾਲ ਭਰੀ ਥਾਲੀ ਵਾਂਗ ਛਲਕ ਰਿਹਾ ਸੀ। ਉਸ ਵਕਤ ਗੁਰਦਾਸ ਮਾਨ ਕੇ.ਪੀ.ਐੱਸ. ਗਿੱਲ ਨਾਲ ਸਟੇਜ ਤੇ ਨੱਚ ਰਿਹਾ ਸੀ ਤੇ ਪੁਲਿਸ ਵਾਲਿਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ ਰਿਹਾ ਸੀ । ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਗਾਇਕ ਕਲਾਕਾਰ ਤੇ ਕਵੀ ਸੂਖ਼ਮ ਭਾਵੀ ਤੇ ਕੋਮਲ ਚਿੱਤ ਹੁੰਦੇ ਹਨ । ਪਰ ਕੀ ਸਿੱਖਾਂ ਦੇ ਏਡੇ ਕਤਲੇਆਮ ਨੇ ਗੁਰਦਾਸ ਮਾਨ ਦੇ ਸੂਖਮ ਮਨ ਨੂੰ ਕਦੇ ਨਹੀਂ ਟੁੰਭਿਆਂ? ਕਿ ਉਸ ਨੂੰ ਵਗਦਾ ਖੂਨ ਕਦੇ ਨਜ਼ਰ ਨਹੀਂ ਪਿਆ? ਜਦ ਇਸ ਦੇ ਸਮਕਾਲੀ ਗਾਇਕਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਦੋ ਤਿੰਨ ਵੱਡੇ ਗਾਇਕਾਂ ਨੇ ਪੂਰਾ ਖ਼ਤਰਾ ਮੁੱਲ ਸਹੇੜ ਕੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਕੁਲਦੀਪ ਮਾਣਕ ਨੇ ਸਿੰਘ ਸੂਰਮੇ ਨਾਂ ਦੀ ਕੈਸੇਟ ਕੱਢੀ ਸੀ, ਉਸ ਨੇ ਭਾਵੇਂ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਬਾਰੇ ਗੀਤ ਗਾਇਆ ਸੀ। ਪਿੱਛੇ ਰਹਿ ਗਈ ਧੂੜ ਉੱਡਦੀ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ ਪਰ ਲੋਕਾਂ ਨੂੰ ਸਪੱਸ਼ਟ ਪਤਾ ਲੱਗਦਾ ਸੀ ਕਿ ਇਹ ਅਜੋਕੇ ਖਾੜਕੂਆਂ ਦੀ ਗੱਲ ਹੋ ਰਹੀ ਹੈ । ਹੰਸ ਰਾਜ ਹੰਸ ਨੇ ‘ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ‘ ਗੀਤ ਗਾ ਕੇ ਪੁਰਾਤਨ ਇਤਿਹਾਸ ਦੀ ਨਵੀਨ ਇਤਿਹਾਸ ਨਾਲ ਤੁਲਨਾ ਕਰ ਦਿੱਤੀ ਸੀ। ਇਸੇ ਤਰ੍ਹਾਂ ਹੀ ਦਿਲਸ਼ਾਦ ਅਖ਼ਤਰ ਨੇ ”ਬੱਬਰ ਖਾਲਸੇ ” ਗੀਤ ਗਾ ਕੇ ਪੁਲਸ ਨਾਲ ਦੁਸ਼ਮਣੀ ਮੁੱਲ ਲੈ ਲਈ ਸੀ। ਪਰ ਗੁਰਦਾਸ ਮਾਨ ਨੇ ਸਿੱਖਾਂ ਦੇ ਦਰਦ ਨਾਲ ਤਾਂ ਕੀ ਖੜਨਾ ਸੀ, ਸਗੋਂ ਧਰਮ ਖਿਲਾਫ਼ ਬੋਲਣ ਵਾਲੀਆਂ ਆਪਣੀਆਂ ਕਰਤੂਤਾਂ ਤੋਂ ਡਰਦਾ ਬੰਬਈ ਦੀ ਫਿਲਮ ਨਗਰੀ ਵਿੱਚ ਜਾ ਵੜਿਆ ਸੀ।
