ਮੌਂਟਰੀਆਲ/ਕਨੇਡਾ 7 ਨਵੰਬਰ (ਭੁਪਿੰਦਰ ਸਿੰਘ ਮਾਹੀ): ਗੁਰਦੁਆਰਾ ਸਾਹਿਬ ਗਰੇਟਰ ਮੌਂਟਰੀਆਲ ਡੀ.ਡੀ.ਓ. ਕਨੇਡਾ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਬਹੁਤ ਹੀ ਜਾਹੋ ਜਲਾਲ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਸ. ਧਿਆਨ ਸਿੰਘ ਜੀ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਨਿਭਾਈ ਗਈ। ਜਿਸ ਦੇ ਚਲਦਿਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।
ਜਿਸ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਹੈਂਡ ਗ੍ਰੰਥੀ ਭਾਈ ਰਜਿੰਦਰ ਸਿੰਘ ਰਹਿਪਾ ਵਾਲਿਆਂ ਨੇ ਕਥਾ ਵੀਚਾਰਾਂ ਰਾਹੀੰ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਦੀ ਵੱਡਮੁੱਲੀ ਜਾਣਕਾਰੀ ਦਿੱਤੀ ਉਪਰੰਤ ਭਾਈ ਇਕਬਾਲ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਦੇ ਕੀਰਤਨੀ ਜੱਥੇ ਸਾਥੀ ਭਾਈ ਅਮਰਜੋਤ ਸਿੰਘ, ਭਾਈ ਰਜਿੰਦਰ ਸਿੰਘ ਤਬਲਾ ਵਾਦਕ ਵੱਲੋਂ ਆਪਣੀ ਰਸਭਿੰਨੀ ਰਸਨਾ ਤੋਂ ਕੀਰਤਨ ਦੀ ਛਹਿਬਰ ਲਗਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ ਜੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸੰਗਤਾਂ ਵੱਲੋਂ ਇਸ ਤਰ੍ਹਾਂ ਹੀ ਸਹਿਯੋਗ ਦੇਣ ਦੀ ਅਪੀਲ ਕੀਤੀ। ਅਖੀਰ ਵਿੱਚ ਇਸ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸ. ਮਨਜੀਤ ਸਿੰਘ ਅਤੇ ਸ. ਬਲਜਿੰਦਰ ਸਿੰਘ ਜੀ ਦੇ ਪਰਿਵਾਰ ਦਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਦੌਰਾਨ ਤਿੰਨ ਦਿਨ ਇਸ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਹੀ ਸ਼ਰਧਾ ਪੂਰਬਕ ਨਿਭਾਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ, ਸੁਰਿੰਦਰ ਸਿੰਘ ਬੈਂਸ ਟਰੱਸਟੀ, ਰਾਜਬੀਰ ਸਿੰਘ ਭੰਡਾਲ ਮੀਤ ਪ੍ਰਧਾਨ, ਕਿਰਪਾਲ ਸਿੰਘ ਭੰਡਾਲ ਖਜਾਨਚੀ, ਜਗਜੀਤ ਸਿੰਘ ਜਨਰਲ ਸੈਕਟਰੀ, ਜਸਪਾਲ ਸਿੰਘ ਸਟੇਜ ਸੈਕਟਰੀ, ਬੰਧਨ ਸਿੰਘ, ਗੁਰਮੇਲ ਸਿੰਘ ਸੰਘਰ, ਪਵਿੱਤਰ ਸਿੰਘ, ਸੁਰਿੰਦਰ ਸਿੰਘ ਸਰੋਆ, ਗੁਰਦੇਵ ਸਿੰਘ ਚੀਮਾ, ਗੁਰਦੇਵ ਸਿੰਘ ਗਰੇਵਾਲ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਜੁਟਲਾ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