Home » ਅੰਤਰਰਾਸ਼ਟਰੀ » ਫ਼ਯੋਦਰ ਦੋਸਤੋਵਸਕੀ ਦੇ ਜੀਵਨ ਦੀ ਅਹਿਮ ਘਟਨਾ

ਫ਼ਯੋਦਰ ਦੋਸਤੋਵਸਕੀ ਦੇ ਜੀਵਨ ਦੀ ਅਹਿਮ ਘਟਨਾ

50 Views

ਦੋਸਤੋਵਸਕੀ ਬਹੁਤ ਹੀ ਮਹੱਤਵਪੂਰਨ ਲੇਖਕਾਂ ਵਿੱਚੋਂ ਇੱਕ ਹੈ। ਉਸ ਨੂੰ ਉਸ ਦੇ ਕੰਮ ਦੇ ਆਯਾਮ ਕਾਰਨ ਇੱਕ ਵਿਸ਼ਵ-ਵਿਆਪੀ ਲੇਖਕ ਮੰਨਿਆ ਜਾਂਦਾ ਹੈ, ਕਿਉਂਕਿ ਰੂਸੀ ਲੇਖਕ ਹੋਣ ਦੇ ਬਾਵਜੂਦ ਉਸ ਦੀ ਰਚਨਾ ਪੱਛਮੀ ਸੱਭਿਆਚਾਰ, ਚਿੰਤਨ ਅਤੇ ਸਾਹਿਤ ਤੱਕ ਵੀ ਪਹੁੰਚੀ ਹੈ। ਇਸ ਰੂਸੀ ਚਿੰਤਕ ਅਤੇ ਲੇਖਕ ਨੂੰ 1849 ਵਿੱਚ ਰਸ਼ੀਅਨ ਜ਼ਾਰ ਹਕੂਮਤ ਨੇ ਉਹਨਾਂ ਗਤੀਵਿਧੀਆਂ ਕਰਕੇ ਗ੍ਰਿਫਤਾਰ ਕਰ ਲਿਆ ਜਿੰਨ੍ਹਾਂ ਤੇ ਹਕੂਮਤ ਨੇ ਪਾਬੰਧੀ ਲਗਾਈ ਹੋਈ ਸੀ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੋਸਤੋਵਸਕੀ ਇੱਕ ਮਹਾਨ ਨਾਵਲਿਸਟ ਸੀ। ਉਹਦੀਆਂ ਲਿਖਤਾਂ ਦਾ ਰੂਸ ਵਿੱਚ ਤੇ ਰੂਸ ਤੋਂ ਬਾਹਰ ਵੀ ਬੜਾ ਪ੍ਰਭਾਵ ਸੀ। ਉਹਦੀਆਂ ਲਿਖਤਾਂ ਤਕਰੀਬਨ 170 ਭਾਸ਼ਾਵਾਂ ਵਿੱਚ ਟਰਾਂਸਲੇਟ ਹੋ ਚੁੱਕੀਆਂ ਹਨ, ਤੇ ਬਹੁਤ ਸਾਰੀਆਂ ਤੇ ਫਿਲਮਾਂ ਵੀ ਬਣ ਚੁੱਕੀਆਂ ਹਨ। ਇਥੇ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਆਂ ਉਹ ਬਹੁਤ *ਅਹਿਮ ਘਟਨਾ* ਹੈ। ਜੇ ਇਹ ਗੱਲ ਸਮਝ ਵਿੱਚ ਪੈ ਜਾਵੇ ਤਾਂ ਦੋਸਤੋ, ਬਸ, ਜਿੰਦਗੀ ਹੀ ਬਦਲ ਸਕਦੀ ਹੈ..।
ਖੈਰ, ਜਦੋਂ ਦੋਸਤੋਵਸਕੀ ਨੂੰ ਮੌਤ ਦੀ ਸਜਾ ਦਿੱਤੀ ਜਾਣੀ ਸੀ ਉਸ ਦਿਨ ਸਵੇਰੇ ਠੀਕ ਛੇ ਵਜੇ ਉਸ ਦੀ ਜ਼ਿੰਦਗੀ ਤਬਾਹ ਹੋਣ ਵਾਲੀ ਸੀ…..!!
ਪਰ ਅਚਾਨਕ ਖਬਰ ਆਈ ਤੇ ਛੇ ਵਜੇ ਤੋਂ ਪੰਜ ਮਿੰਟ ਪਹਿਲਾਂ ਉਸ ਦੀ ਸਜਾ ਮੁਆਫ਼ ਕਰ ਦਿੱਤੀ ਗਈ। ਬਸ, ਕੁਝ ਹੀ ਸਮੇਂ ਵਿਚ ਉਸ ਦੀ ਮੌਤ ਦੀ ਸਜ਼ਾ ਮੁਆਫ ਕਰ ਦਿੱਤੀ ਗਈ ‍ਸੀ।
ਦੋਸਤੋਵਸਕੀ ਨੇ ਬਾਅਦ ਵਿੱਚ ਜੋ ਲਿਖਿਆ ਉਹ ਅਤਿ-ਮਹੱਤਵਪੂਰਨ ਹੈ। ਉਹ ਲਿਖਦਾ ਹੈ….,
“ਮੌਤ ਦਾ ਪਲ, ਸਵੇਰੇ ਛੇ ਵਜੇ ਦਾ ਸਮਾਂ ਜਦੋਂ ਨੇੜੇ ਆ ਰਿਹਾ ਸੀ ਤਾਂ ਮੇਰੇ ਮਨ ਵਿੱਚ ਕੋਈ ਇੱਛਾ ਜਾਂ ਚਾਹਤ ਨਹੀਂ ਸੀ…
ਕਿਉਂਕਿ ਭਵਿੱਖ ਦੇ ਸੁਪਨੇ, ਚਾਹਤਾਂ, ਇਛਾਵਾਂ ਤੇ ਫਿਰ ਉਹਨਾਂ ਖਾਤਿਰ ਮਨ ਦੀਆਂ ਉਲਝਣਾ ਲਈ ਸਮੇਂ ਦੀ ਲੋੜ ਹੁੰਦੀ ਹੈ। ਪਰ ਇਹ “ਸਮਾਂ” ਹੀ ਮੇਰੇ ਕੋਲ ਨਹੀਂ ਸੀ….!!!
ਇੱਛਾਵਾਂ ਦਾ ਉਪਜਣਾ ਤੇ ਫਿਰ ਉਹਨਾਂ ਨੂੰ ਪੂਰੀਆਂ ਕਰਨ ਤੇ ਜੋ ਲੱਗਣਾ ਸੀ ਉਹ “ਸਮਾਂ” ਸੀ ਜੋ ਮੇਰੇ ਕੋਲ ਬਿਲਕੁਲ ਨਹੀਂ ਸੀ…
ਮੈਂ ਵੇਖਿਆ ਕਿ ਮੈਂ ਉਸ ਵਕਤ ਬਹੁਤ ਸ਼ਾਂਤ ਸੀ….!!!
ਮੈਂ ਪਹਿਲਾਂ ਵੀ ਇੱਕ ਖੋਜਾਰਥੀ ਦੀ ਤਰਾਂ ਜਿੰਦਗੀ ਗੁਜਾਰ ਰਿਹਾ ਸੀ….
ਜਿਵੇਂ ਕਿਸੇ ਸਫਰ ਤੇ ਹੋਵਾਂ….
ਇਹ ਸਫਰ ਸੀ ਜਿੰਦਗੀ ਦੀ ਖੋਜ਼ ਦਾ….
ਮੈਨੂੰ ਉਸੇ ਪਲ ਪਤਾ ਲੱਗ ਗਿਆ ਕਿ ਸਾਧੂਆਂ, ਸੰਤਾਂ ਦੀ ਸਮਾਧੀ ਕੀ ਹੁੰਦੀ ਹੈ….!!!
ਅਜੀਬ ਤਰਾਂ ਦਾ ਪਲ ਮੇਰੀ ਜਿੰਦਗੀ ‘ਚ ਘਟ ਰਿਹਾ ਸੀ ਤੇ ਮੈਂ ਆਪਣੇ ਆਪ ਤੇ ਸਾਰੀ ਪਕੜ ਢਿੱਲੀ ਛੱਡ ਦਿੱਤੀ ਸੀ….!!!
ਹੁਣ ਮੇਰੇ ਕੋਲ ਕਰਨ ਲਈ ਕੁਝ ਨਹੀਂ ਸੀ…..!!
ਹੁਣ ਲੱਗ ਰਿਹਾ ਸੀ ਕਿ ਮੈਂ “ਮੈਂ” ਨਹੀਂ ਹਾਂ…!!!
ਮੈਂ ਇੱਕ ਪੂਰੇ ਅਸਤਿਤਵ ਦਾ ਹੀ ਹਿੱਸਾ ਹਾਂ…!!!