ਗੁਰਦਾਸ ਮਾਨ ਦਾ ਪ੍ਰਵਾਰਕ ਪਿਛੋਕੜ ਤੇ ਸੰਸਕਾਰ
______________________
ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚਾ ਵੱਡਾ ਹੋ ਕੇ ਜੋ ਵੀ ਕੁਝ ਬਣਦਾ ਹੈ ਉਹ ਸਿਖਿਆ, ਪ੍ਰਵਾਰਕ ਮਹੌਲ ਤੇ ਸੰਸਕਾਰ ਉਸ ਨੂੰ ਘਰ ਵਿਚੋਂ ਹੀ ਮਿਲੇ ਹੁੰਦੇ ਹਨ। ਗੁਰਦਾਸ ਮਾਨ ਦੇ ਮਨੋ ਜਗਤ ਦੀ ਜਦ ਥਾਹ ਪਾਉਣੀ ਹੋਵੇ ਤਾਂ ਉਸ ਦੇ ਪ੍ਰਵਾਰਕ ਮਹੌਲ ਵਿੱਚ ਡੂੰਘਾ ਉਤਰਨਾ ਪਵੇਗਾ। ਗੁਰਦਾਸ ਮਾਨ ਦੀ ਆਪਣੀ ਸਵਰਗਵਾਸੀ ਮਾਤਾ ਨਾਲ ਜੋ ਫੋਟੋ ਨਜ਼ਰ ਆਉਂਦੀ ਹੈ ਉਸ ਵਿੱਚ ਮਾਤਾ ਜੀ ਦੇ ਗਲ ਵਿੱਚ ਸਰਸੇ ਵਾਲੇ ਸਾਧ ਦਾ ਲੌਕਿਟ ਪਾਇਆ ਹੋਇਆ ਹੈ । ਜਦ 2007 ਤੋਂ ਬਾਦ ਸਿੱਖ ਪੰਥ ਨੇ ਸਰਸੇ ਵਾਲੇ ਸਾਧ ਨੂੰ ਛੇਕ ਦਿੱਤਾ ਸੀ ਤਾਂ ਉਸ ਨੇ ਸਿੱਖ ਪੰਥ ਨੂੰ ਟਿੱਚ ਸਮਝਣ ਲਈ ਆਪਣੇ ਸ਼ਰਧਾਲੂਆਂ ਨੂੰ ਹੁਕਮ ਕਰ ਦਿੱਤਾ ਸੀ ਕਿ ਉਸ ਦੀ ਫੋਟੋ ਵਾਲਾ ਲੌਕਿਟ ਉਪਰ ਦੀ ਪਾ ਕੇ ਰੱਖਿਆ ਜਾਵੇ। ਸ਼ਰਧਾਲੂਆਂ ਨੇ ਸਿੱਖਾਂ ਨੂੰ ਚਿੜਾਉਣ ਲਈ ਇਹ ਲੌਕਿਟ ਉਪਰ ਦੀ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਉਹਨਾਂ ਦੀ ਬਗਾਵਤ ਸਾਫ ਨਜ਼ਰ ਆਵੇ। ਇਹ ਵੀ ਹੋ ਸਕਦਾ ਹੈ ਕਿ ਗੁਰਦਾਸ ਮਾਨ ਨੇ ਲੌਕਿਟ ਪਾ ਕੇ ਬੈਠੀ ਮਾਤਾ ਨਾਲ ਆਪਣੀ ਫੋਟੋ ਜਾਣ ਬੁੱਝ ਕੇ ਸਿੱਖ ਪੰਥ ਨੂੰ ਚਿੜਾਉਣ ਲਈ ਨਸ਼ਰ ਕੀਤੀ ਹੋਵੇ। ਇਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਪ੍ਰਤੀ ਜ਼ਹਿਰੀਲਾ ਮਾਦਾ ਗੁਰਦਾਸ ਮਾਨ ਨੂੰ ਘਰ ਵਿਚੋਂ ਹੀ ਮਿਲਿਆ ਸੀ।
ਮਾਂ ਤੇ ਮਾਸੀ ਦਾ ਮਾਮਲਾ ਕੀ ਹੈ?
