Home » ਧਾਰਮਿਕ » ਇਤਿਹਾਸ » ਸਿੱਖੀ ਸਿਦਕ ਦੀ ਅਦੁੱਤੀ ਮਿਸਾਲ ਹੈ ਸਿੱਖ ਕੌਮ ਦਾ ਇਹ ਮਹਾਨ ਸਿੰਘ, ਜਿਨ੍ਹਾਂ ਨੂੰ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ

ਸਿੱਖੀ ਸਿਦਕ ਦੀ ਅਦੁੱਤੀ ਮਿਸਾਲ ਹੈ ਸਿੱਖ ਕੌਮ ਦਾ ਇਹ ਮਹਾਨ ਸਿੰਘ, ਜਿਨ੍ਹਾਂ ਨੂੰ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ

58 Views

 

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸੇ ਨੂੰ ਡਰਾਉਣ ਵਾਸਤੇ ਸਮੇਂ ਦੀਆਂ ਹਕੂਮਤਾਂ ਨੇ ਜ਼ੁਲਮਾਂ ਦੀ ਅੱਤ ਕਰ ਦਿੱਤੀ ਪਰ ਸਿੱਖਾਂ ਦਾ ਸਿਦਕ ਨਹੀਂ ਡੁਲਾ ਸਕੇ। ਇਹ ਸਿੱਖਾਂ ਦਾ ਆਪਣੇ ਗੁਰੂ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਹੀ ਸੀ ਕਿ ਵੱਡੇ ਤੋਂ ਵੱਡੇ ਤਸੀਹੇ ਵੀ ਉਨ੍ਹਾਂ ਨੂੰ ਡੁਲਾ ਨਹੀਂ ਸਕੇ ਅਤੇ ਉਨ੍ਹਾਂ ਨੇ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖ ਕੌਮ ਦੇ ਵੱਡਮੁੱਲੇ ਇਤਿਹਾਸ ਵਿੱਚ ਆਪਣੀ ਬੇਮਿਸਾਲ ਕੁਰਬਾਨੀ ਦੇ ਕੇ ਨਾਂਅ ਦਰਜ ਕਰਵਾਉਣ ਵਾਲੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਸ਼ਹੀਦੀ ਵੀ ਇੱਕ ਅਜਿਹੀ ਸ਼ਹੀਦੀ ਹੈ, ਜਿਸ ਨੇ ਗੁਰੂ ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਹਾਕਮਾਂ ਵੱਲੋਂ ਪੁੱਠੀ ਖੱਲ ਲੁਹਾਉਣ ਦੀ ਸਜ਼ਾ ਨੂੰ ਖਿੜੇ-ਮੱਥੇ ਪ੍ਰਵਾਨ ਕੀਤਾ। ਸ਼ਹੀਦ ਜੈ ਸਿੰਘ ਖਲਕਟ ਦਾ ਜਨਮ ਪਿੰਡ ਮੁਗਲ ਮਾਜਰਾ ਜਿਸ ਨੂੰ ਅੱਜਕਲ੍ਹ ਪਿੰਡ ਬਾਰਨ ਕਹਿੰਦੇ ਹਨ,ਜ਼ਿਲ੍ਹਾ ਪਟਿਆਲਾ ਵਿੱਚ ਹੋਇਆ।

ਇਸ ਪਿੰਡ ਵਿੱਚ ਅਹਿਮਦ ਸ਼ਾਹ ਅਬਦਾਲੀ ਮੌਕੇ ਜ਼ਿਆਦਾ ਮੁਸਲਮਾਨ ਤੇ ਕੁੱਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ। ਇੱਥੇ ਗੁਰੂ ਘਰ ਦਾ ਪ੍ਰੀਤਵਾਨ ਭਾਈ ਜੈ ਸਿੰਘ ਆਪਣੀ ਪਤਨੀ ਧੰਨ ਕੌਰ ਸਮੇਤ ਆਪਣੇ ਦੋ ਪੁੱਤਰ ਤੇ ਨੂੰਹਾਂ ਨਾਲ ਰਹਿ ਰਿਹਾ ਸੀ। ਸਾਰਾ ਪਰਿਵਾਰ ਰਹਿਤਵਾਨ ਗੁਰਮਤਿ ਦਾ ਧਾਰਨੀ ਅਤੇ ਨਿੱਤਨੇਮੀ ਸੀ। ਜਦ ਅਹਿਮਦ ਸ਼ਾਹ ਅਬਦਾਲੀ ਨੇ 1753 ‘ਚ ਭਾਰਤ ‘ਤੇ ਹਮਲਾ ਕੀਤਾ ਤਾਂ ਲਾਹੌਰ ਤੋਂ ਬਾਅਦ ਸਰਹਿੰਦ ਜਿੱਤ ਕੇ ਅਬਦੁੱਲਸਮਦ ਖਾਂ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ। ਸੰਨ 1753 ਵਿੱਚ ਅਬੁਦਲਸਮਦ ਖਾਂ ਆਪਣੇ ਕਾਜ਼ੀ ਨਾਲ ਆਪਣੇ ਅਮਲੇ ਦੇ ਨਾਲ ਸਰਹਿੰਦ ਤੋਂ ਪਟਿਆਲੇ ਜਾ ਰਿਹਾ ਸੀ ਤਾਂ ਉਹ ਬਾਰਨ ਪਿੰਡ ਰੁਕਿਆ।