ਮੇਰੀ ਕੋਈ ਵੱਖਰੀ ਹੋੰਦ ਨਹੀਂ ਹੈ….!!!
ਮੇਰੀ ਸਾਰੀ ਹਊਮੈ ਖਤਮ ਹੋ ਗਈ ਸੀ…
ਮੈਂ ਜਿਵੇਂ ਸਭ ਝਮੇਲਿਆਂ ਤੋਂ, ਫਿਕਰਾਂ ਤੋਂ ਸੁਰਖਰੂ ਹੋ ਗਿਆ ਸਾਂ…..!!!
ਹੁਣ ਮੇਰਾ ਕੋਈ ਅੰਗ-ਸਾਕ ਨਹੀਂ ਸੀ….!!!
ਹੁਣ ਮੇਰਾ ਕਿਸੇ ਨਾਲ ਕੋਈ ਝਗੜਾ-ਕਲੇਸ਼ ਨਹੀਂ ਸੀ….!!!
ਹੁਣ ਮੈਨੂੰ ਕੋਈ ਸ਼ਿਕਵਾ-ਸ਼ਿਕਾਇਤ ਨਹੀਂ ਸੀ…!!
ਮੇਰੇ ਸਾਰੇ ਕਲੇਸ਼ ਮੁੱਕ ਚੁੱਕੇ ਸਨ….!!!
ਮੈਂ ਮਰਨ ਤੋਂ ਪਹਿਲਾਂ ਹੀ ਮੌਤ ਦੇ ਪਲ ਨੂੰ ਮਹਿਸੂਸ ਕਰ ਰਿਹਾ ਸਾਂ…..!!!
ਹੁਣ ਮੈਂ ਆਪਣੇ ਆਪ ਨੂੰ ਕੁਦਰਤ ਰਾਣੀ ਦੀ ਗੋਦ ਵਿੱਚ ਸੌੰਪ ਚੁੱਕਾ ਸਾਂ….!!!
ਹੁਣ ਮੈਂ “ਮੈਂ” ਨਹੀਂ ਸਾਂ…..!!!
ਮੈ ਮਿਟ ਗਿਆ ਸਾਂ….!!!
ਪਰ, ਅਚਾਨਕ ਹੀ ਰਿਹਾਈ ਦਾ ਆਰਡਰ ਆਇਆ….!!!!!!
ਮੈਨੂੰ ਦੱਸਿਆ ਗਿਆ ਕਿ ਮੈਂ ਜਾ ਰਿਹਾ ਹਾਂ। ਮੇਰੀ ਮੌਤ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਹੈ।
ਬਸ, ਅਚਾਨਕ ਮੈਂ ਇੱਕ ਚੋਟੀ ਤੋਂ ਹੇਠਾਂ ਡਿੱਗ ਗਿਆ। ਜਿਵੇਂ ਸਵਰਗ ਤੋਂ ਜ਼ਮੀਨ ‘ਤੇ ਵਾਪਸ ਆ ਗਿਆ। ਸਾਰੀਆਂ ਇੱਛਾਵਾਂ; ਸਾਰੀਆਂ ਮਾਮੂਲੀ ਇੱਛਾਵਾਂ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਸੀ, ਇੱਕ ਪਲ ਪਹਿਲਾਂ, ਉਹ ਸਾਰੀਆਂ ਵਾਪਸ ਆ ਗਈਆਂ ਸਨ। ਮੇਰੇ ਪੈਰਾਂ ਨੂੰ ਮੇਰੀ ਜੁੱਤੀ ਕੱਟ ਰਹੀ ਸੀ…!!!
ਜਿਸਦਾ ਕੁਝ ਪਲ ਪਹਿਲਾਂ ਮੈਨੂੰ ਪਤਾ ਵੀ ਨਹੀਂ ਸੀ…!!
ਫਿਰ ਤੋਂ ਵਾਪਸ ਆਇਆਂ ਪਤਾ ਲੱਗਣ ਲੱਗਾ ਕਿ ਮੇਰੀ ਜੁੱਤੀ ਮੇਰੇ ਪੈਰ ਵੱਢ ਰਹੀ ਆ… ਇੱਕ ਪਲ ਪਹਿਲਾਂ, ਮੈਂ ਭੁੱਲ ਗਿਆ ਸੀ ਕਿ ਜੁੱਤੀ ਪੈਰਾਂ ਵਿੱਚ ਹੈ। ਬਸ, ਫਿਰ ਸ਼ੁਰੂ ਹੋ ਗਿਆ ਉਹੀ ਪੁਰਾਣਾ ਰਾਗ…!!
ਉਸ ਜੁੱਤੀ ਬਾਰੇ ਖਿਆਲ ਆਇਆ ਕਿ ਇਹ ਜੁੱਤੀ ਪੁਰਾਣੀ ਹੋ ਗਈ ਹੈ, ਹੁਣ ਇੱਕ ਨਵੀਂ ਜੁੱਤੀ ਲਵਾਂਗਾ….
ਮੈਨੂੰ ਕਿਹੋ ਜਿਹੀ ਜੁੱਤੀ ਮਿਲੇਗੀ..??
ਰੰਗ ਕਿਹੋ ਜਿਹਾ ਹੋਵੇਗਾ..??
ਮੇਰੇ ਕਪੜੇ ਵੀ ਠੀਕ ਨਹੀਂ ਹਨ…
ਨਵਾਂ ਜੋੜਾ ਲਵਾਂਗਾ….!!!
ਹੋਰ ਮੈਨੂੰ ਕੀ ਕੀ ਪਸੰਦ ਹੈ…!!
ਮੇਰੀ ਕੋਈ ਔਰਤ ਸਾਥੀ ਵੀ ਹੈ…???
ਉਹਨੂੰ ਕਿਵੇਂ ਖੁਸ਼ ਕਰਾਂਗਾ….!!!??
ਹੋਰ ਕਿਹੜੇ-ਕਿਹੜੇ ਪਾਪੜ ਵੇਲਾਂਗਾ….???
ਇਨ੍ਹਾਂ ਸਾਰੇ ਫਿਜੂਲ ਵਿਚਾਰਾਂ ਨੇ ਮੇਰੇ ਮਨ ਵਿੱਚ ਫਿਰ ਤੂਫ਼ਾਨ ਖੜ੍ਹਾ ਕਰ ਦਿੱਤਾ। ਇੱਕ ਹੀ ਪਲ ਦੇ ਵੱਖ-ਵੱਖ ਭਾਗਾ ਵਿੱਚ ਕਈ ਹੋਰ ਯੋਜਨਾਵਾਂ ਤਿਆਰ ਕੀਤੀਆਂ ਜਾਣ ਲੱਗੀਆਂ।
ਸਾਰੇ ਸਿਆਪੇ ਵਾਪਸ ਆ ਗਏ ਸਨ..!!!!!
ਦੋਸਤੋਵਸਕੀ ਕਿਹਾ ਕਰਦਾ ਸੀ, “ਮੈਂ ਉਸ ਸਿਖਰ ਨੂੰ ਮੁੜ ਕਦੇ ਨਹੀਂ ਛੂਹ ਸਕਿਆ…।
ਇਹ ਮੇਰੇ ਜੀਵਨ ਵਿੱਚ ਇੱਕ ਦੁਰਲੱਭ ਅਨੁਭਵ ਸੀ ਜੋ ਮੁੜ ਕਦੇ ਨਹੀਂ ਆਇਆ…!!
ਕੀ ਹੋਇਆ?? ਉਸ ਪਲ ਦੋਸਤੋਵਸਕੀ ਨੂੰ ਕੀ ਹੋਇਆ…??
ਜਦੋਂ ਮੌਤ ਇੰਨੀ ਯਕੀਨੀ ਹੁੰਦੀ ਹੈ, ਚੇਤਨਾ ਸਾਰੇ ਸਬੰਧਾਂ ਨੂੰ ਛੱਡ ਦਿੰਦੀ ਹੈ। ਇਸੇ ਲਈ ਸਾਰੇ ਸਾਧਕਾਂ ਨੇ ਮੌਤ ਦੀ ਨਿਸ਼ਚਿੱਤਤਾ ਦੇ ਅਨੁਭਵ ਉੱਤੇ ਬਹੁਤ ਜ਼ੋਰ ਦਿੱਤਾ ਹੈ। ਬੁੱਧ ਨੇ ਭਿੱਖੂਆਂ ਨੂੰ ਇਸ ਮਾਰਗ ‘ਤੇ ਭੇਜਿਆ ਸੀ ਕਿ ਤੁਸੀਂ ਤਿੰਨ ਮਹੀਨਿਆਂ ਤੱਕ ਲੋਕਾਂ ਨੂੰ ਮਰਦੇ, ਸੜਦੇ, ਸੁਆਹ ਹੁੰਦੇ ਵੇਖ ਕੇ ਆਉ। ਜਾਉ ਮੜ੍ਹੀਆਂ ‘ਚ ਬੈਠੋ ਜਾ ਕੇ ਤੇ ਵੇਖੋ ਉਹ ਪਿਆਰੇ ਲੋਕ ਜਿਨ੍ਹਾਂ ਨੇ ਕੱਲ੍ਹ ਤੱਕ ਤੁਹਾਨੂੰ ਸੀਨੇ ਨਾਲ ਲਾਇਆ ਸੀ, ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਨਾਲ ਕਿਵੇਂ ਸਾੜਦੇ ਹੋ??