________________
ਗੁਰਦਾਸ ਮਾਨ ਪੰਜਾਬੀ ਨੂੰ ਮਾਂ ਅਤੇ ਹਿੰਦੀ ਨੂੰ ਮਾਸੀ ਕਹਿੰਦਾ ਹੈ। ਦੇਖਣਾ ਇਹ ਹੈ ਕਿ ਕੀ ਹਿੰਦੀ ਸੱਚਮੁੱਚ ਹੀ ਪੰਜਾਬੀ ਦੀ ਭੈਣ ਹੈ ਜਾਂ ਸੌਂਕਣ ਹੈ? ਜੇ ਪੰਜਾਬ ਵਿੱਚ ਜਾਂ ਦੇਸ਼ ਵਿਦੇਸ਼ ਵਿੱਚ ਪੰਜਾਬੀ ਬੋਲੀ ਨੇ ਥੋੜਾ ਬਹੁਤਾ ਮਾਣ ਸਤਿਕਾਰ ਹਾਸਲ ਕੀਤਾ ਹੈ, ਇਹ ਬਹੁਤ ਕੁਰਬਾਨੀਆਂ ਤੇ ਲੰਬੇ ਸੰਘਰਸ਼ ਦਾ ਸਦਕਾ ਹੋਇਆ ਹੈ। ਜਿਸ ਹਿੰਦੀ ਨੂੰ ਗੁਰਦਾਸ ਮਾਨ ਮਾਸੀ ਕਹਿ ਰਿਹਾ ਹੈ, ਇਸ ”ਮਾਸੀ” ਨੇ ਪੈਰ ਪੈਰ ਤੇ ਪੰਜਾਬੀ ਭੈਣ ਦੀਆਂ ਜੜ੍ਹਾ ਵੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਨੂੰ ਘਰੋਂ ਕੱਢ ਕੇ ਖੁਦ ਘਰ ਬਾਰ ਦੀ ਮਾਲਕਣ ਬਣ ਬੈਠਣ ਦੀਆਂ ਕੋਸ਼ਿਸ਼ਾਂ ਅਤੇ ਤੱਕ ਵੀ ਨਹੀ ਛੱਡੀਆਂ। ਇਸ ਮਾਸੀ ਦੇ ਅਸਲ ਮਕਸਦ ਨੂੰ ਸਮਝਣ ਲਈ ਇਤਿਹਾਸ ਵਿੱਚ ਉਤਰਨਾ ਪਵੇਗਾ। ਜਦ 1947 ਵਿੱਚ ਭਾਰਤ ਦੀ ਵਾਗਡੋਰ ਗੋਰਿਆ ਹੱਥੋਂ ਖਿਸਕ ਕੇ ਉਚ ਜਾਤੀ ਹਿੰਦੂ ਵਰਗ ਦੇ ਹੱਥ ਆ ਗਈ ਤਾਂ ਉਹਨਾਂ ਸਾਹਮਣੇ ਭਾਰਤ ਨੂੰ ਸਟੇਟਾਂ ਮੁਤਾਬਕ ਵੰਡਣ ਦਾ ਸੁਆਲ ਆ ਖੜਾ ਹੋਇਆ। ਇਸ ਲਈ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ (ਛਞ3) ਬਣਾਇਆ ਗਿਆ। ਇਸ ਨੇ ਬੰਗਾਲ ਤੇ ਮਦਰਾਸ ਪ੍ਰੈਜੀਡੈਂਸੀਆਂ ਤੋੜ ਕੇ ਭਾਸ਼ਾ ਦੇ ਅਧਾਰ ‘ਤੇ ਕੁਝ ਸੂਬਿਆਂ ਦਾ ਗਠਨ ਕੀਤਾ। ਇਸ ਨਾਲ ਆਂਧਰਾ ਪ੍ਰਦੇਸ ਦੇ ਲੋਕ ਭੜਕ ਉਠੇ ਕਿ ਸਾਡੀ ਤੇਲਗੂ ਭਾਸ਼ਾ ਦੇ ਅਧਾਰ ‘ਤੇ ਵੀ ਵੱਖਰਾ ਸੂਬਾ ਬਣਾਇਆ ਜਾਵੇ ।ਡਾ. ਰੁਮੁਲੂ ਵੱਲੋਂ ਮਰਨ ਵਰਤ ਰੱਖਿਆ ਗਿਆ ਤੇ ਉਹ ਸ਼ਹੀਦ ਹੋ ਗਿਆ। ਅਖੀਰ ਆਂਧਰਾ ਪ੍ਰੇਦਸ਼ ਬਣਾਉਣਾ ਪਿਆ। ਨਾਲ ਹੀ ਬੰਬਈ ਪ੍ਰੈਜੀਡੈਂਸੀ ਵਿੱਚ ਮਹਾਰਾਸ਼ਟਰ ਤੇ ਗੁਜਰਾਤ ਬਣਾਉਣੇ ਪਏ। ਇਧਰ ਪੰਜਾਬ ਵਿੱਚ ਜਦ 1951 ਦੀ ਮਰਦਮ ਸ਼ੁਮਾਰੀ ਹੋਣ ਲੱਗੀ ਤਾਂ ਲਾਲਾ ਜਗਤ ਨਰਾਇਣ ਦੀ ਅਗਵਾਈ ਵਿੱਚ ਆਰੀਆ ਸਮਾਜੀਆਂ ਨੇ ਹਿੰਦੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ। ਉਹਨਾਂ ਨੇ ਹਿੰਦੀ ਹੀ ਲਿਖਵਾਈ। ਜਦ 1952 ਵਿੱਚ ਪੰਜਾਬ ਵਿੱਚ ਗੋਪੀ ਚੰਦ ਭਾਰਗੋ ਮੁੱਖ ਮੰਤਰੀ ਬਣਿਆ ਤਾਂ ਏਹੀ ਲਾਲਾ ਜੋ ਹਿੰਦ ਸਮਾਚਾਰ ਤੇ ਪੰਜਾਬ ਕੇਸਰੀ ਦਾ ਮਾਲਕ ਸੀ ਪੰਜਾਬ ਦਾ ਸਿਖਿਆ ਮੰਤਰੀ ਬਣ ਗਿਆ। ਇਸ ਵੱਲੋਂ ਉਰਦੂ ਖਤਮ ਕਰਕੇ ਸਿਖਿਆ ਦਾ ਮਾਧਿਅਮ ਹਿੰਦੀ ਕਰ ਦਿੱਤਾ ਗਿਆ। ਜਿਸ ਨਾਲ ਸਿੱਖਾਂ ਵਿੱਚ ਰੌਲਾ ਪੈ ਪਿਆ । ਅਖੀਰ 1955 ਨੂੰ ਸਿੱਖਾ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਲਾਉਣਾ ਪੈ ਗਿਆ. ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਭੀਮ ਸੈਨ ਸੱਚਰ ਸੀ।ਤੇ ਉਸ ਨੇ ਪੰਜਾਬੀ ਸੂਬੇ ਦੀ ਮੰਗ ਕਰਨ ਵਾਲੇ ਅਕਾਲੀਆਂ ‘ਤੇ ਅੰਨ੍ਹਾ ਤਸ਼ੱਦਦ ਕਰਵਾਇਆ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਸ ਵੀ ਦਾਖਲ ਹੋ ਗਈ। ਸੱਚਰ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਮੁਖ ਮੰਤਰੀ ਬਣਿਆ, ਉਸ ਨੇ ਨਹਿਰੂ -ਪਟੇਲ ਵਰਗੇ ਮਾਲਕਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਬੁੱਚੜਪੁਣੇ ਦੀਆਂ ਹੱਦਾਂ ਪਾਰ ਕਰ ਦਿੱਤੀਆਂ । ਅਤੇ ”ਪੰਜਾਬੀ ਸੂਬਾ” ਨਾਅਰੇ ‘ਤੇ ਵੀ ਪਾਬੰਦੀ ਲਗਾ ਦਿੱਤੀ। ਹਿੰਦੀ ਤੇ ਪੰਜਾਬੀ ਭਾਸ਼ਾ ਦੇ ਰੇੜਕੇ ਨੂੰ ਸੁਲਝਾਉਣ ਲਈ ਪਹਿਲਾਂ ਸੱਚਰ ਫ਼ਾਰਮੂਲਾ ਬਣਾਇਆ ਗਿਆ ਤੇ ਬਾਦ ਵਿੱਚ ਰਿਜਨਲ ਫ਼ਾਰਮੂਲਾ ਅਪਣਾਇਆ ਗਿਆ। ਜਿਸ ਨੇ ਪੰਜਾਬ ਨੂੰ ਤਿੰਨ ਖੇਤਰਾਂ ਵਿੱਚ ਵੰਡ ਦਿੱਤਾ। ਇਕ ਰਿਜਨ ਪੰਜਾਬੀ ਬੋਲਣ ਵਾਲਾ, ਦੂਜਾ ਰਿਜਨ ਹਿੰਦੀ- ਪੰਜਾਬੀ ਬੋਲਣ ਵਾਲਾ ਤੇ ਤੀਜਾ ਪੂਰੀ ਤਰ੍ਹਾਂ ਹਿੰਦੀ ਬੋਲਣ ਵਾਲਾ । ਕਮਿਸ਼ਨ ਨੇ ਸਿਫਾਰਸ਼ ਕਰ ਦਿੱਤੀ ਕਿ ਪੰਜਾਬ ਬੋਲਣ ਵਾਲੇ ਰਿਜਨ ਵਿੱਚ ਪਹਿਲੀ ਤੋਂ ਪੰਜਾਬੀ ਤੇ ਤੀਜੀ ਤੋਂ ਹਿੰਦੀ ਪੜ੍ਹਾਈ ਜਾਇਆ ਕਰੇਗੀ। ਇਸੇ ਤਰ੍ਹਾਂ ਦੂਜੇ ਰਿਜਨ ਵਿਚ ਪਹਿਲੀ ਤੋਂ ਹਿੰਦੀ ਅਤੇ ਤੀਜੀ ਤੋਂ ਪੰਜਾਬੀ ਪੜ੍ਹਾਈ ਜਾਇਆ ਕਰੇਗੀ। ਆਰੀਆ ਸਮਾਜੀ ਫਿਰ ਵੀ ਨਾ ਮੰਨੇ। ਉਹਨਾਂ ਨੇ ਰੇੜਕਾ ਪਾ ਲਿਆ ਕਿ ਪੰਜਾਬੀ ਬੋਲਦੇ ਖੇਤਰ ਵਿੱਚ ਇਹ ਮਾਪਿਆਂ ਦੀ ਮਰਜ਼ੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਬੱਚੇ ਨੂੰ ਕੀ ਪੜ੍ਹਾਉਣਾ ਹੈ। ਉਹਨਾਂ ਨੇ 1961 ਦੀ ਮਰਦਮ ਸ਼ੁਮਾਰੀ ਮੌਕੇ ਫਿਰ ਹਿੰਦੂਆਂ ਨੂੰ ਮਾਤ ਭਾਸ਼ਾ ਹਿੰਦੀ ਲਿਖਾਉਣ ਦਾ ਸੱਦਾ ਦਿੱਤਾ। ਅਖੀਰ ਇੰਦਰਾ ਗਾਂਧੀ ਨੂੰ ਇਕ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਕਰਨਾ ਪਿਆ। ਪਰ ਪੂਰੀ ਤਰ੍ਹਾਂ ਪੰਜਾਬ ਦੇ ਖੰਭ ਪੁੱਟ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋਹ ਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ। ਹਾਈਕੋਰਟ ਪੰਜਾਬ , ਹਰਿਆਣਾ, ਹਿਮਾਚਲ ਦੀ ਸਾਂਝੀ ਰਹਿਣ ਦਿੱਤੀ। ਭਾਖੜਾ ਡੈਮ ਸਮੇਤ ਪੰਜਾਬ ਦੇ ਦਰਿਆਈ ਪਾਣੀ ਤੇ ਬਿਜਲੀ ਦੇ ਸਰੋਤ ਕੇਂਦਰ ਨੇ ਪੂਰੀ ਤਰ੍ਹਾਂ ਖੋਹ ਲਏ। ਪੰਜਾਬ ਪਹਿਲਾਂ ਅੰਗਰੇਜ਼ਾਂ ਦੀ ਬਸਤੀ ਸੀ ਤੇ ਹੁਣ ਕੇਂਦਰੀ ਹਾਕਮ ਦੀ ਬਸਤੀ ਬਣ ਚੁੱਕਿਆ ਸੀ।
ਮਾਸੀ ਨੂੰ ਸਿਰ ਤੇ ਬੈਠਾਉਣ ਦੇ ਯਤਨ
______________________
ਭਾਵੇਂ ਪੰਜਾਬੀ ਬੋਲੀ ਦੇ ਆਧਾਰ ‘ਤੇ ਸੂਬਾ ਬਣ ਚੁੱਕਿਆ ,ਸੀ ਪਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕੱਢ ਕੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਬਣਾ ਦਿੱਤੇ ਸਨ। ਇਹੋ ਹੀ ਨਹੀਂ ਲਾਲਾ ਜਗਤ ਨਰਾਇਣ ਤੇ ਗੁਲਜ਼ਾਰੀ ਲਾਲ ਨੰਦਾ ਵਰਗਿਆਂ ਨੇ ਪੰਜਾਬੀ ਨੂੰ ਕਦੇ ਦਫ਼ਤਰੀ ਭਾਸ਼ਾ ਨਹੀਂ ਬਣਨ ਦਿੱਤਾ। 