ਰੋਜ਼ੀ ਰੋਟੀ ਦੀ ਭਾਲ ਵਿੱਚ ਇਟਲੀ ਆਏ ਹਰਬਲਾਸ ਦੁਸਾਂਝ ਨੇ ਇਲੈਕਟਰੋ ਟੈਕਨੀਕਲ, ਵਿਚ ਪੰਜ ਸਾਲ ਦੀ ਡਿਗਰੀ ਕਰ ਕੇ ਮੈਕਾਤਰੋਨਿਕਾ ਦੋ ਸਾਲਾ ਕੋਰਸ ਵਿੱਚੋਂ 100 ਚੋਂ 90 ਨੰਬਰ ਲੈਕੇ ਰਚਿਆ ਇਤਿਹਾਸ
ਹਰਬਲਾਸ ਦੁਸਾਂਝ ਨੂੰ ਚੌਫੇਰਿਉਂ ਮਿਲ ਰਹੀਆਂ ਵਧਾਈਆਂ
ਰੋਮ 7 ਨਵੰਬਰ ( ਦਲਵੀਰ ਕੈਂਥ ) ਸਿਆਣੇ ਕਹਿੰਦੇ ਹਨ ਕਿ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਵਿਦੇਸ਼ਾਂ ਦੀ ਧਰਤੀ ਤੇ ਆ ਕੇ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ। ਇਟਲੀ ਵਿੱਚ ਦੋ ਲੱਖਾਂ ਪੰਜਾਬੀ ਵਸਿਆ ਹੋਇਆ ਹੈ। ਜਿਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਇਟਲੀ ਵਿਚ ਆ ਕੇ ਦਿਹਾੜੀ ਦੱਪਾ ਕਰਨ ਵਿਚ ਹੀ ਵਿਸ਼ਵਾਸ ਰੱਖਿਆ ਹੋਇਆ ਹੈ। ਪਰ ਇੱਥੇ ਆ ਕੇ ਪੜ੍ਹਾਈ ਨੂੰ ਪਹਿਲ ਦੇਣਾ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਇੱਥੇ ਦੇ ਹਲਾਤ ਹੀ ਕੁਝ ਹੋਰ ਤਰ੍ਹਾਂ ਦੇ ਹਨ। ਬਹੁਤੇ ਭਾਰਤੀ ਲੋਕ ਕਰਜਾ ਚੁੱਕ ਕੇ ਇਟਲੀ ਵਿਚ ਭਵਿੱਖ ਬਿਹਤਰ ਬਣਾਉਣ ਲਈ ਆਉਂਦੇ ਹਨ ਤੇ ਜਦੋਂ ਇਟਲੀ ਪਹੁੰਚ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਬੋਲੀ ਸਿੱਖਣ ਦੀ ਥਾਂ ਸਿਰਫ਼ ਕੰਮ ਕਰਨ ਨੂੰ ਪਹਿਲ ਦਿੰਦੇ ਹਨ। ਜਿਸ ਕਾਰਨ ਬਹੁਤੇ ਭਾਰਤੀ ਇਟਾਲੀਅਨ ਬੋਲੀ ਦੇ ਗਿਆਨ ਤੋਂ ਉਣੇ ਰਹਿ ਜਾਂਦੇ ਹਨ।
ਭਾਵੇਂ ਕਿ ਇਟਲੀ ਵਿਚ ਭਾਰਤੀਆਂ ਦੀ ਪਹਿਲੀ ਅਤੇ ਦੂਜੀ ਪੀੜ੍ਹੀ ਹੁਣ ਪੜ੍ਹਾਈ ਦੇ ਨਾਲ ਨਾਲ ਸਰਕਾਰੀ ਮਹਿਕਮਿਆਂ ਵਿਚ ਵੀ ਆਪਣਾ ਦਬ- ਦਬਾ ਰੱਖਣ ਲੱਗ ਪਏ ਹਨ। ਪਰ ਜਦੋਂ ਭਾਰਤੀ ਕੰਮ ਕਰਨ ਦੀ ਨੀਅਤ ਅਤੇ ਆਪਣੇ ਭਾਰਤ ਰਹਿਦੇ ਪਰਿਵਾਰਾਂ ਲਈ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਨ ਲਈ ਇਟਲੀ ਵਿਚ ਆਉਂਦੇ ਹਨ ਉਹ ਲੋਕ ਕਮਾਈ ਨੂੰ ਹੀ ਪਹਿਲ ਦਿੰਦੇ ਹਨ।
ਦੁਆਬੇ ਦੇ ਵਿਸ਼ਵ ਪ੍ਰਸਿੱਧ ਪਿੰਡ ਦੁਸਾਂਝ ਕਲਾਂ ਦੇ ਜੰਮ ਪਲ ਸ੍ਰੀ ਹਰਬਲਾਸ ਦੁਸਾਂਝ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਨੇ ਵੀ ਵਿਲੱਖਣ ਤਰਾਂ ਦੀ ਉਦਾਹਰਣ ਪੇਸ਼ ਕੀਤੀ ਹੈ। ਇਹ ਦੁਸਾਂਝ ਕਲਾਂ ਤੋਂ ਆਇਆ ਤਾਂ ਰੋਜੀ ਰੋਟੀ ਦੀ ਭਾਲ ਵਿਚ ਸੀ ਪਰ ਇੱਥੇ ਦੇ ਹਲਾਤਾਂ ਨੂੰ ਦੇਖਦਿਆਂ ਹੋਇਆਂ ਇਸ ਨੇ ਪੜ੍ਹਾਈ ਨੂੰ ਪਹਿਲ ਦਿੰਦਿਆਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ।
ਇਸ ਨੇ ਇਟਲੀ ਦੇ ਓਬਰੀਆਂ ਸੂਬੇ ਵਿਚ ਇਲੈਕਟਰੋ ਟੈਕਨੀਕਲ, ਵਿਚ ਪੰਜ ਸਾਲ ਦੀ ਡਿਗਰੀ ਕਰ ਕੇ ਇਸ ਨੇ ਮੈਕਾਤਰੋਨਿਕਾ ਦੋ ਸਾਲਾਂ ਕੋਰਸ ਵਿੱਚ 100 ਚੋਂ 90 ਨੰਬਰ ਲੈਕੇ ਮੁਹਾਰਤ ਹਾਸਿਲ ਕੀਤੀ ਹੈ। ਇਸ ਕੋਰਸ ਦੀ ਮਹੱਤਤਾ ਇਹ ਹੈ ਕਿ ਇਸ ਕੋਰਸ ਵਿੱਚ ਪੜ੍ਹਾਈ ਦੇ ਨਾਲ ਨਾਲ ਪਰੈਕਟੀਕਲ ਕੰਮ ਵੀ ਕਰਾਇਆ ਜਾਂਦਾ ਹੈ। ਇਸ ਲਈ ਕੰਮ ਦੀ 99 % ਗਰਾਟੀ ਹੁੰਦੀ ਹੈ। ਇਸ ਕੋਰਸ ਦੀਆਂ ਹਰੇਕ ਸਟੇਟ ਵਿਚ 30 ਸੀਟਾਂ ਹੁੰਦੀਆਂ ਹਨ । ਇਸ ਕਰਕੇ ਹਰੇਕ ਵਿਦਿਆਰਥੀ ਦੀ ਤਮੰਨਾ ਹੁੰਦੀ ਹੈ ਕਿ ਮੈਂਨੂੰ ਇਸ ਕੋਰਸ ਵਿੱਚ ਸੀਟ ਮਿਲੇ। ਹਰਬਲਾਸ ਦੁਸਾਂਝ ਨੇ ਇਹ ਕੋਰਸ ਪੂਰਾ ਕਰਕੇ ਆਪਣੇ ਪਰਿਵਾਰ , ਪਿੰਡ ਦੁਸਾਂਝ ਕਲਾਂ ਤੇ ਪੰਜਾਬੀਅਤ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ । ਦੁਸਾਂਝ ਇਸ ਕਾਮਯਾਬੀ ਪਿੱਛੇ ਆਪਣੇ ਪਰਿਵਾਰ ਤੇ ਇਟਾਲੀਅਨ ਦੋਸਤਾਂ ਦਾ ਬਹੁਤ ਜ਼ਿਆਦਾ ਯੋਗਦਾਨ ਮੰਨਦੇ ਹਨ। ਇਸ ਉੱਤੇ ਪੰਜਾਬੀ ਭਾਈਚਾਰੇ ਦੇ ਲੋਕ ਬਹੁਤ ਮਾਣ ਕਰਦੇ ਹੋਏ ਉਸ ਨੂੰ ਵਿਸ਼ੇਸ਼ ਕਰਕੇ ਮੁਬਾਰਕਾਂ ਭੇਜ ਰਹੇ ਹਨ। ਦੁਸਾਂਝ ਕਲਾਂ ਦੇ ਇਸ ਨੌਜਵਾਨ ਦੀ ਸਖ਼ਤ ਮਿਹਨਤ ਦਾ ਲੋਹਾ ਇਟਾਲੀਅਨ ਲੋਕਾਂ ਦੇ ਨਾਲ ਨਾਲ ਹੋਰ ਵਿਦੇਸ਼ੀਆਂ ਨੇ ਵੀ ਮੰਨਦਿਆ ਜਿੱਥੇ ਉਸ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ ਹੈ ਉੱਥੇ ਹੁਣ ਇਟਲੀ ਵਿਚ ਲੋਕਾਂ ਰਾਏ ਬਣਦੀ ਜਾ ਰਹੀ ਹੈ ਕਿ ਇਟਲੀ ਦੇ ਭਾਰਤੀ ਸਿਰਫ ਕਾਰੋਬਾਰ ਵਿਚ ਹੀ ਮੋਹਰੀ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿਚ ਵੀ ਇਟਾਲੀਅਨ ਬੱਚਿਆਂ ਦੇ ਨਾਲ ਹੋਰਾਂ ਦੇਸ਼ਾਂ ਦੇ ਲੋਕਾਂ ਨੂੰ ਨਿਰੰਤਰ ਪਛਾੜਦੇ ਹੋਏ ਭਾਰਤ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਇਸ ਕਾਮਯਾਬੀ ਲਈ ਦੁਸਾਂਝ ਨੂੰ ਚੌਫੇਰਿਉ ਵਧਾਈਆਂ ਮਿਲ ਰਹੀਆਂ ਹਨ।
Author: Gurbhej Singh Anandpuri
ਮੁੱਖ ਸੰਪਾਦਕ