ਤਾਂ ਜੋ ਤੁਹਾਨੂੰ ਆਪਣੀ ਮੌਤ ਦਾ ਪੂਰਾ ਯਕੀਨ ਹੋ ਸਕੇ ਅਤੇ ਜਦੋਂ ਤਿੰਨ ਮਹੀਨਿਆਂ ਬਾਅਦ ਇੱਕ ਸਾਧਕ ‘ਮੌਤ ਦਾ ਸਿਮਰਨ’ ਕਰਕੇ ਵਾਪਸ ਆਉਂਦਾ ਸੀ, ਤਾਂ ਸਭ ਤੋਂ ਪਹਿਲਾਂ ਉਹ ਜੀਵਨ ਦੇ ਥੁੜ-ਚਿਰੇ “ਰਸ” ਦਾ ਤਿਆਗ ਕਰਦਾ ਸੀ।
ਖੈਰ, ਦੁਨੀਆ ਵਿੱਚ ਬਹੁਤ ਸਾਰੇ ਧਰਮਾਂ, ਮਾਰਗਾਂ ਤੇ ਵਿਧੀਆਂ ਨੇ ਮਹਾਂਪੁਰਸ਼ਾਂ ਦੁਆਰਾ ਹਾਸਲ ਕੀਤੇ ਉਸ “ਮਹਾਨ ਪਲ” ਜਦੋਂ ਸਾਰੇ ਵਿਚਾਰਾਂ ਦਾ ਹੜ੍ਹ ਥੰਮਿਆ ਹੋਵੇ, ਨੂੰ ਪਾਉਣ ਦੇ ਵੱਖ-ਵੱਖ ਢੰਗ ਦੱਸੇ ਹਨ।
ਜਿਸ ਪਲ ਬਾਰੇ ਕਬੀਰ ਜੀ ਫੁਰਮਾਨ ਕਰਦੇ ਹਨ,
ਕਬੀਰ ਜਿਸੁ ਮਰਨੇ ਤੇ ਜਗੁ ਡਰੇੈ ਮੇਰੇ ਮਨਿ ਅਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥
ਅਸਲ ਵਿੱਚ ਚੇਤਨਾ ਅਤੇ ਮਨ ਵਿਚਕਾਰ ਸਬੰਧ ਨੂੰ ਤੋੜਨਾ ਹੀ ਅਧਿਆਤਮਿਕਤਾ ਹੈ…!!
ਇਹ ਗੱਠਬੰਧਨ ਹੀ ਜੰਜਾਲ ਹੈ…ਇਹ ਰਿਸ਼ਤਾ ਕਿਵੇਂ ਟੁੱਟੇਗਾ..??
ਇਹ ਰਿਸ਼ਤਾ ਕਿਵੇਂ ਬਣਾਇਆ ਗਿਆ ਸੀ..??
ਇਹਨਾਂ ਸਵਾਲਾਂ ਦਾ ਜਵਾਬ ਖੋਜ਼ਣਾ ਹੀ ਜੀਵਨ ਦਾ ਸਾਰ ਹੈ। ਜਿੰਨਾ ਚਿਰ “ਮੈਂ” ਸੋਚਦਾ ਹਾਂ, ਮੈਂ “ਮਨ” ਹਾਂ, ਤਦ ਤੱਕ ਰਿਸ਼ਤਾ ਹੈ। ਇਹ ਭਰਮ ਕਿ ਮੈਂ “ਮਨ” ਹਾਂ, ਉਦੋਂ ਤੱਕ ਰਿਸ਼ਤਾ ਹੈ। ਇਸ ਸਬੰਧ ਨੂੰ ਤੋੜਨਾ ਤੇ ਇਹ ਜਾਣਨਾ ਕਿ ਮੈਂ ਮਨ ਨਹੀਂ ਹਾਂ,
ਮੈ ਸਮੂਹਿਤ ਚੇਤਨਾ ਦਾ ਹੀ ਹਿੱਸਾ ਹਾਂ, ਇਹੀ ਅਧਿਆਤਮਿਕਤਾ ਹੈ..।
ਬਾਕੀ,
ਰੱਬ ਹੈ…!!, ਰੱਬ ਨਹੀਂ ਹੈ…!!