1967 ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਕਿ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਹੈ ਪਰ ਇਹ ਕਾਨੂੰਨ ਹੁਣ ਤੱਕ ਲਾਗੂ ਨਹੀਂ ਹੋਣ ਦਿੱਤਾ ਗਿਆ। ਅਸਿੱਧੇ ਢੰਗ ਨਾਲ ਪੰਜਾਬੀ ਦਾ ਹਿੰਦੀਕਰਨ ਕਰਨ ਦੇ ਯਤਨ ਜਾਰੀ ਹਨ। ਪਹਿਲਾਂ ਮਹਿਕਮਾਂ ਪੰਜਾਬੀ ਹੁੰਦਾ ਸੀ ਪਰ ਤੋੜ ਕੇ ਨਾਂ ਭਾਸ਼ਾ ਵਿਭਾਗ ਕਰ ਦਿੱਤਾ ਗਿਆ। ਭਾਸ਼ਾ ਵਿਭਾਗ ਹਰ ਸਾਲ ਪੰਜਾਬੀ ਲੇਖਕਾਂ ਨੂੰ ਪੰਜ ਲੱਖ ਦਾ ਇਨਾਮ ਦਿੰਦਾ ਹੈ ਪਰ ਉਸ ਲਈ ਇਹ ਸ਼ਰਤ ਵੀ ਰੱਖ ਦਿੱਤੀ ਕਿ ਉਹ ਹਿੰਦੀ ਤੇ ਸੰਸਕ੍ਰਿਤ ਦੇ ਲੇਖਕਾਂ ਨੂੰ ਵੀ ਪੰਜ ਪੰਜ ਲੱਖ ਦੇ ਇਨਾਮ ਦੇਇਆ ਕਰੇ। ਜਿਸ ਨਾਲ ਹੁਣ ਭਾਸ਼ਾ ਵਿਭਾਗ ਦਾ ਦਿਵਾਲਾ ਨਿਕਲ ਚੁੱਕਿਆ ਹੈ। ਕਾਲਜਾਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਦਾ ਹਿੰਦੀਕਰਨ ਹੋ ਚੁੱਕਿਆ ਹੈ। ਪੰਜਾਬੀ ਦੇ ਜਿਸ ਥੀਸਸ ਵਿੱਚ ਹਿੰਦੀ ਸੰਸਕ੍ਰਿਤ ਦੇ ਔਖੇ ਸ਼ਬਦ ਨਾ ਹੋਣ ਉਹ ਪ੍ਰਵਾਨ ਨਹੀਂ ਕੀਤਾ ਜਾਂਦਾ। ਪੰਜਾਬ ਨੂੰ ਮੁੜ ਦੋਭਾਸ਼ੀ ਸੂਬਾ ਬਣਾਉਣ ਲਈ ਪਿਛਲੇ ਵੀਹ ਸਾਲਾਂ ਤੋਂ ਪੰਜਾਬ ਬਾਹਰਲੇ ਅਖ਼ਬਾਰ ਪੰਜਾਬ ਵਿੱਚ ਛੱਪਣੇ ਸ਼ੁਰੂ ਹੋ ਗਏ ਹਨ। ਜਿਵੇ ਅਮਰ ਉਜਾਲਾ, ਦੈਨਿਕ ਜਾਗਰਣ, ਦੈਨਿਕ ਭਾਸਕਰ, ਦੈਨਿਕ ਸਵੇਰਾ ਆਦਿ। ਪੰਜਾਬ ਕੇਸਰੀ, ਦੈਨਿਕ ਟ੍ਰਿਬਿਊਨ ਤੇ ਅਜੀਤ ਸਮਾਚਾਰ ਤਾਂ ਪਹਿਲਾਂ ਹੀ ਨਿਕਲ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਡੀ.ਏ.ਵੀ. ਆਰੀਆ , ਐਸ. ਡੀ. ਸਰਵ ਹਿਤਕਾਰੀ ਤੇ ਸੱਤਿਆ ਭਾਰਤੀ ਆਦਿ ਸਕੂਲਾਂ ਦਾ ਜਾਲ ਵਿਛਿਆ ਹੋਇਆ ਹੈ ਜਿਥੇ ਪੜਾਈ ਦਾ ਮਾਧਿਅਮ ਹਿੰਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀਹ – ਪੰਜੀ ਲੱਖ ਯੂ.ਪੀ. ਬਿਹਾਰ ਦੇ ਪਰਵਾਸੀ ਭਈਏ ਹਨ ਜੋ ਪੰਜਾਬੀ ਬੋਲੀ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਲਈ ਵੀ ਖ਼ਤਰਾ ਬਣ ਗਏ ਹਨ। ਸੋ ਕੇਂਦਰੀ ਸਰਕਾਰਾਂ ਅਤੇ ਹਿੰਦੂ ਸੰਸਥਾਵਾਂ ਦਾ ਸਾਰਾ ਜੋਰ ਪੰਜਾਬੀ ਬੋਲੀ ਨੂੰ ਖ਼ਤਮ ਕਰਨ ‘ਤੇ ਲੱਗਿਆ ਹੋਇਆ ਹੈ।
ਇੱਕ ਬੋਲੀ ਇੱਕ ਰਾਸ਼ਟਰ ਦਾ ਮਾਮਲਾ ਕੀ?