ਜਦ ਉਹ ਤੁਰਨ ਲੱਗਾ ਤਾਂ ਉਸ ਨੇ ਸਿਪਾਹੀਆਂ ਨੂੰ ਪਟਿਆਲੇ ਤੱਕ ਜਾਣ ਵਾਸਤੇ ਹੁੱਕੇ ਵਾਲਾ ਬੋਝਾ ਚੁੱਕਣ ਲਈ ਪਿੰਡ ਤੋਂ ਕੋਈ ਬੰਦਾ ਲਿਆਉਣ ਦਾ ਹੁਕਮ ਕੀਤਾ। ਸਿਪਾਹੀ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਬੋਝਾ ਚੁਕਵਾਉਣ ਲਈ ਲੈ ਆਏ। ਭਾਈ ਜੈ ਸਿੰਘ ਨੇ ਉਸਨੂੰ ਸਭ ਤੋਂ ਪਹਿਲਾਂ ਗੁਰਫਤਿਹ ਬੁਲਾਈ। ਅੱਗੋਂ ਕਾਜ਼ੀ ਨੇ ਕਿਹਾ ਕਿ ਉਹ ਸਿੱਖਾਂ,ਤੈਨੂੰ ਪਤਾ ਨਹੀਂ ਕਿ ਤੂੰ ਕਿਸ ਅੱਗੇ ਖੜਾ ਹੈ। ਸਲਾਮ ਕਰਨ ਦੀ ਜਗ੍ਹਾ ਫਤਿਹ ਬੁਲਾ ਰਿਹਾ ਹੈ,ਲੱਗਦਾ ਤੈਨੂੰ ਜਾਨ ਪਿਆਰੀ ਨਹੀਂ। ਭਾਈ ਜੈ ਸਿੰਘ ਨੇ ਕਿਹਾ ਕਿ ਕਾਜ਼ੀ ਜੀ,ਜਿਵੇਂ ਤੁਹਾਡੇ ਮੁਰਸ਼ਦ ਨੇ ਸਲਾਮ ਕਰਨ ਲਈ ਕਿਹਾ,ਉਸੇ ਤਰ੍ਹਾਂ ਮੇਰਾ ਮੁਰਸ਼ਦ ਫਤਿਹ ਬੁਲਾਉਣ ਲਈ ਕਹਿੰਦਾ ਹੈ। ਗੁੱਸੇ ਵਿੱਚ ਅਬਦੁੱਲ ਸਮਦ ਖਾਂ ਕਹਿੰਦਾ ਹੈ ਕਿ ਸਿੱਖਾਂ,ਸਾਡਾ ਇਹ ਸਮਾਨ ਚੁੱਕ ਕੇ ਪਟਿਆਲਾ ਤੱਕ ਚੱਲ। ਭਾਈ ਜੈ ਸਿੰਘ ਨੇ ਕਿਹਾ ਕਿ ਬੋਝਾ ਤਾਂ ਮੈਂ ਚੁਕ ਲਵਾਂਗਾ ਪਰ ਇਸ ਵਿੱਚ ਕੀ ਹੈ? ਸਿਪਾਹੀ ਨੇ ਜਵਾਬ ਦਿੱਤਾ ਕਿ ਇਸ ਵਿੱਚ ਹਜ਼ੂਰ ਦਾ ਹੁੱਕਾ ਅਤੇ ਤੰਬਾਕੂ ਹੈ। ਭਾਈ ਜੈ ਸਿੰਘ ਨੇ ਕਿਹਾ ਕਿ ਮੁਆਫ ਕਰਨਾ ਫੌਜ਼ਦਾਰ ਜੀ,ਮੈਂ ਇਹ ਜਗਤ ਝੂਠ ਆਪਣੇ ਸਿਰ ‘ਤੇ ਨਹੀਂ ਚੁੱਕ ਸਕਦਾ,ਤੁਸੀਂ ਇਸ ਲਈ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰ ਲਉ। ਕਾਜ਼ੀ ਗੁੱਸੇ ਵਿੱਚ ਆਖਦਾ ਹੈ ਕਿ ਤੂੰ ਜਾਣਦਾ ਨਹੀਂ ਕਿ ਤੂੰ ਕਿਸ ਅੱਗੇ ਖੜਾ ਹੈ। ਇਸ ਲਈ ਚੁੱਪ ਕਰਕੇ ਇਹ ਬੋਝਾ ਉਠਾ ਕੇ ਸਾਡੇ ਨਾਲ ਚੱਲ।

