*ਜਵਾਬ* : ਇਹ ਸਵਾਲ ਸਿੱਖ ਰਹਿਤ ਮਰਯਾਦਾ ਨਾਲ ਸੰਬੰਧਿਤ ਹੈ। ਗੁਰਬਾਣੀ ਦਾ ਸਾਧਾਰਨ ਪਾਠ (ਸਹਿਜ ਪਾਠ) ਸਿੱਖ ਰਹਿਤ ਮਰਯਾਦਾ ਵਿਚ ਸ਼ਖ਼ਸੀ ਰਹਿਣੀ ਦਾ ਇਕ ਜ਼ਰੂਰੀ ਅੰਗ ਹੈ ਜਿਸ ਬਾਰੇ ਹਦਾਇਤ ਇਸ ਤਰ੍ਹਾਂ ਹੈ :
(ੳ) ਹਰ ਇਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ।
(ੲ) ਹਰ ਇਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿਚ ਉਕਾਈ ਹੋ ਜਾਵੇ, ਤਾਂ ਦਿਨ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
ਇੱਥੇ ਇਹ ਗੱਲ ਸਪੱਸ਼ਟ ਹੈ ਕਿ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਕਰਨ ਨੂੰ ਪ੍ਰਾਥਮਿਕਤਾ ਹੈ ਪਰ ਜਿੱਥੇ ਪ੍ਰਸਥਿਤੀਆਂ ਕਾਰਨ ਐਸਾ ਸੰਭਵ ਨਹੀਂ ਉੱਥੇ ਸ਼ੰਕਾ ਨਹੀਂ ਕਰਨੀ।
ਇਹ ਛੋਟ “ਵੱਸ ਲੱਗੇ, “ਸਫ਼ਰ ਆਦਿ ਔਕੜ ਵੇਲੇ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ” ਆਦਿ ਸ਼ਬਦਾਂ ਤੋਂ ਸਮਝ ਆਉਂਦੀ ਹੈ।
ਬਹੁਤੀ ਗਿਣਤੀ ਵਾਲੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਪ੍ਰਬੰਧ ਨਹੀਂ ਹੈ ਅਤੇ ਕਈ ਥਾਵਾਂ ‘ਤੇ ਗੁਰਦੁਆਰਾ ਸਾਹਿਬਾਨ ਕਈ ਕਈ ਕਿਲੋਮੀਟਰਾਂ ਦੀ ਦੂਰੀ ਤੋਂ ਵੀ ਵੱਧ ਸਥਿਤ ਹਨ।
ਅੱਜ ਹਰ ਘਰ ਪਰਵਾਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲਈ ਵੱਖ ਵੱਖ ਭਾਗਾਂ ਵਿਚ ਗੁਰਬਾਣੀ ਦੀਆਂ ਪੋਥੀਆਂ ਉਪਲਬਧ ਹਨ ਜਿਨ੍ਹਾਂ ਤੋਂ ਐਸੇ ਹਾਲਾਤਾਂ ਵਿਚ ਸਹਿਜ ਨਾਲ ਵਿਚਾਰ ਕੇ ਪਾਠ ਕੀਤਾ ਜਾ ਸਕਦਾ ਹੈ।
ਕਈ ਗੁਰਸਿੱਖ ਗੁਰਦੁਆਰਾ ਸਾਹਿਬ ਤੋਂ ਦੂਰ ਰਹਿਣ ਕਾਰਨ ਗੁਰਦੁਆਰਾ ਸਾਹਿਬ ਵਿਚ ਨਹੀਂ ਜਾ ਸਕਦੇ, ਜਾਂ ਕਈ ਡਿਊਟੀ ਕਾਰਨ ਘਰਾਂ ਵਿਚ ਵੀ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ, ਘਰਾਂ ਵਿਚ ਕਰਨ ਦੇ ਸਮਰੱਥ ਨਹੀਂ ਹੁੰਦੇ।
ਅੱਜ ਨਵੀਨ ਟੈਕਨਾਲੋਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਈ ਪ੍ਰਕਾਰ ਦੀਆਂ ਐਪਸ ਰਾਹੀਂ ਮੋਬਾਇਲ ਫੋਨਾਂ ਅਤੇ ਲੈਪਟਾਪਾਂ ਵਿਚ ਉਪਲਬਧ ਕਰਵਾ ਦਿੱਤਾ ਹੈ ਜਿੱਥੋਂ ਵੀ ਗੁਰਬਾਣੀ ਨੂੰ ਅਰਥ ਭਾਵਾਂ ਨਾਲ ਪੜ੍ਹਿਆ ਸੁਣਿਆ ਸਮਝਿਆ ਜਾ ਸਕਦਾ ਹੈ। ਸੋ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਹਰ ਗੁਰਸਿੱਖ ਲਈ ਸਿੱਖ ਰਹਿਤ ਮਰਯਾਦਾ ਵਿਚ ਦਿੱਤੀਆਂ ਸੇਧਾਂ ਅਨੁਸਾਰ ਹੀ ਕਾਰਜ ਕਰਨੇ ਜ਼ਰੂਰੀ ਹਨ ਅਤੇ ਸਹਿਜ ਪਾਠ ਕਰਨ ਲਈ ਵੀ ਪ੍ਰਾਥਮਿਕਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਨ ਦੀ ਹੀ ਹੈ ਅਤੇ ਜਿੱਥੇ ਐਸੇ ਹਾਲਾਤ ਨ ਹੋਣ ਉੱਥੇ ਪੋਥੀਆਂ ਤੋਂ ਅਤੇ ਜਿੱਥੇ ਪੋਥੀਆਂ ਵੀ ਉਪਲਬਧ ਨਹੀਂ ਤਾਂ ਲੈਪਟਾਪ ਜਾਂ ਮੋਬਾਇਲ ਤੋਂ ਵੀ ਪਾਠ ਕਰਨ ਵਿਚ ਸ਼ੰਕਾ ਨਹੀਂ ਕਰਨੀ। ਪਰ ਪਾਠ ਕਰਨ ਸਮੇਂ ਖੇਚਲ ਤੋਂ ਬਚਣ ਲਈ ਫ਼ੋਨ ਜਾਂ ਲੈਪਟਾਪ ਦੇ ਇੰਟਰਨੈੱਟ ਨੂੰ ਬੰਦ ਕਰ ਦੇਣਾ ਜ਼ਰੂਰੀ ਹੈ।
ਅਸਲ ਗੱਲ ਸਿਧਾਂਤ ਸਮਝਣ ਦੀ ਹੈ, ਗੁਰਬਾਣੀ ਨੂੰ ਅਰਥ ਭਾਵਾਂ ਨਾਲ ਪੜ੍ਹ ਕੇ ਵਿਚਾਰਨਾ ਹੀ ਸਹਿਜ ਪਾਠ ਦਾ ਮੁੱਖ ਮੰਤਵ ਹੈ, ਜੇ ਲੈਪਟਾਪ ਜਾਂ ਮੋਬਾਇਲ ਨੂੰ ਨੈੱਟ ਬੰਦ ਕਰਕੇ ਪਾਠ ਕੀਤਾ ਜਾਵੇ ਤਾਂ ਕੋਈ ਵਿਘਨ ਪੈਣ ਦੀ ਸੰਭਾਵਨਾ ਨਹੀਂ ਰਹਿੰਦੀ ਅਤੇ ਸਾਵਧਾਨ ਇਕਾਗਰ ਚਿੱਤ ਹੋ ਕੇ ਪਾਠ ਵੀ ਹੋ ਸਕਦਾ ਹੈ ।
(ਸਿੱਖ ਫੁਲਵਾੜੀ)
Author: Gurbhej Singh Anandpuri
ਮੁੱਖ ਸੰਪਾਦਕ