ਸੁਪਿੰਦਰ ਕੌਰ ਭੰਗੂ ਪੰਜਾਬਣ ਮੁਟਿਆਰ, ਸਲੋਨੀ ਜਲੰਧਰ ਤੋਂ ਤੀਆਂ ਦੀ ਰਾਣੀ ਅਤੇ ਗੁਰਨੂਰ ਕੌਰ ਨੇ ਜਿੱਤਿਆ ਗਿੱਧਿਆਂ ਦੀ ਰਾਣੀ ਦਾ ਖਿਤਾਬ
ਅੰਮ੍ਰਿਤਸਰ 23 ਅਗਸਤ (ਭੁਪਿੰਦਰ ਸਿੰਘ ਮਾਹੀ): ਸਾਉਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਅਕਸਰ ਵੀ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਮਨਾਇਆ ਜਾਂਦਾ ਹੈ ਪਰ ਸੱਗੀ ਫੁੱਲ ਗਿੱਧਾ ਅਕੈਡਮੀ ਅੰਮ੍ਰਿਤਸਰ ਵੱਲੋਂ ਕਮਲ ਬੈਂਕਿਊਟ ਹਾਲ, ਬਟਾਲਾ ਰੋਡ ਅੰਮ੍ਰਿਤਸਰ ਵਿਖੇ ਇਸ ਨੂੰ ਵੱਖਰੇ ਢੰਗ ਨਾਲ ਮੇਲੇ ਦੇ ਰੂਪ ਵਿੱਚ ਗਿੱਧਿਆਂ ਅਤੇ ਪੰਜਾਬੀ ਕਲਚਰਲ ਸਬੰਧੀ ਵੱਖ ਵੱਖ ਮੁਕਾਬਲੇ ਕਰਵਾ ਕੇ ਮਨਾਇਆ ਗਿਆ।
ਇਹ ਸਾਰਾ ਪ੍ਰੋਗਰਾਮ ਗਿੱਧਾ ਕੌਚ ਅਨੂਦੀਪ ਕੌਰ ਲਹਿਲ ਸਾਬਕਾ ਮਿਸ ਪੰਜਾਬਣ ਅਤੇ ਗਿੱਧਿਆਂ ਦੀ ਰਾਣੀ ਵੱਲੋਂ “ਤੀਸਰਾ ਮੇਲਾ ਤੀਆਂ ਤੇ ਪੰਜਾਬਣਾ ਦਾ” ਉਲੀਕਿਆ ਗਿਆ ਸੀ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਕਰਤਾਰਪੁਰ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ ਜਿਹਨਾਂ ਦਾ ਸੱਗੀ ਫੁੱਲ ਗਿੱਧਾ ਅਕੈਡਮੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਵੱਖ ਵੱਖ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਮੁਟਿਆਰਾਂ ਨੇ ਭਾਗ ਲਿਆ। ਜਿਸ ਦੀ ਜੱਜਮੈਂਟ ਗਿੱਧਾ ਕੌਚ ਕਵਲੀਨ ਕੌਰ ਭਿੰਡਰ (ਸਾਬਕਾ ਮਿਸ ਪੰਜਾਬਣ, ਗਿੱਧਿਆਂ ਦੀ ਰਾਣੀ), ਪ੍ਰੀਤ ਨਾਹਲ, ਸ਼ਾਈਨਾ ਪਰਮਾਰ, ਕਰਨਬੀਰ ਰੰਧਾਵਾ, ਜੋਬਨਜੀਤ ਕੌਰ ਵੱਲੋਂ ਕੀਤੀ ਗਈ।
ਇਹਨਾਂ ਮੁਕਾਬਲਿਆਂ ਵਿੱਚ ਸੁਪਿੰਦਰ ਕੌਰ ਭੰਗੂ ਪੰਜਾਬਣ ਮੁਟਿਆਰ, ਗੁਰਨੂਰ ਕੌਰ ਗਿੱਧਿਆਂ ਦੀ ਰਾਣੀ, ਸਲੋਨੀ ਜਲੰਧਰ ਤੀਆਂ ਦੀ ਰਾਣੀ, ਪਵਨਦੀਪ ਕੌਰ ਨਿਪੁੰਨ ਪੰਜਾਬਣ ਅਤੇ ਟੂਣੇਹਾਰੀ ਅੱਖ, ਚੰਨ ਵਰਗਾ ਚਿਹਰਾ ਟਵਿੰਕਲ, ਲੰਮੀਂ ਗੁੱਤ ਕਮਲੇਸ਼ ਕੁਮਾਰੀ, ਸੋਹਨੇ ਗਹਿਨੇ ਹੁਨਰ, ਸੋਹਣੀ ਮੁਸਕਾਨ ਅਨਮੋਲ, ਨਖਰੋ ਮੁਟਿਆਰ ਦਮਨਦੀਪ, ਸੁਨੱਖੀ ਮੁਟਿਆਰ ਅਨੂਰੀਤ, ਉੱਤਮ ਨਾਚ ਚਾਹਤ ਸ਼ਰਮਾ, ਮਿੱਠੀ ਬੋਲੀ ਦਾ ਖਿਤਾਬ ਕਮਲਪ੍ਰੀਤ ਕੌਰ ਨੇ ਜਿੱਤਿਆ। ਮੁਕਾਬਲਿਆਂ ਤੋਂ ਬਾਅਦ ਇਸੇ ਹੀ ਸਟੇਜ ਤੇ ਗਿੱਧਿਆਂ ਦੀਆਂ ਰਾਣੀਆਂ ਸਮੇਤ ਆਏ ਹੋਏ ਮਹਿਮਾਨਾਂ ਨੇ ਖੂਬ ਗਿੱਧਾ ਪਾਇਆ।
ਇਸ ਮੌਕੇ ਸਮੂਹ ਜੇਤੂਆਂ ਨੂੰ ਟਾਈਟਲ ਅਤੇ ਇਨਾਮ ਦਿੱਤੇ ਗਏ। ਇਸ ਦੌਰਾਨ ਮੁੱਖ ਮਹਿਮਾਨ ਕਰਮਪਾਲ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਕਰਤਾਰਪੁਰ ਨੇ ਕਿਹਾ ਕਿ ਆਪਣਾ ਵਿਰਸਾ ਸੰਭਾਲੀ ਰੱਖਣ ਲਈ ਇਹੋ ਜਿਹੇ ਕਲਚਰਲ ਪ੍ਰੋਗਰਾਮ ਸਮੇਂ ਦੀ ਜਰੂਰਤ ਹੈ ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਕਲਚਰਲ ਨਾਲ ਜੋੜਿਆ ਜਾ ਸਕਦਾ ਹੈ। ਅਖੀਰ ਵਿੱਚ ਉਹਨਾਂ ਇਸ ਮੇਲੇ ਨੂੰ ਕਰਵਾਉਣ ਵਿੱਚ ਮੁੱਖ ਭੁਮਿਕਾ ਨਿਭਾਉਣ ਵਾਲੀ ਅਨੂਦੀਪ ਕੌਰ ਲਹਿਲ ਅਤੇ ਤਮੰਨਾ ਮਹਿਤਾ ਨੂੰ ਇਸ ਮੇਲੇ ਦੀ ਸਫਲਤਾ ਲਈ ਵਧਾਈ ਦਿੱਤੀ। ਉਪਰੰਤ ਅਨੂਦੀਪ ਕੌਰ ਨੇ ਆਏ ਹੋਏ ਸਮੂਹ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।