ਦੇ ਚੱਕਰ ‘ਚ ਉਲਝੇ ਰਹਿਣਾ ਬੇ-ਮਾਇਨੇ ਹੈ।
ਸਮੂਹਿਕ ਚੇਤਨਾ ਇੱਕ ਹੀ ਹੈ…
ਤਾਂ ਹੀ ਤਾਂ ਸ਼੍ਰੀ ਗੁਰੂ ਨਾਨਕ ਕਹਿੰਦੇ ਹਨ ਕਿ “ਇੱਕ ਹੀ ਹੈ” ਤੇ “੧ਓ” ਤੋਂ ਭਾਵ “oneness” ਹੈ ਨਾਂ ਕਿ ਰੱਬਾਂ ਦੀ ਗਿਣਤੀ ਕਰਕੇ ‘ਇੱਕ’ ਕਿਹਾ ਹੈ। ਇਹ ਕੋਈ ਗਿਣਤੀ ਨਹੀਂ ਦੱਸੀ ਗਈ। ਸਗੋਂ ਪੂਰਾ ਅਸਤਿਤਵ ਜੁੜਿਆ ਹੋਇਆ ਹੈ, ਇਹ ਦੱਸਿਆ ਹੈ।
ਤੁਸੀਂ ਕੋਈ ਆਪਣੀ ਵੱਖਰੀ ਡੱਫਲੀ ਨਹੀਂ ਵਜਾ ਸਕਦੇ। ਜੋ ਵੀ ਇਸ ਤਰਾਂ ਸੋਚਦਾ ਹੈ ਉਹ ਭੁਲੱਕੜ ਹੈ। ਉਪਰੋਕਤ ਲੇਖ ਦਾ ਭਾਵ ਹੈ ਕਿ ਮੌਤ ਜੀਵਨ ਦੇ ਵਿਰੁੱਧ ਨਹੀਂ ਸਗੋਂ ਜੀਵਨ ਦਾ ਹੀ ਇੱਕ ਅਹਿਮ ਹਿੱਸਾ ਹੈ। ਜਿਵੇਂ ਜਿਉਂਦਿਆਂ ਹੀ ਮੌਤ ਦੇ ਪਲ ਦਾ ਆਨੰਦ ਮਹਾਂਪੁਰਸ਼ਾਂ ਤੇ ਸ਼੍ਰੋਮਣੀ ਸ਼ਹੀਦਾਂ, ਜਿੰਨ੍ਹਾਂ ਦੇ ਦਿਹਾੜੇ ਮਨਾ ਰਹੇ ਹਾਂ, ਨੇ ਖੁਦ ਮਾਣਿਆ ਹੈ ਤੇ ਸਾਨੂੰ ਵੀ ਦੱਸਿਆ ਹੈ। ਬਾਕੀ ਜੀਵਨ ਦੇ ਵੀ ਸੁਖਦ-ਪਲ ਹਨ ਪਰ ਥੁੜ-ਚਿਰੇ ਹਨ, ਸਦੈਵ ਨਹੀਂ ਹਨ। ਇਸ ਲਈ ਸਾਨੂੰ ਸਦੈਵ ਵੱਲ ਤੋਰਿਆ ਗਿਆ ਹੈ। ‘ਧਰਮ’ ਬਿਲਕੁਲ ਠੀਕ ਦਿਸ਼ਾ ‘ਚ ਤੋਰਦੇ ਹਨ। ਕਿਉਂਕਿ ਪੂਰਾ ਅਸਤਿੱਤਵ ਹੀ ਆਨੰਦਮਈ ਲੈਅ ਵਿੱਚ ਹੈ ਜੇ ਤੁਸੀਂ ‘ਪੂਰੇ ਦਾ ਹਿੱਸਾ ਹੋਣਾ’ ਜਾਣ ਲਵੋ ਤਾਂ ਫਿਰ ਕਿਸੇ ਦੁਖਦ ਅਹਿਸਾਸ ਦਾ ਸਵਾਲ ਹੀ ਖਤਮ ਹੋ ਜਾਵੇਗਾ।
~ਡਾ. ਗੁਰਸ਼ਰਨ ਸ.ਸੋਹਲ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?