ਕੁੱਲੜ ਫਿਲਮ ਦੀ ਮੰਗ ਅੱਜਕੱਲ ਪੂਰੇ ਜ਼ੋਰਾਂ ਤੇ ਹੈ ਤੇ ਇਸੇ ਤਰ੍ਹਾਂ ਹੀ ਜਦੋਂ ਕਟਾਰੂਚੱਕ ਦੀ ਬਲੂ ਫਿਲਮ ਦਾ ਐਲਾਨ ਹੋਇਆ ਸੀ ਤਾਂ ਸਾਡੇ ਚਿਹਰੇ ਖਿੜ ਗਏ ਸਨ। ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਵਟਸਐਪ ਸਾਰੇ ਫਰੋਲ ਦਿੱਤੇ ਕਿ ਕਿਤੋਂ ਫ਼ਿਲਮ ਦੀ ਇੱਕ ਝਲਕ ਮਿਲ ਜਾਵੇ। ਬਹੁਤੇ ਤਾਂ ਪੂਰਾ ਹਫ਼ਤਾ ਭਰ ਤੜਫਦੇ ਰਹੇ । ਪਰ ਉਨ੍ਹਾਂ ਦੀ ਤੜਪ ਵਿਅਰਥ ਗਈ ਤੇ ਲੱਖ ਯਤਨਾਂ ਦੇ ਬਾਵਜੂਦ ਵੀ ਫਿਲਮ ਰਿਲੀਜ਼ ਨਾਂ ਹੋ ਸਕੀ। ਪਰ ਕੀ ਅਸੀਂ ਕਦੀ ਸ਼ਾਂਤ ਮਨ ਨਾਲ ਬੈਠ ਕੇ ਸੋਚਿਆ ਹੈ ਕਿ ਅਸੀਂ ਦੇਖਣਾ ਕੀ ਚਾਹੁੰਦੇ ਹਾਂ? ਕੀ ਅਸੀਂ ਕਦੇ ਕਿਸੇ ਨੂੰ ਸੈਕਸ ਕਰਦੇ ਨਹੀਂ ਦੇਖਿਆ? ਕੀ ਅਸੀਂ ਕਦੇ ਖੁਦ ਸੈਕਸ ਨਹੀਂ ਹੰਢਾਇਆ? ਇੱਕ ਉਮਰ ਹੁੰਦੀ ਹੈ ਜਦੋਂ ਬੰਦਾ ਇਸ ਪ੍ਰਵਿਰਤੀ ਵੱਲ ਖਿੱਚਿਆ ਜਾਂਦਾ ਹੈ ਪਰ ਸਾਡੀਆਂ ਤਾਂ ਸਾਰੀਆਂ ਉਮਰਾਂ ਈ ਸੈਕਸ ਭੁੱਖ ‘ਚ ਗੁਜ਼ਰਨ ਲੱਗੀਆਂ ਹਨ। ਕੀ ਅਸੀਂ ਨਹੀਂ ਜਾਣਦੇ ਕਿ ਇੱਕ ਔਰਤ ਦੇ ਕਪੜਿਆਂ ਥੱਲੇ ਕੀ ਹੈ ? ਇੱਕ ਮਰਦ ਦੇ ਕੱਛੇ ਵਿੱਚ ਕੀ ਹੈ? ਹੋਰ ਕੀ ਦੇਖਣਾ ਚਾਹੁੰਦੇ ਹਾਂ ਅਸੀਂ? ਜੇ ਇਮਾਨਦਾਰੀ ਨਾਲ ਸਵੀਕਾਰ ਕਰੀਏ ਤਾਂ ਅਸੀਂ ਆਪਣੀ ਧਰਤੀ ਨੂੰ ਪਵਿੱਤਰ ਧਰਤੀ, ਗੁਰੂਆਂ ਪੀਰਾਂ ਦੀ ਧਰਤੀ, ਮਹਾਨ ਧਰਤੀ, ਰਿਸ਼ੀਆਂ-ਮੁਨੀਆਂ ਦੀ ਧਰਤੀ ਆਦਿ ਵਿਸ਼ੇਸ਼ਣਾ ਨਾਲ ਨਿਵਾਜ ਕੇ ਫੁੱਲ੍ਹੇ ਨਹੀਂ ਸਮਾਉਂਦੇ, ਪਰ ਅਸਲੀਅਤ ਵਿੱਚ ਲੰਬੇ ਸੰਘਰਸ਼ਮਈ ਇਤਿਹਾਸ ਦੇ ਬਾਵਜੂਦ ਅਸੀਂ ਕੱਛੇ ਤੋਂ ਬਾਹਰ ਨਹੀਂ ਨਿਕਲ ਸਕੇ। ਆਰਥਿਕ ਤੇ ਪਦਾਰਥਵਾਦ ਵਿਚ ਅਸੀਂ ਵਿਕਾਸ ਕੀਤਾ ਹੋਵੇਗਾ ਪਰ ਮਾਨਸਿਕ ਪੱਧਰ ਤੇ ਅਸੀਂ ਉਸੇ ਪਸ਼ੂ ਬਿਰਤੀ ਵਿੱਚ ਖੜੇ ਹਾਂ। ਵਿਦੇਸ਼ ਵਿੱਚ ਜੇ ਕਿਸੇ ਕੋਲ ਦੀ ਨੀਕਰ ਬਣੈਣ ਵਿੱਚ ਦੀ ਵੀ ਕੋਈ ਔਰਤ ਲੰਘ ਜਾਵੇ ਤਾਂ ਬਹੁਤੇ ਨੋਟ ਨਹੀਂ ਕਰਦੇ ਤੇ ਸਾਡੇ ਵਾਲਿਆਂ ਦੀ ਧਾਰਮਿਕ ਸਥਾਨ ਤੇ ਜਾ ਕੇ ਵੀ ਨਿਗ੍ਹਾ ਔਰਤਾਂ ਦੇ ਅੱਗੇ ਪਿੱਛੇ ਤੇ ਰਹਿੰਦੀ ਹੈ। ਅਸੀਂ ਅਜਿਹੇ ਕਿਉਂ ਹਾਂ ? ਜੇ ਅਸੀਂ ਆਪਣੇ ਇਤਿਹਾਸ ਤੇ ਕੁੱਝ ਨਜ਼ਰ ਮਾਰੀਏ ਤਾਂ ਸਾਨੂੰ ਇਸ ਦੇ ਕੁਝ ਕਾਰਨ ਲੱਭਣਗੇ। ਪੁਰਾਤਨ ਸਮੇਂ ਤੋਂ ਹੀ ਸਮਾਜ ਦੇ ਮੁਖੀਆਂ ਨੇ ਸੈਕਸ ਦੇ ਵਿਸ਼ੇ ਨੂੰ ਲੋਕਾਂ ਤੋਂ ਦੂਰ ਰੱਖ ਕੇ ਇਸ ਨੂੰ ਪਾਪ ਨਾਲ ਜੋੜ ਦਿੱਤਾ। ਜਦੋਂ ਕਿ ਸੈਕਸ ਪਾਪ ਨਹੀਂ ਬਲਕਿ ਪੂਜਣਯੋਗ ਵਿਸ਼ਾ ਸੀ ਕਿਉਂਕਿ ਸਾਰੀ ਮਨੁੱਖੀ ਸੱਭਿਅਤਾ ਇਸ ਤੋਂ ਹੀ ਪੈਦਾ ਹੋਈ ਹੈ। ਅਸਲ ਵਿੱਚ ਇਸ ਪਿੱਛੇ ਉਨ੍ਹਾਂ ਦਾ ਸਵਾਰਥ ਇਸ ਵਿਸ਼ੇ ਨੂੰ ਖੁਦ ਤੱਕ ਸੀਮਤ ਰੱਖਣਾ ਤੇ ਪਰਦੇ ਪਿੱਛੇ ਹਰ ਤਰ੍ਹਾਂ ਦੀਆਂ ਮੌਜਾਂ ਮਾਨਣੀਆਂ ਸੀ। ਬੜੀ ਚਲਾਕੀ ਨਾਲ ਮਨੁੱਖ ਦੀਆਂ ਤਿੰਨ ਜ਼ਰੂਰਤਾਂ ਦੱਸੀਆਂ ਰੋਟੀ, ਕੱਪੜਾ ਤੇ ਮਕਾਨ । ਤੇ ਚੌਥੀ ਜ਼ਰੂਰਤ ਸੈਕਸ ਨੂੰ ਆਪਣੇ ਲਈ ਲੁਕੋ ਲਿਆ ਗਿਆ। ਰੋਟੀ, ਕੱਪੜਾ ਤੇ ਮਕਾਨ ਕਿਸ ਲਈ ਚਾਹੀਦੇ ਸੀ, ਪਰਿਵਾਰ ਲਈ। ਸਮਾਜ ਲਈ। ਸਮਾਜਿਕ ਵਾਧੇ ਲਈ। ਤੇ ਇਸ ਵਾਧੇ ਦਾ ਮੁੱਢਲਾ ਅਧਾਰ ਸੈਕਸ ਸੀ, ਜੋ ਸਮਾਜ ਲਈ ਵਰਜਿਤ ਕਰ ਦਿੱਤਾ ਗਿਆ। ਪਰ ਪਰਦੇ ਪਿੱਛੇ ਸਮਾਜ ਦੇ ਆਪੇ ਬਣੇ ਮੁਖੀ ” ਸ਼ੁੱਧੀ-ਕਰਨ” ਦੇ ਨਾਮ ਤੇ ਛੋਟੀਆਂ ਬਾਲੜੀਆਂ ਤੋਂ ਲੈ ਕੇ ਨੌਜਵਾਨ ਕੁੜੀਆਂ ਤੱਕ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਰਹਿੰਦੇ ਤੇ ਮਨ ਭਰਨ ਤੇ ਉਨ੍ਹਾਂ ਨੂੰ ਆਮ ਲੋਕਾਂ ਲਈ ਛੱਡ ਦਿੱਤਾ ਜਾਂਦਾ, ਜਿਵੇਂ ਜੂਠਾ ਭੋਜਨ ਪਰੋਸ ਹੁੰਦਾ ਹੈ। ਇਹ ਸਿਲਸਿਲਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਹੁਣ ਤਾਂ ਸਭ ਕੁਝ ਨੰਗਾ ਹੋ ਚੁੱਕਿਆ ਹੈ। ਲੋਕਾਂ ਨੂੰ ਝੂਠੇ ਅਦਰਸ਼ਵਾਦ ਦਾ ਪਾਠ ਪੜਾਉਣ ਵਾਲੇ ਸਮਾਜਿਕ ਅਤੇ ਧਾਰਮਿਕ ਆਗੂ ਸਭ ਨੰਗੇ ਫੜੇ ਗਏ ਹਨ। ਅੱਜ ਕਈ ਵਾਰ ਅਸੀਂ ਦੇਖਦੇ ਹਾਂ ਕਿ ਕੋਈ ਵੱਡੀ ਉਮਰ ਦਾ ਬੰਦਾ ਇਹੋ ਜਿਹਾ ਕਾਰਾ ਕਰਦਾ ਹੈ ਤਾਂ ਸਾਰਾ ਸਮਾਜ ਉਸਨੂੰ ਲਾਹਣਤਾਂ ਪਾਉਣ ਲੱਗ ਜਾਂਦਾ ਹੈ
“ਚੌਰਿਆਂ ਆਪਣੀ ਉਮਰ ਤਾਂ ਵੇਖ ਲੈਂਦਾ।”
ਪਰ ਅਸੀਂ ਕਦੇ ਨਹੀਂ ਸੋਚਦੇ ਕਿ ਉਹ ਕੀ ਕਰੇ। ਜਦੋਂ ਉਹਦੀ ਉਮਰ ਸੀ ਉਦੋਂ ਉਸਨੂੰ ਝੂਠੇ ਢਾਰਸ ਅਤੇ ਪਾਪ ਪੁੰਨ ਵਿੱਚ ਫਸਾ ਕੇ ਔਰਤ ਦੇ ਨੇੜੇ ਨਹੀਂ ਲੱਗਣ ਦਿੱਤਾ। ਹੁਣ ਉਹਦੇ ਅੰਦਰ ਪਿਆ ਜਵਾਲਾ ਕਿਤੇ ਤਾਂ ਫਟੇਗਾ ਹੀ। ਇਸੇ ਸਾਜ਼ਿਸ਼ ਵਿਚ ਫਸ ਕੇ ਸਾਡਾ ਸਮਾਜ ਮਾਨਸਿਕ ਵਿਕਾਸ ਨਹੀਂ ਕਰ ਸਕਿਆ ਤੇ ਸਮਾਜ ਦੀ ਪੈਦਾਇਸ਼ ਲਈ ਕਿਸੇ ਅਦਿਖ ਨੂੰ ਹੀ ਪੂਜਦਾ ਰਿਹਾ।
ਇਸਦਾ ਹੋਰ ਕਾਰਨ ਸਦੀਆਂ ਤੋਂ ਸਾਡੇ ਸਮਾਜ ਵਿਚ ਔਰਤ-ਮਰਦ ਦਾ ਬੇਜੋੜ ਮੇਲ ਵੀ ਰਿਹਾ ਹੈ। ਨਾ ਪਸੰਦੀ ਵਿੱਚ ਬਹੁਤ ਕੁਝ ਦੱਬ ਕੇ ਰਹਿ ਜਾਂਦਾ ਹੈ ਜੋ ਕਿਤੇ ਨਾ ਕਿਤੇ ਜਵਾਲਾਮੁਖੀ ਬਣ ਕੇ ਫਟਦਾ ਹੈ।
