ਗੁਰਜੀਤ ਸਿੰਘ ਵੈਰੋਵਾਲ ਵੱਲੋਂ ਕਥਾ ਵਾਚਕਾਂ ਨੂੰ ਹਲੂਣਾ
ਕੋਈ ਤਾਂ ਜਾਗਦਾ ਹੋਣਾ!
ਸੁਣ ਕਥਾਵਾਚਕਾ” !
ਕਿੰਨੀ ਵਾਰੀ ਵੀਰਾ ਕੱਚੀ ਗੜ੍ਹੀ ਤੂੰ ਸੁਣਾਈ ਏ,
ਸਾਹਿਬਜਾਦਿਆਂ ਦੀ ਕਥਾ ਬੜੀ ਤੂੰ ਸੁਣਾਈ ਏ।
ਕਿੱਦਾਂ ਸਰਹੰਦ ਵਿਚ ਸੂਬੇ ਤੋਂ ਨਾ ਡਰੇ ਸੀ,
ਦਸ ਲੱਖ ਫੌਜ ਕਿਦਾਂ ਚੜ੍ਹੀ ਤੂੰ ਸੁਣਾਈ ਏ।
ਆਪ ਵੀ ਨਾ ਬਣ ਏਨਾ ਸੋਲ੍ਹ ਕਥਾਵਾਚਕਾ,
ਸਮੇਂ ਦੀ ਹੈ ਲੋੜ ਕੁਝ ਬੋਲ ਕਥਾਵਾਚਕਾ।
ਅੱਜ ਤੱਕ ਜਿੰਨੇ ਬੰਦੇ ਪੰਥ ਵਿਚੋਂ ਛੇਕੇ ਨੇ,
ਸਾਰੇ ਕਥਾਵਾਚਕਾ ਤੂੰ ਨੇੜੇ ਹੋ ਕੇ ਵੇਖੇ ਨੇ।
ਜੇ ਤੂੰ ਅੱਜ ਸਮੇਂ ਦੀ ਅਵਾਜ ਨਹੀਂ ਬਣਨਾ,
ਆਸਾ ਦੀਆਂ ਵਾਰਾਂ ਕੰਠ ਕੀਤੀਆਂ ਕੀ ਲੇਖੇ ਨੇ।
ਅੱਜ ਹੈ ਸਟੇਜ ਤੇਰੇ ਕੋਲ ਕਥਾਵਾਚਕਾ,
ਸਮੇਂ ਦੀ ਹੈ ਲੋੜ ਕੁਝ ਬੋਲ ਕਥਾਵਾਚਕਾ।
ਕਿਥੋਂ ਆਉਂਦੇ ਹੁਕਮ ਤੇ ਜਾਰੀ ਕਿੱਥੋਂ ਹੁੰਦੇ ਨੇ,
ਕੌਮੀ ਆਗੂ ਦੱਸੀਂ ਸਰਕਾਰੀ ਕਿੱਥੋਂ ਹੁੰਦੇ ਨੇ।
ਸ਼ਰਧਾ ਦੇ ਨਾਮ ਉਤੇ ਬਾਣੀ ਕਿਦਾਂ ਵਿਕਦੀ,
ਨਾਨਕ ਦੇ ਸਿੱਖ ਫ਼ੇ ਵਪਾਰੀ ਕਿੱਥੋਂ ਹੁੰਦੇ ਨੇ।
ਏਨਾ ਵੀ ਨਾ ਬਣ ਅਣਭੋਲ ਕਥਾਵਾਚਕਾ,
ਸਮੇਂ ਦੀ ਹੈ ਲੋੜ ਕੁਝ ਬੋਲ ਕਥਾਵਾਚਕਾ।
ਕਿੰਨਾ ਸਮਾਂ ਦੱਸ ਅਜੇ ਹੋਰ ਚੁੱਪ ਰਹੇਂਗਾ..?
ਉਹ ਤਾਂ ਪੂਰਾ ਲਾ ਰਹੇ ਨੇ ਜੋਰ ਚੁੱਪ ਰਹੇਂਗਾ..?
ਬੋਲਦਾ ਨੀਂ ਨਾਨਕ ਦੇ ਘਰੇ ਸੰਨ ਲਗੀ ਆ,
ਤੇਰੇ ਘਰੇ ਆਉਣਗੇ ਜੇ ਚੋਰ ਚੁੱਪ ਰਹੇਂਗਾ..?
ਏਨਾ ਕਿਉਂ ਤੂੰ ਬੈਠਾਂ ਡਾਵਾਂਡੋਲ ਕਥਾਵਾਚਕਾ,
ਸਮੇਂ ਦੀ ਹੈ ਲੋੜ ਕੁਝ ਬੋਲ ਕਥਾਵਾਚਕਾ।
ਕਿੰਨੇ ਮੁੱਦੇ ਉੱਠੇ ਤੈਨੂੰ ਇਕ ਵੀ ਨਾ ਸੁੱਝਿਆ..?
ਸੱਚ ਦਸੀਂ ਤੇਰੇ ਤੱਕ ਇਕ ਵੀ ਨਈਂ ਪੁੱਜਿਆ..?
ਆਮ ਲੋਕ ਹਾਕਮਾਂ ਦੇ ਮੂਹਰੇ ਖੜੇ ਹੋ ਗਏ,
ਬੱਲੇ ਤੇਰੇ ਸ਼ੇਰਾ ਤੂੰ ਸਮਾਗਮਾਂ ਚ ਰੁੱਝਿਆ।
ਵੈਰੋਵਾਲ ਗੱਲ ਕਰੇ ਗੋਲ ਕਥਾਵਾਚਕਾ,
ਸਮੇਂ ਦੀ ਹੈ ਲੋੜ ਕੁਝ ਬੋਲ ਕਥਾਵਾਚਕਾ।
ਗੁਰਜੀਤ ਸਿੰਘ ਵੈਰੋਵਾਲ✍????
Author: Gurbhej Singh Anandpuri
ਮੁੱਖ ਸੰਪਾਦਕ