__________________________
ਗੁਰਦਾਸ ਮਾਨ ਜਿਥੇ ਮਾਸੀ ਹਿੰਦੀ ਨੂੰ ਸਤਿਕਾਰ ਦੇਣ ਦੀ ਗੱਲ ਆਖਦਾ ਹੈ ਉਥੇ ਉਹ ਹਿੰਦੀ ਨੂੰ ਪੂਰੇ ਰਾਸ਼ਟਰ ਦੀ ਭਾਸ਼ਾ ਬਣਾਉਣ ‘ਤੇ ਵੀ ਜ਼ੋਰ ਦੇ ਰਿਹਾ ਹੈ। ਉਸ ਨੇ ਇਸ ਲਈ ਫਿਲਮੀ ਖੇਤਰ ਦੀਆਂ ਵੀ ਕਈ ਮਿਸਾਲਾਂ ਦਿੱਤੀਆਂ ਹਨ ਜਿਥੇ ਬੰਦਿਆਂ ਨੂੰ ਕਾਮਯਾਬੀ ਹਾਸਲ ਹੋਈ ਹੈ। ਇਹ ਵਿਚਾਰ ਜਿਥੇ ਗੁੰਮਰਾਹ ਕੁੰਨ ਹੈ ਉਥੇ ਉਲਝਿਆ ਹੋਇਆ ਵੀ ਹੈ। ਕੱਲੀ ਕਹਿਰੀ ਮਿਸਾਲ ਨੂੰ ਆਮ ਵਰਤਾਰਾ ਨਹੀਂ ਬਣਾਇਆ ਜਾ ਸਕਦਾ। ਫਿਲਮ ਨਗਰੀ ਵਿੱਚ ਹਜ਼ਾਰਾਂ ਪੰਜਾਬੀ ਨਾ ਕਾਮਯਾਬ ਹੋ ਕੇ ਗਰਦਸ਼ ਵਿੱਚ ਵੀ ਗੁੰਮ ਹੋ ਚੁੱਕੇ ਹਨ। ਗੁਰਦਾਸ ਮਾਨ ਵੀ ਇਸ ਦੀ ਮਿਸਾਲ ਹੈ । 1986 ਵਿੱਚ ਗੁਰਦਾਸ ਮਾਨ ਬੰਬਈ ਗਿਆ ਸੀ। ਉਥੇ ਇਸ ਨੇ ਫਿਲਮੀ ਹੀਰੋ ਬਣਨ ਦੀ ਕੋਸ਼ਿਸ਼ ਕੀਤੀ। ਪਰ ਨਾਕਾਮਯਾਬੀ ਮਿਲੀ। ਅਖੀਰ ਇਕ ਦੋ ਬੀ, ਤੇ ਸੀ, ਗਰੇਡ ਦੀਆਂ ਫਿਲਮਾਂ ‘ਚ ਕੰਮ ਕਰਕੇ ਸਬਰ ਕਰਨਾ ਪਿਆ। ਇਸ ਨੇ ਹਿੰਦੀ ਗੀਤ ਗਾਉਣ ਦੀ ਵੀ ਕੋਸ਼ਿਸ਼ ਕੀਤੀ, ਇਕ ਕੈਸਟ ਵੀ ਕੱਢੀ ਪਰ ਪ੍ਰਵਾਨਗੀ ਨਹੀਂ ਮਿਲੀ। ਅਖੀਰ ਮੂੰਹ ਦੀ ਖਾ ਕੇ ਪੰਜਾਬ ਹੀ ਵਰਤਣਾ ਪਿਆ।
ਜਿਥੋ ਤੱਕ ‘ਇਕ ਰਾਸ਼ਟਰ – ਇਕ ਭਾਸ਼ਾ’ ਦਾ ਸੁਆਲ ਹੈ, ਇਹ ਵਿਚਾਰ ਕੋਈ ਨਵਾਂ ਨਹੀ ਹੈ। ਨਹਿਰੂ , ਪਟੇਲ ਤੇ ਰਜਿੰਦਰ ਪ੍ਰਸਾਦ ਵਰਗਿਆ ਨੇ 1947 ਵਿੱਚ ਵੀ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦਾ ਏਜੰਡਾ ਲਿਆਂਦਾ ਸੀ ਪਰ ਦੱਖਣ ਭਾਰਤੀ ਅਤੇ ਹੋਰ ਚੇਤੰਨ ਬੁੱਧ ਲੋਕਾਂ ਦੇ ਵਿਰੋਧ ਸਦਕਾ ਇਹ ਸਿੱਧਾ ਤਾਂ ਲਾਗੂ ਨਹੀਂ ਹੋ ਸਕਿਆ ਪਰ ਅਸਿੱਧੇ ਢੰਗ ਨਾਲ ਲਾਗੂ ਕਰਕੇ ਸਾਰੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ।
ਅੱਜ ਮੋਦੀ ਤੇ ਅਮਿੱਤ ਸ਼ਾਹ ਵੱਲੋਂ ਫਿਰ ‘ਭਾਰਤ ਨੂੰ ਹਿੰਦੂ ਰਾਸ਼ਟਰ’ ਵਿੱਚ ਤਬਦੀਲ ਕਰਨ ਲਈ ‘ਹਿੰਦੀ ਨੂੰ ਰਾਸ਼ਟਰ ਭਾਸ਼ਾ’ ਬਣਾਉਣ ਦਾ ਅਜੰਡਾ ਸਾਹਮਣੇ ਲਿਆਂਦਾ ਗਿਆ ਹੈ। ਜੋ ਬਹੁਕੌਮੀ ਭਾਰਤ ਦੀ ਵੰਨਸੁਵੰਨਤਾ ਨੂੰ ਵੱਡਾ ਖਤਰਾ ਹੈ। ਗੁਰਦਾਸ ਮਾਨ ਇਸੇ ਅਜੰਡੇ ਦੀ ਪ੍ਰਵਾਨਗੀ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਹਿੰਦੀ ਦੇ ਰਾਸ਼ਟਰੀ ਭਾਸ਼ਾ ਬਣਨ ਦਾ ਅਰਥ ਹੋਵੇਗਾ ਕਿ ਪੂਰੇ ਭਾਰਤ ਵਿੱਚ ਪਹਿਲੀ ਤੋਂ ਸਿੱਖਿਆ ਦਾ ਮਾਧਿਅਮ ਹਿੰਦੀ ਹੋਵੇਗਾ। ਜਿਵੇ ਜਨ ਗਨ ਮਨ ਗਾਉਣਾ ਜਰੂਰੀ ਹੈ , ਸੋ ਇਸ ਅਜੰਡੇ ਦਾ ਵਿਰੋਧ ਕਰਨਾ ਚਾਹੀਦਾ ਹੈ। ਆਪਣੀ ਮਾਂ ਬੋਲੀ ਪੰਜਾਬੀ ਨੂੰ ”ਬਿੱਲੀ ਮਾਸੀ” ਤੋਂ ਬਚਾਉਣਾ ਚਾਹੀਦਾ ਹੈ। ਰਸੂਲ ਹਮਜ਼ਾਤੋਵ ਆਖਦਾ ਹੈ ਕਿ ਵੱਖ ਵੱਖ ਭਾਸ਼ਾਵਾ ਅਸਮਾਨ ਵਿੱਚ ਚਮਕਦੇ ਤਾਰਿਆਂ ਵਾਂਗ ਹਨ, ਮੈਂ ਨਹੀਂ ਚਾਹੁੰਦਾ ਕਿ ਸਾਰੇ ਤਾਰੇ ਇੱਕਠੇ ਕਰਕੇ ਚੰਦਾ ਬਣਾ ਦਿੱਤਾ ਜਾਵੇ।
(ਰਾਜਵਿੰਦਰ ਸਿੰਘ ਰਾਹੀ)
Author: Gurbhej Singh Anandpuri
ਮੁੱਖ ਸੰਪਾਦਕ