ਕੀ ਅਸੀਂ ਵੀ ਕਦੇ ਅਜਿਹੇ ਸਮਾਜ ਦੇ ਨਾਗਰਿਕ ਬਣ ਸਕਾਂਗੇ ਜਿੱਥੇ ਸੈਕਸ ਬਾਰੇ ਓਨੀ ਸਹਿਜਤਾ ਨਾਲ ਗੱਲ ਕੀਤੀ ਜਾ ਸਕੇ ਜਿੰਨੀ ਸਹਿਜਤਾ ਨਾਲ ਰੱਬ ਬਾਰੇ ਕੀਤੀ ਜਾਂਦੀ ਹੈ? ਸਾਡੇ ਅੰਸ਼ ਸਾਡੀਆਂ ਪੀੜ੍ਹੀਆਂ ਵਿੱਚ ਜਾ ਰਹੇ ਹਨ। ਇਹੀ ਕਾਰਨ ਹੈ ਕਿ ਜਵਾਨੀ ਵਿਚ ਪੈਰ ਧਰਦਿਆਂ ਹੀ ਨੌਜਵਾਨ ਸਭ ਕੁਝ ਛੱਡਕੇ ਸੈਕਸ ਵੱਲ ਭੱਜਦੇ ਹਾਂ।
ਹੁਣ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਜਗ੍ਹਾ ਜਗ੍ਹਾ ਸੈਕਸ ਅੱਡੇ ਖੋਲ੍ਹ ਦੇਣੇ ਚਾਹੀਦੇ ਹਨ। ਮਸਲਾ ਇਹ ਹੈ ਕਿ ਸਾਡੀ ਸੋਚ ਵਿੱਚ ਸੈਕਸ ਦਾ ਸਧਾਰਨੀਕਰਨ ਕਿਵੇਂ ਹੋਵੇ ਤੇ ਸਦੀਆਂ ਤੋਂ ਸਾਡੀ ਮਾਨਸਿਕਤਾ ਵਿੱਚ ਪਈ ਕੂੜਤਾ ਕਿਵੇਂ ਮਿਟੇ? ਜਿੰਨਾ ਚਿਰ ਸਾਡੀ ਸੋਚ ਵਿੱਚ ਸੈਕਸ ਦਾ ਸਧਾਰਨੀਕਰਨ ਨਹੀਂ ਹੁੰਦਾ ਓਨਾ ਸਮਾਂ ਨਾ ਤਾਂ ਬਲਾਤਕਾਰ ਰੁਕਣਗੇ ਤੇ ਨਾਂ ਸਾਡੀ ਮਾਨਸਿਕਤਾ ਵਿੱਚ ਪਈ ਭੁੱਖ ਮਿਟੇਗੀ। ਇਸ ਪਾਸੇ ਕਦਮ ਵਧਾਉਣ ਤੋਂ ਸ਼ੁਰੂ ਕਰਕੇ ਮੰਜ਼ਿਲ ਤੱਕ ਪੁੱਜਦਿਆ ਕਈ ਦਹਾਕੇ ਲੱਗਣਗੇ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਇਹ ਪ੍ਰਵਿਰਤੀ ਦੋਨੋ ਪਾਸੇ ਭਾਰੀ ਹੈ ਪਰ ਇਸ ਵਿੱਚ ਵਧੇਰੇ ਪੀੜਿਤ ਧਿਰ ਔਰਤ ਹੀ ਰਹੀ ਹੈ।
“ਹੋ ਸਕਦੈ ਤੁਸੀਂ ਅਲੱਗ ਸੋਚਦੇ ਹੋਵੋ”
ਕੁਲਵਿੰਦਰ ਸਿੰਘ ਮੁਕਤਸਰ
( ਮੈਨੂੰ ਲਗਦਾ ਹੈ ਕਿ ਸਬੰਧਤ ਤਸਵੀਰ ਸਦੀਆਂ ਤੋਂ ਇਸ ਮਾਨਸਿਕਤਾ ਦਾ ਬੋਝ ਢੋਂਹ ਰਹੀ ਔਰਤ ਦੀ ਸਹੀ ਪ੍ਰਤੀਨਿਧਤਾ ਕਰਦੀ ਹੈ )
Author: Gurbhej Singh Anandpuri
ਮੁੱਖ ਸੰਪਾਦਕ