ਭਾਈ ਜੈ ਸਿੰਘ ਨੇ ਕਿਹਾ ਕਿ ਕਾਜ਼ੀ ਜੀ ਜਿਵੇਂ ਤੁਹਾਡੇ ਧਰਮ ਵਿੱਚ ਸੂਰ ਹਰਾਮ ਹੈ,ਇਸੇ ਤਰ੍ਹਾਂ ਸਾਡੇ ਧਰਮ ‘ਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਛੂਹਣਾ ਵੀ ਹਰਾਮ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਗੁਰੂ ਦੇ ਬੋਲ ਹਨ – ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ।। ਉਨ੍ਹਾਂ ਗੁਰਬਾਣੀ ਵਿੱਚੋਂ ਇੱਕ ਹੋਰ ਉਦਾਹਰਣ ਦੇ ਕੇ ਸਮਝਾਇਆ: ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਇਹ ਨਸ਼ੀਲੇ ਪਦਾਰਥ ਤਾਂ ਜਿੱਥੇ ਬੰਦੇ ਨੂੰ ਰੱਬ ਨਾਲੋਂ ਤੋੜਦੇ ਹਨ,ਉੱਥੇ ਹੀ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲਾਉਂਦੇ ਹਨ। ਸਾਡੀ ਰਹਿਤ ‘ਚ ਤਾਂ ਇਹ ਸਭ ਵਰਜਿਤ ਹੈ। ਸੋ ਭਾਈ,ਮੈਂ ਇਸ ਜਗਤ ਜੂਠ ਤੰਬਾਕੂ ਨੂੰ ਹੱਥ ਲਾ ਕੇ ਕੁਰਹਿਤੀਆ ਨਹੀਂ ਬਣਨਾ,ਤੁਸੀਂ ਕੋਈ ਹੋਰ ਬੰਦਾ ਦੇਖ ਲਉ।

ਅਬਦੁਲ ਸਮਦ ਖਾਂ ਗੁੱਸੇ ‘ਚ ਬੋਲਿਆ ਕਿ ਜੇ ਭਲੀ ਚਾਹੁੰਦਾ ਤਾਂ ਬੋਝਾ ਚੁੱਕ ਲੈ। ਭਾਈ ਜੈ ਸਿੰਘ ਨੇ ਵੀ ਰੋਅਬ ਨਾਲ ਕਿਹਾ ਕਿ ਮੈਂ ਨਹੀਂ ਚੁੱਕਾਂਗਾ, ਤੁਸੀਂ ਜੋ ਕਰਨਾ ਹੈ,ਕਰ ਲਉ। ਅਬਦੁਲ ਸਮਦ ਖਾਂ ਨੇ ਸਿਪਾਹੀਆਂ ਨੂੰ ਭਾਈ ਜੈ ਸਿੰਘ ਨੂੰ ਹੁਕਮ ਨਾ ਮੰਨਣ ਕਰਕੇ ਦਰੱਖਤ ਨਾਲ ਪੁੱਠਾ ਲਟਕਾ ਕੇ ਉਨ੍ਹਾਂ ਦੀ ਖੱਲ ਲਾਉਣ ਦਾ ਹੁਕਮ ਦਿੱਤਾ। ਇਸਦੇ ਨਾਲ ਹੀ, ਉਸ ਦੇ ਪਰਿਵਾਰ ਨੂੰ ਵੀ ਖਤਮ ਕਰਨ ਦਾ ਹੁਕਮ ਦਿੱਤਾ।

ਸਿਪਾਹੀਆਂ ਨੇ ਇੱਕ ਪਾਸੇ ਭਾਈ ਜੈ ਸਿੰਘ ਦੀ ਪਤਨੀ ਧੰਨ ਕੌਰ,ਦੋਵੇਂ ਪੁੱਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇੱਕ ਨੂੰਹ ਨੂੰ ਭਾਈ ਜੈ ਸਿੰਘ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ। ਭਾਈ ਜੈ ਸਿੰਘ ਦੀ ਇੱਕ ਨੂੰਹ ਬਚ ਕੇ ਨਿਕਲਣ ‘ਚ ਸਫਲ ਹੋ ਗਈ ਸੀ ਜੋ ਕਿ ਗਰਭਵਤੀ ਸੀ,ਜਿਸ ਨੇ ਅੰਬਾਲੇ ਜਾ ਕੇ ਇੱਕ ਬਾਲਕ ਨੂੰ ਜਨਮ ਦਿੱਤਾ ਸੀ। ਪਰਿਵਾਰ ਨੂੰ ਸ਼ਹੀਦ ਕਰਨ ਉਪਰੰਤ ਜਲਾਦਾਂ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਦੀ ਪੁੱਠੀ ਖੱਲ ਲਾਹ ਕੇ ਸ਼ਹੀਦ ਕਰ ਦਿੱਤਾ। ਭਾਈ ਜੈ ਸਿੰਘ ਆਪਣੇ ਪਰਿਵਾਰ ਸਮੇਤ ਸਿੱਖੀ ਸਿਦਕ ਨਿਭਾ ਗਏ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?